ਮਾਂ ਬੋਲੀ ਪੰਜਾਬੀ - ਕਰਤਾਰ ਸਿੰਘ 'ਬਲੱਗਣ '
ਨਕਸ਼ਾ ਸਾਹਮਣੇ ਰੱਖ ਪੰਜਾਬ ਦਾ ਮੈਂ
ਇਕ ਦਿਨ ਬੈਠ ਉਸ ਤੇ ਗੌਰ ਕਰ ਰਿਹਾ ਸਾਂ।
ਡੁੱਬ ਕੇ ਸੋਚ ਦੇ ਡੂੰਘੇ ਸਮੁੰਦਰਾਂ 'ਚ
ਉਹਦੇ ਪੰਜ ਦਰਿਆਵਾਂ ਵਿੱਚ ਤਰ ਰਿਹਾ ਸਾਂ।
ਖੁੱਭੇ ਖੰਭ ਖਿਆਲਾਂ ਦੇ ਦੇਖ ਕੇ ਤੇ
ਉਹਦੇ ਉੱਚੇ ਹਿਮਾਲੇ ਤੋਂ ਡਰ ਰਿਹ ਸਾਂ।
ਵਾਂਗ ਕਿਸੇ ਸਲੇਟੀ ਦੇ ਬੇਲਿਆਂ 'ਚੋਂ
ਕਿਸੇ ਚਾਕ ਦੀ ਭਾਲਣਾ ਕਰ ਰਿਹਾ ਸਾਂ।
ਫਿਰਦੇ ਫਿਰਦੇ ਪੰਜਾਬ ਦੇ ਦਿਲ ਉੱਤੇ
ਬੈਠੀ ਹੋਈ ਇਕ ਸੁੰਦਰ ਨਾਰ ਤੱਕੀ।
ਕਿਸੇ ਸਾਊ ਘਰਾਣੇ ਦਾ ਬੰਨ੍ਹ ਜਾਪੇ
ਜਦੋਂ ਗਹੁ ਨਾਲ ਉਹਦੀ ਨੁਹਾਰ ਤੱਕੀ।
ਪਾਟੇ ਕੱਪੜੇ, ਖਿੱਲਰੇ ਵਾਲ ਉਹਦੇ
ਉੰਜ ਨਾਂ ਨੂੰ ਜੀਂਵਦੀ ਜਾਪਦੀ ਸੀ
ਐਪਰ ਜਿਉਣ ਤੋਂ ਉੰਜ ਬੇਜਾਰ ਤੱਕੀ।
ਧੀਰਜ ਨਾਲ ਮੈਂ ਪੁੱਛਿਆ ਕੋਲ ਜਾ ਕੇ
ਮਾਤਾ ਕੌਣ ਏਂ? ਕਿਹੜਾ ਏ ਦੇਸ਼ ਤੇਰਾ ?
ਰਾਣੀ ਕਿਸੇ ਵਲਾਇਤ ਦੀ ਜਾਪਦੀ ਏਂ
ਐਪਰ ਗੋਲੀਆਂ ਵਾਲਾ ਏ ਵੇਸ ਤੇਰਾ।
ਹੌਕਾ! ਹਸ਼ਰ ਜਿੱਡਾ ਭਰਕੇ ਕਹਿਣ ਲੱਗੀ
"ਹਾਂ ਰਾਣੀ ! ਪਰ ਪਿੰਡ ਗਰਾਂ ਹੀ ਨਹੀਂ
ਉੰਜ ਤੇ ਪੰਜ ਦਰਿਆਵਾਂ ਦੀ ਹਾਂ ਮਾਲਕ
ਡੁੱਬ ਮਰਨ ਲਈ ਪਰ ਥਾਂ ਹੀ ਨਹੀਂ।
ਉੰਜ ਤਾਂ ਕਿੰਨੇ ਕਰੋੜ ਨੇ ਪੁੱਤ ਮੇਰੇ
ਐਪਰ ਕਹਿੰਦੇ ਨੇ ਸਾਡੀ ਮਾਂ ਹੀ ਨਹੀਂ।
ਉਂਜ ਤੇ ਜੱਗ ਤੇ ਝੂਲਨ ਨਿਸ਼ਾਨ ਮੇਰੇ
ਆਪਣੇ ਘਰ ਅੰਦਰ ਐਪਰ ਨਾਂ ਹੀ ਨਹੀਂ।
ਕਿਸਮਤ ਹਾਰ ਗਈ,
ਦਿਨਾਂ ਦੀ ਪਈ ਗਰਦਿਸ਼
ਕਦੇ ਰਾਣੀ ਸਾਂ, ਅੱਜ ਗੋਲੀ ਹਾਂ ਮੈਂ
ਵੇ 'ਕਰਤਾਰ'!
ਤੂੰ ਮੈਨੂੰ ਸਿਆਣਿਆ ਹੀ ਨਹੀਂ
ਬਦਨਸੀਬ
ਪੰਜਾਬ ਦੀ ਬੋਲੀ ਹਾਂ ਮੈਂ"