ਲਾਂਬੂ ਸਾਡੇ ਸੀਨੇ ਦੇ ਵਿੱਚ, ਬਲ਼-ਬਲ਼ ਉਠਦੇ ਹਾਵਾਂ ਨਾਲ।
ਏਹ ਨਿਰਾਲੀ ਅੱਗ ਨਾ ਬੁੱਝਦੀ, ਯਾਰੋ ਠੰਢੀਆਂ ਛਾਵਾਂ ਨਾਲ।
ਇਸ਼ਕ ਤਿਰੇ ਵਿੱਚ ਸਭ ਕੁਝ ਖੁੱਸਿਆ, ਦੀਨ ਈਮਾਨ ਤੇ ਦੁਨੀਆਂ ਵੀ,
ਅਪਣੀ ਜ਼ਾਤ-ਸਿਫ਼ਾਤ ਕੀ ਦੱਸੀਏ? ਸਾਨੂੰ ਕੀ ਹੁਣ ਨਾਵਾਂ ਨਾਲ।
ਲੱਖਾਂ ਸਾਲ ਇਬਾਦਤ ਕਰਨੀ, ਔਖਾ ਕੰਮ 'ਮਲਾਇਕ' ਦਾ,
ਹੁਕਮ ਕਰੇਂ ਤੇ ਮੈਂ ਵੀ ਰੱਬਾ, ਭਾਰੇ ਭਾਰ ਵੰਡਾਵਾਂ ਨਾਲ।
ਮਸਜਿਦ-ਮੰਦਰ ਸਭ ਥਾਂ ਲੱਭਿਆ, ਲੱਭ-ਲੱਭ ਕੇ ਲਾਚਾਰ ਹੋਏ,
ਕਿਹੜਾ ਮੂੰਹ ਲੈ ਵਾਪਸ ਜਾਈਏ? ਆਏ ਹੈਸਾਂ ਚਾਵਾਂ ਨਾਲ।
ਅਸੀਂ ਨਿਮਾਣੇ ਸਾਦ-ਮੁਰਾਦੇ, ਭਾਰੇ ਦੁੱਖ ਜੁਦਾਈਆਂ ਦੇ,
ਇਸ਼ਕ ਨੇ ਸਾਡਾ ਸਭ ਕੁਝ ਲੁੱਟਿਆ, ਪੁੱਠਿਆਂ ਸਿੱਧਿਆਂ ਦਾਵਾਂ ਨਾਲ।
ਕਾਸਿਦ ਨੂੰ ਕੀ ਸਾਰ ਹੈ 'ਆਸ਼ਿਕ', ਸਾਡੇ 'ਤੇ ਜੋ ਬੀਤੀ ਹੈ,
ਉਹਦੇ ਵਸ ਦੀ ਗੱਲ ਨਹੀਂ ਲੱਗਦੀ, ਲੱਗੇ ਤੇ ਮੈਂ ਜਾਵਾਂ ਨਾਲ।
(ਮਲਾਇਕ=ਫ਼ਰਿਸ਼ਤੇ)
ਆਸ਼ਿਕ ਲਹੋਰ
ਲੱਖ ਕਰੋੜਾਂ ਪੁੱਤਰ ਹੁੰਦਿਆਂ, ਰੁਲਾਂ ਮੈਂ ਕੱਲਮ-ਕੱਲੀ,
ਬੇਲੇ ਵਿੱਚ ਇਕ ਮਾਈ ਖਲੋਤੀ, ਰੋ-ਰੋ ਪਈ ਪੁਕਾਰੇ।
ਹਰਫ਼ ਵਿਚਾਰੇ ਅੱਡੀਆਂ ਚੁੱਕ-ਚੁੱਕ ਏਧਰ-ਉੱਧਰ ਦੇਖਣ,
ਖ਼ੂਨ ਦਾ ਵੱਤਰ ਲਾਵੇ ਕਿਹੜਾ? ਸਾਨੂੰ ਕੌਣ ਪੁਕਾਰੇ?
ਅਪਣੀ ਜਾਨ ਤਲੀ 'ਤੇ ਧਰਕੇ, ਛਾਤੀ ਤਾਣ ਖਲੋਵੇ,
ਮਾਂ-ਬੋਲੀ 'ਤੇ ਪਹਿਰਾ ਦੇਵੇ ! ਕੋਈ ਨਾ ਪੱਥਰ ਮਾਰੇ।
ਚਿਰ ਹੋਇਆ ਏ ਧਰਤੀ ਉੱਤੇ ਰੌਣਕ-ਮੇਲਾ ਲੱਗਿਆਂ,
ਆ ਜਾ ਸੂਲ਼ੀ ਚੜ੍ਹਕੇ ਨੱਚੀਏ, ਦੇਖਣ ਲੋਕ ਨਜ਼ਾਰੇ।
ਜੋ ਕੁਝ ਕਰਨੈਂ ਅੱਜ ਹੀ ਕਰਲੈ, ਕੱਲ੍ਹ ਕਿਸੇ ਨਹੀਂ ਦੇਖੀ,
ਓੜਕ ਇਕ ਦਿਨ ਵੱਜ ਜਾਣੇ ਨੇ 'ਆਸ਼ਿਕ' ਕੂਚ-ਨਗਾਰੇ।
- ਆਸ਼ਿਕ ਲਾਹੌਰ
ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ ਇਸ ਵਿੱਚ ਪੜ੍ਹ ਤੂੰ,
ਇਸ ਵਿੱਚ ਲਿਖ ਤੂੰ, ਇਸ ਵਿੱਚ ਕਰ ਤਕਰੀਰਾਂ।
'ਮਾਂ-ਬੋਲੀ' ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ।
ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, ਹੋਣੀ ਕਾਬਜ਼ ਹੋਈ,
'ਸੋਹਣੀਆਂ' ਵਿੱਚ ਝਨ੍ਹਾਂ ਦੇ ਡੁੱਬੀਆਂ, ਮਹੁਰਾ ਖਾਧਾ ਹੀਰਾਂ।
'ਸੋਹਣੀਆਂ' ਵਿੱਚ ਝਨ੍ਹਾਂ ਦੇ ਡੁੱਬੀਆਂ, ਮਹੁਰਾ ਖਾਧਾ ਹੀਰਾਂ।
ਸਾਥੋਂ ਚੜ੍ਹਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ।
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ।
ਸਾਨੂੰ ਡੁਸਕਣ ਵੀ ਨਾ ਦਿੰਦੇ, ਮੂੰਹ 'ਤੇ ਜਿੰਦਰੇ ਲੱਗੇ,
ਸਾਨੂੰ ਹਿੱਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ।
ਸਾਨੂੰ ਹਿੱਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ।
ਰੰਗ-ਬਰੰਗੇ ਸੋਹਣੇ ਪੰਛੀ, ਏਥੋਂ ਤੁਰਦੇ ਹੋਏ,
ਥੋੜ੍ਹੇ ਉੱਲੂ-ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ।
ਥੋੜ੍ਹੇ ਉੱਲੂ-ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ।
ਅਪਣੀ ਬੋਲੀ, ਅਪਣੀ ਧਰਤੀ, ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, 'ਆਸ਼ਿਕ' ਇਹ ਤਕਸੀਰਾਂ।
ਕੁਦਰਤ ਮਾਫ਼ ਕਦੇ ਨਹੀਂ ਕਰਦੀ, 'ਆਸ਼ਿਕ' ਇਹ ਤਕਸੀਰਾਂ।
✍️ਆਸ਼ਿਕ ਲਾਹੌਰ

No comments:
Post a Comment