Saturday, 8 December 2012

ਗੋਲੀਆਂ - ਜਰਨੈਲ ਸਿੰਘ ਘੋਲੀਆ 


ਲਓ ਜੀ ਵੀਰ ਜੀ ਭੈਣ ਜੀ ਭਰਾ ਜੀ,
ਗੋਲੀਆਂ ਵਿਕਣੀਆਂ ਗਈਆਂ ਅੱਜ ਆ ਜੀ |

ਮੇਰੇ ਕੋਲ ਕਈ ਪਰਕਾਰ ਦੀਆਂ ਗੋਲੀਆਂ,
ਦੁਖਦੇ ਹੋਏ ਸਿਰ ਤੇ ਬੁਖਾਰ ਦੀਆਂ ਗੋਲੀਆਂ |

ਪੰਨਿਆਂ 'ਚ ਬੰਦ ਥੋੜੇ ਭਾਰ ਦੀਆਂ ਗੋਲੀਆਂ,
ਕੁੱਖਾਂ ਵਿੱਚ ਬੱਚੀਆਂ ਨੂੰ ਮਾਰ ਦੀਆਂ ਗੋਲੀਆਂ |

ਗੋਲੀਆਂ ਇਹ ਮੈਚ ਵੀ ਹਰਾ ਵੀ ਦਿੰਦੀਆਂ ਨੇ,
ਵੱਢੇ ਵੱਢੇ ਬੰਦੇ ਵਿਕਵਾ ਵੀ ਦਿੰਦੀਆਂ ਨੇ |

ਗੋਲੀਆਂ ਇਹ ਕੌੜੀਆਂ ਕਸੈਲੀਆਂ ਤੇ ਮਿੱਠੀਆਂ,
ਹੋ ਸਕਦਾ ਏ ਤੁਸੀ ਪਹਿਲਾਂ ਵੀ ਹੋਣ ਡਿੱਠੀਆਂ |

ਗੋਲੀਆਂ ਇਹ ਦੰਗਿਆਂ 'ਚ ਵਰਤੀਆਂ ਜਾਂਦੀਆਂ,
ਕਈਆਂ ਕੋਲੋ ਖੋਹਦੀਆਂ ਸੰਧੂਰ ਤੇ ਪਰਾਂਦੀਆਂ |

ਗੋਲੀਆਂ ਇਹ ਕਦੀ ਰਾਖੀ ਕਰਦੀਆਂ ਨੋਟਾਂ ਦੀ,
ਪੁੱਠੀ ਸਿੱਧੀ ਗਿਣਤੀ ਕਰਾਉਦੀਆਂ ਨੇ ਵੋਟਾਂ ਦੀ |

ਏਹੇ ਖਾ ਕੇ ਰੇਲਾਂ ਵੀ ਚਲਾ ਸਕਦੇ ਓ,
ਤੋਪਾਂ ਅਤੇ ਚਾਰੇ ਵੀ ਪਚਾ ਸਕਦੇ ਓ |

ਲੀਡਰ ਤੇ ਬਾਬੇ ਇਹ ਗੋਲੀਆਂ ਵਰਤਦੇ ਨੇ,
ਇਹਨਾਂ ਨਾਲ ਕੰਨਿਆਂ ਇਹ ਭੋਲੀਆਂ ਵਰਤਦੇ ਨੇ |

ਗਿੱਲ ਜਰਨੈਲ ਕੋਲ ਹੋਰ ਵੀ ਨੇ ਗੋਲੀਆਂ,
ਡਾਢਿਆਂ ਤੋਂ ਡਰਦੇ ਨੇ ਕੁਝ ਕੁ ਲਕੋਲੀਆਂ ||

No comments:

Post a Comment