Saturday, 27 February 2016

ਜਾਗੋ ਵਿੱਚੋਂ ਤੇਲ ਮੁੱਕਿਆ

-ਜਸਵਿੰਦਰ ਸਿੰਘ ਰੁਪਾਲ
ਜਾਗੋ ਸਾਡੇ ਪੰਜਾਬੀ ਸੱਭਿਆਚਾਰ ਦਾ ਇਕ ਮਜ਼ਬੂਤ ਅੰਗ ਹੈ, ਜੋ ਸਦੀਆਂ ਤੋਂ ਸ਼ੁਰੂ ਹੋਈ ਅੱਜ ਤੱਕ ਤੁਰੀ ਆ ਰਹੀ ਹੈ। ਭਾਵੇਂ ਇਸ ਦਾ ਰੂਪ ਅਤੇ ਭਾਵਨਾ ਬਦਲ ਗਈ ਹੈ, ਪਰ ਅੱਜ ਵੀ ਇਹ ਸਾਡੇ ਦਿਲਾਂ ਵਿੱਚ ਵਸਦੀ ਹੈ ਅਤੇ ਇਸ ਤੋਂ ਬਿਨਾਂ ਕੋਈ ਵਿਆਹ ਸੰਪੂਰਨ ਨਹੀਂ ਮੰਨਿਆ ਜਾ ਸਕਦਾ। ਪਹਿਲਾਂ ਇਹ ਸਿਰਫ ਮੁੰਡੇ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਕੱਢੀ ਜਾਂਦੀ ਸੀ ਅਤੇ ਸਿਰਫ ਔਰਤਾਂ ਹੀ ਜਾਗੋ ਕੱਢਦੀਆਂ ਸਨ, ਪਰ ਹੁਣ ਇਹ ਕੁੜੀਆਂ ਦੇ ਵਿਆਹ ਵਿੱਚ ਵੀ ਕੱਢੀ ਜਾਣ ਲੱਗੀ ਹੈ ਅਤੇ ਗੱਭਰੂ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ।
ਇਕੱਠੇ ਹੋਏ ਰਿਸ਼ਤੇਦਾਰ ਦੇਰ ਬਾਅਦ ਮਿਲੇ ਹੁੰਦੇ ਹਨ। ਆਪਸ ਵਿੱਚ ਇਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਹਨ। ਪਹਿਲੇ ਸਮਿਆਂ ਵਿੱਚ ਵਿਆਹ ਦੇ ਬਹੁਤੇ ਕੰਮ ਅਤੇ ਤਿਆਰੀ ਆਪ ਹੀ ਕੀਤੀ ਜਾਂਦੀ ਸੀ। ਮਰਦਾਂ ਨੇ ਬਾਹਰਲੇ ਕੰਮ ਕਰਨੇ ਹੁੰਦੇ ਸਨ ਅਤੇ ਔਰਤਾਂ ਨੇ ਅੰਦਰੂਨੀ। ਕੁਝ ਕੰਮ ਹਲਵਾਈ ਸੰਭਾਲ ਲੈਂਦਾ ਸੀ ਜੋ ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਕੜਾਹੀ ਚੜ੍ਹਨ ਵੇਲੇ ਤੋਂ ਬੈਠਾ ਹੁੰਦਾ ਸੀ। ਸ਼ਾਮ ਨੂੰ ਕੰਮ ਦੀ ਥਕਾਵਟ ਲਾਹੁਣ ਲਈ ਅਤੇ ਸਾਰੇ ਪਿੰਡ ਨੂੰ ਵਿਆਹ ਬਾਰੇ ਦੱਸਣ ਲਈ ਜਾਗੋ ਕੱਢੀ ਜਾਂਦੀ ਸੀ।
ਇਕ ਪਿੱਤਲ ਦੀ ਢੋਕਣੀ ਦੇ ਮੂੰਹ ‘ਤੇ ਕੁਝ ਆਟੇ ਦੇ ਦੀਵੇ ਰੱਖੇ ਜਾਂਦੇ ਹਨ। ਇਸ ਜਗਦੇ ਦੀਵਿਆਂ ਵਾਲੇ ਖੂਬਸੂਰਤ ਘੜੇ ਦਾ ਨਾਂ ਹੀ ਜਾਗੋ ਹੈ, ਇਹ ਵਿਆਹ ਵਾਲੇ ਮੁੰਡੇ ਦੀ ਮਾਸੀ ਦੇ ਸਿਰ ‘ਤੇ ਰੱਖੀ ਹੁੰਦੀ ਹੈ। ਇਸ ਦੇ ਨਾਲ ਘੁੰਗਰੂਆਂ ਵਾਲੀ ਡਾਂਗ ਵੀ ਹੁੰਦੀ ਹੈ, ਜਿਸ ‘ਤੇ ਸ਼ਗਨਾਂ ਦਾ ਲਾਲ ਕੱਪੜਾ ਬੰਨ੍ਹ ਲਿਆ ਜਾਂਦਾ ਹੈ। ਇਸ ਨੂੰ ਧਰਤੀ ‘ਤੇ ਵਾਰ-ਵਾਰ ਪਟਕਾਉਂਦੇ ਰਹਿਣ ਨਾਲ ਇਹ ਗਿੱਧੇ ਦੀਆਂ ਬੋਲੀਆਂ, ਤਾਲ ਤੇ ਅੱਡੀਆਂ ਦੀ ਧਮਾਲ ਨਾਲ ਇਕ ਬੱਝਵਾਂ ਸੰਗੀਤ ਪੈਦਾ ਕਰਦਾ ਹੈ। ਬੋਲੀਆਂ ਤੇ ਗਿੱਧੇ ਦੀ ਧਮਾਲ ਨਾਲ ਜਾਗੋ ਵਿਆਹ ਵਾਲੇ ਘਰੋਂ ਪਿੰਡ ਵੱਲ ਚੱਲ ਪੈਂਦੀ ਹੈ:
ਜਾਗੋ ਕੱਢਣੀ ਮੜਕ ਨਾਲ ਤੁਰਨਾ, ਨੀਂ ਵਿਆਹ ਕਰਤਾਰੇ ਦਾ।
ਜੱਟਾ, ਜਾਗ ਬਈ, ਓ ਹੁਣ ਜਾਗੋ ਆਈ ਆ
ਚੁੱਪ ਕਰ ਬੀਬੀ ਮਸਾਂ ਸੁਆਈ ਆ, ਲੋਰੀ ਦੇ ਕੇ ਪਾਈ ਆ,
ਉਠ ਖੜੂਗੀ, ਔਖਾ ਕਰੂਗੀ, ਚੁੱਕਣੀ ਪਊਗੀ, ਜਾਗੋ ਆਈ ਆ।
ਸ਼ਾਵਾ ਬਈ ਹੁਣ ਜਾਗੋ ਆਈ ਆ।
ਹੌਲੀ-ਹੌਲੀ ਬੋਲੀਆਂ ਵਿੱਚ ਤੇਜ਼ੀ ਆਉਂਦੀ ਜਾਂਦੀ ਹੈ:
ਬੱਲੇ ਨੀਂ ਬੰਬੀਹਾ ਬੋਲੇ, ਸ਼ਾਵਾ ਨਾ ਬੰਬੀਹਾ ਬੋਲੇ।
ਪਰ ਜਾਗੋ ਕਿਸੇ ਤੋਂ ਡਰਨ ਵਾਲੀ ਨਹੀਂ, ਉਹ ਤਾਂ ਸਭ ਵੱਡੇ ਅਖਵਾਉਣ ਵਾਲਿਆਂ ਨੂੰ ਲਲਕਾਰਦੀ ਹੈ:
ਏਸ ਪਿੰਡ ਦਿਓ ਪੰਚੋ ਵੇ, ਸਰਪੰਚੋ ਲੰਬੜਦਾਰੋ,
ਬਈ ਮੇਲ ਆਇਆ ਚੰਦ ਕੁਰ ਦੇ,
ਜ਼ਰਾ ਹਟ ਕੇ ਪਰ੍ਹਾਂ ਨੂੰ ਲੰਘ ਜਾਇਓ, 
ਬਈ ਵੱਡੀ ਮਾਮੀ ਜ਼ੈਲਦਾਰਨੀ,
ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ, 
ਬਈ ਵੱਡੀ ਮਾਮੀ ਜ਼ੈਲਦਾਰਨੀ।
ਵੱਡੀ ਮਾਮੀ, ਜਿਸ ਨੇ ਜਾਗੋ ਚੁੱਕੀ ਹੋਈ ਹੈ, ਉਸ ਦਿਨ ਉਹ ਔਰਤ ਸ਼ਕਤੀ ਦਾ ਪ੍ਰਤੀਕ ਬਣੀ ਹੁੰਦੀ ਹੈ, ਜਿਹੜੇ ਕਿਸੇ ਵੀ ਵੱਡੇ ਘਰ ਦੇ ਭਾਂਡੇ ਮੂਧੇ ਕਰ ਸਕਦੀ ਹੈ, ਮੰਜੇ ਉਲਟਾ ਸਕਦੀ ਹੈ, ਵੱਡੇ-ਵੱਡੇ ਨਾਢੂ ਖਾਂ ਅਖਵਾਉਣ ਵਾਲੇ ਨੂੰ ਟਿੱਚਰ ਕਰ ਸਕਦੀ ਹੈ, ਕਿਉਂਕਿ ਉਸ ਦੇ ਨਾਲ ਕਿਰਤ ਸ਼ਕਤੀ ਜੁੜੀ ਹੋਈ ਹੁੰਦੀ ਹੈ। ਇਸੇ ਲਈ ਉਹ ਜ਼ੈਲਦਾਰਨੀ ਹੁੰਦੀ ਹੈ ਤੇ ਨਾਨਕੇ ਪਰਿਵਾਰ ‘ਚੋਂ ਹੋਦ ਦੇ ਬਾਵਜੂਦ ਦਾਦਕਿਆਂ ਦਾ ਉਸ ਨੂੰ ਪੂਰਾ ਸਹਿਯੋਗ ਹਾਸਲ ਹੁੰਦਾ ਹੈ। ਉਹ ਘੁੰਡ ਵਿੱਚ ਲੁਕ ਕੇ ਰਹਿਣ ਵਾਲੀ ਔਰਤ ਨਹੀਂ, ਜਿਸ ‘ਤੇ ਮਰਦ ਨੇ ਸੈਂਕੜੇ ਪਾਬੰਦੀਆਂ ਲਾਈਆਂ ਹੋਣ, ਅੱਜ ਉਹ ਇਨ੍ਹਾਂ ਸਭ ਪਾਬੰਦੀਆਂ ਨੂੰ ਤੋੜ ਕੇ ਇਕ ਬਗਾਵਤ ਦਾ ਝੰਡਾ ਚੁੱਕੀ ਫਿਰਦੀ ਹੈ। ਇਸੇ ਲਈ ਤਾਂ ਉਹ ਜਾਣ ਬੁੱਝ ਕੇ ਪਤਵੰਤਿਆਂ ਨੂੰ ਛੇੜਦੀ ਹੈ:
ਲੰਬੜਾ ਜੋਰੂ ਜਗਾ ਲੈ ਬਈ ਹੁਣ ਜਾਗੋ ਆਈ ਆ।
ਵਿੱਚੋਂ ਕੋਈ ਆਕੜ ਕੰਨੇ ਜੱਟ ਵੱਲੋਂ ਜਵਾਬ ਵੀ ਦਿੰਦੀ ਹੈ:
ਨੀਂ ਜਾਗੋ ਜਾਗੋ ਫਿਰੇਂ ਕਰਦੀ, 
ਸਾਨੂੰ ਪਤਾ ਨਹੀਂ ਕਿਸ ਨੂੰ ਬੁਲਾਉਂਦੀ,
ਸੁੱਤਾ ਜੱਟ ਮਾਨ ਨਾ ਕੁੜੇ, 
ਕਾਹਨੂੰ ਹੱਥ ਨੀਂ ਭਰਿੰਡਾਂ ਨੂੰ ਤੂੰ ਪਾਉਂਦੀ,
ਨੀਂ ਜਾਗੋ ਤੇਰੀ ਲੰਘ ਚੱਲੀ ਐ, 
ਕਾਹਨੂੰ ਮਾਰ-ਮਾਰ ਕੂਹਣੀਆਂ ਉਠਾਉਂਦੀ।
ਪਰ ਲਲਕਾਰਾ ਫੇਰ ਵੱਜਦਾ ਹੈ:
ਆਉਂਦੀ ਕੁੜੀਏ, ਜਾਂਦੀ ਕੁੜੀਏ, 
ਭਰ ਲਿਆ ਟੋਕਰਾ ਨੜਿਆਂ ਦਾ,
ਕਿੱਥੇ ਲਾਹੇਂਗੀ..ਕਿੱਥੇ ਲਾਹੇਂਗੀ ਨੀਂ ਸਾਰਾ ਪਿੰਡ ਛੜਿਆਂ ਦਾ।
ਛੜੇ ਮਲੰਗੋ ਕੋਠੇ ਚੜ੍ਹ ਜਾਓ, 
ਰੰਨਾਂ ਵਾਲੇ ਅੰਦਰ ਵੜ ਜਾਓ,
ਫੇਰ ਨਾ ਰੌਲਾ ਪਾਇਓ, 
ਬਈ ਧੂੜ੍ਹਾਂ ਪੱਟੀ ਆਉਂਦੀ ਐ,
ਨਾਨਕਿਆਂ ਦੀ ਜਾਗੋ..।
ਕੋਈ ਵੇਚੇ ਸੁੰਢ ਜਵੈਣ, ਕੋਈ ਵੇਚੇ ਰਾਈ,
ਲੰਬੜ ਆਪਣੀ ਜੋਰੂ ਵੇਚੇ, ਟਕੇ ਟਕੇ ਸਿਰ ਲਾਈ,
ਪਾਸੇ ਹਟ ਜਾਓ..ਪਾਸੇ ਹਟ ਜਾਓ ਦਾਦਕੀਓ
ਜਾਗੋ ਨਾਨਕਿਆਂ ਦੀ ਆਈ
ਖਬਰਦਾਰ ਰਹਿਣਾ ਜੀ.. ਜਾਗੋ ਰੌਲਾ ਪਾਉਂਦੀ ਆਈ..।
ਇਸ ਸਮੇਂ ਦੌਰਾਨ ਇਕ ਘਰ ਤੋਂ ਦੂਜੇ ਘਰ ਜਾਣਾ ਜਾਰੀ ਰਹਿੰਦਾ ਹੈ। ਦੀਵਿਆਂ ਵਿੱਚ ਹਰ ਘਰ ਤੋਂ ਤੇਲ ਪਾਇਆ ਜਾਂਦਾ ਹੈ, ਜਿਹੜਾ ਇਕ ਪਾਸੇ ਤਾਂ ਸ਼ਗਨਾਂ ਦਾ ਪ੍ਰਤੀਕ ਹੈ, ਦੂਜੇ ਪਾਸੇ ਉਸ ਪਰਿਵਾਰ ਵੱਲੋਂ ਜਾਗੋ ਦੀ ਸੋਚ ਨਾਲ ਸਹਿਮਤੀ ਪ੍ਰਗਟਾਉਣਾ ਵੀ ਹੈ। ਇਸ ਸੋਚ ਵਿੱਚ ਪਿਆਰ, ਇਤਫਾਕ, ਭਰਾਤਰੀ ਸਾਂਝ ਦੇ ਨਾਲ ਬਿਨਾਂ ਕਿਸੇ ਊਚ-ਨੀਚ, ਰੰਗ, ਜਾਤ, ਮਜ਼ਹਬ ਦੇ ਭਿੰਨ ਭਾਵ ਤੋਂ ਸਭ ਨਾਲ ਖੁਸ਼ੀ ਸਾਂਝੀ ਕਰਨਾ ਵੀ ਸ਼ਾਮਲ ਹੈ ਤਾਂ ਹੀ ਤਾਂ ਕਿਹਾ ਗਿਆ ਹੈ:
ਕੋਈ ਪਾਊਗਾ ਨਸੀਬਾਂ ਵਾਲਾ, ਬਈ ਜਾਗੋ ਵਿੱਚੋਂ ਤੇਲ ਮੁੱਕਿਆ।
ਜਾਗੋ ਵਿੱਚ ਸਿਰਫ ਜਾਗੋ ਨਾਲ ਸਬੰਧਤ ਬੋਲੀਆਂ ਹੀ ਨਹੀਂ ਹੁੰਦੀਆਂ, ਸਗੋਂ ਉਹ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ, ਜਿਹੜੀਆਂ ਆਮ ਗਿੱਧੇ ਵਿੱਚ ਚੱਲਦੀਆਂ ਹਨ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਜਾਗੋ ਰੁਕਦੀ ਹੈ, ਜਿੰਨੀ ਦੇਰ ਉਸ ਘਰ ਦੀ ਸੁਆਣੀ ਦੀਵਿਆਂ ਵਿੱਚ ਤੇਲ ਪਾਉਂਦੀ ਹੈ ਅਤੇ ਸ਼ਗਨ ਵਜੋਂ ਕੁਝ ਰੁਪਏ ਦਿੰਦੀ ਹੈ, ਉਨੀ ਦੇਰ ਗਿੱਧਾ ਭਰ ਜੋਬਨ ਵਿੱਚ ਜਾਰੀ ਰਹਿੰਦਾ ਹੈ। ਇਨ੍ਹਾਂ ਬੋਲੀਆਂ ਦੀ ਗਿਣਤੀ ਵਿੱਚ ਵੰਨ-ਸੁਵੰਨਤਾ ਬੇਅੰਤ ਹੈ, ਅਸੀਂ ਇਥੇ ਸਿਰਫ ਕੁਝ ਜ਼ਿਕਰ ਕੀਤਾ ਹੈ:
‘‘ਸੁਣ ਨੀਂ ਭਾਬੀ ਟਿੱਕੇ ਵਾਲੀਏ, ਕੀ ਜਵਾਬ ਹੈ ਤੇਰਾ,
ਨੀਂ ਭੈਣ ਤੇਰੀ ਨਾਲ ਵਿਆਹ ਕਰਵਾ ਕੇ, ਬਣ ਜਾਂ ਭਣੋਈਆ ਤੇਰਾ,
ਗਿੱਧੇ ਦੇ ਵਿੱਚ ਵੜ ਕੇ ਨੀਂ ਤੂੰ ਦੇ ਦੇ ਸ਼ੌਕ ਦਾ ਗੇੜਾ,
ਨੀਂ ਦੀਵਾ ਕੀ ਕਰਨਾ, ਚਾਨਣ ਹੋ ਜਾਊ ਤੇਰਾ।”

