Tuesday, 31 March 2015

ਗੱਲਾਂ - ਸੁਰਜੀਤ ਸਿੰਘ ਕਾਉਂਕੇ 

ਤੇਰੇ ਨਾਲ ਜੋ ਕਰੀਆਂ ਗੱਲਾਂ 
ਹਾਸਿਆਂ ਦੇ ਸੰਗ ਭਰੀਆਂ ਗੱਲਾਂ 
ਰੋਸਿਆਂ ਨਾਲ ਜੋ ਜਰੀਆਂ ਗੱਲਾਂ 
ਕਿਤੇ ਕਿਤੇ ਪਰ ਖਰੀਆਂ ਗੱਲਾਂ
ਚੇਤੇ ਆ ਰੂਹ ਖਿੜ ਜਾਂਦੀ ਏ
ਤਾਰ ਅਗੰਮੀ ਛਿੜ ਜਾਂਦੀ ਏ । 

ਹੌਲੀ ਹੌਲੀ ਚੁਪਕੇ ਚੁਪਕੇ 
ਉਹਲੇ ਉਹਲੇ ਛੁਪਕੇ ਛੁਪਕੇ 
ਕਾਹਲੀ ਕਾਹਲੀ ਰੁਕਕੇ ਰੁਕਕੇ 
ਪਰਦੇ ਰੱਖ ਕਦੀ ਖੁਲ੍ਹਕੇ ਖੁਲ੍ਹਕੇ
ਸਾਥੋਂ ਹੀ ਕਿਉਂ ਡਰੀਆਂ ਗੱਲਾਂ
ਤੇਰੇ ਨਾਲ ਜੋ ਕਰੀਆਂ ਗੱਲਾਂ। 

ਗੱਲਾਂ ਵਿਚੋਂ ਨਿਕਲੀਆਂ ਗੱਲਾਂ 
ਖਿੜੀਆਂ ਵਾਂਗਰ ਕਲੀਆਂ ਗੱਲਾਂ 
ਕਿੱਥੇ ਗਈਆਂ ਚਲੀਆਂ ਗੱਲਾਂ 
ਦਿਲਾਂ ਦੇ ਵਿਹੜੇ ਪਲੀਆਂ ਗੱਲਾਂ       
ਹੰਝੂਆਂ ਵਿਚ ਕਿਉਂ ਤਰੀਆਂ ਗੱਲਾ     
 ਤੇਰੇ ਨਾਲ ਜੋ ਕਰੀਆਂ ਗੱਲਾਂ। 

ਹੁਣ ਜਦ ਕੋਈ ਗੱਲ ਕਰਦਾ ਏ 
ਲਗਦਾ ਏ ਉਹ ਛਲ ਕਰਦਾ ਏ 
ਅੱਜ ਕਰਦਾ ਜਾਂ ਕੱਲ੍ਹ ਕਰਦਾ ਏ
ਕਰਾਂ ਯਾਦ ਤਾਂ ਸੱਲ ਭਰਦਾ ਏ
ਦਿੰਦੀਆਂ ਸੀ ਦਿਲਬਰੀਆਂ ਗੱਲਾਂ 
ਤੇਰੇ ਨਾਲ ਜੋ ਕਰੀਆਂ ਗੱਲਾਂ। 

ਆ ਮੁੜ ਫਿਰ ਕੋਈ ਗੱਲ ਕਰ ਲਈਏ 
ਹਾੜਾ ਦਿਲ ਦੇ ਸੱਲ ਭਰ ਲਈਏ 
ਜਿਉਣ ਦਾ ਕੋਈ ਹੱਲ ਕਰ ਲਈਏ 
ਲੰਘਦੇ ਟਪਦੇ ਪਲ ਭਰ ਬਹੀਏ
ਜਿਉਂਦੀਆਂ ਹਨ ਨਹੀਂ ਮਰੀਆਂ ਗੱਲਾਂ
ਤੇਰੇ ਨਾਲ ਜੋ ਕਰੀਆਂ ਗੱਲਾਂ।

Wednesday, 25 March 2015

ਬਾਪੂ ਨਾਲ ਹਿਸਾਬ 

ਇਕ ਹਿਸਾਬ ਤੈਥੋ ਮੰਗਾਂ ਬਾਪੂ
ਕਿਓ ਬਣਾਈਆਂ ਵੰਗਾਂ ਬਾਪੂ
ਨੱਕ ਵਿੱਚ ਪਾਈ ਮੁਹਾਰ ਵੇ ਬਾਪੂ
ਕਿਵੇ ਬਣੀ ਸ਼ਿੰਗਾਰ ਵੇ ਬਾਪੂ

ਕਿੰਨੀ ਵਾਰੀ ਘਰ ਤੇਰੇ ਆਈ
ਤੂੰ ਦੱਸ ਮੇਰੀ ਕਦਰ ਕੀ ਪਾਈ
ਦੋ ਗਜ ਕਪੜੇ ਵਿੱਚ ਲਕੋ ਕੇ
ਤੁਰ ਗਿਆ ਤੂੰ ਮਸਾਣਾਂ ਤਾਈ

ਕਿਸ ਸਿਆਣੇ ਦਿੱਤੀ ਮੱਤੀ
ਵੀਰੇ ਵਾਰੀ ਸੌ ਸੁੱਖ ਸੁੱਖੀ
ਗੁੜ ਖਾਧਾ ਮੈ ਪੂਣੀ ਕੱਤੀ
ਤਾਂ ਜਾ ਕਿਤੇ ਵੀਰ ਨੂੰ ਘੱਤੀ

ਮਗਜ ਬਦਾਮ ਪੰਜੀਰੀ ਕੁੱਟੀ
ਮੇਰੀ ਰੋਟੀ ਫੇਰ ਵੀ ਸੁੱਕੀ
ਵੀਰ ਨੂੰ ਹਰ ਕੋਈ ਆਖੇ ਜਿਉਣਾ
ਮੈਨੂ ਸਾਰੇ ਕਹਿੰਦੇ ਮੁੱਕੀ

ਵੀਰ ਆਇਆ ਤੂੰ ਮੈਨੂੰ ਭੁਲ ਗਿਆ
ਸਾਰਾ ਪਿਆਰ ਇਕੇ ਤੇ ਡੁੱਲ ਗਿਆ
ਕੱਪੜੇ ਲੀੜੇ ਚੁੱਲਾ ਚੌੰਕਾ
ਮੇਰਾ ਬਚਪਨ ਗੋਹੇ 'ਚ ਰੁਲ ਗਿਆ

ਨੂੰਹ ਰਾਣੀ ਘਰ ਤੇਰੇ ਆਈ
ਨਿੱਕ ਸੁੱਕ ਐਨਾ ਨਾਲ ਲਿਆਈ
ਤੇਰਾ ਢਿੱਡ ਅਜੇ ਨਾ ਭਰਿਆ
ਪਿਉ ਉਹਦਾ ਕੀਤਾ ਕਰਜਾਈ

ਤੇਰਾ ਹਿਸਾਬ ਤਾ ਕਰਤਾ ਨੱਕੀ
ਕਿੰਨੀ ਵੇਚੀ ਕਿੰਨੀ ਰੱਖੀ
ਹੋਇਆ ਫਿਰਦਾ ਤਰਲੋ ਮੱਛੀ
ਤੇਰੇ ਪੈਰਾਂ ਵਿੱਚ ਪੱਗ ਰੱਖੀ

ਬੇਬੇ ਕਹਿੰਦੀ ਸ਼ਕਲ ਨੀ ਢੰਗ ਦੀ
ਇਹਨੂੰ ਕੋਈ ਅਕਲ ਨੀ ਡੰਗ ਦੀ
ਕੁੜੀਆਂ ਸੁੱਟੇ ਮੁੰਡਾ ਨੀ ਜੰਮਦੀ
ਲੈਜਾ ਮੋੜ ਕੇ ਮੇਰੇ ਨੀ ਕੰਮ ਦੀ

ਮੈਂ ਗਲ ਵਿੱਚ ਚੁੰਨੀ ਪਾਈ ਬਾਪੂ
ਮਾਂ ਫਿਰੇ ਘਬਰਾਈ ਬਾਪੂ
ਮੈਂ ਘਰ ਡੱਕੀ ਵੀਰ ਸਕੂਲੇ
ਮੈਨੂੰ ਸਮਝ ਨਾ ਆਈ ਬਾਪੂ

ਮੇਰਾ ਵੀ ਦਿਲ ਜਿਉਣ ਨੂੰ ਕਰਦੈ
ਆਪਣਾ ਘਰ ਵਸਾਉਣ ਨੂੰ ਕਰਦੈ
ਡਰਦੀ ਡਰਦੀ ਪੁੱਛ ਬੈਠੀ ਹਾਂ
ਪੁੱਤ ਬਿਗਾਨਾ ਮਰਨ ਤੋ ਡਰਦੈ

ਜੇ ਗੱਲ ਤੇਰੇ ਕੰਨੀ ਪੈਗੀ
ਰਾਤੋ ਰਾਤ ਝਟਕਾ ਦੇਂਗਾ
ਹੱਥ ਪੈਰ ਤੂੰ ਬੰਨ੍ਹ ਕੇ ਮੇਰੇ
ਖੂਹ ਦੇ ਵਿੱਚ ਲਮਕਾ ਦੇਂਗਾ

ਜੇ ਮਨ ਭੋਰਾ ਰਹਮ ਆ ਗਿਆ
ਝੱਟ ਗਲੋ ਤੂੰ ਲਾਹ ਦੇ ਗਾ
ਰਾਤੋ ਰਾਤੀ ਲੱਭ ਕੋਈ ਬੂਝੜ
ਸੰਗਲ ਹੱਥ ਫੜਾ ਦੇ ਗਾ

ਹੁਣ ਤਾ ਮੈ ਵੀ ਅੱਕ ਗਈ ਆਂ ਵੇ
ਜੰਮ ਜੰਮ ਕੇ ਥੱਕ ਗਈ ਆਂ ਵੇ
ਐਂਵੇ ਨਾ ਸਾਨੂੰ ਰੋਲ ਵੇ ਬਾਪੂ
ਕੁੱਝ ਤਾ ਅੱਖਾਂ ਖੋਲ ਵੇ ਬਾਪੂ

ਅਕਲ ਤੇ ਕੀ ਇਹ ਪੈ ਗਿਆ ਪਰਦਾ
ਮੇਰੇ ਵਿੱਚ ਕੀ ਮਾਂ ਨੀ ਦਿਖਦੀ
ਜਿਸ ਤੇ ਬੈਠਾ ਓਹਨੂੰ ਵੱਢੇ
ਸਿਰ ਤੇ ਠੰਡੀ ਛਾਂ ਨੀ ਦਿਖਦੀ

ਕੀ ਹੋਇਆ ਮੈ ਧੀ ਵੇ ਬਾਪੂ
ਮੈ ਵੀ ਰੱਬ ਦਾ ਜੀ ਵੇ ਬਾਪੂ
ਆਪਣਾ ਹਿਸਾਬ ਪੁਰਾਣਾ ਬਾਪੂ
ਕੱਠਿਆਂ ਹੀ ਮੁੱਕ ਜਾਣਾ ਬਾਪੂ

ਐਨਾ ਜੁਲਮ ਨੀ ਚੰਗਾ ਬਾਪੂ
ਸੁੱਖ ਮੈ ਤੇਰੀ ਮੰਗਾ ਬਾਪੂ
ਕਿਓ ਬਣਾਈਆਂ ਵੰਗਾਂ ਬਾਪੂ
ਇਕ ਹਿਸਾਬ ਤੈਥੋ ਮੰਗਾਂ ਬਾਪੂ

Monday, 2 March 2015

ਸ਼ੀਸ਼ੋ - ਸ਼ਿਵ ਕੁਮਾਰ ਬਟਾਲਵੀ ਏਕਮ ਦਾ ਚੰਨ ਵੇਖ ਰਿਹਾ ਸੀ, ਬਹਿ ਝੰਗੀਆਂ ਦੇ ਉਹਲੇ! ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ, ਪੈਰ ਧਰੇਂਦੀ ਪੋਲੇ! ਤੋਰ ਉਹਦੀ ਜਿਉਂ ਪੈਲਾਂ ਪਾਉਂਦੇ, ਟੁਕਣ ਕਬੂਤਰ ਗੋਲੇ! ਜ਼ਖਮੀ ਹੋਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ! ਲੱਖ ਹੰਸ ਮਰੀਵਣ ਗਸ਼ ਖਾ ਜੇ ਹੰਝੂ ਇੱਕ ਡੋਹਲੇ! ਉੱਡਣ ਮਾਰ ਉਡਾਰੀ ਬਗ਼ਲੇ, ਜੇ ਵਾਲਾਂ ਥੀਂ ਖੋਹਲੇ! ਪੈ ਜਾਏ ਡੋਲ ਹਵਾਵਾਂ ਤਾਈਂ ਜੇ ਪੱਖੀ ਫੜ ਝੋਲੇ! ਡੁੱਬ ਮਰੀਵਣ ਸ਼ੌਂਹ ਥੀਂ ਤਾਰੇ ਮੁੱਖ ਦੇ ਵੇਖ ਤਤੋਲੇ। ਚੰਨ ਦੂਜ ਦਾ ਵੇਖ ਰਿਹਾ ਸੀ ਵਿਹੜੇ ਵਿੱਚ ਫਲਾਹੀ! ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ - ਥੱਲੇ ਚਰਖੀ ਡਾਹੀ! ਕੋਹ ਕੋਹ ਲੰਮੀਆਂ ਤੰਦਾਂ ਕੱਢਦੀ, ਚਾ ਚੰਦਨ ਦੀ ਬਾਹੀ! ਪੂਣੀਆਂ ਈਕਣ ਕੱਢੇ ਬੁੰਬਲ, ਜਿਉਂ ਸਾਵਣ ਵਿੱਚ ਕਾਹੀ! ਹੇਕ ਸਮੁੰਦਰੀ ਪੌਣਾਂ ਵਰਗੀ, ਕੋਇਲਾਂ ਦੇਣ ਨਾ ਡਾਹੀ! ਰਗ ਜਿਵੇਂ ਕੇਸੂ ਦੀ ਮੰਜਰੀ, ਨੂਰੀ ਮੁੱਖ ਅਲਾਹੀ! ਵਾਲ ਜਿਵੇਂ ਚਾਨਣ ਦੀਆਂ ਨਦੀਆਂ, ਰੇਸ਼ਮ ਦੇਣ ਗਵਾਹੀ! ਨੈਣ ਕੁੜੀ ਦੇ ਨੀਲੇ ਜੀਕਣ, ਫੁੱਲ ਅਲਸੀ ਦੇ ਆਹੀ !