ਪੰਜਾਬੀ ਬੋਲੀ ਕਿਵੇਂ ਖਤਮ ਕੀਤੀ ਜਾ ਰਹੀ ਹੈ ? ਸ. ਪ੍ਰਭਦੀਪ ਸਿੰਘ
ਜੇ ਅੱਜ ਪੰਜਾਬੀ ਜ਼ਿੰਦਾ ਹੈ ਤਾਂ ਸਿੱਖਾਂ ਕਰਕੇ ਹੀ ਹੈ, ਗੁਰੂ ਗ੍ਰੰਥ ਸਾਹਿਬ ਕਰਕੇ ਹੀ ਹੈ, ਨਹੀਂ ਤਾਂ ਪੰਜਾਬ ‘ਚ ਵਸਦੇ ਹੋਰ ਲੋਕ, ਪੰਜਾਬੀ ਛੱਡਕੇ ਹਿੰਦੀ ਜਾਂ ਹੋਰ ਭਾਸ਼ਾਵਾਂ ਹੀ ਬੋਲਣ ਲੱਗ ਪਏ ਹਨ। ਹੋਰਨਾਂ ਭਾਸ਼ਾਵਾਂ ਦਾ ਗਿਆਨ ਹੋਣਾਂ ਬਹੁਤ ਵਧੀਆ ਗਲ ਹੈ, ਜਿੰਨੀਆਂ ਹੋ ਸਕਣ ਸਿੱਖਣੀਆਂ ਚਾਹੀਦੀਆਂ ਹਨ, ਪਰ ਪੰਜਾਬੀ ਨੂੰ ਪਰ੍ਹਾਂ ਕਰਕੇ ਨਹੀਂ।
ਪਰ ਜੇ ਅਣਹੋਣੀ ਦੀ ਗੱਲ ਕਰੀਏ ਤਾਂ ਅੱਜ ਸਿੱਖ ਅਖਵਾਉਣ ਵਾਲੇ ਵੀ “ਪੰਜਾਬੀ” ਛੱਡੀ ਜਾ ਰਹੇ ਹਨ। ਪੰਜਾਬ ਦੀ ਹਾਲਤ ਦੇਖੀਏ ਤਾਂ ਸਕੂਲਾਂ ਕਾਲਜਾਂ, ਬੈਂਕਾਂ, ਬਾਜ਼ਾਰਾਂ ‘ਚ ਹਿੰਦੀ ਦੀ ਵਰਤੋਂ ਆਮ ਹੋ ਚੁਕੀ ਹੈ। ਪੰਜਾਬੀ ਬੋਲਣੀ ਪਛੜਾਪਨ ਸਮਝਿਆ ਜਾਣ ਲੱਗ ਪਿਆ ਹੈ, ਇਸ ਵਿੱਚ ਕਸੂਰ ਸਾਡਾ ਵੀ ਹੈ, ਕਿਉਂਕਿ ਪੰਜਾਬੀ ਬੋਲਣ ਲੱਗਿਆਂ ਮਾਂ ਭੈਣ ਦੀਆਂ ਗਾਲ਼ਾਂ ਕੱਢਣੀਆਂ ਆਮ ਹੀ ਦੇਖਿਆ ਜਾ ਸਕਦਾ ਹੈ, ਜੇ ਕੋਈ ਪੰਜਾਬੀ ਗੱਲ਼ ਨਾ ਕੱਢੇ, ਉਸ ਨੂੰ ਹੋਰ ਹੀ ਤਰ੍ਹਾਂ ਦੇਖਿਆ ਜਾਂਦਾ ਹੈ। ਅੰਗ੍ਰਜ਼ੀ ਜਾਂ ਹਿੰਦੀ ਬੋਲਣਾ “ਹਾਈ ਫਾਈ” Hi Fi ਸਮਝਿਆ ਜਾਂਦਾ ਹੈ। ਦਿੱਲੀ, ਕਾਨਪੁਰ, ਹੋਰ ਰਾਜਾਂ ਦੇ ਸ਼ਹਿਰਾਂ ਆਦਿ ਦੇ ਇਲਾਕਿਆਂ ਦੇ ਸਿੱਖ ਵੀ ਹਿੰਦੀ ਦੀ ਵਰਤੋਂ ਜ਼ਿਆਦਾ ਕਰਦੇ ਹਨ। ਹਿੰਦੀ ਫਿਲਮਾਂ ‘ਚ ਪੰਜਾਬੀ ਦਾ ਹਿੰਦੀਪੁਣਾ ਕਰਕੇ, ਪੰਜਾਬੀ ਦੀ ਰੂਪਰੇਖਾ ਹੀ ਖਰਾਬ ਕੀਤੀ ਜਾ ਰਹੀ ਹੈ
ਜੇ ਬਾਹਰਲੇ ਦੇਸ਼ਾਂ ਜਿਸ ਤਰ੍ਹਾਂ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਆਦਿ ਦੀ ਗੱਲ ਕਰੀਏ ਤਾਂ ਬਜ਼ੁਰਗ, 1960-70 ‘ਚ ਜੰਮੇ ਲੋਕ ਤਾਂ ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ ਜਾਣਦੇ ਹਨ, ਪਰ ਉਨ੍ਹਾਂ ਤੋਂ ਅਗਲੀ ਨੌਜਵਾਨ ਪੀੜ੍ਹੀ ਬੋਲਣੀ ਤਾਂ ਭਾਂਵੇਂ ਜਾਣਦੀ ਹੈ, ਪਰ ਪੜ੍ਹਨੀ-ਲਿਖਣੀ ਸ਼ਾਇਦ ਹੀ ਜਾਣਦੇ ਹੋਣ। ਤੇ ਉਸ ਤੋਂ ਅਗਲੀ ਪੀੜ੍ਹੀ ਦਾ ਅੰਦਾਜ਼ਾ ਆਪ ਹੀ ਲਗਾ ਸਕਦੇ ਹੋ। ਇਸ ਤਰ੍ਹਾਂ ਤਿਨਾਂ ਪੀੜ੍ਹੀਆਂ ‘ਚ ਪੰਜਾਬੀ ਖ਼ਤਮ ਹੋਣ ਦੇ ਕਿਨਾਰੇ ਹੈ।
ਇਸ ਵਿੱਚ ਕਸੂਰ ਪੰਜਾਬੀ ਬੋਲਣ ਵਾਲਿਆਂ ਦਾ ਹੀ ਹੈ। ਆਪਣੇ ਘਰ, ਆਪਸ ਵਿੱਚ, ਗੁਰਦੁਆਰਿਆਂ ‘ਚ ਪੰਜਾਬੀ ਬਹੁਤ ਘੱਟ ਬੋਲੀ ਜਾਂਦੀ ਹੈ… ਬਹਾਨਾ ਲਾਇਆ ਜਾਂਦਾ ਹੈ “ਜੀ ਬੱਚਿਆਂ ਨੂੰ ਸਮਝ ਨਹੀਂ ਆਉਂਦੀ”…ਪੰਜਾਬੀ ਦੀਆਂ ਕਲਾਸਾਂ ਦਾ ਹਾਲ ਇਹ ਹੈ ਕਿ ਉਥੇ ਪੜਾਉਣ ਵਾਲੇ ਟੀਚਰ ਗੱਲ ਅੰਗ੍ਰੇਜ਼ੀ ‘ਚ ਕਰਦੇ ਹਨ, ਪੜਾਉਂਦੇ “ਪੰਜਾਬੀ” ਹਨ। ਬੱਚੇ ਵੀ ੳ ਨੂੰ “ਉਰਾ”, ੲਨੂੰ “ਈਰੀ”, ੜ ਨੂੰ “ਰਾਰਾ” ਹੀ ਕਹਿੰਦੇ ਹਨ, ਕਿਉਂਕਿ ਉਨ੍ਹਾਂ ਨਾਲ ਘਰੇ ਕੋਈ ਪੰਜਾਬੀ ਨਹੀਂ ਬੋਲਦਾ। ਅੰਗ੍ਰੇਜ਼ੀ ਦੇ ਬੋਝ ਥੱਲੇ ਪੰਜਾਬੀ ਦਾ ਅੜਾਟ ਨਿਕਲ ਰਿਹਾ ਹੈ। ਤੇ ਕਸੂਰਵਾਰ ਕੌਣ? ਆਰ.ਐਸ.ਐਸ??? ਨਹੀਂ, ਅਸੀਂ ਆਪ ਹਾਂ… ਜੇ ਪੰਜਾਬੀ, ਸਿੱਖਾਂ ਨੇ ਨਹੀਂ ਬੋਲਣੀ ਤਾਂ ਕੀ ਚੀਨੀਆਂ, ਕਾਲ਼ਿਆਂ ਨੇ ਬੋਲਣੀ ਹੈ?