‘‘ਸੁਣ ਨੀਂ ਭਾਬੀ ਨੱਚਣ ਵਾਲੀਏ, ਤੇਰੇ ਤੋਂ ਕੀ ਮਹਿੰਗਾ,
ਤੇਰੇ ਮੂਹਰੇ ਥਾਨ ਸੁੱਟਿਆ, ਸੁੱਥਣ ਸਵਾ ਲਈਂ ਭਾਵੇਂ ਲਹਿੰਗਾ।”

‘‘ਤਿੰਨ ਦਿਨ ਹੋਗੇ ਤਾਪ ਚੜ੍ਹੇ ਨੂੰ, ਹੂੰਗਰ ਪਵੇ ਚੁਫੇਰੇ,
ਪੇਕੇ ਤਾਂ ਮੇਰੇ ਪੈਂਦ ਸਿਰ੍ਹਾਣੇ, ਸਹੁਰੇ ਨਾ ਢੁਕਦੇ ਨੇੜੇ,
ਜੇ ਮੈਂ ਮਰਗੀ ਵੇ, ਵਿੱਚ ਬੋਲੂੰਗੀ ਤੇਰੇ।”

‘‘ਕੱਲ੍ਹ ਦਾ ਆਇਆ ਮੇਲ ਸੁਣੀਂਦਾ, ਸੁਰਮਾ ਸਭ ਨੇ ਪਾਇਆ,
ਬਈ ਗਹਿਣੇ ਗੱਟੇ ਸਭ ਨੂੰ ਸੋਂਹਦੇ, ਬੱਲੇ ਬੱਲੇ ਬੱਲੇ ਬੱਲੇ ਬੱਲੇ..
ਬਈ ਗਹਿਣੇ ਗੱਟੇ ਸਭ ਨੂੰ ਸੋਂਹਦੇ, ਵਿਆਂਹਦੜ ਰੂਪ ਸਜਾਇਆ,
ਨੀਂ ਮੁੰਡੇ ਦੀ ਮਾਮੀ ਨੇ, ਗਿੱਧਾ ਖੂਬ ਸਜਾਇਆ।”
ਅਖੀਰ ‘ਤੇ ਕਿਹਾ ਜਾਂਦਾ ਹੈ:
‘‘ਨਾਨਕਿਆਂ ਤੇ ਦਾਦਕਿਆਂ ਨੇ, ਚਾਵਾਂ ਸੱਧਰਾਂ ਖੁਸ਼ੀਆਂ ਦੇ ਨਾਲ,
ਸਾਰੇ ਪਿੰਡ ਘੁਮਾਈ ਆ, ਬਈ ਹੁਣ ਜਾਗੋ ਆਈ ਆ।”
ਅੱਜ ਦੇ ਸਮੇਂ ਵਿੱਚ ਵਿਆਹ ਮੈਰਿਜ ਪੈਲੇਸਾਂ ਵਿੱਚ ਹੋਣ ਲੱਗੇ ਹਨ ਅਤੇ ਜਾਗੋ ਵੀ ਵਪਾਰਕ ਅਤੇ ਆਧੁਨਿਕ ਹੋ ਗਈ ਹੈ। ਹੇਠਾਂ ਦਿੱਤੀਆਂ ਬੋਲੀਆਂ ਆਧੁਨਿਕ ਜਾਗੋ ਦੀ ਸਹੀ ਤਸਵੀਰ ਪੇਸ਼ ਕਰਦੀਆਂ ਹਨ:
‘‘ਨਾ ਉਹ ਹਾਸੇ, ਨਾ ਉਹ ਖੁਸ਼ੀਆਂ, ਨਾ ਉਹ ਜਾਗੋ ਰਹਿ ਗਈ,
ਅੱਜ ਕੱਲ੍ਹ ਜਾਗੋ ਨਵੇਂ ਸਮੇਂ ਦੀ, ਵਹਿਣਾਂ ਦੇ ਵਿੱਚ ਵਹਿ ਗਈ,
ਹੁਣ ਤਾਂ ਜਾਗੋ ਟੀ ਵੀ ਦੀ ਇਕ ਆਈਟਮ ਬਣ ਕੇ ਰਹਿ ਗਈ,
ਜਾਗੋ ਬਦਲ ਗਈ,
ਹੁਣ ਉਹ ਨਾ ਜਾਗੋ ਰਹਿ ਗਈ, ਜਾਗੋ ਬਦਲ ਗਈ..।
ਅੰਮੀ ਕਹਿੰਦੀ ਕੌਣ ਚੁੱਕੂ ਭਾਰ, ਛੇਤੀ ਕੋਈ ਜਾਓ ਬਾਜ਼ਾਰ,
ਦੀਵੇ ਤੇਲ ਘੜਾ ਤਿਆਗੋ, ਲਾਈਟਾਂ ਵਾਲੀ ਲਿਆਓ ਜਾਗੋ,
ਹੁਣ ਚਾਈਨੀਜ਼ ਜਾਗੋ ਆਈ ਆ, ਜਾਗੋ ਬਦਲ ਗਈ,
ਹੁਣ ਉਹ ਨਾ ਜਾਗੋ ਰਹਿ ਗਈ, ਜਾਗੋ ਬਦਲ ਗਈ..।”
ਅੱਜ ਲੋੜ ਹੈ ਜਾਗੋ ਦੀ ਭਾਵਨਾ ਨੂੰ ਜਗਦੀ ਰੱਖਣ ਦੀ। ਸਿਰਫ ਮੂਵੀ ਜਾਂ ਐਲਬਮ ਵਿੱਚ ਦਿਖਾਉਣ ਲਈ ਭਾੜੇ ਦੀ ਜਾਗੋ ਦੀ ਲੋੜ ਨਹੀਂ। ਸਾਡੇ ਅਮੀਰ ਵਿਰਸੇ ਦੀ ਅਮੀਰ ਜਾਗੋ ਵਿੱਚੋਂ ਤੇਲ ਮੁੱਕ ਰਿਹਾ ਹੈ, ਆਓ ਰਲ ਮਿਲ ਕੇ ਸਾਂਝੀਵਾਲਤਾ ਦਾ ਤੇਲ ਪਾਈਏ।

