Tuesday, 31 December 2013

ਕਿਹੜੀ ਆਜ਼ਾਦੀ - ਨਵਰਾਹੀ ਘੁਗਿਆਣਵੀ

ਕਿਹੜੀ ਆਜ਼ਾਦੀ - ਨਵਰਾਹੀ ਘੁਗਿਆਣਵੀ 


ਅਸੀਂ ਕਿਹੜੀ ਆਜ਼ਾਦੀ ਦਾ ਮਾਣ ਕਰੀਏ,
ਲੱਖਾਂ ਉਜੜੇ ਅਤੇ ਬਰਬਾਦ ਹੋ ਗਏ |

ਖ਼ੂਨ ਡੁੱਲਿ੍ਹਆ ਜਦੋਂ ਬੇਦੋਸ਼ਿਆਂ ਦਾ,
ਭਾਵੇਂ ਕਹਿਣ ਨੂੰ ਅਸੀਂ ਆਜ਼ਾਦ ਹੋ ਗਏ |

ਰਾਜ ਭਾਗ ਦਾ ਨਸ਼ਾ ਜਰਵਾਣਿਆਂ ਨੂੰ ,
ਰਾਜਨੀਤੀ ਦੇ ਵਿਚ ਉਸਤਾਦ ਹੋ ਗਏ |

ਇਹ ਨਾ ਸੋਚਿਆ ਕਿਸੇ ਗੰਭੀਰ ਹੋ ਕੇ,
ਹੋਈ ਵੰਡ ਕਿਉਂ ਕਿਵੇਂ ਫਸਾਦ ਹੋ ਗਏ |
-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ | 

Monday, 30 December 2013

ਘੁੰਮਣ ਘੇਰੀ - ਤੇਜ ਕੋਟਲੇ ਵਾਲਾ

ਘੁੰਮਣ ਘੇਰੀ - ਤੇਜ ਕੋਟਲੇ ਵਾਲਾ 


ਅੱਜ ਬੱਚਿਆਂ ਦੇ ਹੱਥ ਸਮੇ ਦੀ ਨਸ਼ਤਰ, ਕਰਦੇ ਖੂਨ ਜਮੀਰਾਂ ਦਾ । 
ਕੋੜ੍ਹ ਕਿਰਲੀਆ ਕੋਈ ਨਹੀਂ ਕਹਿੰਦਾ ਪਾਓਣ ਜਾਂ ਜੱਫ ਸਤੀਰਾ ਨੂੰ । 

ਅੱਖਰ ਚਾਰ ਪੜਾਈ ਦੇ ਵੀ ਘੰਡੀਏ ਫੱਸ ਗਏ ਠਾਂਹ ਨਹੀਂ ਹੋਏ ,
ਸਮਝਣ ਮਾਰ੍ਹਕਾ ਮਾਰ ਲਿਆ ਬਸ, ਜੀਕਣ ਉਨ੍ਹਾਂ ਆਖੀਰਾਂ ਦਾ । 

ਮਾਪਿਆਂ ਦੀ ਗੱਲ ਇੱਕ ਨਾ ਮੰਨਣ ,ਆਪਣੀ ਸੌ ਸੌ ਕਹਿਣ ਮਨਾਓਨੀ ,
ਅੱਜ ਇਹ ਰਿਸ਼ਤਾ ਜਾਪ ਰਿਹਾ ਜਿਵੇ ,ਕੇਲਿਆਂ ਮੁੱਢ ਕਰੀਰਾਂ ਦਾ । 

ਘੁੰਮਣ ਘੇਰੀ ਚ ਫਸ ਗਏ ਮਾਪੇ, ਉਮਰੋਂ ਪਿਹਲਾਂ ਬੁਢੜੇ ਹੋ ਗਏ । 
ਕੋਹਲੂ ਬਲਦਾਂ ਟੁੱਟੀਆਂ ਢੂਈਆ ਨਿਕਲ ਗਿਆ ਕੁੱਬ ਸਰੀਰਾਂ ਦਾ । 

ਨਾਲ ਮਾਪਿਆਂ ਕਿੰਜ ਗੱਲ ਕਰਨੀ, ਇਜ਼ਤ ਪੱਤ ਦੀ ਖ਼ਬਰ ਨਹੀਂ ,
ਘਰ ਘਰ ਮਾਪੇ ਸਹਿ ਜਾਣ ਅੱਜ ਕੱਲ੍ਹ ,ਫੱਟ ਜੀਭ ਦਿਆ ਤੀਰਾਂ ਦਾ । 

ਢਿੱਡ ਵਿੱਚ ਕੁਝ ਨਹੀਂ ਫੋਕੀਆਂ ਟਾਹਰਾਂ, ਨਿਊਂਦੇ ਦੇਵਣ ਕਾਵਾਂ ਨੂੰ ,
ਗੱਲਾਂ ਬਾਤਾਂ ਵਿੱਚ ਹਰ ਕੋਈ ਬਣਦਾ ਬਰਖ਼ੁਰਦਾਰ ਅਮੀਰਾਂ ਦਾ । 

ਦੇਸੇ ਤੇ ਪਰਦੇਸੇ ਅੱਜ ਕੱਲ ਨਸ਼ਿਆਂ ਵਿੱਚ ਜਵਾਨੀ ਖੁਰ ਗਈ ,
ਵੇਚ ਤਾ ਬੱਚਿਆਂ ਪੱਤ ਪੱਤ ਕਰ ਕੇ ਪਿੱਤਰਾਂ ਦੀਆਂ ਜੰਗੀਰਾਂ ਨੂੰ । 

ਅੱਜ ਘਰਾਂ ਵਿੱਚ ਸੱਸ ਮਾਂ ਦੀ ਗੱਲ ਨੂੰਹਾਂ ,ਧੀਆਂ ਤੋਂ ਸਹਿ ਨੀ ਹੁੰਦੀ ,
ਸੁੱਜੀਆ ਬੂਥੀਆਂ ,ਜਿਓਂ ਹਲਵਾਈ ,ਲਾਇਆ ਜਾਗ ਖ਼ਮੀਰਾ ਨੂੰ । 

ਘਰ ਘਰ ਵਿੱਚ ਲੜਾਈ ਝਗੜਾ, ਮਾਪਿਆਂ ਨਾਲ ਵੰਡ ਵੰਡਾਈ ,
ਨੱਕ ਚੋਂ ਵਹਿ ਰਿਹਾ ਖੂਨ ਬਹਾਨਾ ਫੁੱਟ ਰਹੀਆਂ ਨਕਸੀਰਾਂ ਦਾ । 

ਝੱਗਾ ਚੁਕਿਆ ਤਾਂ ਹੋਵਾਗੇ ਨੰਗੇ, ਇਹ ਡਰ ਮਾਰਦਾ ਮਾਪਿਆਂ ਤਾਈ ,
ਸੱਪ ਦੇ ਮੂੰਹ ਵਿੱਚ ਕਿਰਲੀ ਵਰਗਾ, ਹਾਲ ਮਾਪੇ ਦਿਲਗੀਰਾਂ ਦਾ । 

ਤੇਜ ਕੋਟਲੇ ਵਾਲਿਆ, ਮਾਪੇ ਅੰਦਰੋਂ ਬਾਹਰੋਂ ਗਏ ਵਲੂੰਦਰੇ ,
ਕੱਢਿਆ ਕਿਵੇ ਕੰਚੂਮਰ ਬੱਚਿਆਂ, ਮਾਪਿਆਂ ਦੀਆਂ ਤਦਬੀਰਾਂ ਦਾ । ।

Dr.VIMAL SHARMA

Dr.VIMAL SHARMA

ਤੇਰੇ ਦਰਸ਼ਨ..... ਛਾਂਵਾਂ ਵਰਗੇ |
ਘਰ ਤੱਕ ਪੁੱਜੀਆਂ ਰਾਵਾਂ ਵਰਗੇ |
'''''''''''''''''''''''''''''''''''''''''''''''''''
ਕੁਝ ਦਿਨ ਚੜ੍ਹਦੇ ਚਾਵਾਂ ਵਰਗੇ |
ਤੇ..ਕੁਝ ਸਖ਼ਤ ਸਜ਼ਾਵਾਂ ਵਰਗੇ |
''''''''''''''''''''''''''''''''''''''''''''''''''
ਤੇਰੇ ਨਾਲ....ਗੁਜ਼ਾਰੇ ਸਭ ਪਲ ,
ਲਗਦੇ ਨੇਂ....ਕਵਿਤਾਵਾਂ ਵਰਗੇ |
''''''''''''''''''''''''''''''''''''''''''''''''''
ਬੱਸ ਇੱਕ...ਫੁੱਲ ਹੀ ਲੱਗੇ ਮੈਨੂੰ ,
ਤੇਰੀਆਂ...ਸ਼ੋਖ਼ ਅਦਾਵਾਂ ਵਰਗੇ |
''''''''''''''''''''''''''''''''''''''''''''''''''
ਨਹੀਓਂ ਹੁੰਦੇ.....ਕਿਤੇ ਵੀ ਕੋਈ ,
ਆਸਰੇ....ਹੋਰ ਭਰਾਵਾਂ ਵਰਗੇ |
''''''''''''''''''''''''''''''''''''''''''''''''''
ਹੁਣ ਤੇ.....ਦਿਲ ਦੇ ਸਾਰੇ ਕੋਨੇ ,
ਉੱਜੜੇ ਹੋਏ.......ਥਾਵਾਂ ਵਰਗੇ |
''''''''''''''''''''''''''''''''''''''''''''''''''
ਮਾਂ ਦੇ ਮੂਹੋਂ......ਜੋ ਵੀ ਨਿੱਕਲੇ ,
ਸਾਰੇ ਲਫ਼ਜ਼....ਦੁਆਵਾਂ ਵਰਗੇ |
''''''''''''''''''''''''''''''''''''''''''''''''''
ਕਹਿਣ ਦੀ ਗੱਲ ਏ..ਕਿੱਥੇ ਹੁੰਦੇ ,
ਦੱਸੋ ਬੰਦੇ.........ਗਾਵਾਂ ਵਰਗੇ |
''''''''''''''''''''''''''''''''''''''''''''''''''

Wednesday, 4 December 2013

ਜਿੰਦੇ ਨੀ! - ਅਫ਼ਜ਼ਲ ਸਾਹਿਰ

ਜਿੰਦੇ ਨੀ! - ਅਫ਼ਜ਼ਲ ਸਾਹਿਰ


ਜਿੰਦੇ ਨੀ! ਤੂੰ ਕੀਕਣ ਜੰਮੀ 
ਪੈਰ ਪੈਰ ਤੇ ਨਿਤ ਬਖੇੜੇ 
ਜੀਵਣ ਦੀ ਰਾਹ ਲੰਮੀ

ਜਿੰਦੇ ਨੀ! ਕੀ ਲੱਛਣ ਤੇਰੇ 
ਫਨੀਅਰ ਨਾਲ ਯਰਾਨੇ ਵੀ ਨੇਂ 
ਜੋਗੀ ਵੱਲ ਵੀ ਫੇਰੇ

ਜਿੰਦੇ ਨੀ! ਕੀ ਸਾਕ ਸਹੇੜੇ 
ਇਕ ਬੁੱਕਲ਼ ਵਿਚ ਰਾਂਝਣ ਮਾਹੀ 
ਦੂਜੀ ਦੇ ਵਿੱਚ ਖੇੜੇ

ਜਿੰਦੇ ਨੀ! ਕੀ ਕਾਰੇ ਕੀਤੇ 
ਆਪੇ ਆਸ ਦੇ ਚੋਲ਼ੇ ਪਾੜੇ 
ਆਪੇ ਬਹਿ ਕੇ ਸੀਤੇ!

