OH GALLAN NA RAHIA OH BATAN NA RAHIAN
ਕਿਸੇ ਪਾਕਿਸਤਾਨੀ ਸ਼ਾਇਰ ਨੇ 'ਗੱਲਾਂ ਨਾਂ ਰਹੀਆਂ, ਉਹ ਬਾਤਾਂ ਨਾਂ ਰਹੀਆਂ' ਦੇ ਨਾਂ ਹੇਠ ਪੁਰਾਣੇ ਪੰਜਾਬ ਦੀ ਤਸਵੀਰ ਬਹੁਤ ਹੀ ਖੂਬਸੂਰਤੀ ਨਾਲ ਖਿੱਚੀ ਹੈ। ਜਿੰਨਾਂ ਨੇ 1950-60 ਦਹਾਕੇ ਵੇਖੇ ਨੇ ਪੜ੍ਹ ਕੇ ਉਹ ਗਦ ਗਦ ਕਰ ਉਠਣਗੇ।ਅਸਾਂ ਇਸ ਕੁਤਕੁਤਾਰੀ ਤੇ ਮੁਸਕਰਾਹਟ ਨੂੰ ਗੁਰਮੁਖੀ ਵਿਚ ਟਾਈਪ ਕਰ ਦਿਤਾ ਹੈ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਓਹ ਮੇਲੇ ਓਹ ਘੋਲਾਂ, ਓਹ ਕੌਡੀ ਓਹ ਪਾਣੀ।
ਓਹ ਵੀਣੀ ਉਹ ਫੜਨੀ, ਓਹ ਬੁਕਰ ਦੀ ਟਾਹਣੀ।
ਓਹ ਭੰਗੜਾ ਪਾਣਾਂ, ਤੇ ਬਾਂਸਰੀ ਵਜਾਣੀ।
ਸਵਾਰਾਂ ਦੇ ਨੇਜ਼ੇ, ਤੇ ਘੋੜੀ ਭਜਾਣੀ।
ਮੁੰਡਿਆਂ ਨੇ ਅਖਾੜੇ 'ਚ, ਤਾਕਤ ਅਜਮਾਣੀ।
ਦੇਸੀ ਖੁਰਾਕਾਂ ਨਾਂ ਰਹੀਆਂ, ਓਹ ਗੱਲਾਂ ਨਾਂ ਰਹੀਆਂ ।
ਓਹ ਬਾਤਾਂ ਨਾਂ ਰਹੀਆਂ।
ਉਹ ਮੂੰਜੀ ਦੀ ਫਸਲ, ਵੱਢਣੀ ਤੇ ਫੰਡਣੀ। ਬੋਹਲ 'ਚੋਂ ਜੁਆਕਾਂ ਨੂੰ, ਰੇੜੀ ਵੀ ਵੰਡਣੀ। ਪੱਗ ਲਾ ਕੇ ਸਿਰ ਤੋਂ, ਕਿੱਲੀ ਤੇ ਟੰਗਣੀ। ਕੁਹਾੜੀ ਤੇ ਰੰਭੀ, ਘਰ ਵਿਚ ਹੀ ਚੰਡਣੀ। ਉਹ ਬੁੱਢਾ, ਓਹ ਬਾਬਾ, ਬੰਨ ਕੇ ਮੜਾਸਾ। ਪਿਆ ਫੇਰੇ ਤਰੰਗਲ, ਕਵਾਸਾ ਕਵਾਸਾ। ਮਾਝਾ ਓਹ ਗਾਮਾ, ਕਰਤਾਰਾ ਵਸਾਖਾ। ਉਹ ਪੱਠਿਆਂ ਦੇ ਪੂਲੇ ਨੂੰ, ਫੇਰੇ ਗੰਡਾਸਾ। ਓਹ ਅੱਖੀਆਂ 'ਚ ਸੁਰਮਾਂ, ਤੇ ਬੁੱਲਾਂ ਤੇ ਹਾਸਾ ਹੋਠਾਂ ਤੇ ਮਲਣਾ, ਸੱਕ ਦਾ ਦੰਦਾਸਾ। ਓਹ ਛੰਨੇ, ਓਹ ਥਾਲ, ਪਰਾਤਾਂ ਨਾਂ ਰਹੀਆਂ। ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਨਾਂ ਪਉਡਰ ਨਾਂ ਸੁਰਖੀ, ਨਾਂ ਲਾਲੀ ਹੀ ਲਾਣਾ।
