Wednesday, 4 September 2013

ਭੁੰਨਵੇਂ ਚੌਲ - ਤੇਜਾ ਸਿੰਘ ‘ਤੇਜ’ ਕੋਟਲੇ ਵਾਲਾ

ਭੁੰਨਵੇਂ ਚੌਲ - ਤੇਜਾ ਸਿੰਘ ‘ਤੇਜ’ ਕੋਟਲੇ ਵਾਲਾ

ਗੁੰਮ ਗਈਆਂ ਰੌਣਕਾਂ, ਗਿਆ ਉਹ ਮਾਹੌਲ ਕਿੱਥੇ।
ਕੱਪ ਤੇ ਪਲੇਟਾਂ ਆਈਆਂ, ਥਾਲੀਆਂ ਤੇ ਕੌਲ ਕਿੱਥੇ।

ਨਿਆਣਿਆਂ ਦੇ ਜੰਮਣੇ ‘ਤੇ, ਘਰ ਘਰ ਰੋਕ ਲੱਗੀ,
ਪਹਿਲਾਂ ਵਾਂਗ ਚੌਂਕਿਆਂ ‘ਚ, ਬੈਠਦੀ ਸਤੌਲ ਕਿੱਥੇ।

ਜਿਹੜੇ ਘਰ ਬੱਚਿਆਂ ‘ਤੇ, ਲੱਗਾ ਹੈ ਸਦੀਵੀ ਨਾਕਾ,
ਦਾਈ ਕੀਹਨੇ ਸੱਦਣੀ, ਤੇ ਪੈਣੀ ਭਲਾ ”ਔਲ” ਕਿੱਥੇ।

ਕਈ ਕਈ ਮਹੀਨੇ, ਪਾੜ੍ਹੇ-ਪਾੜ੍ਹੀਆਂ ਨਾ ਘਰੀਂ ਆਉਣ,
ਬਦਲਿਆ ਜ਼ਮਾਨਾ, ਪੈਂਦਾ, ਮਾਪਿਆਂ ਨੂੰ ਹੌਲ ਕਿੱਥੇ।

ਬੱਚੇ ਜਦੋਂ, ”ਦਿਸ ਇਜ਼ ਮਾਈ ਲਾਈਫ਼” ਆਖਦੇ ਤਾਂ,
ਪਹਿਲਾਂ ਵਾਂਗੂੰ ਮਾਪਿਆਂ ਤੋਂ, ਵੱਜਦੀ ਏ ਧੌਲ ਕਿੱਥੇ।

ਅੱਜ ਦਿਆਂ ਨਸ਼ਿਆਂ, ਜਵਾਨੀ ਤਾਂਈ ਖੋਰਾ ਲਾਇਆ,
ਗੱਭਰੂ ਤੇ ਨੱਢੀਆਂ ਦੀ, ਪਹਿਲੀ ਡੀਲ ਡੌਲ ਕਿੱਥੇ।
ਬਜ਼ੁਰਗਾਂ ਦੇ ਕੋਲੋਂ ਬੱਚੇ, ਜੀਣ ਜਾਚ ਸਿੱਖਦੇ ਸੀ,
ਸਿਆਣਿਆਂ ਦੀ ਗੱਲ ਭਲਾ, ਹੁੰਦੀ ਅੱਜ ਗੌਲ ਕਿੱਥੇ।

ਭੁੱਲ ਗਿਆ ਚੇਤਾ, ਗੱਲ ਇੱਕੋ ਹੀ ਔਲਾਦ ਕਹਿੰਦੀ,
ਕੰਮ, ਮਾਪੇ ਕਹਿਣ ਅੱਗੇ, ਹੁੰਦੀ ਹੈਸੀ ਘੌਲ ਕਿੱਥੇ।

ਬਰਗਰ ਤੇ ਪੀਜ਼ਾ ਅੱਜ, ਪਾਸਤਾ ਪ੍ਰਾਹੁਣਿਆਂ ਲਈ,
ਗੁੜ ਵਾਲੇ ਭੁੰਨਵੇਂ ਉਹ, ਬਣਦੇ ਨੇ ਚੌਲ ਕਿੱਥੇ।

ਸਕਰਟ, ਜੀਨਾਂ, ਪੈਂਟਾਂ, ਲਿਬਾਸ ਅੱਜ ਕੁੜੀਆਂ ਦਾ,
ਸੂਟ ਕੀਹਨੇ ਪਾਉਣੇ, ਲੱਗੇ ਸਾੜ੍ਹੀਆਂ ਨੂੰ ਫੋਲ ਕਿੱਥੇ।

”ਤੇਜ ਤੇਰੇ ਕੋਟਲੇ” ਦੇ, ਥੜ੍ਹਿਆਂ ‘ਤੇ ਹੁੰਦਾ ਸੀ ਉਹ,
ਲੱਭਿਆਂ ਨਾ ਲੱਭਾ, ਗਿਆ ਠੱਠਾ ਤੇ ਮਖੌਲ ਕਿੱਥੇ।

No comments:

Post a Comment