ਅਸੀਂ ਓਥੋਂ ਦੇ ਵਾਸੀ ਹਾਂ - ਨਿਮਰਬੀਰ ਸਿੰਘ
ਘੁੰਡ ਚੱਕਦੀ ਕੁਦਰਤ ਰਾਣੀਂ
ਘੁਲਦੀ ਕੰਨਾਂ ਵਿੱਚ ਗੁਰਬਾਣੀਂ
ਪੈਂਦੀ ਚਾਟੀ ਵਿੱਚ ਮਧਾਣੀ
ਦੁੱਧ ਰਿੜਕੇ ਕੋਈ ਸੁਆਣੀਂ
ਤੜਕੇ ਜਾਣ ਖ਼ੇਤਾਂ ਨੂੰ ਹਾਣੀਂ
ਜਿੱਥੇ ਰੋਟੀ ਵੰਡ ਕੇ ਖਾਣੀਂ
ਅਸੀ ਓਥੋਂ ਦੇ ਵਾਸੀ ਹਾਂ
ਜਿੱਥੇ ਜੁੜੇ ਬਾਬਿਆਂ ਦੀ ਢਾਣੀਂ
ਅਸੀਂ ਓਥੋਂ ਦੇ ਵਾਸੀ ਹਾਂ |
ਜਿੱਥੇ ਪੌਣ ਸ਼ੂਕਦੀ ਆਵੇ
ਪੁੱਛਦੀ ਮਹਿਕਾਂ ਦੇ ਸਿਰਨਾਂਵੇਂ
ਸਬ ਨੂੰ ਲੈਂਦੀ ਵਿੱਚ ਕਲਾਵੇ
ਨਾਲੇ ਕੁਦਰਤ ਹੱਸੇ - ਗਾਵੇ
ਪਈ ਕਲੀ - ਕਲੀ ਮੁਸਕਾਵੇ
ਜਿੱਥੇ ਹਰ ਕੋਈ ਢੋਲੇ ਦੀਆਂ ਲਾਵੇ
ਅਸੀ ਓਥੋਂ ਦੇ ਵਾਸੀ ਹਾਂ
ਜਿੱਥੇ ਸਿਰ ਝੁਕਦਾ ਵੱਡਿਆਂ ਸਾਂਹਵੇਂ
ਅਸੀਂ ਓਥੋਂ ਦੇ ਵਾਸੀ ਹਾਂ |
ਖੇਤਾਂ ਵਿੱਚ ਸੁਰਤਾਂ ਭੁਲਾਈਆਂ
ਦਾਤੀਆਂ ਉਂਗਲਾਂ ਤੇ ਮਰਵਾਈਆਂ
ਪਾਟੀਆਂ ਪੈਰਾਂ ਦੀਆਂ ਵਿਆਈਆਂ
ਭੁੱਖਾਂ - ਤੇਹਾਂ ਵੀ ਹੰਢਾਈਆਂ
ਜ਼ਰੀਆਂ ਕੁਦਰਤ ਦੀਆਂ ਮਨਆਈਆਂ
ਜਿੱਥੇ ਕੀਤੀਆਂ ਸਖ਼ਤ ਕਮਾਈਆਂ
ਅਸੀ ਓਥੋਂ ਦੇ ਵਾਸੀ ਹਾਂ
ਜਿੱਥੇ ਮਿਹਨਤਾਂ ਨਾਲ ਚੜਾਈਆਂ
ਅਸੀਂ ਓਥੋਂ ਦੇ ਵਾਸੀ ਹਾਂ |
ਜੋ ਸੱਭਿਆਚਾਰ ਨੂੰ ਲਾਵੇ ਖੋਰਾ
ਉਹ ਜ਼ੁਬਾਨ ਨਾਂ ਬੋਲੀਏ ਭੋਰਾ
ਸਾਡੀਆਂ ਦਾਤੇ ਦੇ ਹੱਥ ਡੋਰਾਂ
ਚੜੀਆਂ ਰਹਿਣ ਸਦਾ ਹੀ ਲੋਰਾਂ
ਕਿਸੇ ਨੂੰ ਬੋਲ ਨਾ ਬੋਲੀਏ ਕੌੜਾ
ਜਿੱਥੇ ਹਰ ਬੰਦਾ ਸੱਚਾ-ਕੋਰਾ
ਅਸੀਂ ਓਥੋਂ ਦੇ ਵਾਸੀ ਹਾਂ
ਜਿੱਥੇ ਪਿਆਰ ਦੀਆਂ ਨਾਂ ਥੋੜਾਂ
ਅਸੀਂ ਓਥੋਂ ਦੇ ਵਾਸੀ ਹਾਂ |
ਜਿੱਥੇ ਘਰ ਛੋਟੇ ,ਵੱਡੇ ਕਿਰਦਾਰ
ਬੋਲੀ ਵਿੱਚ ਲਿਆਕਤ ਅਤੇ ਪਿਆਰ
ਹੋਵੇ ਸਭ ਧਰਮਾਂ ਦਾ ਸਤਿਕਾਰ
ਪਿੰਡ ਤੇ ਖੇਤ ਸਾਡਾ ਸੰਸਾਰ
ਸਿਰ ਤੇ ਹੱਥ ਰੱਖਦਾ ਕਰਤਾਰ
ਜਿੱਥੇ ਘੁੱਗ ਵੱਸਦੇ ਪਰਿਵਾਰ
ਅਸੀ ਓਥੋਂ ਦੇ ਵਾਸੀ ਹਾਂ
ਜਿੱਥੇ ਦਿਲਾਂ ਚ੍ ਨਾਂਹੀ ਖ਼ਾਰ
ਅਸੀਂ ਓਥੋਂ ਦੇ ਵਾਸੀ ਹਾਂ |
-----੦-----