ਗ਼ਜ਼ਲ


ਸਤਨਾਮ ਸਿੰਘ ਬੋਪਾਰਾਏ

ਅਜੇ ਅਜ਼ਮਾ ਰਿਹਾ ਹਾਂ, ਦਰਦ ਨੂੰ ਭੁੱਲ ਜਾਣ ਦੇ ਨੁਸਖੇ,
ਇਸ ਦਿਲ ਨੇ ਜੋ ਸਹੇੜੀ, ਮਰਜ਼ ਨੂੰ ਭੁੱਲ ਜਾਣ ਦੇ ਨੁਸਖੇ !!

ਅਜੇ ਤਾਂ ਜ਼ਖਮ ਸੱਜਰੇ ਨੇ, ਨਵੇਂ ਗਮ ਕਿਉਂ ਸਹੇੜਾਂ ਮੈਂ,
ਇਹ ਸੁਫਨੇ ਨਾ-ਉਮੀਦੀ ਦੇ, ਅੱਖਾਂ ਨੂੰ ਕਿਉਂ ਚਿੰਬੇੜਾਂ ਮੈਂ,
ਕੋਈ ਦੱਸੇ ਇਸ਼ਕ ਦੀ ਗਰਦ ਨੂੰ, ਝੁੱਲ ਜਾਣ ਦੇ ਨੁਸਖੇ !!

ਤਨਹਾ ਮੈਂ ਨਹੀਂ ਮੇਰੇ ਬੜੇ ਰੰਗ, ਯਾਰ ਬੇਲੀ ਨੇ,
ਮੇਰੀ ਕਿਸਮਤ ਕਿ ਕਾਲੇ ਰੰਗ ਸੰਜੋਏ ਨੇ ਹਥੇਲੀ ਨੇ,
ਰੰਗਾਂ ਨੇ ਖੁਦ ਸਿਖਾਏ ਫਰਜ਼ ਨੂੰ, ਰੁਲ ਜਾਣ ਦੇ ਨੁਸਖੇ !!

ਜੇ ਕੀਤੇ ਅਹਿਦ ਭੁੱਲ ਜਾਂਦਾ, ਬੜਾ ਅਸਾਨ ਹੋ ਜਾਂਦਾ,
ਵਫਾ ਦਾ ਬੋਝ ਇਸ ਦਿਲ ਨਾ ਇੰਝ ਮਹਿਮਾਨ ਹੋ ਜਾਂਦਾ,
ਕਿਵੇਂ ਵਰਤਾਂ ਦਿਲਾਂ ਦੇ ਕਰਜ਼ ਨੂੰ ਹੁੱਲ ਪਾਣ ਦੇ ਨੁਸਖੇ !!

ਅਜੇ ਅਜ਼ਮਾ ਰਿਹਾ ਹਾਂ, ਦਰਦ ਨੂੰ ਭੁੱਲ ਜਾਣ ਦੇ ਨੁਸਖੇ,
ਇਸ ਦਿਲ ਨੇ ਜੋ ਸਹੇੜੀ, ਮਰਜ਼ ਨੂੰ ਭੁੱਲ ਜਾਣ ਦੇ ਨੁਸਖੇ !!


ਹਰਜਿੰਦਰ ਬੱਲ

ਜ਼ੰਜੀਰੀਦਾਰ ਗ਼ਜ਼ਲ :

ਜ਼ੁਲਮ ਸਿਤਮ ਨੂੰ ਠੱਲ ਵੇ ਰੱਬਾ!
ਕੋਈ ਫ਼ਰਿਸ਼ਤਾ ਘੱਲ ਵੇ ਰੱਬਾ!
ਕੋਈ ਫ਼ਰਿਸ਼ਤਾ ਘੱਲ ਵੇ ਰੱਬਾ!
ਉਧੜੀ ਜਾਂਦੀ ਖੱਲ ਵੇ ਰੱਬਾ!
ਉਧੜੀ ਜਾਂਦੀ ਖੱਲ ਵੇ ਰੱਬਾ!
ਕੋਈ ਨਾ ਸੁਣਦਾ ਗੱਲ ਵੇ ਰੱਬਾ!
ਕੋਈ ਨਾ ਸੁਣਦਾ ਗੱਲ ਵੇ ਰੱਬਾ!