ਉਹ ਮੂੰਜੀ ਦੀ ਫਸਲ, ਵੱਢਣੀ ਤੇ ਫੰਡਣੀ। ਬੋਹਲ 'ਚੋਂ ਜੁਆਕਾਂ ਨੂੰ, ਰੇੜੀ ਵੀ ਵੰਡਣੀ। ਪੱਗ ਲਾ ਕੇ ਸਿਰ ਤੋਂ, ਕਿੱਲੀ ਤੇ ਟੰਗਣੀ। ਕੁਹਾੜੀ ਤੇ ਰੰਭੀ, ਘਰ ਵਿਚ ਹੀ ਚੰਡਣੀ। ਉਹ ਬੁੱਢਾ, ਓਹ ਬਾਬਾ, ਬੰਨ ਕੇ ਮੜਾਸਾ। ਪਿਆ ਫੇਰੇ ਤਰੰਗਲ, ਕਵਾਸਾ ਕਵਾਸਾ। ਮਾਝਾ ਓਹ ਗਾਮਾ, ਕਰਤਾਰਾ ਵਸਾਖਾ। ਉਹ ਪੱਠਿਆਂ ਦੇ ਪੂਲੇ ਨੂੰ, ਫੇਰੇ ਗੰਡਾਸਾ। ਓਹ ਅੱਖੀਆਂ 'ਚ ਸੁਰਮਾਂ, ਤੇ ਬੁੱਲਾਂ ਤੇ ਹਾਸਾ ਹੋਠਾਂ ਤੇ ਮਲਣਾ, ਸੱਕ ਦਾ ਦੰਦਾਸਾ। ਓਹ ਛੰਨੇ, ਓਹ ਥਾਲ, ਪਰਾਤਾਂ ਨਾਂ ਰਹੀਆਂ। ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਨਾਂ ਪਉਡਰ ਨਾਂ ਸੁਰਖੀ, ਨਾਂ ਲਾਲੀ ਹੀ ਲਾਣਾ।
ਲਾਲ ਸੂਹਾ ਜੋੜਾ, ਵਹੁਟੀ ਨੇ ਪਾਣਾ।
ਕਾਲੇ ਜਿਹੇ ਬੁਰਕੇ 'ਚ, ਵਹੁਟੀ ਨੇ ਜਾਣਾ।
ਵਿਛੋੜਾਂ ਨਾਂ ਸਹਿੰਦੀ, ਢਾਹਾਂ ਪਈ ਮਾਰੇ।
ਪਿੰਡ ਦੇ ਲੋਕੀ ਵੀ, ਰੋਣ ਪਏ ਸਾਰੇ।
ਉਹ ਕੰਮੀ, ਉਹ ਲਾਗੀ, ਉਹ ਜਾਚਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਨਾਂ ਗਾਜਰ ਦਾ ਹਲਵਾ, ਨਾਂ ਖਿਰਨੀ ਪਕਾਣੀ।
ਜੰਞ ਨੂੰ ਜਲੇਬੀਆਂ ਤੇ, ਚਾਹ ਹੀ ਪਿਆਣੀ।
ਚਾਹ ਵਿਚ ਹੋਣਾ, ਗੁੜ ਦਾ ਮਿੱਠਾ।
ਵਹੁਟੀ ਹੋਣੀ ਲੰਮੀ, ਤੇ ਲਾੜਾ ਹੋਣਾ ਗਿੱਠਾ।
ਉਹ ਦਾਰੇ ਤੇ ਜੰਞ, ਰਾਤੀ ਪਈ ਟਿਕਾਣੀ।
ਕੁੜੀਆਂ ਪਏ ਘੜੇ ਤੇ, ਡੋਹਣੀ ਵਜਾਣੀ।
ਮਤ੍ਹਾਬੇ ਮਿਰਾਸੀ ਨੇ, ਹੀਰ ਪਈ ਸੁਣਾਣੀ।
ਕੁੜੀਆਂ ਪਾਉਣਾ ਗਿੱਧਾ, ਤੇ ਨਾਲ ਬੋਲੀ ਪਾਣੀ।
ਉਹ ਡੋਲੀ ਕਹਾਰ, ਉਹ ਤੰਬੂ ਕਨਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਪਿੰਡ ਦੇ ਸਕੂਲਾਂ ਦਾ, ਹੁੰਦਾ ਸੀ ਰੌਲਾ।
ਨਾਂ ਬੂਹਾ ਨਾਂ ਬਾਰੀ, ਨਾਂ ਚੰਨਾ ਨਾਂ ਕੌਲਾ।
ਪੂਰੇ ਸਕੂਲ 'ਚ, ਇਕੋ ਇਕ ਟੀਚਰ।
