Wednesday, 28 March 2018

ਜ਼ਿੰਦਗੀ ਦੀ ਖ਼ੂਬਸੂਰਤੀ ਲਈ ਪਿਆਰ ਕਰੋ

ਪਿਆਰ, ਜ਼ਿੰਦਗੀ ਦੇ ਬਾਗ਼ ਦਾ ਸਭ ਤੋਂ ਖ਼ੂਬਸੂਰਤ ਫ਼ੁਲ ਹੈ, ਇੱਕ ਕੁਦਰਤੀ ਸ਼ਕਤੀ, ਇੱਕ ਅਜਿਹਾ ਅਹਿਸਾਸ, ਜਿਸ ਨੂੰ ਕੇਵਲ ਰੂਹ ਨਾਲ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਪਿਆਰ, ਤਿਆਗ, ਸਹਿਯੋਗ ਅਤੇ ਸਮਰਪਣ ਨਾਲ ਭਰਪੂਰ, ਸਵਾਰਥ ਤੋਂ ਉੱਪਰ ਉੱਠਿਆ ਇੱਕ ਅਜਿਹਾ ਪਵਿੱਤਰ ਰਿਸ਼ਤਾ ਹੈ ਜਿਸ ਵਿਚ ਹਰ ਦਿਲ ਦੀ ਰੀਝ, ਆਸ, ਉਮੀਦ ਅਤੇ ਚਾਵਾਂ ਨਾਲ ਸਜਾਏ ਸੁਪਨਿਆਂ ਦੀ ਦੁਨੀਆ ਛੁਪੀ ਹੁੰਦੀ ਹੈ। ਇਹ ਉਸ ਰੱਬ ਵਾਂਗ ਹੈ ਜੋ ਕੁਦਰਤ ਦੇ ਕਣ ਕਣ ਵਿਚ ਸਮਾਇਆ ਹੋਇਆ ਹੈ। ਸੰਬੰਧਾਂ ਨੂੰ ਮਜ਼ਬੂਤ ਕਰਨ ਵਾਲਾ ਇੱਕ ਅਜਿਹਾ ਜ਼ਿੰਦਗੀ ਦਾ ਹੁਸੀਨ ਜਜ਼ਬਾ ਹੈ ਜੋ ਇਨਸਾਨ ਨੂੰ ਨਿਮਰ ਬਣਾਉਂਦਾ ਹੈ। ਇਸ ਦੀ ਤਾਸੀਰ ਇੱਕ ਅਜਿਹੇ ਫ਼ੁਲ ਵਰਗੀ ਹੈ ਜੋ ਆਪਣੀ ਸੁਗੰਧੀ ਅੰਦਰ ਘੁੱਟ ਕੇ ਨਹੀਂ ਰੱਖ ਸਕਦਾ। ਇਹ ਜ਼ਿੰਦਗੀ ਦੀ ਸੰਪੂਰਨਤਾ’ਤੇ ਹਸਤੀ ਦੀ ਪਰਮ ਅਸਲੀਅਤ ਹੈ। ਇਸ ਤੋਂ ਹੀ ਜ਼ਿੰਦਗੀ ਦੀ ਸੁੰਦਰਤਾ ਨਸੀਬ ਹੁੰਦੀ ਹੈ। ਪਿਆਰ ਮਨੁੱਖਤਾ ਦੀ ਜਾਨ ਹੈ, ਸੰਸਾਰ ਦਾ ਅਨੰਦ, ਜ਼ਿੰਦਗੀ ਦਾ ਚੈਨ ਅਤੇ ਖੇੜਾ। ਜ਼ਿੰਦਗੀ’ਚ ਰਸ ਪੈਦਾ ਕਰਨ ਲਈ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ। ਮਨੁੱਖੀ ਮਨ ਦੀਆਂ ਸੁੱਕ ਚੁੱਕੀਆਂ ਟਾਹਣੀਆਂ ਨੂੰ ਫਿਰ ਤੋਂ ਹਰਾ ਕਰਨ ਦਾ ਜਜ਼ਬਾ ਰੱਖਦਾ ਹੈ, ਪਿਆਰ। ਜੇਕਰ ਜ਼ਿੰਦਗੀ’ਚੋਂ ਪਿਆਰ ਦੇ ਸੋਮੇ ਸੁੱਕ ਜਾਣ ਤਾਂ ਜੀਵਨ ਬਹੁਤ ਮੁਸ਼ਕਲ ਹੋ ਜਾਵੇਗਾ। ਪਿਆਰ ਤੋਂ ਬਿਨਾਂ ਜ਼ਿੰਦਗੀ ਦੀ ਖ਼ੂਬਸੂਰਤੀ ਸੰਭਵ ਨਹੀਂ ਹੈ।