ਜਿੰਦੇ ਨੀ! ਤੱਕ ਚੇਤ ਵਸਾਖਾਂ 
ਤੂੰ ਫਿਰਦੀ ਐਂ ਮੈਲ਼ ਕੁਚੈਲ਼ੀ 
ਦੱਸ! ਤੈਨੂੰ ਕੀ ਆਖਾਂ?

ਜਿੰਦੇ ਨੀ! ਤੇਰਾ ਕਾਰਜ ਕੂੜਾ 
ਸਿਰ ਤੇ ਸ਼ਗਨਾਂ ਵਾਲੀਆਂ ਘੜੀਆਂ 
ਕੱਢ ਵਿਛਾਇਆ ਈ ਫੂਹੜਾ!!

ਜਿੰਦੇ ਨੀ! ਤੈਨੂੰ ਕਿਹੜਾ ਦੱਸੇ 
ਲੂਂ ਲੂਂ ਤੇਰਾ ਐਬਾਂ ਭਰਿਆ 
ਮੌਤ ਵਟੇਂਦੀ ਰੱਸੇ

ਜਿੰਦੇ ਨੀ! ਤੇਰੇ ਸਾਹ ਨਕਾਰੇ 
ਮੋਏ ਮੂੰਹ ਨਾਲ ਆ ਬੈਠੀ ਏਂ 
ਜੀਵਨ ਦੇ ਦਰਬਾਰੇ

ਜਿੰਦੇ ਨੀ! ਕੀ ਅੱਤਾਂ ਚਾਈਆਂ 
ਹੱਸ ਖੇਡਣ ਦੀ ਵੇਲ੍ਹ ਨਾ ਤੈਨੂੰ 
ਕਰਦੀ ਫਿਰੇਂ ਲੜਾਈਆਂ

ਜਿੰਦੇ ਨੀ! ਕੀ ਵੇਲ਼ੇ ਆਏ 
ਇਕ ਦੂਜੇ ਦੀ ਜਾਨ ਦੇ ਵੈਰੀ 
ਇੱਕੋ ਮਾਂ ਦੇ ਜਾਏ

ਜਿੰਦੇ ਨੀ! ਤੇਰੇ ਜੀਵਣ ਮਾਪੇ 
ਆਪੇ ਹੱਥੀਂ ਡੋਲੀ ਚਾੜ੍ਹਨ 
ਆਪੇ ਕਰਨ ਸਿਆਪੇ

ਜਿੰਦੇ ਨੀ! ਕਿਸ ਟੂਣੇ ਕੀਤੇ 
ਦਿਲ ਦਰਿਆ ਤੇ ਨੈਣ ਸਮੁੰਦਰ 
ਰੋਵਣ ਬੈਠੇ ਚੁਪ ਚੁਪੀਤੇ

ਜਿੰਦੇ ਨੀ! ਕੀ ਖੇਡਾਂ ਹੋਈਆਂ 
ਪਿਓ ਪੁੱਤਰਾਂ ਦੇ ਪੈਰੀਂ ਪੈ ਕੇ 
ਮਾਵਾਂ ਧੀਆਂ ਰੋਈਆਂ

ਜਿੰਦੇ ਨੀ! ਕੀ ਕਾਜ ਕਮਾਏ 
ਜਿੰਨੇ ਵੀ ਤੂੰ ਸੰਗ ਸਹੇੜੇ 
ਰੂਹ ਦੇ ਮੇਚ ਨਾ ਆਏ

ਜਿੰਦੇ ਨੀ! ਕੀ ਹੋਣੀਆਂ ਹੋਈਆਂ 
ਇਸ਼ਕੇ ਦੇ ਘੱਰ ਰਹਿ ਕੇ ਅੱਖੀਆਂ 
ਨਾ ਹਿੱਸਿਆਂ ਨਾ ਰੋਈਆਂ

ਜਿੰਦੇ ਨੀ! ਤੇਰੇ ਸਾਹ ਕਚਾਵੇ 
ਰੋਜ਼ ਦਿਹਾੜੇ ਮਰਨਾ ਪੈਂਦਾ 
ਫਿਰ ਵੀ ਮੌਤ ਡਰਾਵੇ

Monday, 18 November 2013

ਬੰਤੋ ਦੀ ਘੋੜੀ - ਨਿਰਮਲ ਸਿੰਘ ਕੰਧਾਲਵੀ


ਬੰਤੋ ਦੀ ਘੋੜੀ - ਨਿਰਮਲ ਸਿੰਘ ਕੰਧਾਲਵੀ 


ਬੰਤੋ ਬੀਬੀ ਜਾਂ ਉਠੀ ਸਾਝਰੇ,
ਵਿਹੜੇ ਦੇ ਵਿਚ ਦਿਸੀ ਨਾ ਘੋੜੀ,
ਜੀ ਭਿਆਣੀ ਹੋ ਕੇ ਉਹ ਤਾਂ
ਨਾਹਮੋ ਦੇ ਘਰ ਵਲ ਨੂੰ ਦੌੜੀ।

ਨੀ ਨਾ੍ਹਮੀਏ ਨ੍ਹੇਰ ਪੈ ਗਿਆ,
ਵਿਹੜੇ `ਚੋਂ ਕੋਈ ਲੈ ਗਿਆ ਘੋੜੀ।
ਮੈਂ ਤਾਂ ਰੱਸੇ ਨਾਲ ਸੀ ਬੱਧੀ,
ਕਾਹਨੂੰ ਮੈਂ ਨਾ ਲਾਹੀ ਪੌੜੀ।

ਨਾ੍ਹਮੋ ਕਹਿੰਦੀ ਚਲ ਨੀਂ ਭੈਣੇ,
ਬਾਬੇ ਠੋਲ੍ਹੂ ਦੇ ਕੋਲ ਜਾਈਏ।
ਬਾਬਾ ਪੂਰਾ ਕਰਨੀ ਵਾਲਾ,
ਉਹਦੇ ਕੋਲੋਂ ਪੁੱਛ ਪੁਆਈਏ।

ਪਤਾਲ `ਚੋਂ ਚੀਜ਼ਾਂ ਕੱਢ ਲਿਆਵੇ,
ਜਦ ਨੇਤਰ ਤੀਜਾ ਖੋਲ੍ਹੇ।
ਹਵਾ ਆਈ ਤੇ ਸਭ ਕੁਝ ਦੱਸੇ,
ਰੱਖਦਾ ਨਹੀਂ ਕੋਈ ਉਹਲੇ।

ਛੇਤੀ ਕਰ ਹੁਣ ਚਲੀਏ ਡੇਰੇ,
ਉਹ ਕਿਧਰੇ ਨਾ ਟੁਰ ਜਾਵੇ।
ਮਿਲਦਾ ਸੁੱਚੇ ਮੂੰਹ ਜੋ ਉਹਨੂੰ
ਮੂੰਹ ਮੰਗੀਆਂ ਮੁਰਾਦਾਂ ਪਾਵੇ।

ਸੌ ਦਾ ਨੋਟ ਇਕ ਪੱਲੇ ਬੱਧਾ,
ਪਾਇਆ ਦੱੁਧ ਵਿਚ ਡੋਲੂ ਦੇ।
ਅੱਗੜ ਪਿੱਛੜ ਦੋਵੇਂ ਤੁਰੀਆਂ
ਪੁੱਛ ਪੁਆਉਣੇ ਠੋਲ੍ਹੂ ਦੇ। 

ਬੋਹੜਾਂ ਥੱਲੇ ਸਾਧ ਸੀ ਬੈਠਾ,
ਛੱਪੜ ਕੰਢੇ ਡੇਰਾ ਲਾਈ।
ਇਕ ਚੇਲਾ ਪਿਆ ਲੱਤਾਂ ਘੁੱਟੇ,
ਇਕ ਰਗੜੇ ਸ਼ਰਦਾਈ।

ਰੱਖ ਰੁਪਈਏ ਟੇਕਿਆ ਮੱਥਾ,
ਸਾਧ ਨੇ ਨਜ਼ਰਾਂ ਚਾਈਆਂ।
ਕੀ ਬਿਪਤਾ ਭਈ ਆਣ ਬਣੀ ਹੈ?
ਸੁਬਾਹ- ਸਾਝਰੇ ਧਾਈਆਂ।

ਚੇਲੇ ਕਹਿੰਦੇ ਮਿਲਦਾ ਸਭ ਕੁਛ,
ਜੋ ਕੋਈ ਏਥੋਂ ਮੰਗੂਗਾ।
ਸਾਨੂੰ ਹੋ ਗਏ ਦੋਂਹ ਦੇ ਦਰਸ਼ਨ,
ਅੱਜ ਦਿਨ ਵਧੀਆ ਲੰਘੂਗਾ।