ਬਾਹਰਲੇ ਦੇਸ਼ਾਂ ‘ਚ ਜਿਹੜੇ ਸਿੱਖ ਬੱਚੇ ਸਿੱਖੀ ਸਰੂਪ ‘ਚ ਹਨ, ਦੁਮਾਲੇ ਵੀ ਭਾਂਵੇਂ ਬੰਨਦੇ ਹੋਣ, ਪਰ ਬੋਲਦੇ ਉਹ ਅੰਗ੍ਰੇਜ਼ੀ ਹੀ ਹਨ, ਸਾਰੇ ਨਹੀਂ, ਪਰ ਬਹੁਤਾਤ ਗੁਰਮਤਿ ਪੱਖੋਂ ਕੋਰੇ ਹੀ ਹਨ, ਕਿਉਂਕਿ ਉਨ੍ਹਾਂ ਨੇ ਆਪ ਸ਼ਾਇਦ ਹੀ ਗੁਰਬਾਣੀ ਪੜ੍ਹੀ ਹੋਵੇ।
ਜਦੋਂ ਤੱਕ ਮਾਂ ਪਿਓ ਘਰ ਵਿੱਚ, ਆਪਸੀ ਬੋਲਚਾਲ ਵਿੱਚ ਪੰਜਾਬੀ ਦੀ ਵਰਤੋਂ ਨਹੀਂ ਕਰਦੇ, ਅਗਲੀ ਪੀੜ੍ਹੀ ਤੱਕ “ਪੰਜਾਬੀ” ਦਾ ਭੋਗ ਪਿਆ ਸਮਝੋ, ਤੇ ਉਸਦੇ ਜ਼ਿੰਮੇਵਾਰ ਅਸੀਂ ਹੋਵਾਂਗੇ। ਜੇ “ਪੰਜਾਬੀ” ਨਾ ਆਈ ਤਾਂ ਸਮਝੋ ਗੁਰਬਾਣੀ ਨਾਲੋਂ ਵੀ ਨਾਤਾ ਟੁੱਟਿਆ ਸਮਝੋ, ਤੇ ਗੁਰਬਾਣੀ ਨਾਲੋਂ ਨਾਤਾ ਟੁੱਟਦਿਆਂ ਭਾਂਵੇਂ ਬਾਹਰਲਾ ਸਰੂਪ ਸ਼ਾਇਦ ਮਾੜ੍ਹਾ ਮੋਟਾ ਬੱਚ ਜਾਵੇ, ਪਰ ਗੁਰਮਤਿ ਸਿਧਾਂਤ ਨਹੀਂ ਬਚਣ ਲੱਗੇ।
ਜੋ ਸਾਡੇ ਬਜ਼ੁਰਗਾਂ ਅਤੇ ਬੱਚਿਆਂ ‘ਚ ਪਾੜਾ (Generation Gap) ਵੱਧ ਰਿਹਾ ਹੈ, ਇਸਦਾ ਮੁੱਖ ਕਾਰਣ ਵੀ ਪੰਜਾਬੀ ਨਾ ਆਉਣੀ ਹੀ ਹੈ। ਬਜ਼ੁਰਗਾਂ ਨੂੰ ਅੰਗ੍ਰਜ਼ੀ ਨਹੀਂ ਆਉਂਦੀ ਜਾਂ ਨਾਮਾਤਰ ਹੀ ਆਉਂਦੀ ਹੈ, ਤੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ, ਜਾਂ ਨਾਮਾਤਰ ਹੀ ਆਉਂਦੀ ਹੈ। ਇਸ ਨਾਲ ਦੋ ਪੀੜ੍ਹੀਆਂ ਦਾ ਪਾੜਾ ਵੱਧ ਰਿਹਾ ਹੈ, ਜੋ ਕਿ ਸਾਡੇ ਪਰਿਵਾਰਿਕ ਰਿਸ਼ਤਿਆਂ ਲਈ ਖ਼ਤਰਨਾਕ ਸਾਬਿਤ ਹੋ ਰਿਹਾ ਹੈ।
ਇੱਕ ਨਿਯਮ ਬਣਾ ਲਵੋ, ਕਿ ਘਰ ਵਿੱਚ ਆਪਸ ਵਿੱਚ ਸਾਰੇ “ਪੰਜਾਬੀ” ਵਿੱਚ ਹੀ ਗਲ ਕਰਿਆ ਕਰਣਗੇ, ਕਿਸੇ ਦਸਤਾਰ ਵਾਲੇ ਨਾਲ ਪੰਜਾਬੀ ‘ਚ ਹੀ ਗਲ ਹੋਵੇਗੀ, ਤਾਂ ਇਸ ਮੁਸ਼ਕਿਲ ਕਦੇ ਨਹੀਂ ਆਵੇਗੀ, ਕਿ ਸਾਨੂੰ ਪੰਜਾਬੀ ਸਮਝ ਨਹੀਂ ਆਉਂਦੀ। ਸੋ ਸਿੱਖੋ, ਜੇ ਸਿੱਖੀ ਬਚਾਉਣੀ ਹੈ, ਤਾਂ ਆਪ, ਆਪਣੇ ਬੱਚੇ ਤੇ ਹੋਰਾਂ ਨੂੰ ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ ਤੇ ਸਮਝਣੀ ਸਿਖੋ ਅਤੇ ਸਿਖਾਓ।
ਪੰਜਾਬੀ ਪੜੋ ਪੜਾਉ,
ਪੰਜਾਬੀ ਸੁਣੋ ਸੁਣਾਊ,
ਪੰਜਾਬੀ ਲਿਖੋ ਲਿਖਾਉ,
ਕਹਿੰਦੇ ਦੁਨੀਆ ਦਾ ਇੱਕ ਕੋਨਾ ਅਜਿਹਾ ਵੀ ਹੈ ਜਿੱਥੇ ਕਿਸੇ ਨੂੰ ਗਾਲ ਕੱਢਣੀ ਹੋਵੇ ਤਾਂ ਕਹਿੰਦੇ ਨੇ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ, ਇਸ ਤੋਂ ਜਾਹਰ ਹੈ ਕਿ ਮਨੁੱਖ ਲਈ ਉਸਦੀ ਮਾਂ ਬੋਲੀ ਦੀ ਕਿਨੀ ਵਿਸ਼ੇਸ਼ਤਾ ਹੈ।
ਅਸਲ ਤਾਂ ਹਰ ਇੱਕ ਬੋਲੀ (ਭਾਸ਼ਾ) ਹੀ ਆਪਣੀ ਥਾਂ ਤੇ ਖਾਸ ਅਤੇ ਪਿਆਰੀ ਹੁੰਦੀ ਹੈ, ਪੰਜਾਬ ਵਿੱਚ ਜਨਮ ਹੋਣ ਕਰਕੇ ਇਸ ਅਮੀਰ ਪੰਜਾਬੀ ਬੋਲੀ ਨਾਲ ਮਾਂ ਵਰਗਾ ਰਿਸ਼ਤਾ ਬਣ ਗਿਆ ਜੋ ਕਿ ਮਾਣ ਵਾਲੀ ਹੀ ਗੱਲ ਹੈ। ਦੋ ਦੇਸ਼ਾਂ ਦੀ ਅੱਜ ਵੀ ਸਾਂਝ ਹੈ ਇਹ ਪੰਜਾਬੀ ਬੋਲੀ ਅਤੇ ਸਦਾ ਰਹੇਗੀ ਵੀ ਜੇਕਰ ਇਸ ਨਾਲ ਅੱਗੇ ਹੋਰ ਧ੍ਰੋਹ ਨਾ ਕਿਤਾ ਗਿਆ, ਸੁੱਖ-ਦੁੱਖ ਹਰ ਰੰਗ ਰੂਪ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਬਿਆਨ ਕਰਦੀ ਮਾਂ ਬੋਲੀ ਪੰਜਾਬੀ, ਫਾਰਸੀ-ਤੁਰਕੀ-ਹਿੰਦੀ-ਉਰਦੂ-ਅਰਬੀ ਦਾ ਸੁਮੇਲ ਹੋਣ ਕਰਕੇ ਸ਼ਹਿਦ ਤੋਂ ਵੀ ਮਿੱਠੀ ਹੈ ਇਹ ਬੋਲੀ ਪੰਜਾਬੀ...!!!