ਪਿਆਰ ਇੱਕ ਕੱਚੇ ਧਾਗੇ ਵਾਂਗ ਹੁੰਦਾ ਹੈ ਜਿਸ ਨੂੰ ਵਿਸ਼ਵਾਸ ਹੀ ਮਜ਼ਬੂਤ ਰੱਖਦਾ ਹੈ। ਜੇਕਰ ਇਸ ਨੂੰ ਬੇਵਫ਼ਾਈ ਦਾ ਛੋਟਾ ਜਿਹਾ ਵੀ ਝਟਕਾ ਲੱਗੇ ਤਾਂ ਇਹ ਧਾਗਾ ਇਕਦਮ ਟੁੱਟ ਜਾਂਦਾ ਹੈ ਜਿਸ ਨੂੰ ਫਿਰ ਜੋੜਨਾ ਅਸੰਭਵ ਹੁੰਦਾ ਹੈ। ਇਸ ਲਈ ਆਪਣੇ ਵਿਸ਼ਵਾਸ ਦੇ ਧਾਗੇ ਤੇ ਕਦੇ ਵੀ ਸਵਾਰਥ ਦੀ ਕੈਂਚੀ ਨਾਂ ਚਲਾਓ।

ਪਿਆਰ ਦੇ ਰਿਸ਼ਤੇ’ਚ ਏਨੀ ਕੁ ਲਚਕ ਜ਼ਰੂਰ ਹੋਣੀ ਚਾਹੀਦੀ ਹੈ ਕਿ ਦੁਰ ਰਹਿ ਕੇ ਵੀ ਆਪਣੇ ਪਿਆਰੇ ਦੀ ਮੌਜੂਦਗੀ ਮਹਿਸੂਸ ਕੀਤੀ ਜਾ ਸਕੇ ਤਾਂ ਹੀ ਪਿਆਰ ਦੇ ਰਿਸ਼ਤਿਆਂ ਵਿਚ ਦੂਰੀਆਂ ਪੈਦਾ ਹੋਣ ਤੋਂ ਰੁਕ ਸਕਦੀਆਂ ਹਨ। ਪਿਆਰ ਜ਼ਿੰਦਗੀ ਵਿਚ ਗਮਾਂ-ਦੁੱਖਾਂ ਦਾ ਅਹਿਸਾਸ ਨਹੀਂ ਹੋਣ ਦਿੰਦਾ, ਜੀਵਨ ਵਿਚ ਨਿਮਰਤਾ ਪੈਦਾ ਕਰਦਾ ਹੈ। ਇਹ ਪਿਆਰ ਅਤੇ ਨਿਮਰਤਾ ਹੀ ਹਨ ਜੋ ਸਾਰਿਆਂ ਦਾ ਮਨ ਜਿੱਤ ਲੈਂਦੇ ਹਨ। ਪਿਆਰ ਕਰਨ ਵਾਲੇ ਵਿਅਕਤੀਆਂ ਦੀ ਸੋਚ, ਵਿਵਹਾਰ ਅਤੇ ਬੋਲਚਾਲ ਸਭ ਕੁੱਝ ਬਦਲ ਜਾਂਦੇ ਹਨ, ਜੀਵਨ ਪਵਿੱਤਰ’ਤੇ ਸਾਰਥਕ ਹੋ ਜਾਂਦਾ ਹੈ। ਇਸ ਦੀ ਹੋਂਦ ਜੀਵਨ ਨੂੰ ਖੁਸ਼ੀਆਂ-ਖੇੜਿਆਂ, ਖ਼ਾਹਿਸ਼ਾਂ, ਉਮੰਗਾਂ ਨਾਲ ਭਰੀ ਰੱਖਦੀ ਹੈ ਅਤੇ ਜ਼ਿੰਦਗੀ ਖਿੜੀ ਰਹਿੰਦੀ ਹੈ। 
ਪਿਆਰ ਦੇ ਰਿਸ਼ਤੇ ਵਿਚ ਜਿੱਤ-ਹਾਰ ਨਹੀਂ ਹੁੰਦੀ। ਇਸ ਲਈ ਪਿਆਰ ਦੇ ਰਿਸ਼ਤੇ ਨੂੰ ਕਦੇ ਵੀ ਪ੍ਰੀਖਿਆ ਦੀ ਤੱਕੜੀ ਨਾਲ ਨਾਂ ਤੋਲੋ ਕਿਉਂਕਿ ਇਹ ਭਾਵਨਾ ਅਜਿਹੇ ਰਿਸ਼ਤਿਆਂ ਵਿਚ ਸਭ ਤੋਂ ਘਟੀਆ ਪੱਧਰ ਦੀ ਹੁੰਦੀ ਹੈ। ਜੇਕਰ ਕਦੇ ਪਿਆਰ ਦੇ ਰਿਸ਼ਤਿਆਂ ਵਿਚ ਸਕੂਨ ਦੇ ਸੋਮੇ ਸੁੱਕਦੇ ਮਹਿਸੂਸ ਹੋਣ ਲੱਗਣ ਤਾਂ ਕੁੱਝ ਦੂਰੀ ਸਿਰਜ ਲੈਣੀ ਬਿਹਤਰ ਹੁੰਦੀ ਹੈ। ਇਸ ਨਾਲ ਫਿਰ ਤੋਂ ਤਾਜ਼ਗੀ ਪੈਦਾ ਹੋਣ ਲੱਗ ਪਵੇਗੀ। ਵਿਅਕਤੀ ਜਦੋਂ ਮੁਸ਼ਕਲਾਂ ਤੋਂ ਹਾਰ ਕੇ ਟੁੱਟ ਜਾਂਦਾ ਹੈ ਤਾਂ ਪਿਆਰ ਕਰਨ ਵਾਲੇ ਦੋਸਤ-ਮਿੱਤਰ, ਸਾਕ-ਸਬੰਧੀ ਉਸ ਦੀ ਊਰਜਾ ਬਣ ਕੇ ਉਸ ਦੇ ਲੜਖੜਾਉਂਦੇ ਕਦਮਾਂ ਨੂੰ ਫਿਰ ਤੋਂ ਤਾਕਤ ਦੇ ਕੇ ਹਿੰਮਤ ਨਾਲ ਦੁਨੀਆ ਦਾ ਮੁਕਾਬਲਾ ਕਰਨ ਦੇ ਯੋਗ ਬਣਾ ਦਿੰਦੇ ਹਨ। ਪਿਆਰ ਜ਼ਿੰਦਗੀ ਦਾ ਇੱਕ ਕੀਮਤੀ ਤੋਹਫ਼ਾ ਹੈ ਪਰ ਲੋਕ ਇਸ ਦੀ ਕਦਰ ਨਹੀਂ ਕਰਦੇ।
ਇਸ ਲਈ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਸਭ ਨਾਲ ਪਿਆਰ ਕਰੋ, ਨਫ਼ਰਤ ਨਹੀਂ ਕਿਉਂਕਿ ਨਫ਼ਰਤ’ਚੋਂ ਪੈਦਾ ਹੋਇਆ ਗ਼ੁੱਸਾ ਉਸ ਵਿਅਕਤੀ ਨੂੰ ਹੈਵਾਨ ਬਣਾ ਦਿੰਦਾ, ਵਿਅਕਤੀ ਵਿਵਦਤਾ ਭੁੱਲ ਜਾਂਦਾ ਹੈ, ਸਹਿਜਤਾ ਖ਼ਤਮ ਹੋ ਜਾਂਦੀ ਹੈ। ਵਿਅਕਤੀ ਜਲਦਬਾਜ਼ ਹੋ ਜਾਂਦਾ ਹੈ ਅਤੇ ਕਾਹਲੀ’ਚ ਲਏ ਗਏ ਫ਼ੈਸਲੇ ਉਸ ਨੂੰ ਨਿਵਾਣਾਂ ਵੱਲ ਲੈ ਜਾਂਦੇ ਹਨ ਕਿਉਂਕਿ ਇਸ ਹਾਲਤ ਵਿਚ ਉਹ ਆਪਣੀ ਜ਼ਮੀਰ ਦੀ ਆਵਾਜ਼ ਨਹੀਂ ਸੁਣਦਾ। ਨਫ਼ਰਤ ਨਾਲ ਮਨ ਢਹਿੰਦੀਆਂ ਕਲਾਂ ਵਿਚ ਜਾ ਬੈਠਦਾ ਹੈ ਅਤੇ ਚੰਗੇ ਖ਼ਿਆਲਾਂ ਵਾਲਾ ਪੰਛੀ ਪਿਆਰ ਦੇ ਪਿੰਡ ਦਾ ਸਿਰਨਾਵਾਂ ਭੁੱਲ ਜਾਂਦਾ ਹੈ। ਸਾਡੇ ਆਲ਼ੇ ਦੁਆਲੇ ਨਫ਼ਰਤ ਅਤੇ ਈਰਖਾ ਦੀ ਬਦਬੂ ਜਮਾਂ ਹੋ ਜਾਂਦੀ ਹੈ ਜਿਸ ਨਾਲ ਮਿਲਵਰਤਣ ਵਾਲੀ ਸਾਂਝ ਨੂੰ ਗ੍ਰਹਿਣ ਲੱਗ ਜਾਂਦਾ ਹੈ। 
ਨਫ਼ਰਤ, ਪਿਆਰ ਰੂਪੀ ਪੌਦੇ ਨੂੰ ਤਬਾਹ ਕਰ ਦਿੰਦੀ ਹੈ। ਇਸ ਲਈ ਜੇਕਰ ਅਸੀਂ ਆਪਣੇ ਦਿਲਾਂ ਵਿਚੋਂ ਨਫ਼ਰਤ ਦੀਆਂ ਕੰਧਾਂ ਢਹਿ ਢੇਰੀ ਕਰ ਦੇਈਏ ਤਾਂ ਖ਼ੁਸ਼ਦਿਲੀ ਦੇ ਮਾਹੌਲ ਦੀ ਸਿਰਜਣਾ ਹੋਵੇਗੀ। ਇਸ ਵਾਸਤੇ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਵਿਅਕਤੀ ਆਪਣੇ ਆਪ ਨਾਲ ਪਿਆਰ ਕਰੇ। ਆਪਣੇ ਆਪ ਨਾਲ ਪਿਆਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਆਪਣੀ ਜ਼ਿੰਦਗੀ ਆਤਮ-ਸਨਮਾਨ ਨਾਲ ਜੀਓ ਅਤੇ ਕਿਸੇ ਨੂੰ ਵੀ ਆਪਣੇ ਆਤਮ-ਸਨਮਾਨ ਨੂੰ ਠੇਸ ਨਾਂ ਪਹੁੰਚਾਉਣ ਦਿਓ ਅਤੇ ਨਾਂ ਹੀ ਕਿਸੇ ਲਈ ਇਸ ਨੂੰ ਘੱਟ ਕਰੇ। ਜੋ ਵਿਅਕਤੀ ਆਪਣੇ ਆਪ ਨੂੰ ਪਿਆਰ ਨਹੀਂ ਕਰ ਸਕਦੇ ਉਹ ਕਦੇ ਵੀ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ। ਜੇਕਰ ਇਹ ਲੱਗਦਾ ਹੈ ਕਿ ਉਹ ਦੂਜਿਆਂ ਨਾਲ ਪਿਆਰ ਕਰਦੇ ਹਨ ਤਾਂ ਇਹ ਮ੍ਰਿਗ ਤ੍ਰਿਸ਼ਨਾ ਵਾਂਗ ਹੀ ਹੈ।
ਜੇਕਰ ਕੋਈ ਗ਼ਲਤੀਆਂ ਹੋਈਆਂ ਹਨ ਤਾਂ ਉਨ੍ਹਾਂ ਨੂੰ ਸਵੀਕਾਰਦੇ ਹੋਏ ਠੀਕ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਜਿਹੜੇ ਸਮਾਜਿਕ ਰਿਸ਼ਤੇ ਪਿਆਰ ਨੂੰ ਅਸਫਲ ਬਣਾਉਂਦੇ ਹਨ, ਉਨ੍ਹਾਂ ਨੂੰ ਬਦਲਣ ਤੋਂ ਬਿਨਾਂ ਪਿਆਰ ਸਫਲ ਨਹੀਂ ਹੋ ਸਕਦਾ। ਸ਼ਤਰੰਜ ਵਿਚ ਵਜ਼ੀਰ ਅਤੇ ਜ਼ਿੰਦਗੀ ਵਿਚ ਜੇਕਰ ਪਿਆਰ ਮਰ ਜਾਵੇ ਤਾਂ ਸਮਝੋ ਖੇਲ਼੍ਹ ਖ਼ਤਮ। ਦੁਨੀਆ ਵਿਚ ਸਭ ਤੋਂ ਤਾਕਤਵਰ ਇਨਸਾਨ ਉਹੀ ਹੈ ਜੋ ਧੋਖਾ ਖਾ ਕੇ ਵੀ ਲੋਕਾਂ ਨਾਲ ਪਿਆਰ ਕਰਨਾ ਨਹੀਂ ਛੱਡਦਾ। ਪਿਆਰ ਕਿੰਨਾ ਖ਼ੁਸ਼ਨਸੀਬ ਹੈ ਕਿ ਇਸ ਨੂੰ ਪਾ ਸਕਣ ਵਾਲੇ ਲੋਕ ਹਮੇਸ਼ਾ ਯਾਦ ਆਉਂਦੇ ਰਹਿੰਦੇ ਹਨ। ਪਿਆਰ ਨਾਲ ਭਰੀਆਂ ਹੋਈਆਂ ਅੱਖਾਂ, ਸ਼ਰਧਾ ਨਾਲ ਝੁਕਿਆ ਹੋਇਆ ਸਿਰ ਅਤੇ ਸਹਿਯੋਗ ਕਰਦੇ ਹੋਏ ਹੱਥ ਪ੍ਰਮਾਤਮਾ ਨੂੰ ਬਹੁਤ ਪਸੰਦ ਹਨ। 
ਜੇਕਰ ਤੁਹਾਡੇ ਕੋਲ ਪਿਆਰ ਕਰਨ ਵਾਲਾ ਪਰਿਵਾਰ ਅਤੇ ਦੋਸਤ ਹਨ ਤਾਂ ਯਾਦ ਰੱਖੋ, ਤੁਸੀਂ ਦੁਨੀਆ ਦੇ ਅਮੀਰ ਵਿਅਕਤੀਆਂ ਵਿਚੋਂ ਹੋ। ਜੇਕਰ ਕੋਈ ਤੁਹਾਨੂੰ ਉਕਸਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਪਿਆਰ ਨਾਲ ਉਸ ਨੂੰ ਅਜਿਹਾ ਨਾਂ ਕਰਨ ਦੀ ਅਪੀਲ ਕਰੋ ਜਾਂ ਉਸ ਸਥਾਨ ਤੋਂ ਉਸੇ ਸਮੇਂ ਚਲੇ ਜਾਓ। ਮੁਨਸ਼ੀ ਪ੍ਰੇਮ ਚੰਦ ਜੀ ਨੇ ਵੀ ਕਿਹਾ ਹੈ ਕਿ ਜੀਵਨ’ਚ ਪ੍ਰੇਮ ਨੂੰ ਸੱਦਾ ਦਿਓ, ਪ੍ਰੇਮ ਦੀ ਪੁਕਾਰ ਸੁਣੋ। ਪਿਆਰ ਦੇ ਅਹਿਸਾਸ ਨੂੰ ਦਿਲ ਦਿਮਾਗ਼ ਵਿਚੋਂ ਖਰੋਚ ਸੁੱਟਣਾ ਸੰਭਵ ਨਹੀਂ ਕਿਉਂਕਿ ਫਿਰ ਨਹੀਂ ਵੱਸਦੇ ਉਹ ਲੋਕ ਦਿਲ ਵਿਚ ਜੋ ਇੱਕ ਵਾਰ ਉੱਜੜ ਜਾਂਦੇ ਹਨ। ਇਸ ਲਈ ਜ਼ਿੰਦਗੀ ਦੀ ਖ਼ੂਬਸੂਰਤੀ ਲਈ ਪਿਆਰ ਨਾਲ ਰਹੋ ਦੋਸਤੋ। ਜ਼ਰਾ ਜਿੰਨੀ ਗੱਲ ਤੇ ਰੁੱਸਦੇ ਨਹੀਂ ਕਿਉਂਕਿ ਪੱਤੇ ਉਹੀ ਸੁੰਦਰ ਲੱਗਦੇ ਹਨ ਜੋ ਟਾਹਣੀ ਤੋਂ ਟੁੱਟਦੇ ਨਹੀਂ।
ਕੈਲਾਸ਼ ਚੰਦਰ ਸ਼ਰਮਾ