ਬਾਬੇ ਨੇ ਫਿਰ ਘੂਰੇ ਚੇਲੇ,
ਅੱਖ ਨਾਲ ਸੈਨਤ ਮਾਰੀ।
ਕੰਜਰੋ ਚਿੜੀਆਂ ਆਪੇ ਫ਼ਸੀਆਂ,
ਕਿਤੇ ਮਾਰ ਨਾ ਜਾਣ ਉਡਾਰੀ।

ਗੁੱਸਾ ਨਾ ਤੁਸੀਂ ਕਰਿਉ ਭਾਈ,
ਇਹ ਬਾਲਕ ਅਜੇ ਨਿਆਣੇ।
ਚੇਲੇ ਨਵੇਂ, ਮੈਂ ਹੁਣੇ ਹੀ ਮੁੰਨੇ,
ਹੋ ਜਾਣਗੇ ਜਲਦ ਸਿਆਣੇ।

ਹਾਂ ਭਾਈ, ਹੁਣ ਦੱਸੋ ਦੁੱਖੜਾ,
ਤੁਸੀਂ ਹਾਲ ਬਤਾਉ ਸਾਰਾ।
ਟੂਣਾ-ਟਾਮਣ ਕਰ ਗਿਆ ਕੋਈ,
ਜਾਂ ਕਾਲੇ ਜਾਦੂ ਦਾ ਕਾਰਾ।

ਸੱਸ ਕੁਲਿਹਣੀ ਦਾ ਹੈ ਰੌਲਾ?
ਜਾਂ ਲੈਂਦੈ ਘਰ ਵਾਲਾ ਪੰਗੇ।
ਦੇਖ ਗੁਆਂਢਣ ਸੜਦੀ ਤੈਨੂੰ,
ਐਵੇਂ ਛੜਾ ਜੇਠ ਪਿਆ ਖੰਘੇ।

ਜੰਤਰ ਮੰਤਰ ਪੜ੍ਹਾਂ ਮੈਂ ਐਸੇ,
ਮਗ਼ਰ ਇਨ੍ਹਾਂ ਦੇ ਚੀਜ਼ਾਂ ਲਾਵਾਂ।
ਟਿਕਟ ਦੇਵਾਂ ਮੈਂ ਪੱਕੀ ਧੁਰ ਦੀ,
ਖ਼ੂਨ ਇਨ੍ਹਾਂ ਦਾ ਪੀਣ ਬਲਾਵਾਂ। 

ਬਾਬਾ ਜੀ! ਨਾ ਗੱਲ ਅਜਿਹੀ,
ਸਾਡੀ ਤਾਂ ਕੋਈ ਲੈ ਗਿਆ ਘੋੜੀ।
ਮੈਂ ਤਾਂ ਪੁੱਛ ਪੁਆਉਣੇ ਆਈ,
ਥੋਡੇ `ਤੇ ਹੁਣ ਰੱਖੀ ਡੋਰੀ।

ਬਾਬਾ ਜੀ ਕਰੋ ਨਜ਼ਰ ਸਵੱਲੀ,
ਘਰ ਮਿਹਰਾਂ ਦੇ ਆਉ।
ਰੇਖ਼ ਮੇਖ਼ ਕੋਈ ਮਾਰੋ ਛੇਤੀ,
ਘੋੜੀ ਦੀ ਦੱਸ ਪਾਉ।

ਖੇਲ੍ਹ ਚੜ੍ਹੀ ਫਿਰ ਬਾਬੇ ਤਾਈਂ,
ਚਾਰੇ ਪਾਸੇ ਜਟਾਂ ਘੁੰਮਾਵੇ।
ਗੋਗੜ ਤੂੰਬੜ ਵਰਗੀ ਉਹਦੀ,
ਨਾਲ ਮਟਕ ਦੇ ਉਹਨੂੰ ਹਿਲਾਵੇ।

ਇਹ ਕਾਰਾ ਸਰਪੰਚ ਦਾ ਬੀਬੀ,
ਸਾਡਾ ਭੈਰੋਂ ਦੇਵੇ ਦੁਹਾਈਆਂ।
ਪਿਛਲੀ ਵਾਰੀ ਚੋਣਾਂ ਵੇਲੇ
ਤੁਸੀਂ ਵੋਟਾਂ ਨਹੀਂ ਉਹਨੂੰ ਪਾਈਆਂ।

ਏਸੇ ਗੱਲੋਂ ਖਿਝ ਕੇ ਉਹਨੇ,
ਇਹ ਕਾਰਾ ਕਰਵਾਇਆ।
ਬੰਦੇ ਭਾੜੇ ਉੱਤੇ ਸੱਦ ਕੇ,
ਇਹ ਡਾਕਾ ਮਰਵਾਇਆ।

ਸਾਡੀ ਪੁੱਛ ਅਟੱਲ ਹੈ ਹੁੰਦੀ,
ਹੁੰਦਾ ਜਿਉਂ ਧਰੂ ਤਾਰਾ।
ਨਾਮ ਨਹੀਂ ਸਾਡਾ ਕਿਧਰੇ ਲੈਣਾ,
ਨਹੀਂ ਪਾਪ ਲੱਗੂਗਾ ਭਾਰਾ।

ਭਲੇ ਵੇਲੇ ਤੂੰ ਆ ਗਈ ਬੀਬੀ,
ਕਿਸਮਤ ਸੀ ਤੇਰੀ ਚੰਗੀ।
ਘੋੜੀ ਹੁਣ ਅਗਾਂਹ ਨਹੀਂ ਜਾਂਦੀ,
ਮੁੜ ਆਊ ਡੰਡੀ ਡੰਡੀ।

ਘੋੜੀ ਵੇਚੀ ਮੁਕ’ਸਰ ਉਹਨੀਂ
ਸਰਪੰਚ ਦਾ ਅੱਧਾ ਹਿੱਸਾ।
ਕੀ ਕੀ ਤੈਨੂੰ ਦੱਸਾਂ ਬੀਬੀ,
ਇਹ ਲੰਮਾ ਹੈ ਕਿੱਸਾ।

ਦਾਰੂ ਦੀ ਇਕ ਬੋਤਲ ਬੀਬੀ,
ਇਕ ਕੁੱਕੜ ਕਾਲੇ ਰੰਗ ਦਾ।
ਸਾਨੂੰ ਤਾਂ ਨਹੀਂ ਲੋੜ ਇਨ੍ਹਾਂ ਦੀ,
ਇਹ ਚੀਜ਼ਾਂ ਭੈਰੋਂ ਮੰਗਦਾ।

ਦੜੀ ਦੇਸੀ ਨਾ ਚੁੱਕ ਲਿਆਈਂ,
ਇਹਨੂੰ ਭੈਰੋਂ ਮੂੰਹ ਨੀਂ ਲਾਉਂਦਾ।
ਖਰੀ ਜਿਹੀ ਕੋਈ ਹੋਵੇ ਵਿਸਕੀ,
ਉਹ ਫੇਰ ਹੀ ਖ਼ੁਸ਼ੀ ਮਨਾਉਂਦਾ।

ਚੁੱਪ-ਚੁਪੀਤੇ ਸ਼ਾਮ ਨੂੰ ਬੀਬੀ,
ਸਭ ਵਸਤਾਂ ਲੈ ਆਈਂ।
ਕੰਨੋਂ-ਕੰਨੀ ਖ਼ਬਰ ਨਾ ਹੋਵੇ,
ਮੂੰਹ ਮੰਗੀਆਂ ਮੁਰਾਦਾਂ ਪਾਈ।

ਘੋੜੀ ਦਾ ਨਾ ਫ਼ਿਕਰ ਕਰੀਂ ਤੂੰ,
ਹੁੰਦੀ ਉਹਦੀ ਟਹਿਲ ਐ ਪੂਰੀ।
ਦਾਣਾ-ਪੱਠਾ, ਪਾਣੀ-ਧਾਣੀ,
ਕੱਲ੍ਹ ਨੂੰ ਆ ਜਾਣੀ ਉਹ ਧੂਰੀ।

ਨਾਮ੍ਹੋ ਸੀ ਕੁਝ ਬੋਲਣ ਲੱਗੀ,
ਚੇਲੇ ਚੁੱਕਿਆ ਚਿਮਟਾ ਭਾਰਾ।
ਵਿਚੋਂ ਟੋਕ ਨਾ ਬਾਬਾ ਜੀ ਨੂੰ,
ਤੂੰ ਸੁਣ ਲੈ ਹੁਕਮ ਹਮਾਰਾ।

ਦੇਖ਼ ਕੇ ਚਿਮਟਾ ਨਾਮ੍ਹੋ ਡਰ ਗਈ,
ਕਰ ਹੌਸਲਾ ਬੰਤੋ ਬੋਲੀ।
ਸਾਧਾ ਤੈਨੂੰ ਕੁਝ ਨਹੀਂ ਆਉਂਦਾ,
ਐਵੇਂ ਪਾਊਨੈ ਕਾਵਾਂ ਰੌਲੀ।

ਬੂਬਨਿਆਂ ਤੂੰ ਠੱਗ ਐਂ ਪੂਰਾ,
ਐਵੇਂ ਜਾਨੈ ਗੱਪਾਂ ਜੋੜੀ,
ਔਂਤਰਿਆ ਮੇਰੀ ਚੋਰੀ ਹੋਈ,
ਸੇਵੀਆਂ ਵੱਟਣ ਵਾਲੀ ਘੋੜੀ। 

Tuesday, 15 October 2013

ਅਸੀਂ ਓਥੋਂ ਦੇ ਵਾਸੀ ਹਾਂ - ਨਿਮਰਬੀਰ ਸਿੰਘ

ਅਸੀਂ ਓਥੋਂ ਦੇ ਵਾਸੀ ਹਾਂ - ਨਿਮਰਬੀਰ ਸਿੰਘ

ਘੁੰਡ  ਚੱਕਦੀ  ਕੁਦਰਤ ਰਾਣੀਂ
ਘੁਲਦੀ ਕੰਨਾਂ ਵਿੱਚ ਗੁਰਬਾਣੀਂ
ਪੈਂਦੀ  ਚਾਟੀ  ਵਿੱਚ  ਮਧਾਣੀ
ਦੁੱਧ  ਰਿੜਕੇ  ਕੋਈ  ਸੁਆਣੀਂ
ਤੜਕੇ  ਜਾਣ  ਖ਼ੇਤਾਂ  ਨੂੰ ਹਾਣੀਂ
ਜਿੱਥੇ  ਰੋਟੀ  ਵੰਡ  ਕੇ ਖਾਣੀਂ
ਅਸੀ  ਓਥੋਂ  ਦੇ  ਵਾਸੀ  ਹਾਂ
ਜਿੱਥੇ ਜੁੜੇ ਬਾਬਿਆਂ ਦੀ ਢਾਣੀਂ
ਅਸੀਂ ਓਥੋਂ ਦੇ ਵਾਸੀ ਹਾਂ |

