ਬਾਪੂ ਨਾਲ ਹਿਸਾਬ
ਇਕ ਹਿਸਾਬ ਤੈਥੋ ਮੰਗਾਂ ਬਾਪੂ
ਕਿਓ ਬਣਾਈਆਂ ਵੰਗਾਂ ਬਾਪੂ
ਨੱਕ ਵਿੱਚ ਪਾਈ ਮੁਹਾਰ ਵੇ ਬਾਪੂ
ਕਿਵੇ ਬਣੀ ਸ਼ਿੰਗਾਰ ਵੇ ਬਾਪੂ
ਕਿੰਨੀ ਵਾਰੀ ਘਰ ਤੇਰੇ ਆਈ
ਤੂੰ ਦੱਸ ਮੇਰੀ ਕਦਰ ਕੀ ਪਾਈ
ਦੋ ਗਜ ਕਪੜੇ ਵਿੱਚ ਲਕੋ ਕੇ
ਤੁਰ ਗਿਆ ਤੂੰ ਮਸਾਣਾਂ ਤਾਈ
ਕਿਸ ਸਿਆਣੇ ਦਿੱਤੀ ਮੱਤੀ
ਵੀਰੇ ਵਾਰੀ ਸੌ ਸੁੱਖ ਸੁੱਖੀ
ਗੁੜ ਖਾਧਾ ਮੈ ਪੂਣੀ ਕੱਤੀ
ਤਾਂ ਜਾ ਕਿਤੇ ਵੀਰ ਨੂੰ ਘੱਤੀ
ਮਗਜ ਬਦਾਮ ਪੰਜੀਰੀ ਕੁੱਟੀ
ਮੇਰੀ ਰੋਟੀ ਫੇਰ ਵੀ ਸੁੱਕੀ
ਵੀਰ ਨੂੰ ਹਰ ਕੋਈ ਆਖੇ ਜਿਉਣਾ
ਮੈਨੂ ਸਾਰੇ ਕਹਿੰਦੇ ਮੁੱਕੀ
ਵੀਰ ਆਇਆ ਤੂੰ ਮੈਨੂੰ ਭੁਲ ਗਿਆ
ਸਾਰਾ ਪਿਆਰ ਇਕੇ ਤੇ ਡੁੱਲ ਗਿਆ
ਕੱਪੜੇ ਲੀੜੇ ਚੁੱਲਾ ਚੌੰਕਾ
ਮੇਰਾ ਬਚਪਨ ਗੋਹੇ 'ਚ ਰੁਲ ਗਿਆ
ਨੂੰਹ ਰਾਣੀ ਘਰ ਤੇਰੇ ਆਈ
ਨਿੱਕ ਸੁੱਕ ਐਨਾ ਨਾਲ ਲਿਆਈ
ਤੇਰਾ ਢਿੱਡ ਅਜੇ ਨਾ ਭਰਿਆ
ਪਿਉ ਉਹਦਾ ਕੀਤਾ ਕਰਜਾਈ
ਤੇਰਾ ਹਿਸਾਬ ਤਾ ਕਰਤਾ ਨੱਕੀ
ਕਿੰਨੀ ਵੇਚੀ ਕਿੰਨੀ ਰੱਖੀ
ਹੋਇਆ ਫਿਰਦਾ ਤਰਲੋ ਮੱਛੀ
ਤੇਰੇ ਪੈਰਾਂ ਵਿੱਚ ਪੱਗ ਰੱਖੀ
ਬੇਬੇ ਕਹਿੰਦੀ ਸ਼ਕਲ ਨੀ ਢੰਗ ਦੀ
ਇਹਨੂੰ ਕੋਈ ਅਕਲ ਨੀ ਡੰਗ ਦੀ
ਕੁੜੀਆਂ ਸੁੱਟੇ ਮੁੰਡਾ ਨੀ ਜੰਮਦੀ
ਲੈਜਾ ਮੋੜ ਕੇ ਮੇਰੇ ਨੀ ਕੰਮ ਦੀ