ਬੋਲੀ

ਇਸ ਧਰਤੀ ਉੱਤੇ ਬੋਲੀ ਦਾ ਹੁਨਰ ਸਿਰਫ਼ ਮਨੁੱਖ ਦੇ ਹੀ ਹਿੱਸੇ ਆਇਆ ਹੈ। ਮਨੁੱਖ ਬੋਲੀ ਰਾਹੀਂ ਹੀ ਇੱਕ-ਦੂਜੇ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਹੈ। ਖ਼ੁਸ਼ੀ, ਹਾਸਾ, ਗਮੀ, ਉਦਾਸੀ ਤੇ ਅਜਿਹੇ ਹੋਰ ਅਹਿਸਾਸ ਪ੍ਰਗਟਾੳੁਣ ਲਈ ਮਨੁੱਖੀ ਬੋਲੀ ਹੀ ਸਭ ਤੋਂ ਸ਼ਕਤੀਸ਼ਾਲੀ ਕਿਰਿਆ ਹੈ। 
ਬੋਲਾਂ ਦੁਆਰਾ ਪ੍ਰਗਟਾਈ ਗੱਲ ਦਾ ਕੋਈ ਬਦਲ ਨਹੀਂ ਹੈ। ਕੋਈ ਵਿਅਕਤੀ ਆਪਣੇ ਘਰ, ਪਰਿਵਾਰ, ਦਫ਼ਤਰ, ਅਦਾਰੇ, ਦੁਕਾਨ ਆਦਿ ਹਰ ਜਗ੍ਹਾ ਮਿਲਣ ਵਾਲੇ ਕਿਸੇ ਮਨੁੱਖ ਨਾਲ ਕਿਹੋ ਜਿਹੀ ਬੋਲੀ ਤੇ ਕਿਸ ਤਰ੍ਹਾਂ ਦੇ ਲਹਿਜੇ ਵਿੱਚ ਗੱਲ ਕਰਦਾ ਹੈ, ਇਸ ਤੋਂ ਉਸ ਦੀ ਸ਼ਖ਼ਸੀਅਤ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
ਮਿੱਠੇ ਬੋਲਾਂ ਵਿੱਚ ਅਜਿਹਾ ਜਾਦੂ ਹੁੰਦਾ ਹੈ ਕਿ ਗੁੱਸੇਖੋਰ, ਅੜੀਅਲ ਤੇ ਜ਼ਿੱਦੀ ਵਿਅਕਤੀ ਵੀ ਮੋਮ ਬਣਨ ਲਈ ਮਜਬੂਰ ਹੋ ਜਾਂਦਾ ਹੈ। ਮਨੁੱਖੀ ਆਪੇ ਦੀ ਅਸਲ ਪਛਾਣ ਉਸ ਦੇ ਦੂਜਿਆਂ ਪ੍ਰਤੀ ਵਿਵਹਾਰ ਤੋਂ ਹੀ ਹੁੰਦੀ ਹੈ। ਦੂਜਿਆਂ ਨੂੰ ਮਿਲਣ ਸਮੇਂ ਚਿਹਰੇ ’ਤੇ ਮੁਸਕਰਾਹਟ ਲਿਆ ਕੇ ਮਿਸ਼ਰੀ ਵਰਗੇ ਮਿੱਠੇ ਬੋਲਾਂ ਨਾਲ ਮੁਖਾਤਿਬ ਹੋਣ ਵਾਲਾ ਵਿਅਕਤੀ ਹਰ ਇੱਕ ਨੂੰ ਆਪਣਾ ਦੋਸਤ ਬਣਾ ਲੈਂਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਮਿੱਠ-ਬੋਲੜੇ ਵਿਅਕਤੀ ਹਰ ਇੱਕ ਦਾ ਮਨ ਮੋਹ ਲੈਂਦੇ ਹਨ। ਸੱਭਿਅਕ ਤੌਰ-ਤਰੀਕੇ ਤੇ ਬੋਲਾਂ ਦੀ ਮਿਠਾਸ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਚਾਰ-ਚੰਨ ਲਾ ਦਿੰਦੀ ਹੈ। ਵੇਖਣ ਨੂੰ ਕੋਈ ਕਿੰਨਾ ਵੀ ਸੋਹਣਾ-ਸੁਨੱਖਾ ਤੇ ਸਜਿਆ ਫੱਬਿਆ ਹੋਵੇ, ਪਰ ਬੋਲਾਂ ਵਿੱਚ ਕੁੜੱਤਣ ਤੇ ਖਰਵਾਪਣ ਹੋਣ ਦੀ ਸੂਰਤ ਵਿੱਚ ਖ਼ੂਬਸੂਰਤੀ ਵੀ ਕਿਸੇ ਕੰਮ ਨਹੀਂ ਆਉਂਦੀ। ਸੋਹਣਾ ਉਹੀ ਹੁੰਦਾ ਹੈ ਜੋ ਸੋਹਣਾ ਵਰਤਾਉ ਕਰਦਾ ਹੈ। 

ਗੁਰੂਆਂ, ਪੀਰਾਂ, ਫ਼ਕੀਰਾਂ ਤੇ ਧਾਰਮਿਕ ਹਸਤੀਆਂ ਨੇ ਮਨੁੱਖਤਾ ਨੂੰ ਆਪਸੀ ਪਿਆਰ ਮੁਹੱਬਤ ਅਤੇ ਮਿਲਵਰਤਣ ਦਾ ਸੰਦੇਸ਼ ਦਿੱਤਾ ਹੈ। ਮਨੁੱਖਤਾ ਨਾਲ ਪਿਆਰ ਨਾ ਕਰਨ ਵਾਲਾ ਅਤੇ ਮੋਹ ਭਰੇ ਬੋਲ ਨਾ ਵਰਤਣ ਵਾਲਾ ਵਿਅਕਤੀ ਸਿਰਫ਼ ਨਾਂ ਦਾ ਹੀ ਧਾਰਮਿਕ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿੱਚ ਮਿੱਠਾ ਬੋਲਣ ਦੀ ਮਹਿਮਾ ਕੀਤੀ ਗੲੀ ਹੈ। ਕਿਸੇ ਨਾਲ ਕੌੜੇ ਜਾਂ ਫਿੱਕੇ ਬੋਲ ਬੋਲਣ ਵਾਲੇ ਦਾ ਤਨ ਤੇ ਮਨ ਵੀ ਅਸ਼ਾਂਤ ਹੋ ਜਾਂਦਾ ਹੈ। ਬਾਬਾ ਫ਼ਰੀਦ ਦਾ ਕਥਨ ਹੈ ਕਿ ਕਿਸੇ ਨੂੰ ਕੌੜੇ ਬੋਲ ਨਾ ਬੋਲ, ਸਭ ਵਿੱਚ ਉਸ ਸੱਚੇ ਪਰਮਾਤਮਾ ਦੀ ਜੋਤ ਹੈ।

ਮਿੱਠੇ ਬੋਲ ਬੋਲਣ ਵਾਲੇ ਦੁਕਾਨਦਾਰ ਦੀ ਦੁਕਾਨ ’ਤੇ ਗਾਹਕਾਂ ਦੀ ਕਮੀ ਨਹੀਂ ਰਹਿੰਦੀ। ਜੇ ਗਾਹਕ ਨੂੰ ਦੁਕਾਨਦਾਰ ਦੇ ਵਿਵਹਾਰ ਵਿੱਚੋਂ ਫਿੱਕਾਪਣ ਨਜ਼ਰ ਆਵੇਗਾ ਤਾਂ ਉਹ ਕਿਸੇ ਵੀ ਵਸਤੂ ਨੂੰ ਖ਼ਰੀਦਣ ਵੱਲ ਰੁਚਿਤ ਨਹੀਂ ਹੋਵੇਗਾ। ਗਾਹਕਾਂ ਨਾਲ ਲੜਨ ਵਾਲਾ ਦੁਕਾਨਦਾਰ ਕੋਈ ਖੱਟੀ ਕਮਾਈ ਨਹੀਂ ਕਰ ਸਕਦਾ। ਜਿਹੜਾ ਅਧਿਆਪਕ ਹਰ ਸਮੇਂ ਆਪਣੇ ਵਿਦਿਆਰਥੀਆਂ ਨੂੰ ਕੌੜੇ ਬੋਲਾਂ ਦੇ ਤੀਰਾਂ ਨਾਲ ਵਿੰਨ੍ਹਦਾ ਰਹਿੰਦਾ ਹੈ, ੳੁਹ ਉਨ੍ਹਾਂ ਦੇ ਮਨ ਦੀ ਤਹਿ ਤਕ ਨਹੀਂ ਪਹੁੰਚ ਸਕਦਾ। ਮਿੱਠੇ ਬੋਲਾਂ ਦਾ ਬੱਚਿਆਂ ਦੇ ਮਨ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ ਤੇ ਉਹ ਅਧਿਆਪਕ ਦੁਆਰਾ ਸਮਝਾਈ ਗੱਲ ਨੂੰ ਸਮਝਣ ਵਿੱਚ ਪੂਰੀ ਦਿਲਚਸਪੀ ਲੈਂਦੇ ਹਨ। 
ਆਪਣੇ ਮਾਤਹਿਤਾਂ ਨਾਲ ਕੌੜਾ ਵਿਵਹਾਰ ਕਰਨ ਵਾਲਾ ਅਫ਼ਸਰ ਆਪਣੇ ਦਫ਼ਤਰ ਵਿੱਚ ਚੰਗੇ ਨਤੀਜੇ ਨਹੀਂ ਕੱਢ ਸਕਦਾ। ਵਿਵਹਾਰ ਵਿੱਚ ਨਰਮੀ ਤੇ ਬੋਲਾਂ ਵਿੱਚ ਮਿਠਾਸ ਸਦਕਾ ਢੀਠ ਤੋਂ ਢੀਠ ਵਿਅਕਤੀ ਤੋਂ ਵੀ ਕੰਮ ਕਰਵਾਇਆ ਜਾ ਸਕਦਾ ਹੈ। ਸਖ਼ਤ ਰਵੱਈਆ ਤੇ ਕੌੜੇ ਬੋਲ ਮਾਹੌਲ ਵਿੱਚ ਕੁੜੱਤਣ ਅਤੇ ਤਲਖ਼ੀ ਪੈਦਾ ਕਰਦੇ ਹਨ ਜਦੋਂਕਿ ਮਿੱਠੇ ਬੋਲਾਂ ਨਾਲ ਮਾਹੌਲ ਖ਼ੁਸ਼ਗਵਾਰ ਬਣਿਆ ਰਹਿੰਦਾ ਹੈ। ਅਜਿਹੇ ਮਾਹੌਲ ਵਿੱਚ ਮਨ ਵਿੱਚ ਕੰਮ ਕਰਨ ਦੀ ਰੁਚੀ ਪੈਦਾ ਹੁੰਦੀ ਹੈ।
ਗਾਇਕ, ਰਾਗੀ-ਢਾਡੀ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਸਦਕਾ ਹੀ ਲੋਕਾਂ ਵਿੱਚ ਮਕਬੂਲ ਹੁੰਦੇ ਹਨ। ਹਰ ਸਮੇਂ ਖਿੱਝਦੇ ਰਹਿਣ ਤੇ ਕੌੜੇ ਬੋਲ ਬੋਲਣ ਵਾਲੇ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿੱਚ ਮਿੱਠਤ, ਨਰਮੀ ਅਤੇ ਸੁਹਜ ਦਾ ਸੰਚਾਰ ਨਹੀਂ ਕਰ ਸਕਦੇ। ਬੱਚਿਆਂ ਦੇ ਮਨ ਫੁੱਲਾਂ ਵਰਗੇ ਕੋਮਲ ਹੁੰਦੇ ਹਨ ਤੇ ਕੌੜੇ ਬੋਲ ਸੁਣ ਕੇ ਉਹ ਮੁਰਝਾ ਜਾਂਦੇ ਹਨ।