ਜਿੱਥੇ   ਪੌਣ   ਸ਼ੂਕਦੀ    ਆਵੇ
ਪੁੱਛਦੀ  ਮਹਿਕਾਂ  ਦੇ ਸਿਰਨਾਂਵੇਂ
ਸਬ  ਨੂੰ  ਲੈਂਦੀ  ਵਿੱਚ  ਕਲਾਵੇ
ਨਾਲੇ  ਕੁਦਰਤ  ਹੱਸੇ - ਗਾਵੇ
ਪਈ  ਕਲੀ - ਕਲੀ  ਮੁਸਕਾਵੇ
ਜਿੱਥੇ ਹਰ ਕੋਈ ਢੋਲੇ ਦੀਆਂ ਲਾਵੇ
ਅਸੀ  ਓਥੋਂ  ਦੇ  ਵਾਸੀ  ਹਾਂ
ਜਿੱਥੇ ਸਿਰ ਝੁਕਦਾ ਵੱਡਿਆਂ ਸਾਂਹਵੇਂ
ਅਸੀਂ ਓਥੋਂ ਦੇ ਵਾਸੀ ਹਾਂ |

ਖੇਤਾਂ  ਵਿੱਚ  ਸੁਰਤਾਂ  ਭੁਲਾਈਆਂ
ਦਾਤੀਆਂ ਉਂਗਲਾਂ ਤੇ ਮਰਵਾਈਆਂ
ਪਾਟੀਆਂ ਪੈਰਾਂ ਦੀਆਂ ਵਿਆਈਆਂ
ਭੁੱਖਾਂ  - ਤੇਹਾਂ   ਵੀ  ਹੰਢਾਈਆਂ
ਜ਼ਰੀਆਂ ਕੁਦਰਤ ਦੀਆਂ ਮਨਆਈਆਂ
ਜਿੱਥੇ  ਕੀਤੀਆਂ  ਸਖ਼ਤ ਕਮਾਈਆਂ
ਅਸੀ  ਓਥੋਂ  ਦੇ  ਵਾਸੀ  ਹਾਂ
ਜਿੱਥੇ ਮਿਹਨਤਾਂ ਨਾਲ ਚੜਾਈਆਂ
ਅਸੀਂ ਓਥੋਂ ਦੇ ਵਾਸੀ ਹਾਂ |

ਜੋ ਸੱਭਿਆਚਾਰ ਨੂੰ ਲਾਵੇ ਖੋਰਾ
ਉਹ ਜ਼ੁਬਾਨ ਨਾਂ ਬੋਲੀਏ ਭੋਰਾ
ਸਾਡੀਆਂ ਦਾਤੇ ਦੇ ਹੱਥ ਡੋਰਾਂ
ਚੜੀਆਂ ਰਹਿਣ ਸਦਾ ਹੀ ਲੋਰਾਂ
ਕਿਸੇ ਨੂੰ ਬੋਲ ਨਾ ਬੋਲੀਏ ਕੌੜਾ
ਜਿੱਥੇ ਹਰ ਬੰਦਾ ਸੱਚਾ-ਕੋਰਾ
ਅਸੀਂ ਓਥੋਂ ਦੇ ਵਾਸੀ ਹਾਂ 
ਜਿੱਥੇ ਪਿਆਰ ਦੀਆਂ ਨਾਂ ਥੋੜਾਂ
ਅਸੀਂ ਓਥੋਂ ਦੇ ਵਾਸੀ ਹਾਂ |

ਜਿੱਥੇ  ਘਰ  ਛੋਟੇ ,ਵੱਡੇ ਕਿਰਦਾਰ
ਬੋਲੀ ਵਿੱਚ ਲਿਆਕਤ ਅਤੇ ਪਿਆਰ
ਹੋਵੇ  ਸਭ  ਧਰਮਾਂ  ਦਾ  ਸਤਿਕਾਰ
ਪਿੰਡ  ਤੇ   ਖੇਤ   ਸਾਡਾ  ਸੰਸਾਰ
ਸਿਰ  ਤੇ  ਹੱਥ  ਰੱਖਦਾ  ਕਰਤਾਰ
ਜਿੱਥੇ  ਘੁੱਗ  ਵੱਸਦੇ  ਪਰਿਵਾਰ
ਅਸੀ  ਓਥੋਂ  ਦੇ  ਵਾਸੀ  ਹਾਂ
ਜਿੱਥੇ ਦਿਲਾਂ ਚ੍ ਨਾਂਹੀ ਖ਼ਾਰ
ਅਸੀਂ ਓਥੋਂ ਦੇ ਵਾਸੀ ਹਾਂ |
-----੦-----

Monday, 14 October 2013

ਅੱਲ੍ਹਾ ਮੀਆਂ ਥੱਲੇ ਆ - ਸਾਈਂ ਅਖ਼ਤਰ ਲਹੌਰੀ

ਅੱਲ੍ਹਾ ਮੀਆਂ ਥੱਲੇ ਆ - ਸਾਈਂ ਅਖ਼ਤਰ ਲਹੌਰੀ


ਅੱਲ੍ਹਾ ਮੀਆਂ ਥੱਲੇ ਆ, ਆਪਣੀ ਦੁਨੀਆਂ ਵਿਹੰਦਾ ਜਾ,
ਜਾਂ ਅਸਮਾਨੋਂ ਰਿਜ਼ਕ ਵਰ੍ਹਾ ਜਾਂ ਫਿਰ ਕਰ ਜਾਂ ਮੁੱਕ ਮੁਕਾ।

ਤੈਨੂੰ ਧੀ ਵਿਆਹੁਣੀ ਪੈਂਦੀ । ਨਾਨਕੀ ਛੱਟ ਬਣਾਣੀ ਪੈਂਦੀ ।
ਰੁੱਸੀ ਭੈਣ ਮਨਾਉਣੀ ਪੈਂਦੀ । ਲੱਥ ਜਾਂਦੇ ਸਭ ਤੇਰੇ ਚਾਅ ।
ਅੱਲ੍ਹਾ ਮੀਆਂ ਥੱਲੇ ਆ !........

ਤੇਰੇ ਘਰ ਨਾ ਦਾਣੇ ਹੁੰਦੇ । ਪਾਟੇ ਲੇਫ ਪੁਰਾਣੇ ਹੁੰਦੇ ।
ਕਮਲ਼ੇ ਲੋਕ ਸਿਆਣੇ ਹੁੰਦੇ । ਪਾ ਦੇਂਦੇ ਤੈਨੂੰ ਘਬਰਾ ।
ਅੱਲ੍ਹਾ ਮੀਆਂ ਥੱਲੇ ਆ !........

ਮੁੱਲਾਂ ਕਾਜ਼ੀ ਢਿੱਡੋਂ ਖੋਟੇ । ਵੱਢੀ ਖਾ ਖਾ ਹੋ ਗਏ ਮੋਟੇ ।
ਸੱਚ ਆਖਾਂ ਤੇ ਮਾਰਨ ਸੋਟੇ । ਮਗਰੋਂ ਦੇਂਦੇ ਫਤਵਾ ਲਾ ।
ਅੱਲ੍ਹਾ ਮੀਆਂ ਥੱਲੇ ਆ !........

ਬੁਸ਼ ਬਣਿਆ ਫਰਊਨ ਖ਼ੁਦਾਇਆ । ਖ਼ਲਕ ਦੀ ਨੱਪੀ ਧੌਣ ਖ਼ੁਦਾਇਆ ।
ਖਾਏ ਇਨਸਾਨੀ ਲੂਣ ਖ਼ੁਦਾਇਆ । ਆ ਕੇ ਸਾਡੀ ਧੌਣ ਛੁਡਾ ।  
ਅੱਲ੍ਹਾ ਮੀਆਂ ਥੱਲੇ ਆ !........

ਇਕ ਵਾਸ਼ਿੰਗਟਨ ਦਾ ਬਾਸ਼ਿੰਦਾ । ਅਜੇ ਤੀਕ ਜੋ ਨਾ ਸ਼ਰਮਿੰਦਾ ।
ਜਾਪਾਨੀ ਨੇ ਫੇਰ ਵੀ ਜ਼ਿੰਦਾ । ਇਹਦੇ ਮੂੰਹ ਵੀ ਜਿੰਦਰੇ ਲਾ । 
ਅੱਲ੍ਹਾ ਮੀਆਂ ਥੱਲੇ ਆ !........

ਮੰਡੀਆਂ ਗੈਰਾਂ ਹੱਥ ਫੜਾਈਆਂ । ਉਤੋਂ ਅੱਤ ਚੁੱਕੀ ਧੜਵਾਈਆਂ ।
ਛੱਡ ਦੇ ਹੁਣ ਤੂੰ ਬੇਪਰਵਾਹੀਆਂ । ਤੀਜਾ ਜਗਤ ਆਜ਼ਾਦ ਕਰਾ । 
ਅੱਲ੍ਹਾ ਮੀਆਂ ਥੱਲੇ ਆ !........

 'ਗੋਰਬੇ'(ਚੇਵ) ਕਰ ਕੇ ਰੂਸ ਦੇ ਟੋਟੇ । ਪੰਧ ਅਵਾਮ ਦੇ ਕੀਤੇ ਖੋਟੇ ।
ਨਿੱਜਕਾਰਾਂ ਹੱਥ ਦੇ ਕੇ ਸੋਟੇ । ਰੂਸ 'ਚ ਦਿੱਤੀ ਭੁੱਖ ਨਚਾ ।
ਅੱਲ੍ਹਾ ਮੀਆਂ ਥੱਲੇ ਆ !........

