ਘੁੰਮਣ ਘੇਰੀ - ਤੇਜ ਕੋਟਲੇ ਵਾਲਾ
ਅੱਜ ਬੱਚਿਆਂ ਦੇ ਹੱਥ ਸਮੇ ਦੀ ਨਸ਼ਤਰ, ਕਰਦੇ ਖੂਨ ਜਮੀਰਾਂ ਦਾ ।
ਕੋੜ੍ਹ ਕਿਰਲੀਆ ਕੋਈ ਨਹੀਂ ਕਹਿੰਦਾ ਪਾਓਣ ਜਾਂ ਜੱਫ ਸਤੀਰਾ ਨੂੰ ।
ਅੱਖਰ ਚਾਰ ਪੜਾਈ ਦੇ ਵੀ ਘੰਡੀਏ ਫੱਸ ਗਏ ਠਾਂਹ ਨਹੀਂ ਹੋਏ ,
ਸਮਝਣ ਮਾਰ੍ਹਕਾ ਮਾਰ ਲਿਆ ਬਸ, ਜੀਕਣ ਉਨ੍ਹਾਂ ਆਖੀਰਾਂ ਦਾ ।
ਮਾਪਿਆਂ ਦੀ ਗੱਲ ਇੱਕ ਨਾ ਮੰਨਣ ,ਆਪਣੀ ਸੌ ਸੌ ਕਹਿਣ ਮਨਾਓਨੀ ,
ਅੱਜ ਇਹ ਰਿਸ਼ਤਾ ਜਾਪ ਰਿਹਾ ਜਿਵੇ ,ਕੇਲਿਆਂ ਮੁੱਢ ਕਰੀਰਾਂ ਦਾ ।
ਘੁੰਮਣ ਘੇਰੀ ਚ ਫਸ ਗਏ ਮਾਪੇ, ਉਮਰੋਂ ਪਿਹਲਾਂ ਬੁਢੜੇ ਹੋ ਗਏ ।
ਕੋਹਲੂ ਬਲਦਾਂ ਟੁੱਟੀਆਂ ਢੂਈਆ ਨਿਕਲ ਗਿਆ ਕੁੱਬ ਸਰੀਰਾਂ ਦਾ ।
ਨਾਲ ਮਾਪਿਆਂ ਕਿੰਜ ਗੱਲ ਕਰਨੀ, ਇਜ਼ਤ ਪੱਤ ਦੀ ਖ਼ਬਰ ਨਹੀਂ ,
ਘਰ ਘਰ ਮਾਪੇ ਸਹਿ ਜਾਣ ਅੱਜ ਕੱਲ੍ਹ ,ਫੱਟ ਜੀਭ ਦਿਆ ਤੀਰਾਂ ਦਾ ।
ਢਿੱਡ ਵਿੱਚ ਕੁਝ ਨਹੀਂ ਫੋਕੀਆਂ ਟਾਹਰਾਂ, ਨਿਊਂਦੇ ਦੇਵਣ ਕਾਵਾਂ ਨੂੰ ,
ਗੱਲਾਂ ਬਾਤਾਂ ਵਿੱਚ ਹਰ ਕੋਈ ਬਣਦਾ ਬਰਖ਼ੁਰਦਾਰ ਅਮੀਰਾਂ ਦਾ ।
ਦੇਸੇ ਤੇ ਪਰਦੇਸੇ ਅੱਜ ਕੱਲ ਨਸ਼ਿਆਂ ਵਿੱਚ ਜਵਾਨੀ ਖੁਰ ਗਈ ,
ਵੇਚ ਤਾ ਬੱਚਿਆਂ ਪੱਤ ਪੱਤ ਕਰ ਕੇ ਪਿੱਤਰਾਂ ਦੀਆਂ ਜੰਗੀਰਾਂ ਨੂੰ ।
ਅੱਜ ਘਰਾਂ ਵਿੱਚ ਸੱਸ ਮਾਂ ਦੀ ਗੱਲ ਨੂੰਹਾਂ ,ਧੀਆਂ ਤੋਂ ਸਹਿ ਨੀ ਹੁੰਦੀ ,
ਸੁੱਜੀਆ ਬੂਥੀਆਂ ,ਜਿਓਂ ਹਲਵਾਈ ,ਲਾਇਆ ਜਾਗ ਖ਼ਮੀਰਾ ਨੂੰ ।
ਘਰ ਘਰ ਵਿੱਚ ਲੜਾਈ ਝਗੜਾ, ਮਾਪਿਆਂ ਨਾਲ ਵੰਡ ਵੰਡਾਈ ,
ਨੱਕ ਚੋਂ ਵਹਿ ਰਿਹਾ ਖੂਨ ਬਹਾਨਾ ਫੁੱਟ ਰਹੀਆਂ ਨਕਸੀਰਾਂ ਦਾ ।
ਝੱਗਾ ਚੁਕਿਆ ਤਾਂ ਹੋਵਾਗੇ ਨੰਗੇ, ਇਹ ਡਰ ਮਾਰਦਾ ਮਾਪਿਆਂ ਤਾਈ ,
ਸੱਪ ਦੇ ਮੂੰਹ ਵਿੱਚ ਕਿਰਲੀ ਵਰਗਾ, ਹਾਲ ਮਾਪੇ ਦਿਲਗੀਰਾਂ ਦਾ ।
ਤੇਜ ਕੋਟਲੇ ਵਾਲਿਆ, ਮਾਪੇ ਅੰਦਰੋਂ ਬਾਹਰੋਂ ਗਏ ਵਲੂੰਦਰੇ ,
ਕੱਢਿਆ ਕਿਵੇ ਕੰਚੂਮਰ ਬੱਚਿਆਂ, ਮਾਪਿਆਂ ਦੀਆਂ ਤਦਬੀਰਾਂ ਦਾ । ।