ਨਾਂ ਚੌਕੀ ਨਾਂ ਦਰੀਆਂ, ਨਾਂ ਹੋਣਾ ਫਰਨੀਚਰ।
ਤੇਗਅਲੀ ਮਾਸਟਰ ਨੇ, ਡੰਡਾ ਘੁਮਾਉਣਾ।
ਸੌ ਸੌ ਨਿਆਣਿਆਂ ਨੂੰ, ਇਕੱਲਿਆਂ ਪੜਾਉਣਾ।
ਓਹ ਪੱਟੀਆਂ ਉਹ ਕਲਮਾਂ, ਦਵਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਛੱਪੜਾਂ 'ਚ ਨਾਉਣਾ, ਤੇ ਚੂਪਣੇ ਉਹ ਗੰਨੇ।
ਪਿੰਡ ਦੀਆਂ ਬੋਹੜਾਂ, ਉਹ ਲੱਸੀਆਂ ਦੇ ਛੰਨੇ।
ਬੇਲੇ 'ਚ ਛੇੜੂਆਂ ਦਾ, ਮੱਝੀਆਂ ਚਰਾਉਣਾ।
ਰਾਤੀ ਪੀਣੇ ਡੋਕੇ, ਤੇ ਬਹਿਕਾਂ ਤੇ ਸੌਣਾ।
ਉਹ ਮਾਈਆਂ ਉਹ ਚਰਖੇ, ਉਹ ਕਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਸ਼ਾਦੀ ਕਰਾਣੀ, ਪੁਰਾਣਾ ਸੀ ਵੇਲਾ
ਪਿੰਡ ਵਿਚ ਜਾਪਣਾ, ਜਿਵੇ ਕੋਈ ਮੇਲਾ।
ਹਫਤਾ ਪਹਿਲਾਂ, ਪ੍ਰਾਹੁਣਿਆ ਦਾ ਆਉਣਾ।
ਬੰਦੇ ਕਹਿਣਾ ਥੋੜੇ, ਤੇ ਬਹੁਤਿਆਂ ਆ ਜਾਣਾ।
ਵਿਆਹ 'ਚ ਬੰਦਿਆਂ ਨੇ, ਰੁੱਸ ਰੁੱਸ ਜਾਣਾ।
ਪੈਰੀ ਹੱਥੀ ਪੈ ਪੈ, ਉਨਾਂ ਨੂੰ ਮਨਾਉਣਾ।
ਰਾਤੀ ਬਹਿ ਕੇ ਦਰਜੀ ਤੋਂ, ਕਪੜੇ ਸੁਵਾਉਣੇ।
ਬੀੜੇ ਜਾ ਕੇ ਸ਼ਹਿਰੋਂ, ਆਪੇ ਲਿਆਉਣੇ।
ਪ੍ਰਾਣੀ ਤੇ ਖਵਾਣੀ, ਬਲੀਮੇ ਵਾਲੀ ਰੋਟੀ
ਸ਼ੋਰਬਾ ਹੋਣਾ ਬਹੁਤਾ, ਤੇ ਇਕੋ ਇਕ ਬੋਟੀ।
ਰੋਟੀ ਖਾ ਕੇ ਦੇਣਾ, ਮੁਛਾਂ ਨੂੰ ਵੱਟ।
ਕਰਨੀਆਂ ਗੱਲਾਂ ਕਿ, ਰੱਜਿਆ ਜੇ ਜੱਟ।
ਉਹ ਲਾੜੇ ਉਹ ਡੋਲੀ, ਬਰਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਨਾਂ ਬਲੱਡ ਪ੍ਰੈਸ਼ਰ, ਨਾਂ ਗਿਟਿਆਂ 'ਚ ਪੀੜਾਂ।
ਦੇਸੀ ਦਵਾਵਾਂ, ਮੁਰੱਬੇ ਹਰੀੜਾਂ।
ਤੇ ਬੁੱਢਿਆਂ ਨੇ ਸਿਰ ਤੇ, ਮਹਿੰਦੀ ਲਵਾਣੀ।
ਸੱਸਾਂ ਨੇ ਨਹੁੰਆਂ ਤੋਂ, ਗੁੱਤ ਸ਼ੁੱਤ ਕਰਾਣੀ।
ਪੀਣੇ ਅਧਰਿੜਕੇ, ਸਵੇਰੇ ਸਵੇਰੇ।
ਜੋਅ ਲੈਣੇ ਢੱਗੇ, ਹਨੇਰੇ ਹਨੇਰੇ।
ਬਾਜਰੇ ਜਵਾਰਾਂ, ਮਕੱਈਆਂ ਨਾਂ ਰਹੀਆਂ।