ਕੱਢ ਕੋਈ ਤਾਂ ਹੱਲ ਵੇ ਰੱਬਾ!
ਕੱਢ ਕੋਈ ਤਾਂ ਹੱਲ ਵੇ ਰੱਬਾ!
ਬਹੁਤ ਵਜਾ ਲਏ ਟੱਲ ਵੇ ਰੱਬਾ!
ਬਹੁਤ ਵਜਾ ਲਏ ਟੱਲ ਵੇ ਰੱਬਾ!
ਕੋਈ ਤਾਂ ਨਿਕਲੇ ਹੱਲ ਵੇ ਰੱਬਾ!
ਕੋਈ ਤਾਂ ਨਿਕਲੇ ਹੱਲ ਵੇ ਰੱਬਾ!

ਅੱਜ ਨਹੀਂ ਤੇ ਕੱਲ ਵੇ ਰੱਬਾ!
ਅੱਜ ਨਹੀਂ ਤੇ ਕੱਲ ਵੇ ਰੱਬਾ!
ਮੱਚੂਗੀ ਤੜਥੱਲ ਵੇ ਰੱਬਾ!
ਮੱਚੂਗੀ ਤੜਥੱਲ ਵੇ ਰੱਬਾ!
ਹੋਣੀ ਨਹੀਂਓਂ ਠੱਲ ਵੇ ਰੱਬਾ!
ਹੋਣੀ ਨਹੀਂਓਂ ਠੱਲ ਵੇ ਰੱਬਾ!

ਨੈਣੀਂ ਉੱਠੀ ਛੱਲ ਵੇ ਰੱਬਾ!
ਨੈਣੀਂ ਉੱਠੀ ਛੱਲ ਵੇ ਰੱਬਾ!
ਸੀਨੇ ਪਾਵੇ ਸੱਲ ਵੇ ਰੱਬਾ!
ਸੀਨੇ ਪਾਵੇ ਸੱਲ ਵੇ ਰੱਬਾ!
ਕਿੱਦਾਂ ਲਈਏ ਝੱਲ ਵੇ ਰੱਬਾ!
ਕਿੱਦਾਂ ਲਈਏ ਝੱਲ ਵੇ ਰੱਬਾ!

ਸਾਨੂੰ ਵੀ ਦੱਸ ਵੱਲ ਵੇ ਰੱਬਾ!
ਸਾਨੂੰ ਵੀ ਦੱਸ ਵੱਲ ਵੇ ਰੱਬਾ!
ਮੁਸ਼ਕਿਲ ਹੋਜੇ ਹੱਲ ਵੇ ਰੱਬਾ!
ਮੁਸ਼ਕਿਲ ਹੋਜੇ ਹੱਲ ਵੇ ਰੱਬਾ!
ਅੱਜ ਹੋਵੇ ਜਾਂ ਕੱਲ ਵੇ ਰੱਬਾ
ਅੱਜ ਹੋਵੇ ਜਾਂ ਕੱਲ ਵੇ ਰੱਬਾ!

ਕੰਨ ਖੋਲ੍ਹ ਸੁਣ ਗੱਲ ਵੇ ਰੱਬਾ!
ਕੰਨ ਖੋਲ੍ਹ ਸੁਣ ਗੱਲ ਵੇ ਰੱਬਾ!
ਹੁਣ ਤਾਂ ਛੱਡ ਅੱਜ ਕੱਲ ਵੇ ਰੱਬਾ!
ਹੁਣ ਤਾਂ ਛੱਡ ਅੱਜ ਕੱਲ ਵੇ ਰੱਬਾ!

ਕਿੰਜ ਖੜਕਾਈਏ ਟੱਲ ਵੇ ਰੱਬਾ!
ਕਿੰਜ ਖੜਕਾਈਏ ਟੱਲ ਵੇ ਰੱਬਾ!
ਸੁੱਤਾ ਉਠ ਸੁਣ ਗੱਲ ਵੇ ਰੱਬਾ!
ਸੁੱਤਾ ਉਠ ਸੁਣ ਗੱਲ ਵੇ ਰੱਬਾ!
ਮੁਸ਼ਕਿਲ ਕਰ ਦੇ ਹੱਲ ਵੇ ਰੱਬਾ!
ਮੁਸ਼ਕਿਲ ਕਰ ਦੇ ਹੱਲ ਵੇ ਰੱਬਾ!
ਨਹੀਂ ਤੇ ਮਰਜੂ 'ਬੱਲ' ਵੇ ਰੱਬਾ!

