ਟੱਪੇ - ਕੁਲਵੰਤ ਸਿੰਘ ਗਰੇਵਾਲ
ਦਿਲ ਟੁੱਟਦੇ ਹਵਾਵਾਂ ਦੇ
ਬੂੰਦ ਬੂੰਦ ਤਰਸ ਗਏ
ਅਸੀਂ ਪੁੱਤ ਦਰਿਆਵਾਂ ਦੇ।
ਸਾਨੂੰ ਈਦਾਂ ਬਰ ਆਈਆਂ
ਰਾਵੀ ਤੇਰੇ ਪੱਤਣਾਂ ਤੇ
ਐਵੇਂ ਅੱਖੀਆਂ ਭਰ ਆਈਆਂ।
ਝੋਰਾ ਅੱਖੀਆਂ ਲਾਈਆਂ ਦਾ
ਰੋਹੀਆਂ 'ਚ ਚੰਨ ਡੁੱਬਿਆ
ਕੂੰਜਾਂ ਤਿਰਹਾਈਆਂ ਦਾ।
ਸੂਹੇ ਡੋਰੇ ਬਾਜ਼ਾਂ ਦੇ
ਗਲੀ ਗਲੀ ਰੁਲਦੇ ਨੇ
ਖੰਭ ਉਚਿਆਂ ਤਾਜਾਂ ਦੇ।
ਨਦੀ ਕੰਢਿਆਂ ਤੇ ਆਈ ਹੋਈ ਆ
ਬੁੱਤ ਸਾਡਾ ਮਿੱਟੀ ਦਾ ਚੰਨਾ
ਵਿੱਚ ਰੂਹ ਤਿਰਹਾਈ ਹੋਈ ਆ।
ਨਾਗਾਂ ਦਾ ਸਾਇਆ ਏ
ਲੁਕਵੇਂ ਨੇ ਡੰਗ ਭੋਲਿਆ
ਬਚ ਮੁਲਕ ਪਰਾਇਆ ਏ।
ਅਸੀਂ ਘਰ ਮੁੜ ਆਵਾਂਗੇ
ਮਾਹੀਏ ਦਾ ਚੰਨ ਚੁੰਮ ਕੇ
ਪੰਜਾਬ ਨੂੰ ਗਾਵਾਂਗੇ।
No comments:
Post a Comment