ਇਕ ਦੂਜੇ 'ਤੇ ਪਾਣ ਲਈ ਗ਼ਲਬਾ । ਕਰ ਛੱਡਿਆ ਨੇ ਕਾਬਲ ਮਲਬਾ ।
ਬੰਦ ਸਕੂਲ ਤੇ ਮਰ ਗਏ ਤਲਬਾ । ਇਹਨਾਂ ਤੋਂ ਇਸਲਾਮ ਬਚਾ ।
ਅੱਲ੍ਹਾ ਮੀਆਂ ਥੱਲੇ ਆ !........ 

ਮੁੱਲਾਂ ਪੰਡਤ ਧਰਮ ਲਤਾੜਿਆ । ਦੋਹਾਂ ਘਰ ਤੇਰਾ ਕਬਜ਼ਾਇਆ ।
ਪੰਡਤ ਮਸਜਦ ਮਲਬਾ ਚਾਇਆ । ਮੁੱਲਾਂ ਦਿੱਤੇ ਮੰਦਰ ਢਾਹ ।  
ਅੱਲ੍ਹਾ ਮੀਆਂ ਥੱਲੇ ਆ !........

ਜੰਗ ਅਮਰੀਕੀ ਲੜ ਅਫ਼ਗਾਨਾਂ । ਘਰ ਕੀਤੇ ਬਰਬਾਦ ਨਾਦਾਨਾਂ ।
ਮੇਰੇ ਦੇਸ਼ 'ਚ ਖੋਲ ਦੁਕਾਨਾਂ । ਘਰ ਘਰ ਦਿੱਤੇ ਵੈਣ ਪਵਾ । 
ਅੱਲ੍ਹਾ ਮੀਆਂ ਥੱਲੇ ਆ !........

Wednesday, 4 September 2013

ਭੁੰਨਵੇਂ ਚੌਲ - ਤੇਜਾ ਸਿੰਘ ‘ਤੇਜ’ ਕੋਟਲੇ ਵਾਲਾ

ਭੁੰਨਵੇਂ ਚੌਲ - ਤੇਜਾ ਸਿੰਘ ‘ਤੇਜ’ ਕੋਟਲੇ ਵਾਲਾ

ਗੁੰਮ ਗਈਆਂ ਰੌਣਕਾਂ, ਗਿਆ ਉਹ ਮਾਹੌਲ ਕਿੱਥੇ।
ਕੱਪ ਤੇ ਪਲੇਟਾਂ ਆਈਆਂ, ਥਾਲੀਆਂ ਤੇ ਕੌਲ ਕਿੱਥੇ।

ਨਿਆਣਿਆਂ ਦੇ ਜੰਮਣੇ ‘ਤੇ, ਘਰ ਘਰ ਰੋਕ ਲੱਗੀ,
ਪਹਿਲਾਂ ਵਾਂਗ ਚੌਂਕਿਆਂ ‘ਚ, ਬੈਠਦੀ ਸਤੌਲ ਕਿੱਥੇ।

ਜਿਹੜੇ ਘਰ ਬੱਚਿਆਂ ‘ਤੇ, ਲੱਗਾ ਹੈ ਸਦੀਵੀ ਨਾਕਾ,
ਦਾਈ ਕੀਹਨੇ ਸੱਦਣੀ, ਤੇ ਪੈਣੀ ਭਲਾ ”ਔਲ” ਕਿੱਥੇ।

ਕਈ ਕਈ ਮਹੀਨੇ, ਪਾੜ੍ਹੇ-ਪਾੜ੍ਹੀਆਂ ਨਾ ਘਰੀਂ ਆਉਣ,
ਬਦਲਿਆ ਜ਼ਮਾਨਾ, ਪੈਂਦਾ, ਮਾਪਿਆਂ ਨੂੰ ਹੌਲ ਕਿੱਥੇ।

ਬੱਚੇ ਜਦੋਂ, ”ਦਿਸ ਇਜ਼ ਮਾਈ ਲਾਈਫ਼” ਆਖਦੇ ਤਾਂ,
ਪਹਿਲਾਂ ਵਾਂਗੂੰ ਮਾਪਿਆਂ ਤੋਂ, ਵੱਜਦੀ ਏ ਧੌਲ ਕਿੱਥੇ।

ਅੱਜ ਦਿਆਂ ਨਸ਼ਿਆਂ, ਜਵਾਨੀ ਤਾਂਈ ਖੋਰਾ ਲਾਇਆ,
ਗੱਭਰੂ ਤੇ ਨੱਢੀਆਂ ਦੀ, ਪਹਿਲੀ ਡੀਲ ਡੌਲ ਕਿੱਥੇ।
ਬਜ਼ੁਰਗਾਂ ਦੇ ਕੋਲੋਂ ਬੱਚੇ, ਜੀਣ ਜਾਚ ਸਿੱਖਦੇ ਸੀ,
ਸਿਆਣਿਆਂ ਦੀ ਗੱਲ ਭਲਾ, ਹੁੰਦੀ ਅੱਜ ਗੌਲ ਕਿੱਥੇ।

ਭੁੱਲ ਗਿਆ ਚੇਤਾ, ਗੱਲ ਇੱਕੋ ਹੀ ਔਲਾਦ ਕਹਿੰਦੀ,
ਕੰਮ, ਮਾਪੇ ਕਹਿਣ ਅੱਗੇ, ਹੁੰਦੀ ਹੈਸੀ ਘੌਲ ਕਿੱਥੇ।

ਬਰਗਰ ਤੇ ਪੀਜ਼ਾ ਅੱਜ, ਪਾਸਤਾ ਪ੍ਰਾਹੁਣਿਆਂ ਲਈ,
ਗੁੜ ਵਾਲੇ ਭੁੰਨਵੇਂ ਉਹ, ਬਣਦੇ ਨੇ ਚੌਲ ਕਿੱਥੇ।

ਸਕਰਟ, ਜੀਨਾਂ, ਪੈਂਟਾਂ, ਲਿਬਾਸ ਅੱਜ ਕੁੜੀਆਂ ਦਾ,
ਸੂਟ ਕੀਹਨੇ ਪਾਉਣੇ, ਲੱਗੇ ਸਾੜ੍ਹੀਆਂ ਨੂੰ ਫੋਲ ਕਿੱਥੇ।

”ਤੇਜ ਤੇਰੇ ਕੋਟਲੇ” ਦੇ, ਥੜ੍ਹਿਆਂ ‘ਤੇ ਹੁੰਦਾ ਸੀ ਉਹ,
ਲੱਭਿਆਂ ਨਾ ਲੱਭਾ, ਗਿਆ ਠੱਠਾ ਤੇ ਮਖੌਲ ਕਿੱਥੇ।

Monday, 2 September 2013

ਬਲਿਹਾਰੀ ਕੁਦਰਤਿ ਵਸਿਆ - ਜਸਵਿੰਦਰ ਸਿੰਘ “ਰੁਪਾਲ”

ਬਲਿਹਾਰੀ ਕੁਦਰਤਿ ਵਸਿਆ - ਜਸਵਿੰਦਰ ਸਿੰਘ “ਰੁਪਾਲ” 