ਇਹ ਵੀ ਬਹੁਤ ਅਜੀਬ ਗੱਲ ਹੈ ਕਿ ਹਰ ਕੋਈ ਸ਼ਹਿਦ ਵਰਗੇ ਮਿੱਠੇ ਬੋਲ ਸੁਣਨ ਲਈ ਤਾਂਘਦਾ ਹੈ, ਪਰ ਆਪ ਦੂਜਿਆਂ ਨੂੰ ਕੌੜੇ ਤੇ ਤਲਖ਼ੀ ਭਰੇ ਬੋਲਾਂ ਨਾਲ ਮੁਖਾਤਿਬ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਤਲਵਾਰ ਦਾ ਫੱਟ ਤਾਂ ਸਮਾਂ ਪਾ ਕੇ ਮਿਟ ਜਾਂਦਾ ਹੈ, ਪਰ ਬੋਲਾਂ ਦਾ ਜ਼ਖ਼ਮ ਕਦੇ ਨਹੀਂ ਮਿਟਦਾ। ਤੋਲ ਕੇ ਬੋਲਣ ਵਾਲੇ ਵਿਅਕਤੀ ਵਿਰਲੇ ਹੀ ਹੁੰਦੇ ਹਨ, ਪਰ ਬੋਲਣ ਤੋਂ ਬਾਅਦ ਸੋਚਣ ਵਾਲਿਆਂ ਦੀ ਗਿਣਤੀ ਬੇਸ਼ੁਮਾਰ ਹੈ। ਮਿੱਠੇ ਬੋਲਾਂ ਨਾਲ ਵਿਵਹਾਰ ਕਰਨ ਵਾਲੇ ਵਿਅਕਤੀ ਦੀ ਅਪਣੱਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਪਰ ਕਿਸੇ ਸਵਾਰਥ ਦੀ ਸਿੱਧੀ ਲਈ ਖੁਸ਼ਾਮਦੀ ਲਹਿਜੇ ਵਿੱਚ ਗੱਲ ਕਰਨ ਵਾਲਾ ਵਿਅਕਤੀ ਆਪਣੇ ਚਿਹਰੇ ਦੇ ਹਾਵ-ਭਾਵ ਤੋਂ ਹੀ ਪਛਾਣਿਆ ਜਾਂਦਾ ਹੈ। 

ਅਜੋਕੇ ਸਮਿਆਂ ਵਿੱਚ ਤਲਖ਼ੀ ਦਾ ਮਾਹੌਲ ਬਹੁਤ ਵਧ ਗਿਆ ਹੈ। ਸਿਆਸੀ ਨੇਤਾਵਾਂ ਤੇ ਧਾਰਮਿਕ ਹਸਤੀਆਂ ਦੇ ਅਗਨੀ ਭਰੇ ਬੋਲ ਨਫ਼ਰਤ ਭਰਿਆ ਮਾਹੌਲ ਸਿਰਜ ਦਿੰਦੇ ਹਨ। ਸਮਾਜ ਵਿੱਚ ਖ਼ੁਸ਼ੀ-ਖ਼ੁਸ਼ੀ ਵਸਦੇ ਲੋਕ ਪਲਾਂ ਛਿਣਾਂ ਵਿੱਚ ਹੀ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਬਣ ਜਾਂਦੇ ਹਨ। ਗੁਰੂਆਂ ਪੀਰਾਂ ਦੀ ਇਸ ਭੂਮੀ ੳੁੱਤੇ ਅਸਹਿਣਸ਼ੀਲਤਾ ਇਸ ਕਦਰ ਭਾਰੂ ਹੋ ਗਈ ਹੈ ਕਿ ਦੂਜੇ ਦੇ ਵਿਚਾਰਾਂ ਨੂੰ ਸਹਿਜ ਨਾਲ ਸੁਣਨ ਦੀ ਪ੍ਰਵਿਰਤੀ ਲੋਪ ਹੁੰਦੀ ਜਾ ਰਹੀ ਹੈ। ਮਨੁੱਖੀ ਹਿਰਦਿਆਂ ਨੂੰ ਸ਼ਾਂਤ ਕਰ ਕੇ ਠੰਢਕ ਪਹੁੰਚਾਉਣ ਦੀ ਥਾਂ ਬੋਲਾਂ ਦੇ ਤਿੱਖੇ ਨਸ਼ਤਰ ਹਿਰਦਿਆਂ ਨੂੰ ਵਲੂੰਧਰ ਸੁਟੱਦੇ ਹਨ। ਬਹੁਤੀਆਂ ਦੁਖਦਾਈ ਘਟਨਾਵਾਂ ਕੌੜੇ ਬੋਲਾਂ ਦੇ ਸਿੱਟੇ ਵਜੋਂ ਹੀ ਵਾਪਰਦੀਆਂ ਹਨ।

ਕੰਮ-ਕਾਰ ਤੋਂ ਥੱਕ-ਹਾਰ ਕੇ ਘਰ ਪਰਤੇ ਬੰਦੇ ਨੂੰ ਸੁਆਣੀ ਮੋਹ ਭਰੇ ਮਿੱਠੇ ਬੋਲਾਂ ਨਾਲ ਪਾਣੀ ਪਿਲਾਵੇ ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਜਿਹੜੇ ਪਰਿਵਾਰਾਂ ਵਿੱਚ ਪਤੀ ਪਤਨੀ ਇੱਕ ਦੂਜੇ ਪ੍ਰਤੀ ਮਿਠਾਸ ਭਰੇ ਬੋਲਾਂ ਦਾ ਉਪਯੋਗ ਕਰਦੇ ਹਨ, ਉੱਥੇ ਹੀ ਸਵਰਗ ਹੁੰਦਾ ਹੈ। ਇਸ ਤਰ੍ਹਾਂ ਬੱਚੇ ਵੀ ਸੱਭਿਅਕ ਭਾਸ਼ਾ ਤੇ ਸਲੀਕਾ ਸਿੱਖ ਜਾਂਦੇ ਹਨ। ਨਿਮਰਤਾ, ਸਹਿਣਸ਼ੀਲਤਾ ਤੇ ਹਉਮੈ ਤੋਂ ਮੁਕਤ ਹੋ ਕੇ ਮਿੱਠੇ ਬੋਲਾਂ ਨਾਲ ਵਿਵਹਾਰ ਕਰਨਾ ਜ਼ਿੰਦਗੀ ਦਾ ਵਡਮੁੱਲਾ ਹਾਸਲ ਹੈ। ਅਜਿਹੇ ਗੁਣ ਵਿਰਲਿਆਂ ਦੇ ਹਿੱਸੇ ਹੀ ਆਉਂਦੇ ਹਨ, ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਮਿੱਠੇ ਬੋਲਾਂ ਵਿੱਚ ਪੱਥਰ ਨੂੰ ਵੀ ਮੋਮ ਕਰਨ ਦੀ ਸ਼ਕਤੀ ਹੁੰਦੀ ਹੈ।

Friday, 26 February 2016

ਪੰਜਾਬੀ ਦੀਆਂ ਉਪਭਾਸ਼ਾਵਾਂ


ਵੰਡ
ਭਾਸ਼ਾ-ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁਤਾਬਕ ਪੰਜਾਬੀ ਦੀਆਂ ਹੇਠਲੀਆਂ 28 ਉਪਭਾਸ਼ਾਵਾਂ ਹਨ:

ਭਟਿਆਲੀ                    ਰਾਠੀ                            ਮਲਵਈ                          ਪੁਆਧੀ
ਪਹਾੜੀ                        ਦੋਆਬੀ                         ਕਾਂਗੜੀ                           ਚੰਬਿਆਲੀ
ਡੋਗਰੀ                         ਵਜ਼ੀਰਾਬਾਡੀ                 ਬਾਰ ਦੀ ਬੋਲੀ                    ਜਾਂਗਲੀ
ਜਟਕੀ                         ਛਿਨਾਵਰੀ                     ਮੁਲਤਾਨੀ                          ਬਹਾਵਲਪੁਰੀ
ਥਲੋਚਰੀ                       ਥਲੀ                           ਭਿਰੋਚੀ                             ਕੱਛ ਦੀ ਬੋਲੀ
ਅਵਾਣਕਾਰੀ                   ਧੰਨੀ                           ਘੇਬੀ                                ਹਿੰਦਕੋ
ਸਵਾਇਨ                        ਛਾਛੀ                         ਪੋਠੋਹਾਰੀ                           ਪੁਣਛੀ

ਇਹਨਾਂ ਵਿੱਚੋਂ ਕੁਝ ਦਾ ਵੇਰਵਾ ਹੇਠ ਅਨੁਸਾਰ ਹੈ:

ਮਾਝੀ

'ਮਾਝਾ' ਸ਼ਬਦ ਦਾ ਮੂਲ ਅਰਥ ਹੈ ਮੱਧ, ਭਾਵ ਕੇਂਦਰ, ਵਿਚਕਾਰਲਾ ਜਾਂ ਦਰਮਿਆਨਾ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਹੈ। ਇਨ੍ਹਾਂ ਪੰਜ ਦਰਿਆਵਾਂ ਵਿੱਚ ਦੋ ਦਰਿਆਵਾਂ ਦਾ ਨਾਂ ਰਾਵੀ ਅਤੇ ਬਿਆਸ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਣ ਲੱਗ ਪਿਆ। ਇਸ ਮੱਝਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਮਾਝੀ ਪੈ ਗਿਆ।

ਖੇਤਰ
ਮਾਝੀ ਹੁਣ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਆਰਪਾਰ ਦੀਆਂ ਸਰਹੱਦਾਂ ਉੱਤੇ ਬੋਲੀ ਜਾਂਦੀ ਹੈ। ਭਾਰਤੀ ਪੰਜਾਬ ਵਿੱਚ ਮਾਝੀ ਪੂਰੇ ਜ਼ਿਲਾ ਅੰਮ੍ਰਿਤਸਰ, ਗੁਰਦਾਸਪੁਰ ਦੀਆਂ ਦੋ ਤਹਿਸੀਲਾਂ-ਗੁਰਦਾਸਪੁਰ ਅਤੇ ਬਟਾਲਾ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲੇ ਦੇ ਕੁਝ ਖੇਤਰਾਂ ਵਿੱਚ ਵੀ ਮਾਝੀ ਬੋਲੀ ਜਾਂਦੀ ਹੈ। ਬਿਆਸ ਦਰਿਆ ਦੇ ਦੁਆਬੇ ਵਾਲੇ ਪਾਸੇ ਲੱਗਦੇ ਖੇਤਰਾਂ ਵਿੱਚ ਮਾਝੀ ਬੋਲੀ ਜਾਂਦੀ ਹੈ।