ਫੁੱਲਾਂ ਵਰਗੀਆਂ, ਉਹ ਦੇਹੀਆਂ ਨਾਂ ਰਹੀਆਂ।
ਉਹ ਰਾਂਝੇ ਉਹ ਹੀਰਾਂ, ਉਹ ਮਹੀਆਂ ਨਾਂ ਰਹੀਆਂ।
ਉਹ ਵਾਣੇ ਤਰਿੰਗਲ, ਕਹੀਆਂ ਨਾਂ ਰਹੀਆਂ।
ਖੂਹਾਂ ਦੇ ਪਾਣੀ, ਬਰਸਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਹਾਲੀਆਂ ਨੂੰ ਹਲਾਂ ਵਿਚ, ਭੱਤਾ ਪਹੁੰਚਾਣਾ।
ਸਿਰ ਤੇ ਹੋਣੀ ਰੋਟੀ, ਤੇ ਕੁਛੜ ਅੰਞਾਣਾ।
ਹਲ ਸ਼ਲ ਵਾਣੇ, ਉਹ ਢੱਗਿਆਂ ਦੀ ਜੋੜੀ।
ਉਹ ਅਲਸੀ ਦੀ ਪਿੰਨ, ਉਹ ਗੁੜ ਵਾਲੀ ਰੋੜੀ।
ਮਕੱਈ ਦੀ ਰੋਟੀ, ਸਾਗ ਨਾਲ ਖਾਣੀ।
ਦੇਸੀ ਘਿਓ ਵਿਚ, ਸ਼ੱਕਰ ਜੁ ਪਾਣੀ।
ਬਾਜਰੇ ਦੇ ਢੋਡੇ, ਸੁਗਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਅੱਖ ਵਿਚ ਹਯਾ, ਨਾਲੇ ਇੱਜਤ ਵੀ ਕਰਨੀ।
ਵਹੁਟੀ ਨੇ ਗਲ, ਸੱਸ ਸਹੁਰੇ ਦੀ ਜਰਨੀ।
ਸ਼ਾਹ ਵੇਲੇ ਉੱਠ ਕੇ, ਰੋਟੀ ਪਕਾਣੀ।
ਸਵੱਖਤੇ ਸਵੱਖਤੇ ਉਠ ਕੇ, ਮਧਾਣੀ ਚਲਾਣੀ।
ਮੁੰਡਿਆਂ ਨੇ ਖੇਡਣੀ, ਰਾਤਾਂ ਨੂੰ ਲੋਹੜੀ।
ਨਾਂ ਵੱਜਣਾ ਕੋਈ ਡਾਕਾ, ਨਾਂ ਹੋਣੀ ਕੋਈ ਚੋਰੀ।
ਉਹ ਚੰਗੀਆਂ ਸਵੇਰਾਂ, ਰਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਨਾਂ ਕੋਪਾਂ ਕਲਾਸ਼ਾਂ, ਨਾਂ ਹੋਣੇ ਕੋਈ ਠਾਣੇ।
ਪਰਿਆਂ ਪਚੈਤਾਂ ਨੇ, ਰੱਫੜ ਮਿਟਾਣੇ।
ਬੋਹੜ ਹੇਠਾਂ ਬੰਦਿਆਂ ਨੇ, ਮੰਜੇ ਜਾ ਡਾਹਣੇ।
ਜਵਾਕਾਂ ਨੇ ਇਕ ਦੂਏ ਦੇ, ਬਾਂਟੇ ਚਰਾਣੇ।
ਇਕ ਮੁੱਠ ਹੋਣਾਂ, ਨਾਂ ਹੋਣਾ ਕੋਈ ਪਰਾਇਆ।
ਉਹ ਬੇਬੇ ਉਹ ਮਾਸੀ, ਉਹ ਚਾਚਾ ਉਹ ਤਾਇਆ।
ਗੱਲਾਂ 'ਚ ਖੁਸ਼ਬੂ, ਉਹ ਮਿਠਾਸਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਖੇਡਾਂ 'ਚ ਗੁੱਡੀਆਂ, ਪਟੋਲੇ ਸ਼ਟਾਪੂ।
ਨਾਂ ਹੋਣਾਂ ਕੋਈ ਫੈਸ਼ਨ, ਨਾਂ ਕੁੜੀਆਂ ਚਲਾਕੂ।