ਤੇਜ ਦੌੜਦੀ ਜਿੰਦਗੀ ਦੇ ਭੀੜ ਭੜੱਕੇ ਅਤੇ ਸ਼ੋਰ ਸ਼ਰਾਬੇ ਤੋਂ ਪਰ੍ਹੇ ਕਦੇ ਕੁਦਰਤ ਨੂੰ ਨੇੜਿਓਂ ਤੱਕੀਏ ਤਾਂ ਮਨ ਸੱਚਮੁੱਚ ਵਿਸਮਾਦ ਵਿੱਚ ਆ ਜਾਂਦਾ ਹੈ। ਕੁਦਰਤ ਵਿੱਚ ਛੁਪ ਬੈਠੇ ਕਾਦਰ ਨੂੰ ਨਮਸਕਾਰ ਕਰਦਾ ਹੈ। ਸਹਿਜ ਅਤੇ ਆਨੰਦ ਦੇ ਉਹ ਪਲ ਜਿੰਦਗੀ ਦਾ ਅਨਮੋਲ ਸਾਂਭਣਯੋਗ ਕੀਮਤੀ ਸਰਮਾਇਆ ਬਣ ਜਾਂਦੇ ਹਨ। … …
ਸਭ ਤੋਂ ਪਹਿਲਾਂ ਊਰਜਾ ਦੇ ਮੁੱਖ ਸਰੋਤ ਸੂਰਜ ਨੂੰ ਤੱਕੋ। ਅਰਬਾਂ ਖਰਬਾਂ ਸਾਲਾਂ ਤੋਂ ਬਿਨਾਂ ਕਿਸੇ ਵਿਤਕਰੇ ਦੇ ਸਭ ਨੂੰ ਜੀਵਨ ਦਾਨ ਦੇ ਰਿਹਾ ਹੈ। ਸੱਚਮੁੱਚ ਦੇਣਾ ਹੀ ਜੀਵਨ ਹੈ ਅਤੇ ਉਹ ਵੀ ਕਿਸੇ ਤਰਾਂ ਦੇ ਵਿਤਕਰੇ ਤੋਂ ਬਿਨਾਂ। ਹਵਾ, ਪਾਣੀ ਅਤੇ ਦਰਤ ਨੇ ਵੀ ਸਮਦ੍ਰਿਸ਼ਟੀ ਸੂਰਜ ਤੋਂ ਹੀ ਸਿੱਖੀ ਲੱਗਦੀ ਹੈ। ਅਸੀਂ ਇਨਾਂ ਦੀਆਂ ਦਾਤਾਂ ਨੂੰ ਮਾਣਦੇ ਹੋਏ ਵੀ ਕਿਉਂ ਵਖਰੇਵਿਆਂ ਵਿੱਚ ਪੈ ਜਾਂਦੇ ਹਾਂ? ਕਿਉਂ ਨਹੀਂ ਇਨਾਂ ਕੁਦਰਤੀ ਦਾਤਾਂ ਵਾਂਗ ਆਪਣੀ ਸੋਚ ਨੂੰ ਸਰਬੱਤ ਲਈ ਇੱਕੋ ਜਿਹੀ ਰੱਖਦੇ? … …
ਆਓ ਗਗਨ-ਚੁੰਬੀ ਪਰਬਤਾਂ ਦੀ ਗੱਲ ਕਰੀਏ। ਇੱਕ ਪਾਸੇ ਧਰਤ ਨਾਲ ਸਾਂਝ ਰੱਖਦੇ, ਆਸਮਾਨ ਨਾਲ ਗੱਲਾਂ ਕਰਦੇ ਹੋਏ ਇਹ ਪਰਬਤ ਸਾਨੂੰ ਅਡੋਲਤਾ ਅਤੇ ਦ੍ਰਿੜ ਵਿਸ਼ਵਾਸ਼ ਦੀ ਪ੍ਰੇਰਨਾ ਦਿੰਦੇ ਹਨ। ਇਨਾਂ ਦੀ ਕੁੱਖ ਚੋਂ ਸ਼ੂਕਦੀਆਂ ਨਦੀਆਂ, ਜੋ ਮੈਦਾਨਾਂ ਵੱਲ ਆ ਰਹੀਆਂ ਹਨ, ਸਾਨੂੰ ਸਦਾ ਚਲਦੇ ਰਹਿਣ ਦਾ ਸੰਦੇਸ਼ ਦਿੰਦੀਆਂ ਹਨ। ਚਲਦੇ ਰਹਿਣਾ ਹੀ ਜੀਵਨ ਹੈ ਅਤੇ ਰੁਕਣਾ ਮੌਤ। ਹਰ ਨਦੀ ਦੀ ਆਖਰੀ ਮੰਜਲ ਸਮੁੰਦਰ ਵਿੱਚ ਸਮਾ ਜਾਣਾ ਹੈ। ਜਿੰਨੀ ਦੇਰ ਵੇਗ ਨਾਲ ਚਲਦੀ ਰਹਿੰਦੀ ਹੈ, ਸਭ ਰੁਕਾਵਟਾਂ ਦੂਰ ਕਰਦੀ ਜਾਂਦੀ ਹੈ ਅਤੇ ਮੈਲ੍ਹਾਂ ਨੂੰ ਧੋਂਦੀ ਜਾਂਦੀ ਹੈ, ਪਰ ਜੇ ਕਿਧਰੇ ਮਾਰੂਥਲਾਂ ਚ’ ਗਵਾਚ ਜਾਏ, ਤਾਂ ਉਸਦੀ ਆਪਣੀ ਹੋਂਦ ਹੀ ਜਾਂਦੀ ਰਹਿੰਦੀ ਹੈ। ਪਰਬਤਾਂ ਤੋਂ ਡਿਗਦੇ ਝਰਨੇ ਅਤੇ ਧਰਤ ਤੋਂ ਪੂਰੇ ਵੇਗ ਨਾਲ ਆ ਰਹੇ ਚਸ਼ਮੇ, ਜੀਵਨ ਦੇ ਭੇਦਾਂ ਵੱਲ ਇਸ਼ਾਰਾ ਕਰਦੇ ਹਨ। ਕਿਧਰੇ ਹਲਕੀ ਬੂੰਦਾਬਾਂਦੀ, ਕਿਧਰੇ ਧੁੱਪ ਤੇ ਮੀਂਹ, ਕਿਧਰੇ ਬਰਫ਼ਬਾਰੀ, ਕਿਧਰੇ ਜਵਾਲਾਮੁਖੀ ਜਾਂ ਆਪਣੇ ਆਪ ਨਿਕਲਦੀਆਂ ਲਾਟਾਂ ਬ੍ਰਹਿਮੰਡੀ ਡਰਾਮੇ ਦੇ ਅਲੱਗ ਅਲੱਗ ਕਾਂਡ ਹਨ। …. .
ਬੜੀ ਮਿੱਠੀ ਮਿੱਠੀ ਹਵਾ ਆ ਰਹੀ ਹੈ। ਜਰੂਰ ਹਵਾ ਭਾਂਤ ਭਾਂਤ ਦੇ ਖੁਸ਼ਬੂਦਾਰ ਫੁੱਲਾਂ ਤੋਂ ਹੋ ਕੇ ਆਈ ਹੈ। ਆਓ! ਜ਼ਰਾ ਅੱਖਾਂ ਨੂੰ ਇਨ੍ਹਾਂ ਨਜ਼ਾਰਿਆਂ ਨਾਲ ਭਰ ਲਈਏ। ਵਾਹ! ਕਿੰਨੇ ਸੋਹਣੇ ਛੋਟੇ ਵੱਡੇ, ਵੱਖ ਵੱਖ ਆਕਾਰ ਦੇ ਫੁੱਲ ਆਪਣੀ ਵੱਖਰੀ ਵੱਖਰੀ ਕਹਾਣੀ ਕਹਿ ਰਹੇ ਹਨ। ਜੇ ਕਿਧਰੇ ਭੌਰ ਅਤੇ ਤਿਤਲੀਆਂ ਇਨ੍ਹਾਂ ਫੁੱਲਾਂ ਦਾ ਰਸ ਪੀ ਕੇ ਨਿਹਾਲ ਹੋ ਰਹੇ ਹਨ ਤਾਂ ਐਸੇ ਫੁੱਲ ਵੀ ਹਨ ਜੋ “ਕੀਟਾਂ” ਨੂੰ ਆਪਣੀ ਖੁਰਾਕ ਬਣਾ ਲੈਂਦੇ ਹਨ। ਵੱਖੋ ਵੱਖ ਡੰਡੀਆਂ, ਪੱਤਿਆਂ ਅਤੇ ਕੰਡਿਆਂ ਵਿੱਚ ਘਿਰੇ ਹੋਏ ਇਹ ਫੁੱਲ ਕੁਦਰਤ ਦਾ ਅਨਮੋਲ ਤੋਹਫਾ ਹੈ।
ਆਓ ਪੰਛੀਆਂ ਦੇ ਸੰਗੀਤ ਨਾਲ ਇੱਕ ਮਿੱਕ ਹੋਣ ਦੀ ਕੋਸ਼ਿਸ਼ ਕਰੀਏ। ਚਿੜੀਆਂ ਦੀ ਚੀਂ ਚੀਂ, ਕੋਇਲ ਦੀ ਕੂ ਕੂ, ਕਾਵਾਂ ਦੀ ਕਾਂ ਕਾਂ, ਭੌਰਿਆਂ, ਬੁਲਬੁਲਾਂ, ਤੋਤਿਆਂ, ਮੋਰਾਂ, ਘੁੱਗੀਆਂ ਗਟਾਰਾਂ ਅਤੇ ਹੋਰ ਜਾਨਵਰਾਂ ਦੀਆਂ ਵੱਖ ਵੱਖ ਆਵਾਜਾਂ ਨੂੰ ਪੂਰੇ ਧਿਆਨ ਨਾਲ ਸੁਣੋ। ਜਾਪਦੈ ਜਿਉ ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਹਨ। ਕਈ ਵਾਰੀ ਚੁੱਪ ਬੈਠਿਆਂ ਨੂੰ ਅੱਖਾਂ ਚ’ ਅੱਖਾਂ ਪਾ ਕੇ ਵੇਖੋ, ਇੱਕ ਪ੍ਰੇਮ ਭਰਿਆ ਸਕੂਨ ਮਿਲੇਗਾ। … … ….
ਬੱਦਲਾਂ ਦੀ ਜੋਰਦਾਰ ਗੜ੍ਹਗੜਾਹਟ ਦਾ ਆਪਣਾ ਹੀ ਮਜ਼ਾ ਹੈ। ਮੀਂਹ ਵਿੱਚ ਭਿੱਜਣ ਦਾ ਅਤੇ ਨਹਾਉਣ ਦਾ ਅਸਲ ਲੁਤਫ਼ ਉਨ੍ਹਾਂ ਨੂੰ ਹੀ ਮਿਲ ਸਕਦਾ ਹੈ, ਜਿਹੜੇ ਲੋਕ ਲਾਜ਼ ਨੂੰ ਛੱਡ ਕੇ ਨਹਾਉਣ ਦਾ ਹੌਂਸਲਾ ਰੱਖਦੇ ਹਨ। ਹੁਣ ਤੱਕ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਆਏ ਹੋ, ਠੀਕ ਹੈ ਕਰੋ, ਪਰ ਡੁੱਬਦੇ ਸੂਰਜ ਦੀ ਲਾਲੀ ਨੂੰ ਅੱਖੋਂ ਓਹਲੇ ਨਾ ਕਰ ਦੇਣਾ। ਸਿਰਫ਼ ਪੁੰਨਿਆ ਦੇ ਚੰਨ ਦੀ ਤਾਰੀਫ਼ ਹੀ ਨਾ ਕਰਦੇ ਰਹਿਣਾ, ਯਾਰੋ ਮੱਸਿਆ ਦਾ ਆਪਣਾ ਨਜ਼ਾਰਾ ਹੈ। ਗੂੜ੍ਹੀ ਕਾਲ਼ੀ ਰਾਤ ਨੂੰ ਵੀ ਮਾਣਨਾ ਸਿੱਖੀਏ। ਕਾਲ਼ੀ ਕਾਲ਼ੀ ਰਾਤ ਵਿੱਚ ਆਕਾਸ਼ ਤੇ ਚਮਕਦੇ ਅਤੇ ਲੁਕਣ ਮੀਚੀ ਖੇਡਦੇ ਹੋਏ ਤਾਰੇ ਜਿੰਦਗੀ ਦੇ ਉਤਾਰ ਚੜ੍ਹਾਂਅ ਵੱਲ ਇਸ਼ਾਰਾ ਕਰਦੇ ਹਨ। ਹਰ ਦਿਨ ਤੋਂ ਬਾਅਦ ਰਾਤ ਅਤੇ ਹਰ ਰਾਤ ਤੋਂ ਬਾਅਦ ਦਿਨ ਦਾ ਆਉਣਾ ਇੱਕ ‘ਅਗੰਮੀ ਸਿਧਾਂਤ’ - “ਸਭ ਕੁੱਝ ਬਦਲਦਾ ਹੈ ਪਰ ਪਰੀਵਰਤਨ ਦਾ ਨਿਯਮ ਨਹੀਂ ਬਦਲਦਾ” - ਦੀ ਬਾਤ ਪਾਉਂਦਾ ਹੈ, ਤਾਂ ਫਿਰ ਅਸੀਂ ਕਿਉਂ ਕਿਸੇ ਗ਼ਮੀ ਜਾਂ ਖੁਸ਼ੀ ਨੂੰ ਦਿਲ ਚ’ ਸੰਭਾਲੀ ਰੱਖਦੇ ਹਾਂ? ਜਦਕਿ ਉਹ ਚਿਰ ਸਥਾਈ ਨਹੀਂ।
ਆਓ! ਬਾਗਾਂ ਦੀ ਖੂਬਸੂਰਤੀ ਨਾਲੋਂ ਜੰਗਲ ਵਿੱਚੋਂ ਸੁਹੱਪਣ ਦੀ ਭਾਲ ਕਰੀਏ। ਵੱਖ ਵੱਖ ਰੰਗਾਂ ਅਕਾਰਾਂ ਅਤੇ ਅਲੱਗ ਅਲੱਗ ਤਰਾਂ ਦੇ ਗੁਣਾਂ ਵਾਲੀ ਬਨਸਪਤੀ ਇੱਥੇ ਮਿਲਦੀ ਹੈ। ਇੱਕ ਪਾਸੇ ਜੀਵਨ ਦਾਨ ਦੇਣ ਵਾਲੇ ਅਉਖਧੀ ਭਰਪੂਰ ਬੂਟੇ ਵੀ ਹਨ ਤਾਂ ਦੂਜੇ ਪਾਸੇ ਜਹਿਰੀਲੇ ਬੂਟੇ ਵੀ ਹਨ ਜਿਹੜੇ ਪਲ ਚ’ ਜੀਵਨ ਨੂੰ ਮੌਤ ਵਿੱਚ ਬਦਲ ਦੇਣ। ਅਨਿਸ਼ਚਤਤਾ ਅਤੇ ਬੇਤਰਤੀਬੀ- (ਜੋ ਜੰਗਲ ਦੀ ਲਖਾਇਕ ਹ) ੈ-ਵਿੱਚ ਪੂਰਨ ਆਜ਼ਾਦੀ ਦੇ ਨਿੱਘ ਦਾ ਅਹਿਸਾਸ ਛੁਪਿਆ ਹੈ। ਵੱਖ ਵੱਖ ਤਰਾਂ ਦੇ ਜੰਗਲੀ ਜੀਵਾਂ ਦਾ ਨਿਵਾਸ ਸਥਾਨ ਵੀ ਹੈ ਇਹ। ਇਸ ਜੰਗਲ ਵਿੱਚ ਜੀਵਨ ਅਤੇ ਮੌਤ ਦੀ ਧਾਰਾ ਨਿਰੰਤਰ ਚਲਦੀ ਰਹਿੰਦੀ ਹੈ। ਅਸਲ ਵਿੱਚ ‘ਜਿਉਂਦੇ ਰਹਿਣ ਲਈ ਸੰਘਰਸ਼’ ਦਾ ਸਬਕ ਸਾਨੂੰ ਜੰਗਲ ਹੀ ਸਿਖਾ ਸਕਦੇ ਹਨ। … ….
ਜਾਂਦੇ ਜਾਂਦੇ ਸਮੁੰਦਰਾਂ ਦੀ ਗਹਿਰਾਈ ਅਤੇ ਆਕਾਸ਼ਾਂ ਦੀ ਉਚਾਈ ਵੀ ਮਾਪਦੇ ਚੱਲੀਏ। ਸਮੁੰਦਰ ਦੀ ਵਿਸ਼ਾਲਤਾ ਅਤੇ ਡੂੰਘਾਈ, ਆਪਣੇ ਜਵਾਰ-ਭਾਟੇ ਦੇ ਬਾਵਜੂਦ; ਜਿੰਦਗੀ ਦੀ ਅਸੀਮ ਸਮਰੱਥਾ ਅਤੇ ਸਥਿਰਤਾ ਵੱਲ ਇਸ਼ਾਰਾ ਕਰਦੀ ਹੈ। ਆਕਾਸ਼ ਦੀ ਵਿਸ਼ਾਲਤਾ, ਸ਼ਾਂਤੀ, ਅਣਹੋਂਦ ਚੋਂ ਹੋਂਦ ਨੂੰ ਲੱਭਣ ਦਾ ਯਤਨ, ਇੱਕ ਅਣਦਿਸਦੇ ਪ੍ਰਭੂ ਵਾਂਗ ਹੈ ਜੋ ਨਾ ਹੁੰਦੇ ਹੋਏ ਵੀ ਹੋਣ ਦਾ ਵਿਸ਼ਵਾਸ਼ ਦੁਆਉਂਦਾ ਹੈ ਅਤੇ ਆਪ ਬੇਪਰਦ ਹੋ ਕੇ ਸਭ ਦੇ ਪਰਦੇ ਵੀ ਕੱਜਦਾ ਹੈ। ਸਭ ਨੂੰ ਉਤਾਂਹ ਉੱਠਣ ਅਤੇ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦਾ ਹੈ।
ਕਦੇ ਕਦੇ ਆਤਮਾ ਦੇ ਤਲ ਤੋਂ, ਧੁਰ ਅੰਦਰ ਤੋ, ਕਾਦਰ ਦੀ ਇਸ ਕੁਦਰਤ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰੀਏ। ਜਰੂਰੀ ਨਹੀਂ ਘਰ ਛੱਡ ਕੇ ਜੰਗਲਾਂ, ਪਰਬਤਾਂ ਜਾਂ ਸਮੁੰਦਰਾਂ ਵੱਲ ਦੌੜੀਏ। ਆਪਣੇ ਅੰਦਰੋਂ ਹੀ ਇਨ੍ਹਾਂ ਦੀ ਹੋਂਦ ਨੂੰ, ਇਨ੍ਹਾਂ ਦੇ ਗੁਣਾਂ ਨੂੰ ਅਤੇ ਸੰਦੇਸ਼ ਨੂੰ ਯਾਦ ਕਰੀਏ ਤਾਂ ਕਿ ਉਸ ਕਾਦਰ ਨਾਲ ਵੀ ਸਾਂਝ ਪਾਈ ਜਾ ਸਕੇ।
------------------------00000--------------------------
ਜਸਵਿੰਦਰ ਸਿੰਘ “ਰੁਪਾਲ”
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126