ਧੁਨੀ ਵਿਉਂਤ
ਧੁਨੀ ਵਿਉਂਤ ਦੇ ਪੱਖ ਤੋਂ ਸੁਰ (tone) ਮਾਝੀ ਦੀ ਉੱਘੀ ਵਿਸ਼ੇਸ਼ਤਾ ਹੈ। ਮਾਝੀ ਵਿੱਚ ਤਿੰਨ ਸੁਰਾਂ - ਉੱਚੀ, ਨੀਵੀਂ ਅਤੇ ਪੱਧਰੀ ਉੱਚਾਰੀਆਂ ਜਾਂਦੀਆਂ ਹਨ। ਸੁਰਾੀਂ ਦੀ ਹੋਂਦ ਨਾਦੀ-ਮਹਾਂਪ੍ਰਾਣ ਧੁਨੀਆਂ /ਘ,ਝ,ਢ,ਧ,ਭ/ ਅਤੇ ਸੁਰਯੰਤਰੀ ਧੁਨੀ /ਹ/ ਆਦਿ ਵੱਖ ਵੱਖ ਸਥਿਤੀਆਂ ਉੱਤੇ ਨਿਰਭਰ ਕਰਦਾ ਹੈ। ਮਾਝੀ ਦੇ ਸ਼ਬਦ ਦੀਆਂ ਤਿੰਨੇ ਸਥਿਤੀਆਂ ਵਿੱਚ /ਹ/ ਧੁਨੀ ਸੁਰ ਵਿੱਚ ਬਦਲ ਜਾਂਦੀ ਹੈ। ਮਿਸਾਲ ਵਜੋਂ 'ਹੋਰ' ਦਾ ਮਾਝੀ ਉੱਚਾਰਨ'ਓਰ੍ਹ', ਤੁਹਾਡਾ ਦਾ 'ਤਿਅ੍ਹਾ ਡਾ' ਅਤੇ 'ਜਾਹ' ਦਾ 'ਜਾਅ੍ਹ' ਹੈ। ਇਸ ਦੇ ਮੁਕਾਬਲੇ ਮਲਵਈ ਵਿੱਚ /ਹ/ ਦਾ ਵਿਅੰਜਨੀ ਸਰੂਪ ਕਈ ਥਾਵਾਂ ਉੱਤੇ ਕਾਇਮ ਰਹਿੰਦਾ ਹੈ।

ਮਾਝੀ ਵਿੱਚ ਦੋਵੇਂ /ਲ/ ਧੁਨੀਆਂ ਫੁਨੀਮਕ ਪੱਖੋਂ ਸਾਰਥਕ ਹਨ। ਮਾਝੀ ਵਿੱਚ ਸਵਰਾਂ ਦਾ 'ਨਿਰਸੰਧੀ' ਝੁਕਾ ਵੀ ਜਾਰੀ ਹੈ ਭਾਵ ਮਾਝੇ ਵਿੱਚ ਆਮ ਤੌਰ ਉੱਤੇ /ਔ/ ਧੁਨੀ ਨੂੰ /ਆਉ/ ਹੀ ਉੱਚਾਰਦੇ ਹਨ। ਜਿਵੇਂ ਕਰਾਉਣਾ, ਸੁਣਾਉਣਾ ਆਦਿ ਨਿਰਸੰਧੀ ਉੱਚਾਰਨ ਮਾਝੀ ਹੈ, ਪਰ ਇਸ ਦੇ ਮੁਕਾਬਲੇ ਤੇ ਮਲਵਈ ਵਿੱਚ ਕਰੌਣਾ, ਸਣੌਣਾ ਸੰਧੀਯੁਕਤ ਉੱਚਾਰਨ ਮਿਲਦਾ ਹੈ। ਉਂਜ ਲਿਖਤ ਵਿੱਚ ਭਾਵੇਂ ਮਲਵਈ ਵੀ ਮਾਝੀ ਵਾਂਗ ਹੀ ਲਿਖੀ ਜਾਂਦੀ ਹੈ। ਆਮ ਪੰਜਾਬੀ ਵਿੱਚ ਨਾਸਕੀ ਵਿਅੰਜਨ ਤਿੰਨ (ਣ, ਨ, ਮ) ਹੀ ਉੱਚਾਰੇ ਜਾਂਦੇ ਹਨ, ਪਰ ਮਾਝੀ ਵਿੱਚ ਕਿਤੇ ਕਿਤੇ /ਙ/ ਤੇ /ਞ/ ਦੀ ਹੋਂਦ ਵੀ ਹੈ।

ਮਾਝੀ ਵਿਆਕਰਨ
ਵਿਆਕਰਨ ਪੱਖੋਂ ਵੀ ਬਹੁਤੀ ਵੱਖਰਤਾ ਨਹੀਂ ਹੈ, ਬਹੁਤ ਭੇਦ ਉੱਚਾਰਨ ਅਤੇ ਸ਼ਬਦਾਵਲੀ ਦਾ ਹੀ ਹੁੰਦਾ ਹੈ। ਜਿਵੇਂ ਮਾਝੀ ਦਾ ਬੁਲਾਰਾ 'ਤੁਹਾਡਾ' ਪੜਨਾਂਵ ਨੂੰ ਧਿਆਡਾ, ਧਿਆਡੇ ਅਤੇ ਤੁਹਾਨੂੰ ਦੀ ਥਾਂ ਧਿਆਨੂੰ ਜਾਂ ਤਿਆਨੂੰ ਉੱਚਾਰਦੇ ਹਨ। ਇਸੇਤਰਾਂ ਮਾਝੀ ਦੇ ਕੁਝ ਸ਼ਬਦ ਬਿਲਕੁਲ ਨਿਵੇਕਲੇ ਹਨ। ਜਿਵੇਂ: ਵਾਂਢੇ, ਸਲੂਣਾ, ਰੁਮਾਨ, ਖੜਨਾ, ਭਾਊ, ਭਾ, ਛਾਹਵੇਲਾ, ਲੌਢਾ ਵੇਲਾ (ਤਰਕਾਲਾਂ), ਗਾੜੀ (ਅੱਗੇ), ਝਬਦੇ (ਛੇਤੀ), ਕੂਣਾ (ਕਹਿਣਾ), ਬੁੱਢੀ (ਘਰਵਾਲੀ), ਯਾਰਾਂ (ਗਿਆਰਾਂ), ਹਵੇਲੀ (ਪਸ਼ੂਆਂ ਦਾ ਵਾੜਾ) ਅਤੇ ਟੱਲੀ (ਲੀਰ) ਆਦਿ ਅਨੇਕ ਸ਼ਬਦ ਹਨ, ਜਿਹੜੀਆਂ ਦੂਜੀਆਂ ਉਪਭਾਸ਼ਾਵਾਂ ਅਤੇ ਸਟੈਂਡਰਡ ਪੰਜਾਬੀ ਵਿੱਚ ਨਹੀਂ ਵਰਤੇ ਜਾਂਦੇ। ਵਿਆਕਰਨ ਦੇ ਪੱਖ ਤੋਂ ਮਾਝੀ ਦੀ ਵਿਲੱਖਣਤਾ ਇਹ ਜ਼ਰੂਰ ਹੈ ਕਿ ਮਾਝੀ ਭਾਸ਼ਾ ਮਲਵਈ ਦੇ ਮੁਕਾਬਲੇ ਸੰਜੋਗਾਤਮਿਕ ਰੁਚੀਆਂ ਦੀ ਧਾਰਨੀ ਹੈ। ਮਾਝੀ ਵਿੱਚ 'ਨੇ' ਸੰਬੰਧਕ ਬਹੁਤ ਘੱਟ ਹੈ। ਮਾਝੀ ਵਿੱਚ /ਉਸ ਕਿਹਾ, ਕਿਨ ਕਿਹਾ, ਇਨ ਕਿਹਾ, ਹੱਥੀਂ ਕੀਤਾ, ਅੱਖੀਂ ਡਿੱਠਾ, ਗੱਡੀਓ ਲੱਥਾ/ ਆਦਿ ਸੰਜੋਗਾਤਮਿਕ ਬਣਤਰਾਂ ਬੋਲਣ ਦੀ ਰੁਚੀ ਹੈ। ਇਸੇਤਰਾਂ ਮਾਝੀ ਦੇ ਭੂਤਕਾਲੀ ਕਿਰਦੰਤ ਰੂਪ ਵੀ ਦੂਜੀਆਂ ਉਪਭਾਸ਼ਾਵਾਂ ਨਾਲੋਂ ਫ਼ਰਕ ਵਾਲੇ ਹਨ। /-ਇਆ/ ਅੰਤਕ ਕਿਰਦੰਤੀ ਰੂਪ ਆਮ ਪੰਜਾਬੀ ਲੱਛਣ ਹਨ। ਜਿਵੇਂ 'ਪੜ੍ਹ' ਤੋਂ 'ਪੜ੍ਹਿਆ, 'ਕਰ' ਤੋਂ 'ਕਰਿਆ ਆਦਿ ਪਰ ਇਨ੍ਹਾਂ ਦਾ ਨਿਕਟ-ਤਤਸਮੀ ਰੂਪ /ਕੀਤਾ, ਸੀਤਾ/ਵੀ ਵਰਤੋਂ ਵਿੱਚ ਆਉਦਾ ਹੈ। ਮਾਝੀ ਵਿੱਚ ਆਮ ਨਾਲੋਂ ਵੱਧ ਅਜਿਹੇ ਰੂਪ ਪਰਚੱਲਿਤ ਹਨ, ਜਿਵੇਂ ਕਿ ਡਿੱਠਾ, ਰਿੱਧਾ, ਧੋਤਾ, ਗੁੱਧਾ ਆਦਿ। ਮਾਝੀ ਵਿੱਚ ਕੁਝ ਹੋਰ ਨਿਵੇਕਲੇ ਤੱਤ ਕਿਰਿਆ ਦੇ ਅਖ਼ੀਰ ਵਿੱਚ ਜੁੜਵੇਂ ਬੋਲੇ ਜਾਂਦੇ ਹਨ। ਜਿਵੇਂ ਕਿ ਆਖਿਆ ਸੂ, ਕੀ ਕੀਤਾ ਸੂ ਆਦਿ।

ਪੋਠੋਹਾਰੀ/ਪਹਾੜੀ
ਪੋਠੋਹਾਰੀ ਪਾਕਿਸਤਾਨ ਵਿੱਚ ਪੋਠੋਹਾਰ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਇਸ ਦਾ ਖੇਤਰ ਜ਼ਿਲਾ ਜਿਹਲਮ ਰਾਵਲਪਿੰਡੀ ਹੈ। ਮਿੱਘੀ (ਮੈਨੂੰ), ਤੁੱਘੀ(ਤੈਨੂੰ), ਮਾਰਾ(ਮੇਰਾ), ਸਾੜਾ(ਸਾਡਾ)। ਪੋਠੋਹਾਰੀ ਵਿੱਚ ਅੱਧਕ ਦੀ ਬਹੁਤ ਵਰਤੀ ਜਾਂਦੀ ਹੈ। ਰਤਾ ਨੂੰ ਰੱਤਾ, ਪਤਾ ਨੂੰ ਪੱਤਾ ਕਿਹਾ ਜਾਂਦਾ ਹੈ। ਇਸ ਵਿੱਚ ਸ਼ਬਦਾਂ ਦੇ ਸ਼ੁਰੂ ਵਿੱਚ "ਹ" ਜੋੜਨ ਦੀ ਰੁੱਚੀ ਹੈ। ਜਿਵੇਂ ਹਿਕ (ਇਕ), ਹਿਥੇ (ਇੱਥੇ), ਹਿੰਝ (ਇੰਝ), ਹੁਸ (ਉਸ), ਹਿੱਸ (ਇਸ)। ਪੋਠੋਹਾਰੀ ਵਿੱਚ ਕਨੌੜਾ ਨਹੀਂ ਵਰਤਿਆ ਜਾਂਦਾ। ਇਸ ਵਿੱਚ ਕੌਲੀ ਨੂੰ ਕੋਲੀ, ਚੌਲ ਨੂੰ ਚੋਲ, ਪੌੜੀ ਨੂੰ ਪੋੜੀ ਅਤੇ ਤੌੜੀ ਨੂੰ ਤੋੜੀ ਕਹਿੰਦੇ ਹਨ।

