Sunday, 12 April 2015

ਕਣਕਾਂ ਪੱਕੀਆਂ ਨੇ - ਅਮਰਦੀਪ ਸਿੰਘ ਗਿੱਲ ਘੋਲੀਆ 

ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !

ਤੂੰ ਕੀ ਜਾਣੇ ਮੁੱਲ ਵੇ ਸੋਨੇ ਰੰਗੇ ਸਿੱਟਿਆਂ ਦਾ
ਇੱਕ ਇੱਕ ਦਾਣੇ ਉੱਤੇ ਕਿੰਨੀਆਂ ਆਸਾਂ ਰੱਖੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਏਸ ਵਾਰੀ ਤਾਂ ਧੀਅ ਦੇ ਹੱਥ ਵੀ ਪੀਲੇ ਕਰਨੇ ਨੇ ,
ਕਿਸ਼ਤ ਬੈਂਕ ਦੀ ਆਈ ਏ ਉਹ ਪੈਸੇ ਭਰਨੇ ਨੇ ,
ਹੁਣ ਤਾਂ ਏਸੇ ਹਾੜੀ ਉੱਤੇ ਸਾਡੀਆਂ ਅੱਖੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਪੁੱਤ ਕਹੇ ਪ੍ਰਦੇਸੀਂ ਜਾਣਾ ਰੋਕਿਆਂ ਰੁੱਕਦਾ ਨਈਂ ,
ਬਾਪੂ ਡਰਦਾ ਮਾਰਾ ਹੋਰ ਕਰਜ਼ਾ ਚੁੱਕਦਾ ਨਈਂ ,
ਸੁਪਨੇ ਹੰਭੇ ਹਾਰੇ ਨਾਲੇ ਰੀਝਾਂ ਥੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਸਿਰ ਢੱਕਣ ਲਈ ਐਤਕੀਂ ਪੱਕਾ ਕੋਠਾ ਛੱਤ ਲਈਏ ,
ਕੋਈ ਸ਼ੌਂਕ ਦੀ ਪੂਣੀ ਵੈਰੀਆ ਅਸੀਂ ਵੀ ਕੱਤ ਲਈਏ ,
ਸਾਡੇ ਕੋਲ ਬੱਸ ਝੋਨੇ , ਕਣਕਾਂ , ਨਰਮੇ , ਮੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਅੰਨ-ਦਾਤੇ ਭਾਵੇਂ ਕਹਾਂਉਦੇ ਹਾਂ ਪਰ ਹਾਲਤ ਮਾੜੀ ਏ ,
ਸੱਪਾਂ , ਸੇਠਾਂ , ਜ਼ਹਿਰਾਂ ਦੇ ਨਾਲ ਸਾਡੀ ਆੜੀ ਏ ,
ਅਸੀਂ ਤਾਂ ਹੁਣ ਤੱਕ ਆਪਣੀਆਂ ਹੀ ਸੰਘੀਆਂ ਨੱਪੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਸਾਡੇ ਸਿਰ ਤੇ ਜੋ ਵੋਟਾਂ ਦੀ ਫਸਲ ਉਗਾਉਂਦੇ ਨੇ ,
ਉਡੀਕ ਸਾਡੀ ਦੇ ਬੂਟੇ ਨੂੰ ਜੋ ਲਾਰੇ ਲਾਉਂਦੇ ਨੇ ,
ਉਨਾਂ ਲਈ "ਗਿੱਲ" ਹੱਥਾਂ ਦੇ ਵਿੱਚ ਦਾਤੀਆਂ ਚੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

No comments:

Post a Comment