ਜ਼ਿੰਦਗੀ - ਸੁਖਵਿੰਦਰ ਅੰਮ੍ਰਿਤ

ਜ਼ਿੰਦਗੀ - ਸੁਖਵਿੰਦਰ ਅੰਮ੍ਰਿਤ


ਰੇਤ ਹੈ, ਨੀਰ ਹੈ, ਜਾਂ ਹਵਾ ਜ਼ਿੰਦਗੀ
ਹੈ ਸਵਾਲਾਂ ਦਾ ਹੀ ਸਿਲਸਿਲਾ ਜ਼ਿੰਦਗੀ

ਚੰਨ ਸੂਰਜ ਕਈ ਭਾਲਦੇ ਟੁਰ ਗਏ
ਤੇਰਾ ਲੱਗਿਆ ਨਾ ਕੋਈ ਪਤਾ ਜ਼ਿੰਦਗੀ

ਰਾਤ ਦਿਨ ਸੁਆਸ ਦਰ ਸੁਆਸ ਤੁਰਦਾ ਰਹੇ
ਧੁੱਪਾਂ ਛਾਵਾਂ ਦਾ ਹੈ ਕਾਫ਼ਲਾ ਜ਼ਿੰਦਗੀ

ਆਖ਼ਰੀ ਸੁਆਸ ਤਕ ਤੇਰੀ ਖ਼ਾਹਿਸ਼ ਰਹੇ
ਹਾਏ, ਕੈਸਾ ਹੈ ਤੇਰਾ ਨਸ਼ਾ ਜ਼ਿੰਦਗੀ

ਛੱਡ ਕੇ ਤੜਪਦੀ ਖ਼ਾਕ ਨੂੰ, ਐ ਦਿਲਾ
ਹੋ ਹੀ ਜਾਂਦੀ ਹੈ ਇਕ ਦਿਨ ਹਵਾ ਜ਼ਿੰਦਗੀ

ਆਖ਼ਰੀ ਵਕਤ ਅਪਣੀ ’ਸੁਖਨ’ ਨੂੰ ਕਰੀਂ
ਲਾ ਕੇ ਆਪਣੇ ਕਲੇਜੇ ਵਿਦਾ ਜ਼ਿੰਦਗੀ

ਮੇਰੀ ਮਿੱਟੀ ’ਚੋਂ ਕੁਛ ਉਗ ਰਿਹਾ ਹੈ ਜਿਵੇਂ
ਮੈਨੂੰ ਦਿੰਦੀ ਹੈ ਕਿਧਰੇ ਸਦਾ ਜ਼ਿੰਦਗੀ 

Sunday, 1 September 2013

ਸੁਰਜੀਤ ਪਾਤਰ

ਸੁਰਜੀਤ ਪਾਤਰ 


ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ 
ਚਾਰ ਦਿਨਾਂ ਦੀ ਜਿੰਦਗੀ ਮੌਤ ਹਜਾਰਾਂ ਸਾਲ 