ਵੇਸੇ ਤਾਂ ਸਾਡੇ ਲਈ ਹਰ ਦਿਨ ਪੰਜਾਬੀ ਦਿਵਸ ਹੈ ਪਰ ਅੱਜ ੨੧ ਫਰਵਰੀ ੨੦੧੬ (21 Feb 2016) ਅੰਤਰਰਾਸ਼ਟਰੀ ਪੰਜਾਬੀ ਦਿਹਾੜਾ (#WorldPunjabiDay) ਸਾਰੀ ਦੁਨੀਆ ਵਿੱਚ ਬੈਠੇ ਹਰ ਇੱਕ ਬੰਦੇ ਨੂੰ ਖਾਸ ਮੁਬਾਰਕ ਜੋ ਸਿੱਧੇ ਜਾ ਅਸਿੱਧੇ ਤੋਰ ਤੇ ਪੰਜਾਬ ਪੰਜਾਬੀਅਤ ਤੇ ਪੰਜਾਬੀ ਨਾਲ ਜੁੜ ਬੈਠਾ ਹੈ। ਦੇਸ ਵਿਦੇਸ਼ ਵਿੱਚ ਬੇਠੇ ਸਾਰੇ ਮਿੱਤਰਾਂ ਨੂੰ ਪੰਜਾਬੀ ਮਾਂ ਬੋਲੀ ਦਿਵਸ ਦੀ ਵਧਾਈ, ਸਾਰੇ ਰਲ ਮਿਲ ਮਾਂ ਬੋਲੀ ਦੀ ਸੇਵਾ ਕਰਿਏ ਤਾਂ ਜੋ ਆਉਣ ਵਾਲੀ ਪੀੜੀ ਇਸ ਨਾਲ ਜੁੜੀ ਰਹਿ ਸਕੇ, ਆਉ ਆਪਣੇ ਘਰ ਵਿਚ ਪੰਜਾਬੀ ਬੋਲੀ ਵਿਚ ਹੀ ਗੱਲ ਕਰੀਏ ਜੋ ਕਿ ਸਾਡਾ ਫਰਜ਼ ਵੀ ਹੈ ਤਾਂ ਜੋ ਬੱਚੇ ਵੀ ਆਪਣੀ ਮਾਂ ਬੋਲੀ ਨਾਲ ਜੁੜੇ ਰਹਿ ਸਕਣ ਤੇ ਪੰਜਾਬੀ ਨੂੰ ਬਣਦਾ ਸਤਿਕਾਰ ਮਿਲੇ,
ਅਗਰ ਅਸੀਂ ਅਾਪਣੀ ਬਣਦੀ ਜਿਮੇਂਵਾਰੀ ਨਹੀ ਨਿਭਾਈ ਤਾਂ ਪੰਜਾਬੀ ਮਾਂ ਬੋਲੀ ਨੂੰ ਕਤਲ ਕਰਨ ਦੇ ਜਿਮੇਂਵਾਰ ਅਸੀਂ ਖੁਦ ਹੀ ਹੋਵਾਂਗੇ ਹੋਰ ਦੂਸਰਾ ਕੋਈ ਨਹੀ,
ਪੰਜ ਦਰਿਆਵਾਂ ਦੇ ਪਾਣੀ ਦੀ ਮਹਿਕ ਪੰਜਾਬੀ ਹੈ ਬੋਲੀ
ਇਉਂ ਲੱਗਦਾ ਪੰਜਾਬ ਤੇ ਰੱਬ ਨੇ ਸ਼ਹਿਦ ਜਿਉਂ ਹੈ ਡੋਲ੍ਹੀ
ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ
ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਦੀ ਅਰਦਾਸ ਕਰੇ
ਇਉਂ ਲੱਗਦਾ ਪੰਜਾਬ ਤੇ ਰੱਬ ਨੇ ਸ਼ਹਿਦ ਜਿਉਂ ਹੈ ਡੋਲ੍ਹੀ
ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ
ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਦੀ ਅਰਦਾਸ ਕਰੇ
ਭਾਸ਼ਾਵਾਂ ਭਾਵੇਂ ਸਾਰੀਆਂ ਸਿੱਖ ਲਉ ਪਰ ਆਪਦੇ ਫਿਰਕੇ, ਇਲਾਕੇ ਦੇ ਲੋਕਾਂ ਚ ਜਦੋਂ ਬੰਦਾ ਵਿਚਰਦਾ ਓਦੋਂ ਤਾਂ ਆਪਣੀ ਦੀ ਬੋਲੀ ਨੂੰ ਜਿੰਦਾ ਰੱਖੇ। ਨਾਲ਼ੇ ਪੰਜਾਬੀ ਤਾਂ ਇਕ ਬਹੁਤ ਹੀ ਕੜਕ, ਜਾਂਬਾਜ਼, ਸੰਗੀਤਕ, ਕਾਵਿਆ ਰਚਨਾ ਪ੍ਰਧਾਨ ਭਾਸ਼ਾ ਹੈ। ਇਸਨੂੰ ਘਟ ਤੋਂ ਘਟ ਆਪਦੇ ਲੋਕਾਂ ਵਿੱਚ ਨਾ ਫਿੱਕੀ ਪੈਣ ਦਿਉ।
ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀਆਂ ਨੂੰ ਆਪਣੀ ਮਾਖਿਓ ਮਿੱਠੀ ਪੰਜਾਬੀ ਬੋਲੀ ਵਿੱਚ ਹਿੰਦੀ ਦੇ ਲ਼ਫਜਾਂ ਦੀ ਹੋ ਰਹੀ ਘੁੱਸਪੈਠ ਵਾਰੇ ਅਹਿਸਾਸ ਹੋਣਾਂ ਹੀ ਬੰਦ ਹੋਈ ਜਾ ਰਿਹਾ ਹੈ। ਮਿਸਾਲ ਦੇ ਤੋਰ ਤੇ
"ਮੁਸ਼ਕਲ ਜਾਂ ਸਮੱਸਿਅ ਨੂੰ ਦਿੱਕਤ,
ਭੈਣ ਨੂੰ ਦੀਦੀ,
ਭੁਚਾਲ ਨੂੰ ਭੂਕਮ,
ਮੁੱਖੀ ਨੂੰ ਅਧਿਅੱਕਸ਼,
ਥੱਲੇ ਜਾਂ ਭੁੰਝੇ ਨੂੰ ਨੀਚੇ,
ਸਵੇਰ ਨੂੰ ਸੁੱਬਾ,
ਲੂਣ ਨੂੰ ਨਮਕ,
ਚਿੱਟੇ ਨੂੰ ਸਫ਼ੈਦ,
ਗੰਢਿਆਂ ਨੂੰ ਪਿਆਜ਼,
ਰੁੱਝੇ ਹੋਏ ਨੂੰ ਵਿਅਸਤ,
ਠੰਢ ਨੂੰ ਸਰਦੀ,
ਚੋਲਾਂ ਨੂੰ ਚਾਵਲ,
ਖੰਡ ਜਾਂ ਮਿੱਠੇ ਨੂੰ ਚੀਨੀ,
ਹੰਝੂਆਂ ਨੂੰ ਆਂਸੂ,
ਅਤੇ ਨੂੰ ਅੋਰ,
ਉਮਰ ਨੂੰ ਆਯੂ,
ਨੌਜਵਾਨ ਨੂੰ ਯੁਵਾ,
ਖਾਜ ਨੂੰ ਖ਼ਾਰਸ਼,
ਮੁੜ੍ਹਕੇ ਨੂੰ ਪਸੀਨਾ,
ਕਰੜੀ ਜਾਂ ਸਖਤ ਨੂੰ ਕੜੀ,
ਹੋਰ ਬਹੁਤ ਸਾਰੇ ਹੋਰ ਅਗਰ ਮਗਰ!