ਨਾਂ ਮੋੜੇ ਕੋਈ ਬੇਬੇ, ਨਾਂ ਝਿੜਕੇ ਬਾਪੂ।
ਉਹ ਗੁੱਲੀਆਂ ਡੰਡੇ, ਛਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਪਿੰਡ ਦੀਆਂ ਨਹੁੰਆਂ ਨੇ, ਘੁੰਡ ਸ਼ੁੰਡ ਕੱਢਣੇ।
ਨਿਆਣੇ ਵੀ ਸਾਂਭਣੇ, ਤੇ ਪੱਠੇ ਵੀ ਵੱਢਣੇ।
ਵੱਢ ਕੇ ਪੱਠੇ, ਸਿਰ ਤੇ ਲਿਆਣੇ।
ਕਰ ਕੇ ਗਤਾਵਾਂ, ਤੇ ਡੰਗਰਾਂ ਨੂੰ ਪਾਣੇ।
ਸੱਸ ਨਾਲ ਜਾ ਕੇ, ਢਕਲੇ ਪਥਾਣੇ।
ਛਈਂ ਛਈਂ ਮਹੀਨੀ, ਕਪੜੇ ਸਵਾਣੇਂ।
ਓਹ ਮੋਹਲਾ ਉਹ ਉਖਲੀ, ਉਹ ਚੱਕੀ ਉਹ ਦਾਣੇ।
ਵਿਆਹਾਂ ਦੀ ਭਾਜੀ, ਪਤਾਸੇ ਮਖਾਣੇ।
ਉਹ ਬੁੱਢੀਆਂ ਸੀ ਚੰਗੀਆਂ, ਤੇ ਬੰਦੇ ਵੀ ਭੋਲੇ।
ਨਾਂ ਲਹਿੰਗਾ ਨਾਂ ਕੁੜਤੀ, ਨਾਂ ਘੱਗਰੀ ਨਾਂ ਚੋਲੇ।
ਉਹ ਦਰਜੀ ਉਹ ਕੈਂਚੀ, ਉਹ ਕਾਟਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆ।
ਉਹ ਖੱਡੀਆਂ ਗਲੀਚੇ, ਉਹ ਪੂਣੀ ਉਹ ਤੰਦਾਂ।
ਮਿੱਟੀ ਦੇ ਕੋਠੇ, ਤੇ ਕੱਚੀਆਂ ਕੰਧਾਂ।
ਕੰਧਾਂ ਤੇ ਵਾਣੇ, ਮਾਈਆਂ ਨੇ ਬੂਟੇ।
ਉਹ ਪਰਾਲੀ ਦੇ ਬਿੰਨੇ, ਹੁੱਕਿਆਂ ਦੇ ਸੂਟੇ।
ਪਿੱਪਲ ਧਰੇਕਾਂ ਤੇ, ਅੰਬਾਂ ਦੇ ਬੂਟੇ।
ਉਹ ਸ਼ਰਮਾਂ ਹਯਾਵਾਂ, ਤੇ ਪੀਘਾਂ ਦੇ ਝੂਟੇ।
ਉਹ ਤਾਅਲਕ, ਉਮੀਦਾਂ ਆਸਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਉਹ ਕੱਚਾ ਬਰਾਂਡਾ ਤੇ, ਲਕੜ ਦੀ ਬਾਰੀ।
ਉਹ ਸਿਰਕੀ ਉਹ ਕਾਨੇ, ਕੱਚੀ ਪਸਾਰੀ।
ਪਸਾਰੀ 'ਚ ਹੋਣਾ, ਮਿੱਟੀ ਦਾ ਚੁੱਲ੍ਹਾ।
ਉਹ ਪਾਥੀ ਉਹ ਢਕਲੇ, ਉਹ ਧੂੰਏ ਦਾ ਬੁੱਲਾ।
ਪਸਾਰੀ ਵੀ ਖੁੱਲੀ, ਤੇ ਵਿਹੜਾ ਵੀ ਖੁੱਲਾ
ਉਹ ਮਾਝਾ ਗਾਮਾ, ਦੀਨਾ ਤੇ ਬੁੱਲ੍ਹਾ।
ਉਹ ਖੁਸ਼ੀਆਂ ਉਮੀਦਾਂ, ਸ਼ਿਵਰਾਤਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਨਾਂ ਮੋਟਰ ਨਾਂ ਗੱਡੀਆਂ, ਨਾਂ ਰਕਸ਼ੇ ਨਾਂ ਕਾਰਾਂ।