ਅਕਬਰ ਮਾਸੂਮ


ਸੀਨੇ ਵਿਚੋਂ ਕਾਨੀ ਕੱਢ ਲਈ 
ਜਾਨ ਈ ਮੇਰੀ ਜਾਨੀ ਕੱਢ ਲਈ

ਬੁੱਢਾ ਹੋਣ ਦਾ ਖੌਫ਼ ਬੜਾ ਸੀ 
ਅੰਦਰੋਂ ਫੇਰ ਜਵਾਨੀ ਕੱਢ ਲਈ

ਬਚਪਨ ਦੇ ਗੱਲੇ ਚੋਂ ਦਿਲ ਨੇਂ
ਯਾਦ ਦੀ ਇੱਕ ਚਵਾਨੀ ਕੱਢ ਲਈ

ਅੰਦਰੇ ਅੰਦਰ ਵੱਗਦਾ ਰਹਿੰਦੈ
ਦਰਿਆ ਨਵੀਂ ਰਵਾਨੀ ਕੱਢ ਲਈ

ਹਿਜਰ ਨੂੰ ਅਸੀਂ ਵਸਾਲ ਬਣਾਇਆ 
ਮੁਸ਼ਕਲ ਚੋਂ, ਆਸਾਨੀ ਕੱਢ ਲਈ

ਸੋਹਣੇ ਆਪਣੀ ਰੌਣਕ ਲਾ ਕੇ 
ਅੰਦਰੋਂ ਸਭ ਵੀਰਾਨੀ ਕੱਢ ਲਈ

ਫਿਰ ਮਾਸੂਮ ਨੇ ਮਿੱਟੀ ਵਿਚੋਂ 
ਗੱਲ ਕੋਈ ਅਸਮਾਨੀ ਕੱਢ ਲਈ


ਪਰਮ ਜੀਤ ਰਾਮਗੜੵੀਆ 

ਕਿਉਂ ਖੁਸ਼ੀ 'ਚ ਚਾਗੜਾਂ ਮਾਰੇ ਵੇ ਸੰਨਤਾਲੜੀਆ।
ਮੈਂਡੇ ਚਾਚੇ ਜਿੱਤੇ , ਬਾਬੇ ਹਾਰੇ ਵੇ ਸੰਨਤਾਲੜੀਆ।

ਇੱਥੇ ਰੱਤ ਬੱਚੜਿਆਂ ਡੁੱਲਿਆ, ਝਾਈ ਭੁੱਬਾਂ ਮਾਰੇ,
ਕਿੰਝ ਵੰਡੇ ਮਸੀਤ ਗੁਰੂਦੁਆਰੇ ਵੇ ਸੰਨਤਾਲੜੀਆ।

ਅੰਮੜੀ ਦੇ ਲਿੱਪੇ ਚੌਂਤਰੇ, ਲਿਓੜ ਡਿੱਗਦੇ ਜਾਵਣ,
ਭੁੱਬਲ ਬਾਝੋਂ ਸੁੰਨੇ ਹੋਏ ਹਾਰੇ ਵੇ ਸੰਨਤਾਲੜੀਆ।