ਇਹਨਾਂ ਹਿੰਦੀ ਦੇ ਲਫ਼ਜ਼ਾਂ ਦੀ ਦੀ ਨਿੱਤ ਹੋ ਰਹੀ ਅੰਨੀ ਵਰਤੋਂ ਨੇ ਨਵੀਂ ਪੀੜੀ ਨੂੰ ਮਾਖਿਓ ਮਿੱਠੀ ਠੇਠ ਪੰਜਾਬੀ ਬੋਲੀ ਦੇ ਅਸਲੀ ਲਫ਼ਜ਼ਾਂ ਨੂੂੰ ਇੰਝ ਭੁੱਲਾ ਦਿੱਤਾ ਹੈ ਦਿੱਤਾ ਕਿ ਜਿਵੇਂ ਜੋ ੳੁਹ ਬੋਲ ਰਹੇ ਹਨ ੳੁਹ ਹੀ ਅਸਲੀ ਪੰਜਾਬੀ ਲਫਜ਼ ਹੋਣ!
ਲਹਿੰਦੇ ਪੰਜਾਬ ਵਿੱਚ ਵੀ ਹਿੰਦੀ ਵਾਂਗ ਹੀ ੳੁਰਦੂ ਪੰਜਾਬੀ ਬੋਲੀ ਨੂੰ ਖਾੲੀ ਜਾ ਰਿਹਾ ਹੈ। ਪੰਜ ਦਰਿਅਾਵਾਂ ਦੀ ਧਰਤੀ "ਦੇਸ ਪੰਜਾਬ" ਦੇ ਪੰਜਾਬੀ ਪਿਅਾਰਿਅਾਂ ਨੂੰ ਸ਼ੋਸ਼ਲ ਮੀਡੀੲੇ ਉਤੇ ਮੋਜੂਦਾ ਤੇ ਅਾੳੁਣ ਵਾਲੀ ਨਵੀਂ ਪੀੜੀ ਦੇ ਫਾਿੲਦੇ ਲੲੀ ਠੇਠ ਪੰਜਾਬੀ ਬੋਲੀ ਨੂੰ ਮੁੜ ਸੁਰਜੀਤ ਕਰਨ ਲੲੀ ਇਕ ਕਾਫਲੇ ਦੇ ਰੂਪ ਵਿੱਚ ਲਹਿਰ ੳੁਸਾਰਨੀ ਚਾਹੀਦੀ ਹੈ ਜਿਸ ਰਾਹੀਂ ਅਸੀ ਇਕ ਦੂਜੇ ਤੋਂ ਸਹੀ ਲਫਜ਼ ਸਿੱਖਣ ਲੲੀ ਸਹਾੲੀ ਹੋੲੀੲੇ ਤੇ ਵੱਧ ਤੋਂ ਵੱਧ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕਰੀੲੇ!
ਅਣਖੀ, ਗੈਰਤਮੰਦ ਜਿਉਦੀਆਂ ਜਾਗਦੀਆਂ ਕੋਮਾਂ ਨੂੰ ਮਾਰਨ ਅਤੇ ਗੁਲਾਮ ਰੱਖਣ ਲਈ ਸਰਕਾਰਾਂ ਹਮੇਸ਼ਾਂ ਉਹਨਾਂ ਦੀ ਬੋਲੀ ਅਤੇ ਇਤਿਹਾਸ ਵਿੱਚ ਰਲਗੱਡ ਕੀਤਾ ਜਾਂਦਾ ਹੈ ਤੇ ਨਰੋਈ ਸੋਚ ਅਤੇ ਸੇਹਤ ਪੱਖੋਂ ਮਾਰਨ ਲਈ ਨਸ਼ਾ ਹਥਿਆਰ ਦੇ ਤੋਰ ਤੇ ਅਜਮਾਇਆ ਜਾਂਦਾ ਹੈ। (ਇਸੇ ਚਾਲ ਤਹਿਤ ਸਾਡਾ ਇਤਿਹਾਸ ਅਤੇ ਖਤਮ ਕਰਨ ਲਈ 1984 ਵਿੱਚ ਸਾਡੀ ਸਿੱਖ ਰੈਫਰੈਂਸ ਲਾਇਬਰੇਰੀ ਸਾੜੀ ਗਈ ਤੇ ਇਨਕਲਾਬੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਘਟਾਉਣ ਲਈ ਸਪੋਂਸਰ ਕਰਕੇ ਸਰਕਾਰੀ ਸਾਧ ਲਾਣਾਂ ਟਰੇਂਡ ਕੀਤਾ ਗਿਆ ਜੋ ਗੁਰੂ ਗਰੰਥ ਸਾਹਿਬ ਨੂੰ ਅਧੂਰਾ ਦਰਸਾ ਕੇ ਹੋਰਨਾਂ ਗੁਰਮਤਿ ਵਿਰੋਧੀ ਤੇ ਮਨਘੜਤ ਲਿਖਤਾਂ ਦੇ ਲੜ ਲਾਉਣ ਦੇ ਆਹਰੇ ਲੱਗਾ ਹੋਇਆ ਹੈ) 🙏 ਸਰਬਜੀਤ ਸਿੰਘ
ਬਹੁਤ ਦੇਸ਼ ਨੇ ਜਿਥੇ ਸਿਰਫ ਆਪਣੀ ਮਾਤ ਭਾਸ਼ਾ ਹੀ ਬੋਲੀ ਜਾਂਦੀ ਹੈ। ਫਿਰ ਸਾਨੂੰ ਹੀ ਕਿਉ ਸ਼ਰਮ ਆਉਂਦੀ ਹੈ ਪੰਜਾਬੀ ਬੋਲਣ ਲੱਗਿਆਂ। ਕੋਸ਼ਿਸ਼ ਕਰੋ ਪੰਜਾਬੀ ਬੋਲਣ ਤੇ ਲਿਖਣ ਦੀ।
ਹਰ ਪੰਜਾਬੀ ਨੂੰ ਆਪਣੀ ਹੈਸੀਅਤ ਅਨੁਸਾਰ ਆਪਣਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ ਭਾਵੇਂ ਉਹ ਪ੍ਰਚਾਰਕ, ਗਾਇਕ, ਸਾਹਿਤਕਾਰ ਜਾਂ ਮੇਰੇ ਵਰਗਾ ਆਮ ਵਰਤੋਂਕਾਰ ਹੀ ਕਿਉਂ ਨਾਂ ਹੋਵੇ
ਇਸਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਅੰਗਰੇਜ਼ੀ ਵਰਗੀ ਅੰਤਰਰਾਸ਼ਟਰੀ ਭਾਸ਼ਾ ਤੇ ਵੀ ਪੂਰੀ ਪਕੜ ਰੱਖੀਏ ਕਿ ਅਸੀਂ ਆਪਣੇ ਤੇ ਆਪਣੀ ਮਾਂ ਬੋਲੀ ਦੇ ਮਸਲਿਆਂ ਬਾਰੇ ਦੁਨੀਆਂ ਦਾ ਧਿਆਨ ਖਿੱਚ ਸਕੀਏ
ਸਭ ਤੋਂ ਜ਼ਰੂਰੀ ਹੈ ਗੈਰ ਪੰਜਾਬੀ ਜਾਂ ਘੱਟ ਪੰਜਾਬੀ ਬੋਲਣ ਵਾਲਿਆਂ ਨੂੰ ਨਿੰਦਣ ਦੀ ਬਜਾਏ ਉਹਨਾਂ ਨੂੰ ਪ੍ਰੇਰਤ ਕਰਕੇ ਨਾਲ ਲੈਕੇ ਤੁਰਨ ਦੀ।
ਅਰਬ ਦੇਸ਼ਾਂ ਚ ਅਰਬੀ ਨੂੰ ਇੰਨੀ ਮਾਨਤਾ ਐ ਕਿ ਕਿ ਦੁਕਾਨਾਂ ਦੇ ਬੋਰਡ, ਸੜਕਾਂ ਦੇ ਮੀਲ ਪੱਥਰ, ਸਰਕਾਰੀ ਅਦਾਰਿਆਂ ਦੇ ਬੋਰਡ ਦੇਖੋਗੇ, ਤਾਂ ਉਪਰ ਅਰਬੀ ਲਿਖੀ ਮਿਲੂ ਤੇ ਥੱਲੇ ਅੰਗਰੇਜੀ..! ਕੋਈ ਵੀ ਕਾਗਜ, ਜੀਹਦੇ ਤੇ ਅਰਬੀ ਤੇ ਅੰਗਰੇਜੀ ਦੋਨੇ ਭਾਸ਼ਾਵਾਂ ਲਿਖੀਆਂ ਹੋਣ, ਤੇ ਜੇ ਇੱਕ ਕਿਤੇ ਦੋਨਾਂ ਭਾਸ਼ਾਵਾਂ ਦੇ ਤਰਜਮੇ ਚ ਮਾੜਾ-ਮੋਟਾ ਫਰਕ ਹੋਊ, ਤਾਂ ਉੱਥੇ ਅਰਬੀ ਭਾਸ਼ਾ ਦਾ ਲਿਖਿਆ ਹੋਇਆ 'ਸੱਚ' ਮੰਨਿਆ ਜਾਏਗਾ, ਭਾਮੇ ਅਰਬੀ ਚ ਈ ਗਲਤ ਲਿਖਿਆ ਹੋਵੇ ਪਰ ਸੱਚ ਉਹੀ ਰਹੇਗਾ..! ਅਰਬੀ ਲੋਕ ਆਪਣੀ ਜੁਬਾਨ ਤੋਂ ਲੈਕੇ ਆਪਣੇ ਸਰਕਾਰੀ ਕੰਮ , ਤੇ ਆਪਣੇ ਮੋਬੈਲ, ਲੈਪਟਾਪ ਵਗੈਰਾ ਸਭ ਕੁਸ਼ ਅਰਬੀ ਭਾਸ਼ਾ ਚ ਵਰਤਦੇ ਆ..! ਚਾਹੇ ਕੋਈ ਅਰਬੀ ਕਿੰਨਾ ਵੀ ਅੰਗਰੇਜੀ ਚ ਮਾਹਿਰ ਹੋਵੇ ਪਰ ਉਹਦਾ ਮੁਬੈਲ ਤਹਾਨੂੰ ਅਰਬੀ ਚ ਮਿਲੇਗਾ..!
ਅਰਬੀਆਂ ਦੇ ਲਿਬਾਸ ਤਾਂ ਸਾਰਿਆਂ ਨੇ ਦੇਖੇ ਹੋਣਗੇ, ਜੋ ਲੰਬੇ ਲੰਬੇ ਕੁੜਤਿਆਂ ਅਰਗੇ ਹੁੰਦੇ ਆ, ਇਨਾਂ ਨੇ ਆਪਣੇ ਇਹ ਲਿਬਾਸ ਇੱਕਲੇ ਟੌਹਰਾਂ ਕੱਢਣ ਨੂੰ ਨੀ ਰੱਖੇ, ਸਕੂਲਾਂ -ਕਾਲਜਾਂ, ਵਿਆਹ ਸ਼ਾਦੀਆਂ , ਦਫਤਰੀ ਕੰਮਾਂ , ਇੱਥੋਂ ਤੱਕ ਕਿ ਏਅਰਪੋਰਟਾਂ ਤੇ ਕੰਮ ਕਰਦੇ ਅਰਬੀ ਲੋਕ ਵੀ ਉਹੀ ਕੱਪੜਾ ਪਾਉਂਦੇ ਨੇ...! ਕਿਤੇ ਮਨਾਹੀ ਨੀ, ਕਿਤੇ ਸ਼ਰਮ ਨੀ ਬਲਕਿ ਮਾਣ ਸਮਝਦੇ ਆ..! ਇਹ ਨਾ ਸਮਝਣਾ ਕਿ ਇਨਾਂ ਨੂੰ ਬਰੈਂਡਾਂ ਦਾ ਨੀ ਪਤਾ, ਸਭ ਕੁਸ਼ ਜਾਣਦੇ ਆ ਪਰ ਆਬਦੀ ਬੋਲੀ ਆਬਦੇ ਪਹਿਰਾਵੇ ਨੂੰ ਨੀ ਭੁੱਲੇ
ਚੀਂ ਚੀਂ ਕਰਦੀਆਂ ਚਿੜੀਆਂ ਦਾ,
ਕਲ਼ ਕਲ਼ ਕਰਦੀਆਂ ਨਦੀਆਂ ਦਾ,
ਸ਼ਾਂ ਸ਼ਾਂ ਕਰਦੇ ਬਿਰਖਾਂ ਦਾ
ਆਪਣਾ ਹੀ ਤਰਾਨਾ ਹੁੰਦਾ ਹੈ !
ਮੈਂ ਸੁਣਿਆ ਹੈ ਇਸ ਧਰਤੀ 'ਤੇ,
ਇਕ ਅਜੇਹਾ ਦੇਸ਼ ਵੀ ਹੈ,
ਜਿੱਥੇ ਬੱਚਿਆਂ ਨੂੰ ਆਪਣੀ ਹੀ
ਮਾਂ ਬੋਲੀ ਬੋਲਣ 'ਤੇ ਜੁਰਮਾਨਾ ਹੁੰਦਾ ਹੈ !!
