ਦਰਸ਼ਨ ਬਰਸਾਓਂ
ਗੋਰੀ ਪਲਟਣ ਤੁਰ ਗਈ ਸੀ ਫਿਰ ਭੂਰੇ ਆ ਗਏ,
ਜੜਾਂ ਕੁਤਰ ਕੇ ਦੇਸ ਦੀਆਂ ਘੁਣ ਵਾਂਗਰ ਖਾ ਗਏ।
ਆਪਣੀਆਂ ਜੇਬਾਂ ਭਰ ਲਈਆਂ ਸਾਡੇ ਖਾਲੀ ਗੀਝੇ,
ਜਵਾਨੀ ਰੁਲ਼ਣ ਤੋਂ ਡਰਦੀ ਲਗਵਾ ਗਈ ਵੀਜ਼ੇ।
ਜਿਹੜੇ ਗੱਭਰੂ ਪੰਜਾਬ ਚ' ਉਹ ਵੀ ਖਾ ਲਏ ਚਿੱਟੇ,
ਮਰ ਜਾਣ ਥੋਡੇ ਵੀ ਪੁੱਤ ਵੇ, ਥੋਨੂੰ ਹਰ ਮਾਂ ਪਿੱਟੇ।
ਕਈ ਇਨਸਾਫ ਉਡੀਕਦੇ ਝੁਰਦੇ ਹੋਏ ਖੁਰ ਗਏ,
ਥੋਡੇ ਕਰਕੇ ਤਖਤ ਢਹਾ ਲਿਆ ਕਿੰਨੇ ਸੂਰੇ ਤੁਰ ਗਏ।
ਐਨਾ ਪੈਸਾ ਖਾਕੇ ਵੀ ਥੋਡੀ ਸ਼ਾਂਤ ਨਾ ਗੋਗੜ,
ਝੰਭੇ ਪਿੰਡੇ ਸੇਕਦਿਆਂ ਸਾਡਾ ਮੁੱਕ ਗਿਆ ਲੋਗੜ।
ਹੁਣ ਇਜ਼ੱਤ ਨੂੰ ਹੱਥ ਪਾਉਂਦੇ ਨੇ ਥੋਡੇ ਪਾਲ਼ੇ ਕੁੱਤੇ,
ਕਰਦੇ ਰਾਖੀ ਟੁਰ ਗਏ ਪਿਓ ਡੋਲੀ ਤੋਰਨ ਰੁੱਤੇ।
ਚੇਤੇ ਰੱਖਦਿਆਂ ਮੌਤ ਵੀ ਬਾਹਲਾ ਦੁੱਖ ਨਾ ਦੇਂਦੀ,
ਭੁੱਲ ਜਾਣ ਤੇ ਅਚਨਚੇਤ ਹੈ ਪੈਂਦ ਆ ਬਹਿੰਦੀ।
ਸ਼ਾਇਦ ਵੇਲ਼ਾ ਆ ਗਿਆ ਥੋਡੀ ਭਰ ਗਈ ਗਾਗਰ,
ਨੀਲੀ ਲਾਹ ਕੇ ਕੇਸਰੀ ਬੰਨ ਲਈ ਹੁਣ ਸਿੰਘ ਨਾਜਰ।