ਮੈਂ ਗਲ ਵਿੱਚ ਚੁੰਨੀ ਪਾਈ ਬਾਪੂ
ਮਾਂ ਫਿਰੇ ਘਬਰਾਈ ਬਾਪੂ
ਮੈਂ ਘਰ ਡੱਕੀ ਵੀਰ ਸਕੂਲੇ
ਮੈਨੂੰ ਸਮਝ ਨਾ ਆਈ ਬਾਪੂ
ਮੇਰਾ ਵੀ ਦਿਲ ਜਿਉਣ ਨੂੰ ਕਰਦੈ
ਆਪਣਾ ਘਰ ਵਸਾਉਣ ਨੂੰ ਕਰਦੈ
ਡਰਦੀ ਡਰਦੀ ਪੁੱਛ ਬੈਠੀ ਹਾਂ
ਪੁੱਤ ਬਿਗਾਨਾ ਮਰਨ ਤੋ ਡਰਦੈ
ਜੇ ਗੱਲ ਤੇਰੇ ਕੰਨੀ ਪੈਗੀ
ਰਾਤੋ ਰਾਤ ਝਟਕਾ ਦੇਂਗਾ
ਹੱਥ ਪੈਰ ਤੂੰ ਬੰਨ੍ਹ ਕੇ ਮੇਰੇ
ਖੂਹ ਦੇ ਵਿੱਚ ਲਮਕਾ ਦੇਂਗਾ
ਜੇ ਮਨ ਭੋਰਾ ਰਹਮ ਆ ਗਿਆ
ਝੱਟ ਗਲੋ ਤੂੰ ਲਾਹ ਦੇ ਗਾ
ਰਾਤੋ ਰਾਤੀ ਲੱਭ ਕੋਈ ਬੂਝੜ
ਸੰਗਲ ਹੱਥ ਫੜਾ ਦੇ ਗਾ
ਹੁਣ ਤਾ ਮੈ ਵੀ ਅੱਕ ਗਈ ਆਂ ਵੇ
ਜੰਮ ਜੰਮ ਕੇ ਥੱਕ ਗਈ ਆਂ ਵੇ
ਐਂਵੇ ਨਾ ਸਾਨੂੰ ਰੋਲ ਵੇ ਬਾਪੂ
ਕੁੱਝ ਤਾ ਅੱਖਾਂ ਖੋਲ ਵੇ ਬਾਪੂ
ਅਕਲ ਤੇ ਕੀ ਇਹ ਪੈ ਗਿਆ ਪਰਦਾ
ਮੇਰੇ ਵਿੱਚ ਕੀ ਮਾਂ ਨੀ ਦਿਖਦੀ
ਜਿਸ ਤੇ ਬੈਠਾ ਓਹਨੂੰ ਵੱਢੇ
ਸਿਰ ਤੇ ਠੰਡੀ ਛਾਂ ਨੀ ਦਿਖਦੀ
ਕੀ ਹੋਇਆ ਮੈ ਧੀ ਵੇ ਬਾਪੂ
ਮੈ ਵੀ ਰੱਬ ਦਾ ਜੀ ਵੇ ਬਾਪੂ
ਆਪਣਾ ਹਿਸਾਬ ਪੁਰਾਣਾ ਬਾਪੂ
ਕੱਠਿਆਂ ਹੀ ਮੁੱਕ ਜਾਣਾ ਬਾਪੂ
ਐਨਾ ਜੁਲਮ ਨੀ ਚੰਗਾ ਬਾਪੂ
ਸੁੱਖ ਮੈ ਤੇਰੀ ਮੰਗਾ ਬਾਪੂ
ਕਿਓ ਬਣਾਈਆਂ ਵੰਗਾਂ ਬਾਪੂ
ਇਕ ਹਿਸਾਬ ਤੈਥੋ ਮੰਗਾਂ ਬਾਪੂ
No comments:
Post a Comment