-ਸੁਰਜੀਤ ਪਾਤਰ
ਸੁਣੋ ਪੰਜਾਬੀਆਂ ਦੇ ਵੱਟ ਦੀਆਂ ਗੱਲਾਂ
ਨਾਜ਼ਰ ਤੇ ਜਾਗਰ ਪੱਗ ਵੱਟ ਭਰਾ ਸਨ। ਨਾਜਰ ਜਾਗਰ ਦੇ ਘਰ ਕੋਲ ਦੀ ਲੰਘ ਰਿਹਾ ਸੀ ਤਾਂ ਜਾਗਰ ਨੇ ਚਾਹ ਦਾ ਸੁੜਕਾ ਮਾਰਦੇ ਹੋਏ ਨੇ ਨਾਜਰ ਨੂੰ ਹਾਕ ਮਾਰੀ "ਆਜਾ ਨਾਜਰਾ ਚੁੱਪ ਚਪੀਤੇ ਘਰ ਕੋਲ ਦੀ ਲੰਘ ਚੱਲਿਆ ਸੀ, ਖੈਰ ਆ? ਆਜਾ ਲੰਘਿਆ, ਲੈ ਤੂੰ ਵੀ ਚਾਹ ਦਾ ਕੱਪ ਪੀ ਲੈ? ਜਾਗਰ ਨੇ ਦੁੱਧ 'ਚ ਮਸਾਲੇ ਪੱਤੀ ਪਾ ਕੇ ਚਾਹ ਚੰਗੀ ਤਰਾਂ ਕਾੜ ਕੇ ਬਣਾਈ ਸੀ ਤੇ ਚਾਹ ਦਾ ਘੁੱਟ ਭਰਦਿਆਂ ਨਾਜਰ ਕਹਿੰਦਾ "ਜਾਗਰਾ ਚਾਹ ਆਲੇ ਤਾਂ ਵੱਟ ਕੱਢੇ ਪਏ ਨੇ" ਚਾਹ ਪੀ ਕੇ ਨਾਜਰ ਕਹਿੰਦਾ "ਜਾਗਰਾ ਆਜਾ ਸੈਰ ਕਰ ਆਈਏ।" ਜਾਗਰ ਬੋਲਿਆ "ਚਲਦੇ ਆਂ ਯਾਰ ਨਾਲੇ ਕੱਲ ਗੁਰਦਵਾਰੇ ਮੇਰੀਆਂ ਚਪਲਾਂ ਵਟ ਗਈਆਂ ਸਨ ਉਹ ਦੇਖ ਆਉਂਦੇ ਆਂ ਸ਼ੈਦ ਕੋਈ ਛੱਡ ਗਿਆ ਹੋਉ।" "ਨਾਜਰਾ ਮੇਰੇ ਝੱਗੇ ਤੇ ਵੱਟ ਬਹੁਤ ਪਏ ਹੋਏ ਨੇ ਪਹਿਲਾਂ ਇਹਨੂੰ ਇਸਤਰੀ ਕਰ ਲਵਾਂ, ਉਹ ਮੇਰੇ ਨਾਲ ਕੱਲ ਦੀ ਬੋਲਦੀ ਨੀ। ਪਤਾ ਨੀਂ ਕਿਓ ਕੱਲ ਦਾ ਵੱਟ ਖਾਧਾ ਉਹਨੇ।" ਜਾਗਰ ਦੀ ਗੱਲ ਉਹਦੀ ਘਰ ਵਾਲੀ ਨੇ ਸੁਣ ਲਈ ਤੇ ਅੰਦਰੋਂ ਬਿਜਲੀ ਵਾਂਗ ਕੜਕਦੀ ਆਵਾਜ਼ ਆਈ "ਤੂੰ ਮੈਨੂੰ ਹੋਰ ਵੱਟ ਨਾ ਚੜ੍ਹਾ, ਮੇਰਾ ਗੁੱਸਾ ਬਹੁਤ ਮਾੜਾ ਈ, ਦੇਖ ਲੈ ਨਹੀਂ ਤਾਂ ਆਪਣਾ ਬੋਲਿਆ ਚਿਤਾਰੇਂਗਾ" ਇਸਤਰੀ ਕਰਨੀ ਕਹਿੜੀ ਹਰੇਕ ਦੇ ਵਸ ਦਾ ਰੋਗ ਆ ਤਾਂ ਅੱਕੇ ਹੋਏ ਨਾਜਰ ਨੇ ਫੜੱਕ ਦੇਣੀ ਮੋੜਵਾਂ ਜਵਾਬ ਦਿੱਤਾ "ਬਹੁਤ ਚੱਪੜ ਚੱਪੜ ਨਾ ਕਰ, ਵੱਟ ਕੇ ਲਫੇੜਾ ਮਾਰਿਆ ਤਾਂ ਨਾਨੀ ਯਾਦ ਆ ਜਾਉ ਤੇ ਨਾਲ ਹੀ ਬੁਥਾੜਾ ਹੋਜੁ ਲਾਲ" ਨਾਜਰ ਨੇ ਮੁੱਛ ਨੂੰ ਵੱਟ ਚਾੜ੍ਹਦਿਆਂ ਵੇਲਾ ਭਾਂਪਿਆ ਤੇ ਜਾਗਰ ਨੂੰ ਇਸ਼ਾਰਾ ਕੀਤਾ ਕੇ ਚਲ ਚਲੀਏ। ਤੁਰੇ ਜਾਂਦਿਆਂ ਨੂੰ ਗਰਮੀ ਲੱਗੀ ਤਾਂ ਜਾਗਰ ਕਹਿੰਦਾ "ਚੱਲ ਨਾਜ਼ਰਾ ਆਜਾ ਵੱਟੋ ਵੱਟ ਉਹ ਟਾਹਲੀ ਥੱਲੇ ਜਰਾ ਬੈਠਦੇ ਹਾਂ।" ਕਣਕ ਵੇਚ ਕੇ ਚਾਰ ਪੈਸੇ ਵੱਟ ਭੋਲਾ ਪਿੰਡ ਵੱਲ ਨੂੰ ਟਰੈਕਟਰ ਤੇ ਜਾ ਰਿਹਾ ਸੀ ਤਾਂ ਨਾਜਰ ਨੇ ਦੇਖ ਲਿਆ ਤੇ ਉੱਚੀ ਦੇਣੀ ਹਾਕ ਮਾਰੀ "ਓਏ ਭੋਲਿਆ ਟਰੈਕਟਰ ਐਧਰ ਨੂੰ ਵੱਟੀਂ ਓਏ, ਸਾਨੂੰ ਵੀ ਪਿੰਡ ਨੂੰ ਨਾਲੇ ਲੈ ਚੱਲ" ਗਰਮੀਆਂ ਦੇ ਦਿਨ ਤੇ ਉੱਤੋਂ ਤਿੱਕੜ ਦੁਪਿਹਰ ਨੇ ਵਟ ਦੇ ਵੱਟ ਕੱਢੇ ਹੋਏ ਸਨ। ਮਤਲਬ ਮੌਸਮ ਹਾੜ ਵਰਗਾ ਗਰਮ ਸੀ। ਪਿੰਡ ਦੀ ਸੱਥ 'ਚ ਬਜ਼ੁਰਗ ਰੱਸੀਆਂ ਵੱਟ ਰਹੇ ਸਨ ਅਤੇ ਨਾਜਰ ਤੇ ਜਾਗਰ ਮਿੱਤਰਾਂ ਦੀ ਢਾਣੀ 'ਚ ਰਲ ਜਾਂਦੇ ਹਨ। ਜਾਗਰ ਦੇ ਢਿੱਡ ਚ ਵੱਟ ਪੈਣ ਲੱਗਾ ਪਿਆ ਤਾਂ ਓਹਨੇ ਪਿੰਡ ਦੇ ਡਾਕਟਰ ਵੱਲ ਸ਼ੂਟ ਵੱਟੀ। ਰੱਸੀਆਂ ਵੱਟਦੇ ਬਜ਼ੁਰਗਾਂ ਚੋਂ ਇੱਕ ਨੇ ਕੋਲ ਬੈਠੇ ਭੋਲੇ ਨੂੰ ਕਿਹਾ "ਕਾਕਾ ਰੱਸੀ ਨੂੰ ਤੂੰ ਵੱਟ ਤਾਂ ਚੰਗੀ ਤਰ੍ਹਾਂ ਦਿੰਦਾ ਨੀ ਜਾਹ ਗੁਰਦਵਾਰਿਓਂ ਸਾਰਿਆਂ ਲਈ ਚਾਹ ਬਣਾ ਲਿਆ।" ਥੋੜੇ ਸਮੇਂ ਬਾਅਦ ਭੋਲਾ ਮੁੜ ਆਉਂਦਾ ਤੇ ਕਹਿੰਦਾ "ਨਾ ਜੀ, ਚਾਹ ਨੀ ਬਣਨੀ, ਦੁੱਧ ਵੱਟ ਗਿਆ" ਅੰਗਰੇਜ਼ੀ ਦਾ ਇਕੋ ਵਟ, ਪੰਜਾਬੀ ਨੇ ਵਟ ਦੇ ਕਢਤੇ ਵੱਟ। ਇਹੀ ਕਿਸੇ ਭਾਸ਼ਾ ਦੀ ਸ਼ਾਨ ਤੇ ਅਮੀਰੀ ਹੁੰਦੀ ਹੈ। (ਭੁੱਲ ਚੁੱਕ ਲਈ ਮਾਫੀ ਚਾਹਾਂਗੀ ਕਿਉਂਕੇ ਮੈਂ ਕੋਈ ਲੇਖਕ ਨਹੀਂ। ਮੈਂ 50 ਸਾਲ ਪੰਜਾਬੀ ਨਾ ਲਿਖੀ, ਨਾ ਪੜੀ ਅਤੇ ਸੋਸ਼ਲ ਮੀਡੀਆ ਤੇ ਪਿਛਲੇ ਥੋੜੇ ਸਾਲਾਂ ਤੋਂ ਪੰਜਾਬੀ ਫੋਂਟ ਵਰਤਣ ਲੱਗੀ ਹਾਂ ਜੀ। ਧੰਨਵਾਦ 🙏🙏 - ਸੁਰਜੀਤ ਕੌਰ)ਦੁਨੀਆਂ ਵਿੱਚ ਅਨੇਕਾਂ ਵੰਡਾਂ ਹੋਈਆ ਹਨ ਤੇ ਅੱਜ ਵੀ ਅਨੇਕਾਂ ਵੰਡਾਂ ਹੋ ਰਹੀਆਂ ਹਨ। ਵੰਡਾਂ ਵਿਚ, ਭਾਰਤ ਪਾਕਿਸਤਾਨ ਦੀ ਵੰਡ ਬੜੀ ਹੀ ਮਹੱਤਵ ਪੂਰਣ ਵੰਡ ਹੈ। ਸਿੱਖਾਂ ਨੇ ਇਸ ਵੰਡ ਵਿਚ, ਆਪਣੇ ਘਰ ਪਰਵਾਰ ਗਵਾਏ ਤੇ ਨਾਲ ਹੀ ਆਪਣੇ ਸਭ ਤੋਂ ਪਿਆਰੇ ਗੁਰੁ ਅਸਥਾਨਾਂ ਨਾਲੋਂ ਭੀ ਦੂਰ ਹੋ ਗਏ। ਹਰ ਇੱਕ ਪਰਵਾਰ ਨੇ ਆਪਣਾ ਕਮੀਤੀ ਧਨ ਤੇ ਗਵਾਇਆ ਹੀ ਨਾਲ ਹੀ ਆਪਣੇ ਨਾਲ ਕੂਝ ਭੀ ਨਹੀਂ ਲਿਆ ਸਕੇਂ। ਇਹ ਗੁਰੁ ਕੇ ਪਿਆਰੇ ਲਿਆਏ ਤੇ ਲਿਆਏ ਸਿਰਫ ਇੱਕ ਖਜਾਨਾ, ਉਹ ਸੀ ਸਿਰਫ ਤੇ ਸਿਰਫ ਗੁਰੁ ਵਲੌਂ ਬਖਸ਼ੀ ਬੋਲੀ ਮਾਂ ਬੋਲੀ ਪੰਜਾਬੀ ਦਾ। ਇਸ ਖਜਾਨੇ ਨੂੰ ਇਨਾਂ ਤੋਂ ਕੋਈ ਭੀ ਨਹੀਂ ਖੋਹ ਸਕਿਆ। ਇਸ ਮਾਂ ਬੋਲੀ ਦੇ ਖਜਾਨੇ ਨੇ ਇਨ੍ਹਾਂ ਵਿੱਚ ਆਪਸੀ ਪ੍ਰੇਮ ਪਿਆਰ ਕਾਇਮ ਰਖਿਆ ਤੇ ਨਾਲ ਹੀ ਗੁਰੁ ਘਰ ਦੇ ਨਾਲ ਭੀ ਜੋੜੀ ਰਖਿਆ। ਇਹ ਖਜਾਨਾ ਇਨ੍ਹਾਂ ਨੇ ਆਪ ਤੇ ਵਰਤਿਆ ਹੀ ਨਾਲੋ ਨਾਲ ਦੁਨਿਆਂ ਨੂੰ ਬੀ ਖੂਬ ਵਰਤਾਇਆ।
ਇਹ ਖਜਾਨਾ ਸੀ ਮਾਂ ਬੋਲੀ ਪੰਜਾਬੀ ਦਾ, ਜੋ ਸਾਡੇ ਬਜ਼ੁਰਗਾਂ ਆਪਣੇ ਮਾਪਿਆਂ ਤੋਂ ਲਿਆ ਤੇ ਸਾਨੂੰ ਵਰਤਾਇਆ। ਇਸੀ ਖਜਾਨੇ ਰਾਹੀ ਇਨ੍ਹਾਂ ਨੇ ਆਪਣੇ ਦੁੱਖ-ਸੁਖ ਵੰਡੇ ਤੇ ਆਪਣੇ ਵਿਰਸੇ ਨੂੰ ਸੰਭਾਲਿਆ। ਇਸੇ ਮਾਂ ਬੋਲੀ ਦੇ ਆਸਰੇ ਹੀ ਅੱਜ ਵੀ ਇਹ ਆਪਣੇ ਸੋਖੇ ਤੇ ਔਖੇ ਦਿਨਾਂ ਨੂੰ ਯਾਦ ਰੱਖਦੇ ਹਨ ਤੇ ਮਹਾਨ ਸਭਿਆਚਾਰ ਅਤੇ ਵਿਰਸੇ ਨੂੰ ਸਾਨੂੰ ਸਿਖਾਇਆ ਕਰਦੇ ਹਨ। ਇਸੇ ਆਸਰੇ ਹੀ ਸਿੱਖੀ ਦੀ ਮਹਾਨ ਸੋਚ ਨੂੰ ਅੱਜ ਤਕ ਜਿਉਂਦਾ-ਜਾਗਦਾ ਰੱਖਿਆ।
ਪਰ ਅਫਸੋਸ ਕਿ ਅੱਜ ਅਸੀਂ ਆਪਣੇ ਇਸ ਖਜਾਨੇ ਤੋਂ ਦੂਰੀ ਸਹੇੜੀ ਜਾ ਰਹੇ ਹਾਂ ਜਿਸ ਦੇ ਸਦਕਾ ਸਾਡੇ ਬਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਇੱਕ ਗਰੀਬ ਅਤੇ ਪੁਰਾਣੀ ਭਾਸ਼ਾ ਲੱਗਣ ਲੱਗ ਪਈ ਹੈ। ਅਸੀਂ ਨਵੀਂ ਪਨੀਰੀ ਨੂੰ ਇਹ ਦੱਸਣ ਦੀ ਖੇਚਲ ਹੀ ਨਹੀਂ ਕਰਦੇ ਕਿ ਜਿਸ ਨੂੰ ਅੱਜ ਦਾ ਨਵਾਂ (ਮਾਡਰਨ) ਸਮਾਜ ਗਰੀਬ ਤੇ ਪੁਰਾਣੀ ਭਾਸ਼ਾ ਕਹਿੰਦਾ ਹੈ, ਉਹ ਭਾਸ਼ਾ ਸਾਰੇ ਹੀ ਗੁਣਾਂ ਨਾਲ ਭਰਪੂਰ ਅਤੇ ਸਾਰੀਆਂ ਹੀ ਪ੍ਰਚਲਤ ਭਾਸ਼ਾਵਾਂ ਤੋਂ ਨਵੀਂ ਹੈ।
