Monday, 14 October 2013

ਅੱਲ੍ਹਾ ਮੀਆਂ ਥੱਲੇ ਆ - ਸਾਈਂ ਅਖ਼ਤਰ ਲਹੌਰੀ

ਅੱਲ੍ਹਾ ਮੀਆਂ ਥੱਲੇ ਆ - ਸਾਈਂ ਅਖ਼ਤਰ ਲਹੌਰੀ


ਅੱਲ੍ਹਾ ਮੀਆਂ ਥੱਲੇ ਆ, ਆਪਣੀ ਦੁਨੀਆਂ ਵਿਹੰਦਾ ਜਾ,
ਜਾਂ ਅਸਮਾਨੋਂ ਰਿਜ਼ਕ ਵਰ੍ਹਾ ਜਾਂ ਫਿਰ ਕਰ ਜਾਂ ਮੁੱਕ ਮੁਕਾ।

ਤੈਨੂੰ ਧੀ ਵਿਆਹੁਣੀ ਪੈਂਦੀ । ਨਾਨਕੀ ਛੱਟ ਬਣਾਣੀ ਪੈਂਦੀ ।
ਰੁੱਸੀ ਭੈਣ ਮਨਾਉਣੀ ਪੈਂਦੀ । ਲੱਥ ਜਾਂਦੇ ਸਭ ਤੇਰੇ ਚਾਅ ।
ਅੱਲ੍ਹਾ ਮੀਆਂ ਥੱਲੇ ਆ !........

ਤੇਰੇ ਘਰ ਨਾ ਦਾਣੇ ਹੁੰਦੇ । ਪਾਟੇ ਲੇਫ ਪੁਰਾਣੇ ਹੁੰਦੇ ।
ਕਮਲ਼ੇ ਲੋਕ ਸਿਆਣੇ ਹੁੰਦੇ । ਪਾ ਦੇਂਦੇ ਤੈਨੂੰ ਘਬਰਾ ।
ਅੱਲ੍ਹਾ ਮੀਆਂ ਥੱਲੇ ਆ !........

ਮੁੱਲਾਂ ਕਾਜ਼ੀ ਢਿੱਡੋਂ ਖੋਟੇ । ਵੱਢੀ ਖਾ ਖਾ ਹੋ ਗਏ ਮੋਟੇ ।
ਸੱਚ ਆਖਾਂ ਤੇ ਮਾਰਨ ਸੋਟੇ । ਮਗਰੋਂ ਦੇਂਦੇ ਫਤਵਾ ਲਾ ।
ਅੱਲ੍ਹਾ ਮੀਆਂ ਥੱਲੇ ਆ !........

ਬੁਸ਼ ਬਣਿਆ ਫਰਊਨ ਖ਼ੁਦਾਇਆ । ਖ਼ਲਕ ਦੀ ਨੱਪੀ ਧੌਣ ਖ਼ੁਦਾਇਆ ।
ਖਾਏ ਇਨਸਾਨੀ ਲੂਣ ਖ਼ੁਦਾਇਆ । ਆ ਕੇ ਸਾਡੀ ਧੌਣ ਛੁਡਾ ।  
ਅੱਲ੍ਹਾ ਮੀਆਂ ਥੱਲੇ ਆ !........

ਇਕ ਵਾਸ਼ਿੰਗਟਨ ਦਾ ਬਾਸ਼ਿੰਦਾ । ਅਜੇ ਤੀਕ ਜੋ ਨਾ ਸ਼ਰਮਿੰਦਾ ।
ਜਾਪਾਨੀ ਨੇ ਫੇਰ ਵੀ ਜ਼ਿੰਦਾ । ਇਹਦੇ ਮੂੰਹ ਵੀ ਜਿੰਦਰੇ ਲਾ । 
ਅੱਲ੍ਹਾ ਮੀਆਂ ਥੱਲੇ ਆ !........

ਮੰਡੀਆਂ ਗੈਰਾਂ ਹੱਥ ਫੜਾਈਆਂ । ਉਤੋਂ ਅੱਤ ਚੁੱਕੀ ਧੜਵਾਈਆਂ ।
ਛੱਡ ਦੇ ਹੁਣ ਤੂੰ ਬੇਪਰਵਾਹੀਆਂ । ਤੀਜਾ ਜਗਤ ਆਜ਼ਾਦ ਕਰਾ । 
ਅੱਲ੍ਹਾ ਮੀਆਂ ਥੱਲੇ ਆ !........

 'ਗੋਰਬੇ'(ਚੇਵ) ਕਰ ਕੇ ਰੂਸ ਦੇ ਟੋਟੇ । ਪੰਧ ਅਵਾਮ ਦੇ ਕੀਤੇ ਖੋਟੇ ।
ਨਿੱਜਕਾਰਾਂ ਹੱਥ ਦੇ ਕੇ ਸੋਟੇ । ਰੂਸ 'ਚ ਦਿੱਤੀ ਭੁੱਖ ਨਚਾ ।
ਅੱਲ੍ਹਾ ਮੀਆਂ ਥੱਲੇ ਆ !........

ਇਕ ਦੂਜੇ 'ਤੇ ਪਾਣ ਲਈ ਗ਼ਲਬਾ । ਕਰ ਛੱਡਿਆ ਨੇ ਕਾਬਲ ਮਲਬਾ ।
ਬੰਦ ਸਕੂਲ ਤੇ ਮਰ ਗਏ ਤਲਬਾ । ਇਹਨਾਂ ਤੋਂ ਇਸਲਾਮ ਬਚਾ ।
ਅੱਲ੍ਹਾ ਮੀਆਂ ਥੱਲੇ ਆ !........ 

ਮੁੱਲਾਂ ਪੰਡਤ ਧਰਮ ਲਤਾੜਿਆ । ਦੋਹਾਂ ਘਰ ਤੇਰਾ ਕਬਜ਼ਾਇਆ ।
ਪੰਡਤ ਮਸਜਦ ਮਲਬਾ ਚਾਇਆ । ਮੁੱਲਾਂ ਦਿੱਤੇ ਮੰਦਰ ਢਾਹ ।  
ਅੱਲ੍ਹਾ ਮੀਆਂ ਥੱਲੇ ਆ !........

ਜੰਗ ਅਮਰੀਕੀ ਲੜ ਅਫ਼ਗਾਨਾਂ । ਘਰ ਕੀਤੇ ਬਰਬਾਦ ਨਾਦਾਨਾਂ ।
ਮੇਰੇ ਦੇਸ਼ 'ਚ ਖੋਲ ਦੁਕਾਨਾਂ । ਘਰ ਘਰ ਦਿੱਤੇ ਵੈਣ ਪਵਾ । 
ਅੱਲ੍ਹਾ ਮੀਆਂ ਥੱਲੇ ਆ !........

No comments:

Post a Comment