ਜੰਡਾਲੀ
ਜੰਡਾਲੀ ਬੋਲੀ ਪਾਕਿਸਤਾਨੀ ਪੰਜਾਬ ਵਿੱਚ ਬੋਲੀ ਜਾਂਦੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ। ਇਹ ਪੋਠੋਹਾਰੀ, ਛਾਛੀ (ਹਿੰਦਕੋ ਦੀ ਉਪਬੋਲੀ) ਅਤੇ ਥਾਲੋਚੀ ਪੰਜਾਬੀ ਬੋਲੀਆਂ ਦਾ ਮਿਲਗੋਭਾ ਹੈ। ਇਸਨੂੰ ਆਵਾਣਕਾਰੀ ਵੀ ਕਹਿੰਦੇ ਹਨ।

ਮਲਵਈ

ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ। ਮਾਲਵ ਆਰੀਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀ। ਮਹਾਂਭਾਰਤ ਵਿੱਚ ਮਾਲਵ ਗਣਰਾਜ ਦਾ ਜ਼ਿਕਰ ਹੋਇਆ ਹੈ। ਮਲਵਈ ਬੋਲੀ ਵਿੱਚ ਪੁਰਾਣੀ ਵੈਦਿਕ ਭਾਸ਼ਾ ਦੇ ਕਈ ਸ਼ਬਦ ਮਿਲਦੇ ਹਨ। ਬੂਹੇ ਜਾਂ ਦਰਵਾਜ਼ੇ ਦੇ ਅਰਥਾਂ ਵਾਲਾ 'ਬਾਰ' ਇੱਕ ਅਜਿਹਾ ਸ਼ਬਦ ਹੈ, ਜੋ ਕਿ ਵੈਦਿਕ ਕਾਲ ਵਿੱਚ ਹਾਸਲ ਹੈ। ਕੁਝ ਹੋਰ ਸ਼ਬਦ ਵੀ ਹਨ, ਜਿਵੇਂ ਕਿ: 'ਪਰਾਰਿ' ਅਤੇ 'ਸਮਾਂ'। 'ਪਰ-ਪਰਾਰ' ਅਤੇ 'ਐਂਤਕੀ ਸਮਾਂ (ਵਰ੍ਹਾ) ਲੱਗ ਗਿਆ' ਮਲਵਈ ਵਿੱਚ ਆਮ ਬੋਲੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਰਿਗਵੇਦ ਵਿੱਚ ਮਿਲਦੇ ਹਨ।

ਖੇਤਰ
ਜ਼ਿਲ੍ਹਾ ਬਠਿੰਡਾ, ਸੰਗਰੂਰ, ਫ਼ਰੀਦਕੋਟ, ਮੁਕਤਸਰ, ਮੋਗਾ, ਲੁਧਿਆਣਾ ਅਤੇ ਫਿਰੋਜ਼ਪੁਰ ਦਾ ਕੁਝ ਹਿੱਸਾ ਸ਼ਾਮਿਲ ਹੈ। ਪਟਿਆਲੇ ਜ਼ਿਲ੍ਹੇ ਦੀ ਪੱਛਮੀ ਭਾਗ ਵਿੱਚ ਮਲਵਈ ਬੋਲੀ ਜਾਂਦੀ ਹੈ। ਫਾਜ਼ਿਲਕਾ ਵਾਲੇ ਗੁੱਠ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਦੀ ਕੁਝ ਸਿੱਖ-ਹਿੰਦੂ ਵਸੋਂ ਮਲਵਈ ਬੋਲਦੀ ਹੈ। ਮਲਵਈ ਵੱਡੇ ਖੇਤਰ ਵਿੱਚ ਫੈਲੀ ਹੋਣ ਕਰ ਕੇ ਇਸ ਦੀਆਂ ਅਗਾਂਹ ਕੁਝ ਲਘੂ-ਬੋਲੀਆਂ ਹਨ। ਬਠਿੰਡੇ ਤੋਂ ਉਤਲੇ ਪਾਸੇ ਦੀ ਬੋਲੀ ਨੂੰ 'ਉਤਾੜ' ਕਿਹਾ ਜਾਂਦਾ ਹੈ ਅਤੇ ਫ਼ਰੀਦਕੋਟ ਦੇ ਹੇਠਲੇ ਵਾਲੇ ਪਾਸੇ ਦੀ ਬੋਲੀ ਨੂੰ 'ਹਿਠਾੜ' ਕਹਿੰਦੇ ਹਨ।

ਮਲਵਈ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ
ਇਥੇ ਨਾਦੀ ਮਹਾਂਪ੍ਰਾਣ ਧੁਨੀਆਂ ਦੀ ਬਜਾਏ ਦੀ ਥਾਂ ਸੁਰ ਉੱਚਾਰੀ ਜਾਂਦੀ ਹੈ। ਪਰ ਸੁਰ ਯੰਤਰੀ ਵਿਅੰਜਨ /ਹ/ ਗੂੜ੍ਹ ਮਲਵਈ ਵਿੱਚ ਆਪਣੇ ਵਿਅੰਜਨੀ ਸਰੂਪ ਵਿੱਚ ਕਾਇਮ ਰਹਿੰਦਾ ਹੈ। ਮਲਵਈ ਵਿੱਚ /ਙ/ ਅਤੇ /ਞ/ ਨਾਸਕੀ ਵਿਅੰਜਨ ਕਿਤੇ ਵੀ ਨਹੀਂ ਬੋਲੇ ਜਾਂਦੇ ਹਨ। ਫ਼ਾਰਸੀ ਧੁਨੀਆਂ /ਫ਼/, /ਖ਼/, /ਗ਼/, /ਜ਼/ ਆਦਿ ਦਾ ਵੱਖਰੇਵਾਂ ਮਲਵਈ ਬੁਲਾਰਿਆਂ ਦੇ ਜ਼ਿਹਨ ਵਿੱਚ ਸਾਰਥਿਕ ਨਹੀਂ ਹੁੰਦਾ। ਮਲਵਈ ਵਿੱਚ ਉਲਟ ਜੀਭੀ ਧੁਨੀਆਂ ਵੱਲ ਮਾਝੀ ਦੇ ਮੁਕਾਬਲੇ ਝੁਕਾ ਵੱਧ ਹੈ। ਜਿਵੇਂ ਕਿ ਤੋਰ ਨੂੰ ਟੋਰ, ਹੇਠਾਂ ਨੂੰ ਢਾਹਾਂ ਮਲਵਈ ਵਿੱਚ ਬੋਲੇ ਜਾਂਦੇ ਹਨ। ਮਲਵਈ ਵਿੱਚ ਮੁੱਢਲਾ ਸਵਰ ਲੋਪ ਕਰਨ ਦਾ ਰੁਝਾਨ ਵਧੇਰੇ ਹੈ। ਜਿਵੇਂ ਕਿ: ਅਨਾਜ ਨੂੰ ਨਾਜ, ਅਖੰਡ ਨੂੰ ਖੰਡ, ਅਦਾਲਤਾਂ ਨੂੰ ਦਾਲਤਾਂ, ਅਨੰਦ ਨੂੰ ਨੰਦ, ਇਲਾਜ ਨੂੰ ਲਾਜ ਅਤੇ ਇੱਕ ਵੇਰਾਂ ਨੂੰ ਕੇਰਾਂ ਆਦਿ ਬੋਲਿਆ ਜਾਂਦਾ ਹੈ। ਮਲਵਈ ਵਿੱਚ ਵਿਅੰਜਨ-ਧੁਨੀਆਂ ਦਾ ਅੰਤਰ-ਵਟਾਂਦਰਾ ਕਰਨਾ ਵੀ ਆਮ ਹੈ। ਜਿਵੇਂ ਕਿ ਸ਼ੇਰ ਨੂੰ ਛੇਰ, ਛਾਤੀ ਨੂੰ ਸ਼ਾਤੀ, ਸਾਈਕਲ ਨੂੰ ਸ਼ੈਕਲ, ਸ਼ਤਾਨ ਨੂੰ ਛਤਾਨ, ਸਰਦੀ ਨੂੰ ਸ਼ਰਦੀ, ਛਾਂ ਨੂੰ ਸਾਂ, ਸੜਕ ਨੂੰ ਸ਼ੜਕ, ਛਿੱਤਰ ਨੂੰ ਸ਼ਿੱਤਰ ਆਮ ਬੋਲਿਆ ਜਾਂਦਾ ਹੈ। 'ਬਾਂਝ ਔਰਤ' ਵਿੱਚ ਬਾਂਝ ਸ਼ਬਦ ਵੀ 'ਬਾਜ' (ਬਿਨਾਂ) ਦਾ ਮਲਵਈਕਰਨ ਹੀ ਹੈ। ਨਾਸਿਕਤਾ ਸਹਿਤ /ਵ/ ਨੂੰ /ਮ/ ਉੱਚਾਰਨ ਦਾ ਰੁਝਾਨ ਹੈ। ਜਿਵੇਂ: ਤੀਵੀਂ ਨੂੰ ਤੀਮੀਂ, ਇਵੇਂ ਨੂੰ ਇਮੇ, ਕਿਵੇਂ ਨੂੰ ਕਿਮੇ, ਜਾਵਾਂਗਾ ਨੂੰ ਜਾਮਾਗਾ ਜਾਂ ਖਾਵਾਂਗਾ ਨੂੰ ਖਾਮਾਂਗਾ ਆਦਿ। ਮਲਵਈ ਵਿੱਚ ਅੰਤਮ ਅੱਖਰ ਨੂੰ /ਐ/ ਲਾਉਣ ਦੀ ਬਹੁਤ ਰੁਚੀ ਹੈ। ਜਿਵੇਂ: ਕੀਤੈ, ਗਿਐ, ਆਖਿਐ ਆਦਿ। /ਵ/ ਨੂੰ /ਬ/ ਆਮ ਬੋਲਿਆ ਜਾਂਦਾ ਹੈ, ਜਿਵੇਂ: ਬੱਟਾ, ਬੀਰ, ਬੀਹ, ਬਾਹਗੁਰੂ, ਬੱਢ ਆਦਿ।

ਵਿਆਕਰਨ ਦੇ ਪੱਖ ਤੋਂ ਮਲਵਈ ਦਾ ਸਭ ਤੋਂ ਨਿਆਰਾਪਨ ਇਸ ਦੇ ਨਿਰਾਲੇ ਪੜਨਾਵ ਹਨ। ਜਿਵੇਂ ਕਿ ਤੂੰ ਦੀ ਥਾਂ ਤੈਂ, ਤੁਹਾਡਾ ਦੀ ਥਾਂ ਠੋਡਾ/ਸੋਡਾ, ਤੁਹਾਨੂੰ ਦੀ ਥਾਂ ਥੋਨੂੰ/ਸੋਨੂੰ ਆਦਿ ਕਈ ਰੁਪਾਂਤਰ ਬੋਲੇ ਜਾਂਦੇ ਹਨ। 'ਆਪਣਾ' ਨੂੰ 'ਆਵਦਾ' ਵਰਤਿਆ ਜਾਂਦਾ ਹੈ। ਸਬੰਧਕ ਕਾ-ਕੀ-ਕੇ ਵੀ ਸਿਰਫ਼ ਮਲਵਈ ਵਿੱਚ ਹੀ ਬੋਲੇ ਜਾਂਦੇ ਹਨ। ਜਿਵੇਂ: ਜੈਲੇ ਕਾ ਖੇਤ, ਜੀਤੂ ਕੇ ਮੁੰਡੇ, ਜੀਤ ਕੀ ਬੁੜੀ। 'ਬੁੜੀ' ਸ਼ਬਦ ਵੀ ਸ਼ੁੱਧ ਮਲਵਈ ਹੈ, ਜੋ ਕਿ ਔਰਤਾਂ ਲਈ ਵਰਤਿਆ ਜਾ ਰਿਹਾ ਹੈ।