ਨਾ ਪਾਣੀ ਭਰੇਸਣ ਖੂਹੀ ਤੇ, ਨਣਦਾਂ ਭਰਜਾਈਆਂ,
ਸਭਦੇ ਨੈਨੀਂ ਚੋਵਣ ਹੰਝੂ ਖਾਰੇ ਵੇ ਸੰਨਤਾਲੜੀਆ।

ਗੋਣੀਆਂ ਸੀ ਸੁਹਾਗ ਦੀਆਂ ਵੀਰਾਂ ਦੀਆਂ ਘੋੜੀਆਂ,
ਰੁਲਗੇ ਵਿੱਚ ਘਰਾ ਦੇ ਸੰਧਾਰੇ, ਵੇ ਸੰਨਤਾਲੜੀਆ।

ਚੌਧਰੀਆਂ ਦੀ ਹਵੇਲੀ ਨੂੰ, ਲੱਗ ਗਏ ਨੇ ਜਿੰਦਰੇ,
ਹੁਣ ਖਾਲੀ ਦਿਖਣ ਚੁਬਾਰੇ , ਵੇ ਸੰਨਤਾਲੜੀਆ।

ਭੋਲਾ ਛਿੰਦਾ ਭੱਟੀ ਤੇ ਗਾਮਾ ਨਾ ਹੁਣ ਕੋਡੀ ਖੇਡਣ,
ਵਾਂਗ ਬੰਟਿਆਂ ਖਿੰਡ ਗਏ ਸਾਰੇ ਵੇ ਸੰਨਤਾਲੜੀਆ।

ਮਹਿਲੀਂ ਖੁੱਸੀਆਂ ਹੁਣ ਰੋਣਕਾਂ ਨਾਹੀ ਭਰਦੇ ਮੇਲੇ,
ਡੁਸਕਣ ਪਏ ਮਹਿਲ ਮੁਨਾਰੇ, ਵੇ ਸੰਨਤਾਲੜੀਆ।

ਕੁਰਸੀ ਨੇ ਹੀ ਪਰਮ ਵੀਰਾਂ ਨੂੰ ਅੱਡੜੋਂ ਵੱਡ ਕੀਤਾ,
ਹੱਥੀਂ ਹਥਿਆਰ ਫੜਾਤੇ ਭਾਰੇ, ਵੇ ਸੰਨਤਾਲੜੀਆ।

ਨ ਕੋਈ ਜ਼ਖ਼ਮ ਬਣਨਾ ਹੈ – ਸੁਖਵਿੰਦਰ ਅੰਮ੍ਰਿਤ


ਨ ਕੋਈ ਜ਼ਖ਼ਮ ਬਣਨਾ ਹੈ ਨ ਕੋਈ ਹਾਦਸਾ ਬਣਨਾ
ਮੈਂ ਤੇਰੇ ਤਪਦਿਆਂ ਰਾਹਾਂ ‘ਤੇ ਸਾਵਣ ਦੀ ਘਟਾ ਬਣਨਾ

ਇਨ੍ਹਾਂ ਧੁੱਪਾਂ ਤੇ ਔੜਾਂ ਨੂੰ ਕਰਾਰੀ ਹਾਰ ਦੇਣੀ ਹੈ
ਮੈਂ ਸੁੱਕੇ ਬਿਰਖ ਦੀ ਟਾਹਣੀ ਦਾ ਇਕ ਪੱਤਾ ਹਰਾ ਬਣਨਾ

ਮੈਂ ਸਾਰੇ ਬੁਝ ਰਹੇ ਨੈਣਾਂ ਨੂੰ ਰੌਸ਼ਨ ਖ਼ਾਬ ਦੇਣੇ ਨੇ
ਮੈਂ ਲੋਅ ਬਣਨਾ ਹੈ ਤਾਰੇ ਦੀ , ਮੈਂ ਸੂਰਜ ਦੀ ਸ਼ੁਆ ਬਣਨਾ

ਜਿਦ੍ਹਾ ਹਰ ਹਰਫ਼ ਤਾਰਾ ਤੇ ਜਿਦ੍ਹੀ ਹਰ ਸਤਰ ਚਾਨਣ ਦੀ
ਮੇਰੀ ਹਸਤੀ ਨੇ ਇਕ ਦਿਨ ਦੋਸਤੋ ਐਸਾ ਸਫ਼ਾ ਬਣਨਾ

ਮੇਰੀ ਸੰਜੀਦਗੀ ਨੇ ਪੈਰ ਪੁੱਟਣ ਦੀ ਅਦਾ ਦੱਸਣੀ
ਮੇਰੀ ਦੀਵਾਨਗੀ ਨੇ ਮੇਰੀ ਮੰਜ਼ਿਲ ਦਾ ਪਤਾ ਬਣਨਾ

ਨਹੀਂ ਬਣਦਾ ਤਾਂ ਬੰਦਾ ਹੀ ਨਹੀਂ ਬਣਦਾ ਕਦੇ ਬੰਦਾ
ਬੜਾ ਆਸਾਨ ਹੈ ਦੁਨੀਆਂ ‘ਚ ਬੰਦੇ ਦਾ ਖੁਦਾ ਬਣਨਾ




No comments:

Post a Comment