ਪਤੰਗਾ - ਜਗਜੀਤ ਪਿਆਸਾ
ਤੂੰ ਪਿਆਰ ਦੀ ਜੋਤ ਜਗਾ ਸੱਜਣਾ ,
ਮੈਂ ਬਣਕੇ ਪਤੰਗਾ ਸੜ ਜਾਣਾ |
ਅਸੀਂ ਮਰਕੇ ਲਭਣੀ ਜਿੰਦਗਾਨੀ ,
ਤੇਰੇ ਇਸ਼ਕ ਦੀ ਸੂਲੀ ਚੜ੍ਹ ਜਾਣਾ ,........
ਤੇਰੀ ਫਿਤਰਤ ਹੈ ਜੋ ਤੂੰ ਕਰਦੇ ਲੈ ,
ਸਾਨੂੰ ਆਪਣੀ ਜਿਦ ਪੁਗਾਵਣ ਦੇ ,
ਜਿੰਦ ਵਾਰਕੇ ਇਸ਼ਕ ਦੀ ਮੁੰਦਰੀ ਵਿਚ ,
ਇੱਕ ਹੋਰ ਨਗੀਨਾ ਜੜ ਜਾਣਾ ,.......
ਜੁਲਫਾਂ ਦੇ ਗਹਿਰੇ ਝੁਰਮਟ ਨੂੰ ,
ਜਰਾ ਪਾਸੇ ਕਰ ਰੁਖਸਾਰਾਂ ਤੋਂ ,
ਨੈਣਾਂ ਚੋਂ ਡੁਲ੍ਹਦੀ ਮਸਤੀ ਚੋਂ ,
ਅਸੀਂ ਇਸ਼ਕ ਪਿਆਲਾ ਭਰ ਜਾਣਾ ,......
ਇਹ ਇਸ਼ਕ ਦੀਆਂ ਤਹਿਰੀਰਾਂ ਨੇ ,
ਕੋਈ ਸ਼ੀਸ਼ਾ ਜਾਂ ਤਸਵੀਰ ਨਹੀਂ ,
ਅਸੀਂ ਅੱਖੀਆਂ ਵਿਚ ਤੇਰੇ ਅੱਖੀਆਂ ਪਾ ,
ਕੀ ਲਿਖਿਆ ਸਭ ਕੁਝ ਪੜ੍ਹ ਜਾਣਾ ,.....
ਅਸੀਂ ਦੀਦ ਤੇਰੀ ਦੇ " ਪਿਆਸੇ " ਹਾਂ ,
ਸਾਨੂੰ ਹੋਰ ਨਹੀਂ ਕੁਝ ਵੀ ਚਾਹੀਦਾ ,
ਦੁਨੀਆਂ ਤੋਂ ਬਚਾਕੇ ਨਜ਼ਰਾਂ ਤੂੰ ,
ਜਗਜੀਤ ਦੇ ਕੋਲੇ ਖੜ੍ਹ ਜਾਣਾ ,......