ਕਿਰਿਆ ਰੂਪੀ ਸ਼ਬਦ ਜਿਵੇਂ ਕਿ ਜਾਊਂ, ਖਾਊਂ, ਕਰੂੰ ਆਦਿ ਵੀ ਟਕਸਾਲੀ ਪੰਜਾਬੀ ਤੋਂ ਵੱਖਰੇ ਹਨ। ਮਲਵਈ ਕਰਮਣੀ ਵਾਚ ਵੀ ਲਹਿੰਦੀ ਨਾਲ
ਕਾਫ਼ੀ ਮਿਲਦਾ ਹੈ। ਜਿਵੇਂ: 'ਏਦਾਂ ਨਹੀਂ ਕਰੀਦਾ -ਖਾਈਦਾ ਜਾਂ ਪੜ੍ਹੀਦਾ ਆਦਿ।

ਮਲਵਈ ਸ਼ਬਦਾਵਲੀ
ਹਾਜ਼ਰੀ ਰੋਟੀ, ਤਿੱਖੜ ਦੁਪੈਹਰਾ, ਆਥਣ-ਉੱਗਣ, ਵੱਡੇ ਤੜਕੇ, ਨੇਂ ਜਾਣੀਏ, ਬਲਾਂਈ, ਜਮਾ ਈ, ਖਬਣੀ, ਕੇਰਾਂ, ਐਮੇ, ਊਂਈ, ਐਰਕੀ ਜਾਂ ਤੋਕੀ (ਇਸ ਸਾਲ), ਬਗ ਗਿਐ, ਕਾਸ ਨੂੰ ਜਾਨੈਗਾ, ਮੂਹਰੇ, ਜਿੱਦਣ, ਕਿੱਦਣ, ਲੌਣੇ, ਲਵੇ, ਥਾਈਂ, ਖੋਲਾ, ਜਾਣੇ ਖਾਣਿਆਂ, ਵੀਰਾਂ ਵੱਢੀਏ, ਡੁਬੜੀਏ, ਦੋਜਕ ਜਾਣਿਆਂ,ਿਕਕਣ ਆਦਿ।

ਦੁਆਬੀ

ਪੰਜਾਬ ਦੇ ਦੁਆਬੇ ਦੇ ਇਲਾਕੇ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਦੁਆਬ ਜਾਂ ਦੁਆਬਾ ਸ਼ਬਦ ਪੰਜ+ਆਬ ਦੀ ਤਰਜ਼ ਉੱਤੇ ਹੀ ਬਣਿਆ ਹੈ। ਦੋਆਬਾ (ਦੋ-ਆਬਾ) ਦੋ ਦਰਿਆਵਾਂ ਦੇ ਵਿਚਲੇ ਖੇਤਰ ਨੂੰ ਕਿਹਾ ਜਾਂਦਾ ਹੈ। ਇਉਂ ਦੁਆਬੀ ਸਤਲੁਜ ਅਤੇ ਬਿਆਸ ਦੇ ਵਿਚਲੇ ਇਲਾਕੇ ਦੀ ਬੋਲੀ ਲਈ ਰੂੜ੍ਹ ਹੋਇਆ ਸ਼ਬਦ ਹੈ।

ਖੇਤਰ
ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ।

ਦੁਆਬੀ ਭਾਸ਼ਾਈ ਵਿਸ਼ੇਸ਼ਤਾਵਾਂ
ਦੁਆਬੀ ਵਿੱਚ ਤਿੰਨੇ ਸੁਰ - ਉੱਚੀ, ਨੀਵੀਂ ਅਤੇ ਪੱਧਰੀ ਕਾਰਜਸ਼ੀਲ ਹਨ। ਪਰ ਮਲਵਈ ਵਾਂਗ ਦੁਆਬੀ ਵਿੱਚ ਨਾਸਕੀ ਧੁਨੀਆਂ /ਙ/ ਅਤੇ /ਞ/ ਦਾ ਉੱਚਾਰਨ ਨਹੀਂ ਹੁੰਦਾ ਹੈ। ਦੰਤੀ /ਲ/ ਅਤੇ ਉਲਟ ਜੀਭੀ /ਲ਼/ ਦੋਵੇਂ ਵਿਅੰਜਨ ਧੁਨੀਆਂ ਧੁਨੀਆਤਮਿਕ ਪੱਖੋਂ ਸਾਰਥਿਕ ਅਤੇ ਨਖੇੜੂ ਹਨ। ਦੁਆਬੀ ਵਿੱਚ /ਵ/ ਅਤੇ /ਬ/ ਧੁਨੀਆਂ ਅੰਤਰ-ਵਟਾਂਦਰਾ ਕਰਦੀਆਂ ਹਨ, ਭਾਵ 'ਵਿੱਚ' ਅਤੇ 'ਬਿੱਚ' ਦੋਵੇ ਬੋਲੀਦੇ ਹਨ। ਪਰ ਵਧੇਰੇ ਰੁਝਾਨ /ਬ/ ਦੀ ਹੈ। ਸ਼ਬਦਾਂ ਦੇ ਮੱਧ ਜਾਂ ਅੰਤ ਉੱਤੇ ਨਾਸਿਕਤਾ-ਸਹਿਤ /ਵ/ ਨੂੰ ਜਿੱਥੇ ਮਲਵਈ ਵਿੱਚ /ਮ/ ਬੋਲਿਆ ਜਾਂਦਾ ਹੈ, ਜਿਵੇਂ ਇਮੇਂ, ਕਿਮੇਂ, ਤਿਮੇਂ ਆਦਿ, ਉੱਥੇ ਦੁਆਬੀ ਵਿੱਚ ਵੱਖਰੇ ਸ਼ਬਦ ਹੀ ਪਰਚੱਲਿਤ ਹਨ। ਜਿਵੇਂ: ਇੱਦਾਂ, ਕਿੱਦਾਂ, ਅਤੇ ਜਿੱਦਾਂ ਆਦਿ। ਮਾਝੀ ਦੇ ਉਲਟ ਪਰ ਮਲਵਈ ਵਾਂਗ ਦੁਆਬੀ ਵਿੱਚ ਵੀ ਸ਼ਬਦਾਂ ਵਿੱਚ ਮੱਧਵਰਤੀ ਜਾਂ ਅੰਤਰ /ਰ/ ਨੂੰ ਲੋਪ ਕਰਨ ਦਾ ਰੁਝਾਨ ਹੈ। ਜਿਵੇਂ ਪੋਤਾ, ਦ੍ਹੋਤਾ, ਦਾਤੀ, ਪੁੱਤ, ਸੂਤ ਆਦਿ ਮਾਝੀ ਵਿੱਚ ਪੋਤਰਾ, ਦੋਤ੍ਹਰਾ, ਦਾਤਰੀ, ਪੁੱਤਰ, ਸੂਤਰ ਹਨ।

ਦੁਆਬੀ ਵਿਆਕਰਨ ਬਣਤਰ ਮਲਵਈ ਨਾਲ ਕਾਫ਼ੀ ਮਿਲਦੀ ਹੈ। ਭੂਤਕਾਲੀ ਕਿਰਿਆ ਸੂਚਕ /ਸੀ/ ਨੂੰ ਮਲਵਈ ਵਾਂਗ ਹੀ ਦੁਆਬੀ ਵਿੱਚ ਸੀਗਾ, ਸੀਗੇ, ਸੀਗੀ ਅਤੇ ਸੀਗੀਆਂ ਵਾਂਗ ਵਰਤਿਆ ਜਾਂਦਾ ਹੈ। ਕਰਮਣੀਵਾਚੀ ਅਤੇ ਭਾਵਵਾੀਚੀ ਬਣਤਰਾਂ ਦੁਆਬੀ ਦੀਆਂ ਵੱਖਰੀਆਂ ਹਨ। ਜਿਵੇਂ ਕਿ "ਮੈਥੋਂ ਕੰਮ ਕਰ ਨਹੀਂ ਹੁੰਦਾ, ਫੋਨ ਕੱਟ ਨਹੀਂ ਹੁੰਦਾ, ਜਾਂ ਖਾ ਨਹੀਂ ਹੁੰਦਾ" ਆਦਿ ਪੰਜਾਬੀ ਦੀ ਕਿਸੇ ਉਪਬੋਲੀ ਵਿੱਚ ਨਹੀਂ ਹਨ।

ਉਹ ਗਏ ਓਏ ਆ - ਉਹ ਗਏ ਹੋਏ ਹਨ ਉਹ ਗਏ ਉਈ ਆ- ਉਹ ਗਈ ਹੋਈ ਹੈ। ਸਾਰੀਆਂ ਆਈਆਂ ਆਂ - ਸਾਰੀਆਂ ਆਈਆਂ ਹੋਈਆਂ ਹਨ।

ਦੁਆਬੀ ਨਿਵੇਕਲੀ ਸ਼ਬਦਾਵਲੀ
ਗੱਭੇ (ਦਰਮਿਆਨ), ਘੇ-ਪੇ (ਘਿਉ, ਪਿਉ), ਜਨੇਤ (ਜੰਨ), ਫੇਰੇ (ਅਨੰਦ ਕਾਰਜ), ਬੀਬੀ (ਮਾਂ), ਭਾਜੀ (ਭਰਾ), ਭਾਪਾ, ਭਾਈਆ (ਪਿਤਾ) ਆਦਿ

ਪੁਆਧੀ ਉਪਭਾਸ਼ਾ
ਪੁਆਧ ਦੀ ਜੜ ਸੰਸਕ੍ਰਿਤ ਸ਼ਬਦ "ਪੂਰਵ ਅਰਧ" ਤੋਂ ਸੰਭਵ ਹੈ, ਜਿਸ ਦਾ ਅਰਥ ਹੈ 'ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ' ਭਾਵ ਕਿ ਪੰਜਾਬ ਦਾ ਅੱਧ। ਪੁਆਧ ਦੇ ਲੋਕਾਂ ਨੂੰ 'ਪੁਆਧੀਏ' ਅਤੇ ਪੁਆਧ ਦੀ ਬੋਲੀ ਨੂੰ ਪੁਆਧੀ ਕਿਹਾ ਜਾਂਦਾ ਹੈ।

ਖੇਤਰ
ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ।

ਭਾਸ਼ਾਈ ਵਿਸ਼ੇਸ਼ਤਾਵਾਂ
ਪੰਜਾਬੀ ਦੀਆਂ ਬਾਕੀ ਉਪ-ਭਾਸ਼ਾਵਾਂ ਵਾਂਗ ਪੁਆਧੀ ਵਿੱਚ ਵੀ ਸੁਰ ਮੌਜੂਦ ਹੈ। ਪੁਆਧੀ ਦੀ ਨੀਵੀਂ ਸੁਰ ਦੀ ਵਰਤੋਂ ਮਾਝੀ ਦੀ ਤਰਾਂ ਹੈ ਅਤੇ ਉੱਚੀ ਸੁਰ ਦੀ ਵਰਤੋਂ ਮਲਵਈ ਦੀ ਤਰ੍ਹਾਂ ਹੈ। ਪੱਧਰੀ ਜਾਂ ਸਾਂਵੀਂ ਸੁਰ ਤਿੰਨਾਂ ਵਿੱਚ ਇੱਕੋ ਜਿਹੀ ਹੈ। ਪੁਆਧੀ ਵਿੱਚ ਅੰਤਲਾ /ਹ/ ਨਹੀਂ ਉੱਚਾਰਿਆ ਜਾਂਦਾ ਹੈ ਅਤੇ ਨਾਸਕੀ ਵਿਅੰਜਨ /ਙ/ ਅਤੇ /ਞ/ ਦੀ ਵਰਤੋਂ ਵੀ ਨਹੀਂ ਹੁੰਦੀ ਹੈ। ਤਾਲਵੀ ਸੰਘਰਸ਼ੀ ਸ਼ਬਦ /ਸ਼/ ਵੀ ਨਹੀਂ ਹੈ, ਕੇਵਲ ਦੰਤੀ /ਸ/ ਹੈ। /ਵ/ ਤੋਂ /ਬ/ ਅਤੇ /ਮ/ ਵਿੱਚ ਰੂਪਾਂਤਰਨ ਮਲਵਈ ਨਾਲੋਂ ਵੱਧ ਹੈ। ਦੋ ਸਵਰਾਂ ਵਿਚਲਾ /ਵ/ ਅਕਸਰ /ਮ/ ਵਿੱਚ ਬਦਲਦਾ ਹੈ। ਜਿਵੇਂ: ਸਬੇਰਾ (ਸਵੇਰਾ), ਸੰਬਾਰ ਕੇ (ਸੰਵਾਰ ਕੇ), ਕਾਮਾ ਰੌਲੀ, ਕੈਮਾਂ (ਕਿੰਨਵਾਂ), ਜਾਮਾਂਗਾ, ਐਮੇ, ਸਮਗਾ (ਸਗਵਾਂ), ਸਿਰਨਾਮਾ, ਜਮਾਈ, ਅਤੇ ਤੀਮੀ ਆਦਿ। ਪੁਆਧੀ ਵਿੱਚ ਬਾਂਗਰੂ (ਹਰਿਆਣਵੀ) ਦੇ ਅਸਰ ਹੇਠ ਕੁਝ ਸ਼ਬਦਾਂ ਦੇ ਮੁੱਢ ਵਿੱਚ ਹਰਸਵ ਸਵਰਾਂ ਦੀ ਦੀਰਘਤਾ ਮਿਲਦੀ ਹੈ। ਜਿਵੇਂ: ਖੂਣੋਂ (ਖੁਣੋ), ਝੂਲ (ਝੁੱਲ), ਊਸਾਰੁ, ਊਹਾਂ, ਈਹਾਂ (ਓਥੇ, ਇੱਥੇ) ਆਦਿ। ਪੁਆਧੀ ਦੇ ਇੱਕ ਪਾਸੇ ਮਲਵਈ ਅਤੇ ਦੂਜੇ ਪਾਸੇ ਬਾਂਗਰੂ ਹਿੰਦੀ ਹੈ। ਪੁਆਧੀ ਵਿੱਚ ਹਮਾਨੂੰ/ਮ੍ਹਾਨੂੰ ਪੜਨਾਂਵ ਹੈ। ਇਸਤਰਾਂ 'ਬਿੱਚਮਾ' ਪੁਆਧੀ ਦਾ ਸਬੰਧਕ ਹੈ। "ਵਿਚ" ਅਤੇ "ਮਾਂ (ਮੇ)" ਤੋਂ ਬਣਿਆ ਹੈ।

ਹਮ/ਹਮੇਂ (ਅਸੀਂ, ਥਮ/ਥਮੇ (ਤੂੰ, ਤੁਸੀਂ), ਮ੍ਹਾਰੇ/ਥਾਰੇ (ਸਾਡੇ, ਤੁਹਾਡੇ), ਥਾਨੂੰ (ਤੈਨੂੰ), ਇਯੋ (ਇਹ), ਸਾਤੋਂ (ਸਾਥੋਂ) ਆਦਿ ਪੜਨਾਂਵ ਸ਼ਾਮਲ ਹਨ। ਪੁਆਧੀ ਦੇ ਸਬੰਧਕ ਵੀ ਖਾਸ ਹਨ, ਜੋ ਕਿ ਹੋਰ ਪੰਜਾਬੀ ਉਪ-ਭਾਸ਼ਾਵਾਂ ਤੋਂ ਵੱਖਰੇ ਹਨ। ਜਿਵੇਂ ਕਿ: ਗੈਲ (ਨਾਲ), ਲਵੇ (ਨੇੜੇ), ਕੰਨੀਓ (ਪਾਸਿਓ), ਓੜੀ (ਤਰਫ਼)। ਕੁਝ ਕਾਰਕੀ ਸਬੰਧਕ ਵੀ ਵੇਖਣਯੋਗ ਹਨ। ਜਿਵੇਂ ਕਿ: ਕਾਸ ਮਾਂ (ਕਿਸ ਵਿੱਚ), ਕਾਤੇ (ਕਿਸ ਕਰ ਕੇ), ਕਿੱਕਾ (ਕਿਸ ਕਾ), ਜਾਸ ਨੂੰ (ਜਿਸ ਨੂੰ), ਪਰ (ਉੱਤੇ), ਕਿਨੂੰ (ਕਿਸ ਨੂੰ), ਕ੍ਹੀਨੂੰ (ਕਿਨ੍ਹਾਂ ਨੂੰ) ਆਦਿ।

ਕਿਰਿਆ ਵਿਸ਼ੇਸ਼ਣ: ਇਬ (ਹੁਣ), ਇਬਕੇ (ਐਤਕਾਂ), ਇਕਣ, ਈਕਣ, ਓਗਲ (ਉਦੋਂ) ਕੋਗਲ (ਕਦੋਂ), ਜੋਗਲ (ਜਦੋਂ), ਤੋਗਲ (ਤਦੋਂ) ਆਦਿ।
ਭੂਤਕਾਲੀ ਸਹਾਇਕ ਕਿਰਿਆਵਾਂ ਬਿਲਕੁਲ ਵਖਰੇਵੇਂ ਵਾਲੀਆਂ ਹਨ।

ਜਿਵੇਂ: ਗਿਆ ਤੀ, ਗਏ ਤੇ, ਗਿਆ ਤਾ, ਗਈਆਂ ਤੀਆਂ ਆਦਿ। ਕਈ ਪੁਆਧੀ ਇਕਾਕਿਆਂ ਵਿੱਚ ਥੀ, ਥਾ, ਥੀਆਂ, ਅਤੇ ਥੇ ਵੀ ਬੋਲਦੇ ਹਨ। ਜਾਹਾ (ਜਾਂਦਾ ਹੈ), ਖਾਹਾ (ਖਾਂਦਾ ਹੈ), ਦੇਹਾ (ਦਿੰਦਾ ਹੈ)।

ਪੁਆਧੀ ਵਿੱਚ ਭਵਿੱਖਕਾਲ ਲਈ ਦੋ ਪਿਛੇਤਰ /-ਗ/ ਅਤੇ /-ਐਂ/ ਵਰਤੇ ਜਾਂਦੇ ਹਨ। "ਜੈਲਾ ਖੇਤ ਬਾਹੇਗਾ" ਜਾਂ "ਜੈਲਾ ਖੇਤ ਨਾ ਬਾਹੈ" ਆਦਿ।

ਵਾਰਤਾਲਾਪ ਵੰਨਗੀ
ਰੈ ਬੰਤਾ ਤੌਂ ਕਿਥੇ ਜਾਹਾਂ?
ਕਿਤੇ ਬੀ ਨੀ।
ਤੌਂ ਝੂਠ ਕਦ ਤੇ ਬੋਲਣ ਲਗ ਗਿਆ?
ਕਿਉਂ ਇਸ ਮਾਂ ਝੂਠ ਕੀ ਕੇੜ੍ਹੀ ਬਾਤ ਐ।

ਪੁਆਧੀ ਵਿੱਚ ਨਿਵੇਕਲੀ ਸ਼ਬਦਾਵਲੀ
ਗੋਰੂ (ਡੰਗਰ), ਚਤੌਲੀਆਂ (ਨਵਾਂ ਜੰਮਿਆ ਬੱਚਾ), ਸਿੰਘ ਜੀ (ਸਹੁਰਾ), ਗੰਠ/ਗੱਠ (ਗੰਢ), ਛੋਕੜੀ (ਕੁੜੀ), ਮ੍ਹੈਂਸ (ਮੱਝ), ਘਰੜ (ਅਧਰਿੜਕੀ ਲੱਸੀ), ਚਾਸਣੀ (ਕੜਾਹੀ), ਗੈਂ (ਗਾਊ), ਉਗਣ-ਆਥਨ (ਸਵੇਰ-ਸ਼ਾਮ), ਕਚਰਾ (ਖਰਬੂਜ਼ਾ), ਬਾਂਸਣ (ਭਾਂਡਾ), ਭੱਤ (ਚੌਲ), ਬਿਆਈ (ਸੂਈ ਮੱਝ), ਅਤੇ ਥੌੜ (ਸਥਾਨ)
ਹਵਾਲੇ
↑ ਡਾ. ਪ੍ਰੇਮ ਪ੍ਰਕਾਸ਼ ਸਿੰਘ (2015). ਸਿਧਾਂਤਕ ਭਾਸ਼ਾ ਵਿਗਿਆਨ. ਮਦਾਨ ਪਬਲੀਕੇਸ਼ਨਜ਼ ਪਟਿਆਲਾ. pp. 231–232.
↑ Punjabi University, Patiala.

Tuesday, 23 February 2016

ਤੁਰ ਗਏ ਨੇ ਛੱਡਕੇ ਸਾਨੂੰ ਜੋ, ਹੈ ਅਸਾਂ ਵੀ ਓਥੇ ਜਾਣਾ ।
ਹੁਣ ਯਾਦਾਂ ਦੇ ਸਹਾਰੇ ਤੁਰੀਏ, ਮੰਨ ਕੇ ਰੱਬ ਦਾ ਭਾਣਾ।

ਚੱਲਦਾ ਵਸ ਜੇ ਅਸਾਡਾ, ਤੈਨੂੰ ਜਾਣ ਮੂਲ੍ਹ ਨਾ ਅਸੀਂ ਦਿੰਦੇ ,
ਅਸੀਂ ਕਤਰਾ ਓਸ ਸਮੁੰਦਰ ਦਾ, ਅੰਤ ਓਸੇ ਵਿਚ ਜਾ ਸਮਾਣਾ।

ਮਰਨ ਕਬੂਲ ਕਰੇ ਜੋ ਬੰਦਾ, ਓਹੋ ਮੌਤੋਂ ਬਾਅਦ ਵੀ ਜਿਓੰਦਾ ,
ਏਸੇ ਰਾਹੇ ਸਭਨੇ ਤੁਰ ਜਾਣਾ, ਪਰ ਮਨ ਮੰਨਦਾ ਹੀ ਨਹੀਂ ਨਿਮਾਣਾ ।

ਚੱਲ ਪਹੁੰਚ ਤੂੰ ਓਹਨੀ ਵਤਨੀ, ਜਿਥੋਂ ਵਾਪਸ ਕੋਈ ਨਹੀਓਂ ਮੁੜਦਾ,
ਅਸੀਂ ਵੀ ਤੇਰੀ ਪੈੜ੍ਹ ਨੱਪਕੇ, ਤੇਰੇ ਪਿੱਛੇ ਪਿੱਛੇ ਓਥੇ ਹੀ ਆ ਜਾਣਾ ।

ਸਾਹਾਂ ਦੀ ਪੂੰਜੀ ