Saturday, 4 May 2013

ਸੁਪਨਾ - Manpreet Singh Dhindsa

ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,
ਪਿੰਡ ਆਪਣੇ ਦਾ ਨਜ਼ਾਰਾ ਵੇਖਿਆ,
ਕੁਝ ਚੰਗਾ ਕੁਝ ਮਾੜਾ ਵੇਖਿਆ,
ਪਿੰਡ ਆਪਣੇ ਦਾ ਨਜ਼ਾਰਾ ਵੇਖਿਆ,

ਬੇਬੇ ਥਪਨੇ ਤੇ ਰੋਟੀਆਂ ਲਾਹੁਂਦੀ,
ਛਟੀਆਂ ਫ਼ੂਕਣੀ ਨਾਲ ਮਚਾਉਂਦੀ,
ਕੂੰਡੇ ਚੋ ਮਹਿਕ ਚਟਨੀ ਦੀ ਆਵੇ,
ਮਖਣ ਚਾਟੀ ਚ ਤਾਰੀਆਂ ਲਾਵੇ,
ਮਧਾਣੀ ਠੁਮਕ ਠੁਮਕ ਕਰ ਤੁਰਦੀ,
ਵੇਖ ਚਾਹ ਦੀ ਪਤੀਲੀ ਝੁਰਦੀ,
ਧਰ ਮੱਕੀ ਦੀ ਰੋਟੀ ਉੱਤੇ
ਖਾ ਕੇ ਸਾਗ ਕਰਾਰਾ ਵੇਖਿਆ
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਗੋਹਾ ਕੂੜਾ ਸੰਭਰਦੀ ਸੁਆਣੀ,
ਕੁਝ ਨਲਕੇ ਤੋਂ ਭਰਦੀਆਂ ਪਾਣੀ,
ਕੁਝ ਸਵਾਹ ਨਾਲ ਮਾਂਝੇ ਭਾਂਡੇ,
ਖੁੱਡੇ ਵਿਚ ਕੁੱਕੜੀ ਦੇ ਆਂਡੇ,
ਹਥੀਂ ਟੋਕਾ ਕਰਦਾ ਇੱਕ ਬਾਈ,
ਹਥ ਜੋੜ ਮੈਂ ਫ਼ਤਿਹ ਬੁਲਾਈ,
ਇਕ ਪਾਸੇ ਰਖੇ ਫ਼ੌੜ੍ਹਾ, ਤੰਗਲੀ
ਤੇ ਖੁਰਲੀ ਚ ਪਿਆ ਚਾਰਾ ਵੇਖਿਆ,
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਲ਼ੱਸੀ ਮੰਗਣ ਗਵਾਂਡਣ ਆਈ,
ਨੂੰਹ ਦੀਆਂ ਚੁਗਲੀਆਂ ਨਾਲ ਲਿਆਈ,
ਸਪੀਕਰ ਚ ਭਾਈ ਜੀ ਸੂਚਨਾ ਦਿੰਦੇ,
ਤੇ ਛੱਤ ਤੇ ਖਿੱਲਰੇ ਟੀੰਡੇ,
ਇੱਕ ਖਲ ਨੂੰ ਲੱਗੀ ਤੌੜੀ,
ਲੱਕੜ ਦੇ ਟੰਬਿਆਂ ਦੀ ਪੌੜੀ,
ਕਿੱਲੀ ਤੇ ਟੰਗਿਆ ਦੁਧ ਦਾ ਡੋਲੂ
ਦਾਲ ਲਈ ਭਖਦਾ ਹਾਰਾ ਵੇਖਿਆ,
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਤਵੀਆਂ ਜੋੜ ਕੋਈ ਖੇਤ ਨੂੰ ਚੱਲਿਆ,
ਕਿਸੇ ਨੇ ਮੁੰਡਾ ਕਾਮਾ ਲੈਣ ਨੂੰ ਘੱਲਿਆ,
ਅੱਜ ਕਿਸੇ ਨੇ ਪੌਧ ਲਵਾਉਣੀ ਸੀ,
ਤੇ ਕਿਸੇ ਨੇ ਭੋਂਏ ਰਮਾਉਣੀ ਸੀ,
ਕਿਸੇ ਰੂੜੀ ਟਰਾਲੀ ਚ ਲਦਵਾਈ,
ਜਾ ਖੇਤ ਚ ਰੇਹ ਖਿੰਡਾਈ,
ਕੁਝ ਤੂੜੀ ਦੇ ਕੁੱਪ ਬੰਨ੍ਹੇ 
ਇਕ ਪਾਥੀਆਂ ਦਾ ਗੁਹਾਰਾ ਵੇਖਿਆ
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਸਥ ਵਿਚ ਬਾਬਿਆਂ ਦੀ ਢਾਣੀ,
ਕੁਝ ਥਾਈ ਵਿਚ ਬੈਠੇ ਹਾਣੀ,
ਖਿੱਦੋ ਖੂੰਡੀ ਖੇਲਦੇ ਨਿਆਣੇ,
ਸੀਤੋ ਦੀ ਭਠੀ ਤੇ ਭੁੰਨਦੇ ਦਾਣੇ,
ਸੀਰੀ ਪਾਣੀ ਨੂੰ ਲੈ ਗਿਆ ਮਝੀਆਂ,
ਟੋਭਿਓਂ ਨਿੱਕਲ ਫ਼ਿਰਨੀ ਨੂੰ ਭੱਜੀਆਂ,
ਮਝੀਆਂ ਟੋਹਲਣ ਦੀ ਚਿੰਤਾ ਵਿਚ,
ਲੋਹਾ ਲਾਖਾ ਮਾਮਾ "ਦਾਰਾ" ਵੇਖਿਆ,
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਪਿੰਡ ਵਿਚ ਨਾਨਕਾ ਮੇਲ ਇਕ ਆਇਆ,
ਬੰਬੀਹੇ ਬੁਲਾ ਜਾਗੋ ਕਢ ਲਿਆਇਆ,
ਕੋਈ ਪੀਤੀ ਵਿੱਚ ਭੰਗੜੇ ਪਾਉਂਦਾ,
ਕੋਈ ਸੋਫ਼ੀ ਬਕਰੇ ਬੁਲਾਉਂਦਾ,
ਕਿਸੇ ਗਲ ਤੋਂ ਗੁੱਸਾ ਕਰ ਗਿਆ,
ਜਾਂ ਫ਼ੁਫ਼ੜ ਬਿਨਾ ਗੱਲ ਤੋਂ ਲੜ ਪਿਆ?
ਸੁਪਨੇ ਸੋਹਣੇ ਸਿਰਜੇ ਦੇ ਵਿਚ
ਦਾਰੂ ਦਾ ਪਾਇਆ ਖਿਲਾਰਾ ਵੇਖਿਆ
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਸ਼ਹਿਰੀ ਹੋ ਕੀ ਖੋਇਆ ਕੀ ਪਾਇਆ,
ਮੈਨੂੰ ਸੁਪਨੇ ਨੇ ਅੱਜ ਸਮਝਾਇਆ,
ਰੂਹ ਪਿੰਡ ਵੱਲ ਨੂੰ ਦੌੜੇ,
ਮੱਤ ਲਾਲਚ ਦੇ ਓਹਨੂੰ ਮੋੜੇ,
ਰੂਹ ਵਿਲਕੇ ਤੇ ਕੁਰਲਾਵੇ,
ਆਪਣੇ ਗਰਾਈਂ ਨੂੰ ਮਿਲਣਾ ਚਾਹਵੇ,
ਰੂਹ ਮਾਇਆ ਦੇ ਇਸ ਝਗੜੇ ਵਿੱਚ
"ਢੀੰਡਸਾ" ਦੁੱਚਿਤੀ ਪਿਆ ਵਿਚਾਰਾ ਵੇਖਿਆ
ਕੁਝ ਚੰਗਾ ਕੁਝ ਮਾੜਾ ਵੇਖਿਆ,
ਪਿੰਡ ਆਪਣੇ ਦਾ ਨਜ਼ਾਰਾ ਵੇਖਿਆ...

ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,
ਪਿੰਡ ਆਪਣੇ ਦਾ ਨਜ਼ਾਰਾ ਵੇਖਿਆ |
ਉਹ ਬੰਦੇ - ਡਾ: ਧਰਮ ਚੰਦ ਵਾਤਿਸ਼

ਸੱਥ ਵਿਚ ਬੈਠੇ ਮਿਲਦੇ ਨਹੀਂ ਹੁਣ ਉਹ ਬੰਦੇ।
ਪਿੰਡ ਗਿਆਂ ਨੂੰ ਕਰਦੇ ਸੀ ਜੋ ਮੋਹ ਬੰਦੇ।

ਪਸ਼ੂ ਗੁਆਚਾ ਵੀ ਜੋ ਮਿਲਕੇ ਲੱਭਦੇ ਸਨ,
ਅੱਜ ਆਪੂੰ ਹੀ ਕਿੱਧਰ ਗਏ ਨੇ ਖੋਹ ਬੰਦੇ।

ਧੀ-ਭੈਣ ਦੀ ਇੱਜ਼ਤ ਸਾਂਝੀ ਮੰਨਦੇ ਸਨ,
ਕਰ ਲੈਦੇ ਸਨ ਬੁਰੇ ਨਾਲ ਹੱਥ ਦੋ ਬੰਦੇ।

ਬਿਨਾਂ ਈਰਖਾ ਟਿੱਚਰਬਾਜ਼ੀ ਕਰਦੇ ਸਨ,
ਹੱਸਦੇ-ਹੱਸਦੇ ਦੂਹਰੇ ਜਾਂਦੇ ਹੋ ਬੰਦੇ।

ਦਿਲ ਦੀ ਗੱਲ ਨੂੰ ਸਿੱਧੇ ਲਫ਼ਜ਼ੀਂ ਕਹਿ ਦਿੰਦੇ,
ਰੱਖਦੇ ਨਾ ਸੀ ਉੱਕਾ ਕੋਈ ਲਕੋਅ ਬੰਦੇ।

ਜਾਣਕਾਰੀ ਦਾ ਖੇਤਰ ਭਾਵੇਂ ਸੀਮਤ ਸੀ,
ਪਾ ਹੀ ਲੈਂਦੇ ਸਨ ਸੰਕਟ ਦੀ ਟੋਹ ਬੰਦੇ।

ਰੁੱਤ ਗਰਮੀ ਦੀ ਹੇਠ ਬਰੋਟੇ ਬਹਿੰਦੇ ਸਨ,
ਸਾਂਝੀ ਧੂਣੀ ਸੇਕਣ ਮੱਘਰ-ਪੋਹ ਬੰਦੇ।

ਨਸ਼ਿਆਂ ਦੀ ਥਾਂ ਡੀਕਣ ਘੀ ਦੇ ਭਰ ਛੰਨੇ,
ਘੁੱਟੀਂ ਪੀਣ ਤਿਉੜ ਮੱਝਾਂ ਨੂੰ ਚੋਅ ਬੰਦੇ।

ਕੁਸ਼ਤੀ ਕਰਦੇ ਰਹਿੰਦੇ ਫੇਰਨ ਮੂੰਗਆਂ,
ਪੈਦਲ ਟੁਰਕੇ ਜਾਂਦੇ ਵੀਹ-ਵੀਹ ਕੋਹ ਬੰਦੇ।

ਏਸ ਪ੍ਰਸ਼ਨ ਦਾ ਉੱਤਰ ਕੋਈ ਕੀ ਦੇਵੇ?
ਕਿੱਧਰ ਨੂੰ ਟੁਰ ਜਾਂਦੇ ਨੇ ਹੋ ਹੋ ਬੰਦੇ।
ਡਾ: ਧਰਮ ਚੰਦ ਵਾਤਿਸ਼
 -496, ਅਜੀਤ ਨਗਰ, ਮਾਲੇਰਕੋਟਲਾ