ਕੱਢਾਂ ਏਸ ਨਰੇਲ ਚੋਂ ਮਿੱਟੀ ਦੁੱਧ ਸਵੇਰ
ਚੀਰਾਂ ਅੱਧੀ ਰਾਤ ਨੂੰ ਚੀਕ ਦੇ ਚਾਕੂ ਨਾਲ 

ਖੇਡੋਗੇ ਸ਼ਤਰੰਜ ਜੇ ਮਰ ਚੁੱਕਿਆਂ ਦੇ ਨਾਲ
ਆਪ ਹੀ ਚੱਲਣੀ ਪਵੇਗੀ ਓਨਾਂ ਦੀ ਵੀ ਚਾਲ

ਦੂਜੇ ਰੋਜ ਦਹਾੜਦਾ, ਦਿਨ ਸੀ ਚਾਰ ਪਹਾੜ ਦਾ
ਰਾਤੀਂ ਤਾਰੇ ਰੁੜ ਗਏ, ਦਰਿਆਵਾਂ ਦੇ ਨਾਲ

ਪੁੰਨ ਸੀ ਖਬਰੇ ਪਾਪ ਸੀ, ਜਾਂ ਫਿਰ ਅੱਲਾ ਆਪ ਸੀ
ਘਰ ਦੀ ਸਰਦਲ ਟੱਪ ਗਈ ਦਰਿਆਵਾਂ ਦੀ ਚਾਲ

ਜੰਗਲ ਪੀਲਾ ਜਰਦ ਸੀ, ਅਸਮਾਨਾਂ ਤੇ ਗਰਦ ਸੀ
ਪੌਣਾਂ ਵਿੱਚ ਸੀ ਉਲਝਿਆ, ਸਾਹਾਂ ਦਾ ਜੰਜਾਲ

ਪਰੇਤ ਸੀ ਖਬਰੇ ਪੌਣ ਸੀ, ਭੇਤ ਨਹੀਂ ਕੁਛ ਕੌਣ ਸੀ
ਰਹਿੰਦਾ ਸੀ ਕੁਛ ਹੌਂਕਦਾ, ਰਲ ਕੇ ਸਾਹਾਂ ਨਾਲ

ਉੱਗੇ ਪੱਤੇ ਤੋੜ ਲੈ, ਗਿਣ ਗਿਣ ਕੇ ਛਿਣ ਮੋੜ ਲੈ
ਲੈ ਸਾਹਾਂ ਤੋਂ ਤੋੜ ਲੈ, ਮਹਿਕਾਂ ਦਾ ਜੰਜਾਲ

ਮੈਂ ਕਿਉਂ ਪੱਥਰ ਹੋ ਗਿਆ, ਤੂੰ ਕਿਉਂ ਪਾਣੀ ਹੀ ਰਿਹਾ
ਰਿਸ਼ਮਾਂ ਦੀ ਤਲਵਾਰ ਤੂੰ ਮੈਂ ਕਿਉਂ ਬਣ ਗਿਆ ਢਾਲ

ਜਿਸ ਦਿਨ ਮੈਂ ਮਜਲੂਮ ਸਾਂ,ਉਸ ਦਿਨ ਨਜਮ ਆਸਾਨ ਸੀ
ਹੁਣ ਕੁਝ ਮੇਰਾ ਆਖਣਾ ਹੋ ਗਿਆ ਅੱਤ ਮੁਹਾਲ

ਦਰਦ ਥਕਾਵਟ ਬੇਬਸੀ, ਰੂਹ ਦੀ ਨਾਲੇ ਜਿਸਮ ਦੀ
ਮੈਥੋਂ ਚੱਲ ਨਹੀਂ ਹੋਂਵਦਾ, ਸਭ ਕੁੱਝ ਲੈ ਕੇ ਨਾਲ

ਨਿੱਤਰਿਆ ਨਾ ਮੈਂ ਕਦੇ, ਗੰਧਲੇ ਗੰਧਲੇ ਹੀ ਰਹੇ
ਪਾਣੀ ਮੇਰੀ ਸੋਚ ਦੇ ਮੇਰਿਆਂ ਅਕਸਾਂ ਨਾਲ

ਪੈਰ ਸੀ ਉਸਦੇ ਅੱਗ ਦੇ , ਪਰ ਮੈਂ ਵਿਛਿਆ ਹੀ ਰਿਹਾ
ਚਲਦੀ ਤੱਤੀ ਪੌਣ ਸੀ ਮੋਰਨੀਆਂ ਦੀ ਚਾਲ

ਡੁਬ ਜਾਣਾ ਸੀ ਚੰਦ ਨੇ, ਛੁਪ ਜਾਣਾ ਸੀ ਤਾਰਿਆਂ
ਚੰਗੇ ਵੇਲੇ ਪਾ ਲਿਆ, ਮੈਂ ਸ਼ਬਦਾਂ ਦਾ ਜਾਲ

ਰਹਿ ਗਿਆ ਨਾਲ ਕਿਤਾਬ 'ਤੇ, ਜਾਂ ਫਿਰ ਧੱਬਾ ਨਾਮ 'ਤੇ
ਮੈਂ ਤਾਂ ਤੋੜ ਕੇ ਆ ਗਿਆ, ਪੌਣਾਂ ਦਾ ਜੰਜਾਲ

ਲੱਖ ਸਫਾ ਮੈਂ ਫੋਲਿਆ, ਕਿਤਓਂ ਵੀ ਨਾ ਲੱਭਿਆ
ਤਾਂ ਹੀ ਲਿਖਣਾ ਪੈ ਗਿਆ, ਅਪਣੇ ਜੀ ਦਾ ਹਾਲ

ਕਾਲੀ ਨੀਂਦਰ ਸੌਂ ਰਹੇ, ਖੰਜਰ ਸਨ ਬਰੜਾਂਵਦੇ
ਕਿੰਨੀ ਵਾਰੀ ਤਰਭਕ ਕੇ ਉੁਠੀ ਰੂਹ ਦੀ ਢਾਲ

ਉਸ ਦੀ ਨੀਂਦ ਚੋਂ ਚੀਰ ਕੇ, ਵਰਕਾ ਸੂਹੇ ਖਾਬ ਦਾ
ਖਤ ਲਿਖਿਆ ਅਮਿਤੋਜ ਨੂੰ, ਲਿਖਿਆ ਹੰਝੂਆਂ ਨਾਲ

Friday, 23 August 2013

ਗੀਤ ਸਾਉਣ ਦਾ ਮਹੀਨਾ - ਗੁਰਦੀਪ ਸਿੰਘ ਭੰਮਰਾ


ਗੀਤ ਸਾਉਣ ਦਾ ਮਹੀਨਾ - ਗੁਰਦੀਪ ਸਿੰਘ ਭੰਮਰਾ

ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।ਸਾਉਣ ਦਾ ਮਹੀਨਾ ਠੰਢੀ ਪੌਣ ਦਾ ਮਹੀਨਾ। 
ਕਾਲੀਆਂ ਘਟਾਵਾਂ ਨੂੰ ਬੁਲਾਉਣ ਦਾ ਮਹੀਨਾ।ਤੀਆਂ ਦੇ ਬਹਾਨੇ ਪੇਕੇ ਆਉਣ ਦਾ ਮਹੀਨਾ। 
ਪਿਪਲਾਂ ਦੇ ਉਤੇ ਪੀਘਾਂ ਪਾਉਣ ਦਾ ਮਹੀਨਾ।ਸਧਰਾਂ ਤੋਂ ਤਰਲੇ ਕਰਾਉਣ ਦਾ ਮਹੀਨਾ।
ਭਿੱਜ ਭਿੱਜ ਮਾਹੀ ਨੂੰ ਵਿਖਾਉਣ ਦਾ ਮਹੀਨਾ।ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।

ਸਾਉਣ ਦਾ ਮਹੀਨਾ ਹੈ ਸਤਾਉਣ ਦਾ ਮਹੀਨਾਲਾਰਿਆਂ ‘ਚ ਰਖ ਕੇ ਲੰਘਾਉਣ ਦਾ ਮਹੀਨਾ। 
ਕਿਤੇ ਰੁਸੇ ਮਾਹੀ ਨੂੰ ਮਨਾਉਣ ਦਾ ਮਹੀਨਾ।ਵੰਗਾਂ ਵਿੱਚ ਰੀਝਾਂ ਨੂੰ ਸਜਾਉਣ ਦਾ ਮਹੀਨਾ। 
ਛਣ ਛਣ ਵੰਗਾਂ ਛਣਕਾਉਣ ਦਾ ਮਹੀਨਾ।ਨੱਚ ਨੱਚ ਧਰਤੀ ਹਿਲਾਉਣ ਦਾ ਮਹੀਨਾ। 
ਗਿੱਧੇ ਵਿੱਚ ਧਮਕਾਂ ਨੂੰ ਪਾਉਣ ਦਾ ਮਹੀਨਾ।ਰੁਸੀਆਂ ਦਰਾਣੀ ਮਨਾਉਣ ਦਾ ਮਹੀਨਾ।ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ   
ਰੁਸ ਰੁਸ ਬੈਠ ਕੇ ਵਿਖਾਉਣ  ਦਾ ਮਹੀਨਾਮਾਹੀ ਲਈ ਰੁਸੀ ਨੂੰ ਮਨਾਉਣ ਦਾ ਮਹੀਨਾ 
ਅੰਬਰੀ ਘਟਾਵਾਂ ਦਿਲ ਲਾਉਣ ਦਾ ਮਹੀਨਾਖਾਣ ਦਾ ਮਹੀਨਾ ਤੇ ਖੁਆਉਣ ਦਾ ਮਹੀਨਾ 
ਖੀਰਾਂ ਨਾਲ ਮਾਲ੍ਹ ਪੂੜੇ ਪਾਉਣ ਦਾ ਮਹੀਨਾਗਿਠ ਗਿੱਠ ਚਾਵਾਂ ਨੂੰ ਬੁਲਾਉਣ ਦਾ ਮਹੀਨਾ 
ਖੁਸ਼ੀਆਂ ਤੇ ਚਾਵਾਂ ਤੇ ਮਨਾਉਣ ਦਾ ਮਹੀਨਾਸਜ ਸੱਜ ਮਾਹੀ ਨੂੰ ਵਿਖਾਉਣ ਦਾ ਮਹੀਨਾ।ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।  
ਐਵੇਂ ਨਹੀਂ ਫੋਨ ਨੂੰ ਘੁਮਾਉਣ ਦਾ ਮਹੀਨਾ।ਲਾਰਿਆਂ ਬਹਾਨਿਆਂ ਨੂੰ ਲਾਉਣ ਦਾ ਮਹੀਨਾ। 
ਫੋਨ ਉਤੇ ਮਾਹੀ ਤਰਸਾਉਣ ਦਾ ਮਹੀਨਾ।ਮਾਹੀ ਕੋਲੋਂ ਮਿੰਨਤਾਂ ਕਢਾਉਣ ਦਾ ਮਹੀਨਾ। 
ਕਿਤੇ  ਰੋਂਦੇ ਦਿਲ ਨੂੰ ਵਰਾਉਣ ਦਾ ਮਹੀਨਾ।ਕਣੀਆਂ ਚ’ ਅੱਥਰੂ ਰਲਾਉਣ ਦਾ ਮਹੀਨਾ 
ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।