ਕੱਛ ਵਿਚ ਜੁੱਤੀ ਤੇ, ਲੰਮੀਆਂ ਉਡਾਰਾਂ।
ਉਹ ਖੁੱਲੀਆਂ ਹਵਾਵਾਂ, ਮੌਜਾਂ ਬਹਾਰਾਂ।
ਨਾਂ ਲੱਭਦਾ ਕੋਈ ਮੈਰਾ, ਨਾਂ ਲੱਭਦੀ ਕੋਈ ਰੋਈ।
ਬਸੈਂਤਰ ਨਾਂ ਡਬਰਾਂ, ਨਾਂ ਛੱਪੜ ਨਾਂ ਚੋਈ।
ਉਹ ਡੇਕਾਂ ਦੇ ਪਾਣੀ, ਉਹ ਠਾਠਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਪਾਣੀ ਨੂੰ ਜਾਣੇ, ਕੁੜੀਆਂ ਦੇ ਟੋਲੇ।
ਖੇਡਣੇ ਲੁੱਕ ਕੇ, ਗੁਡੀਆਂ ਪਟੋਲੇ।
ਪਿੰਡ ਵਿਚ ਲਗਣਾ, ਪੀਰਾਂ ਦਾ ਮੇਲਾ।
ਭੇਡਾਂ ਦਾ ਇੱਜੜ, ਮੋਢੇ ਤੇ ਲੇਲਾ।
ਮੇਲੇ ਤੇ ਆਉਣੀ, ਦੂਰੋਂ ਖੁਦਾਈ।
ਉਹ ਖੇਡਾਂ ਤਮਾਸ਼ੇ, ਤੇ ਪੈਣੀ ਦੁਹਾਈ।
ਮੀਂਹ ਜਦੋਂ ਪੈਣਾ, ਤੇ ਮੰਡੇ ਪਕਾਣੇ।
ਕੁੰਡਿਆਂ ਚ ਲੋਕਾਂ ਸੱਤੂ ਖਵਾਣੇ।
ਵਾਲਾਂ ਨੂੰ ਪਾਣੇ, ਕੁੜੀਆਂ ਪਰਾਂਦੇ।
ਉਜੜ ਜਾਂਦੇ ਮਾਪੇ, ਕੁੜੀਆਂ ਵਸਾਂਦੇ।
ਉਹ ਮੀਂਹ, ਉਹ ਬਰਸਾਤਾਂ, ਨਾ ਰਹੀਆਂ
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਘਰ ਆਏ ਸਹੁਰੇ ਨੇ, ਬਾਹਰੋ ਈ ਖੰਘਣਾਂ।
ਨਹੁੰਆਂ ਘੁੰਡ ਕੰਢਣੇ, ਤੇ ਸ਼ਰਮ ਨਾਲ ਸੰਗਣਾਂ।
ਉਹ ਮੇਹਣੇ ਨਹੋਰੇ, ਉਹ ਝਿੜਕਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂ।
ਅੱਜ ਉਹ ਵੇਲੇ, ਮੈਂ ਕਿਵੇ ਭੁਲਾਵਾਂ
ਪਿਛਲੀਆਂ ਯਾਦਾਂ ਦੇ, ਦੀਵੇ ਜਗਾਵਾਂ।
ਉਹ ਚਿੱਠੀਆਂ ਲਫਾਫੇ, ਉਹ ਡਾਕਾਂ ਨਾਂ ਰਹੀਆਂ।
ਓਹ ਗੱਲਾਂ ਨਾਂ ਰਹੀਆਂ, ਓਹ ਬਾਤਾਂ ਨਾਂ ਰਹੀਆਂਆ।
(ਕਿਸੇ ਪਾਕਿਸਤਾਨੀ ਸ਼ਾਇਰ ਦੀ ਇਹ ਸ਼ਾਇਰੀ ਮੇਰਾ ਦਿੱਲ ਛੂਹ ਗਈ ਹੈ। ਬਚਪਨ ਵਿਚ (1950-60 ਵੇ ਦਹਾਕੇ ਵਿਚ) ਅਸਾਂ ਇਹੋ ਕੁਝ ਵੇਖਿਆ ਹੈ। - ਬੀ.ਐਸ.ਗੁਰਾਇਆ)