ਠੀਕ ਹੈ, ਸਮਾਂ ਬਦਲ ਰਿਹਾ ਹੈ ਤੇ ਅੱਜ ਸਾਡੇ ਪਾਸ ਧਨ ਵੀ ਹੈ ਤੇ ਸਮੇਂ ਦੀ ਲੋੜ ਵੀ ਕਿ ਸਾਡੇ ਬੱਚੇ ਚੰਗੇ ਸਕੂਲਾਂ ਵਿੱਚ ਪੜ੍ਹਨ ਜਿੱਥੇ ਉਹ ਦੁਨਿਆਂ ਦੀ ਚੰਗੀ ਤੋਂ ਚੰਗੀ ਤਾਲੀਮ ਹਾਸਿਲ ਕਰ ਸਕਣ। ਅੱਜ ਅਸੀਂ ਇਨ੍ਹਾਂ ਕਾਰਜਾਂ ਨੂੰ ਕਰਨ ਲਈ ਬੜੇ ਹੀ ਸੁਚੱਜੇ ਢੰਗ ਨਾਲ ਲੱਗੇ ਹੋਏ ਹਾਂ ਤੇ ਚੰਗਾ ਕਰ ਭੀ ਰਹੇ ਹਾਂ। ਦੂਜੇ ਪਾਸੇ ਅਸੀਂ ਆਪ ਆਪਣੇ ਪੈਰਾਂ ਤੇ ਕੁਹਾੜੀ ਮਾਰਦੇ ਹੋਏ, ਮਹਾਨ ਵਿਰਸੇ ਅਤੇ ਨਿਵੇਕਲੇ ਸਭਿਆਚਾਰ ਤੋਂ ਅਵੇਸਲੇ ਹੋ ਰਹੇ ਹਾਂ। ਇਸ ਖੂਨੀ ਸਭਿਆਚਾਰ ਦਾ ਅਧਾਰ ਸਾਡੀ ਮਾਂ ਬੋਲੀ ਪੰਜਾਬੀ ਹੀ ਹੈ। ਜਦ ਤਕ ਅਸੀਂ ਆਪਣੇ ਘਰਾਂ ਵਿੱਚ ਅਤੇ ਚਾਰ ਚੁਫੇਰੇ ਪੰਜਾਬੀ ਦੀ ਵਰਤੋਂ ਨਹੀਂ ਕਰਾਂਗੇ ਤਦ ਤੋੜੀ ਅਸੀਂ ਆਪਣੀ ਨਵੀਂ ਪਨੀਰੀ ਨੂੰ ਵੀ ਪੰਜਾਬੀ ਦੀ ਵਰਤੋਂ ਦੀ ਆਦਤ ਨਹੀਂ ਪਾ ਸਕਦੇ।
ਅਸੀਂ ਆਪਣੇ ਬਚਿਆਂ ਨੂੰ ਉਨ੍ਹਾਂ ਦੀ ਤੋਤਲੀ ਜੁਬਾਨ ਵਿੱਚ ਅੰਗਰੇਜ਼ੀ ਦੀਆਂ ਕਵਿਤਾਵਾਂ ਤਾਂ ਜਰੂਰ ਯਾਦ ਕਰਾਉਂਦੇ ਹਾਂ ਪਰ ਗੁਰਬਾਣੀ ਦੀਆਂ ਚਾਰ ਸਤਰਾਂ ਵੀ ਦੱਸਣੀਆਂ ਸਾਨੂੰ ਚੇਤੇ ਨਹੀਂ ਰਹਿੰਦੀਆਂ। ਛੋਟੇ ਸਾਹਿਬਜ਼ਾਦਿਆਂ ਤੇ ਭਾਈ ਤਾਰੂ ਸਿੰਘ ਬਾਰੇ ਤਾਂ ਉਨ੍ਹਾਂ ਨੂੰ ਕੁੱਝ ਵੀ ਨਹੀਂ ਪਤਾ ਪਰ ਹਾਲੀਵੁੱਡ ਤੇ ਬਾਲੀਵੁੱਡ ਦੇ ਛੋਟੇ-ਛੋਟੇ ਕਿਰਦਾਰਾਂ ਬਾਰੇ ਉਹ ਚੰਗੀ ਤਰ੍ਹਾਂ ਨਾਲ ਜਾਣਦੇ ਤੇ ਸਮਝਦੇ ਹਨ। ਅੱਜ ਸਾਡੀਆਂ ਬੀਬੀਆਂ, ਬੱਚਿਆਂ ਨੂੰ ਸਿੱਖੀ ਵਿਰਾਸਤ ਬਾਰੇ ਦੱਸਣ ਵਿੱਚ ਨਾਕਾਮ ਹਨ। ਇਨ੍ਹਾਂ ਸਭ ਗੱਲਾਂ ਲਈ ਸਾਡਾ ਆਪਣੀ ਮਾਂ ਬੋਲੀ ਪੰਜਾਬੀ ਤੋਂ ਅਵੇਸਲ਼ਾਪਣ ਹੀ ਜਿੰਮੇਵਾਰ ਹੈ। ਜੇ ਅਸੀਂ ਆਪ ਹੀ ਪੰਜਾਬੀ ਨਾ ਜਾਨਣ ਕਰਕੇ ਗੁਰਮਤਿ ਅਤੇ ਇਤਿਹਾਸ ਬਾਰੇ ਨਹੀਂ ਜਾਣਦੇ ਹੋਵਾਂਗੇ ਤਾਂ ਬੱਚਿਆਂ ਨੂੰ ਕਿੱਦਾਂ ਭਾਈ ਸੁੱਖਾਂ ਸਿੰਘ, ਭਾਈ ਬਚਿੱਤਰ ਸਿੰਘ ਬਾਰੇ ਦੱਸਦੇ ਹੋਏ ਕਿਵੇਂ ਸਮਝਾਵਾਂਗੇ? ਅਸੀਂ ਉਨ੍ਹਾਂ ਨੂੰ ਕਿਵੇਂ ਸਮਝਾਵਾਂਗੇ ਕਿ ਵਰਤ, ਮੂਰਤੀ ਪੂਜਾ ਤੇ ਸਰਾਧਾਂ ਜਿਹੇ ਬਿਪਰਵਾਦੀ ਕਰਮ ਕਾਂਡਾਂ ਨਾਲ ਸਿੱਖ ਦਾ ਕੋਈ ਲੈਣ ਦੇਣ ਨਹੀਂ?
ਯਾਦ ਰਹੇ ਅਸੀਂ ਆਪਣੇ ਬੱਚਿਆਂ ਨੂੰ ਕੇਵਲ ਚੰਗੇ ਸਕੂਲਾਂ ਵਿੱਚ ਪੜ੍ਹਾ, ਵੱਡੇ ਬੰਦੇ (ਮਾਇਆਧਾਰੀ) ਤਾਂ ਬਣਾ ਸਕਦੇ ਹਾਂ ਪਰ ਅਸੀਂ ਉਨ੍ਹਾਂ ਨੂੰ ਚੰਗਾ ਗੁਰਸਿੱਖ ਬਣਾਉਣ ਵਿੱਚ ਨਾਕਾਮ ਹੋ ਜਾਵਾਂਗੇ। ਜੇ ਬੱਚੇ ਸਿੱਖ ਹੀ ਨਾ ਬਣ ਸਕੇ ਤਾਂ ਸਾਡਾ ਸਾਰਾ ਜੀਵਨ ਹੀ ਖੁਆਰ ਹੋ ਜਾਣਾ ਹੈ। ਆਪਣਾ ਜੀਵਨ ਆਪ ਹੀ ਸੰਵਾਰਨਾ ਹੈ ਤੇ ਆਉਣ ਵਾਲੇ ਕੱਲ੍ਹ ਨੂੰ ਅੱਜ ਹੀ ਸਾਂਭਣਾ ਹੈ। ਜੇ ਅਸੀਂ ਗੁਰੂ ਦੀਆਂ ਖੁਸ਼ੀਆਂ ਨੂੰ ਲੋਚਦੇ ਹਾਂ ਤਾਂ ਸਾਨੂੰ ਬਚਿਆਂ ਨੂੰ ਜਿੱਥੇ ਵੱਡਾ ਡਾਕਟਰ ਜਾਂ ਇੰਜੀਨੀਅਰ ਬਣਾਉਣ ਲਈ ਵਿਗਿਆਨ ਦੀ ਤਕਨੀਕ ਦੱਸਣੀ ਹੈ, ਉਥੇ ਨਾਲ ਹੀ ਨਾਲ ਗੁਰਮਤਿ ਬਾਰੇ ਵੀ ਜਾਣਕਾਰੀ ਜਰੂਰ ਦੇਈਏ। ਜਿਸ ਦਾ ਸਦਕਾ ਉਹ ਗੁਰਸਿੱਖ ਡਾਕਟਰ, ਇੰਜੀਨੀਅਰ ਅਤੇ ਵਕੀਲ ਬਣ ਸਕਣ।

No comments:
Post a Comment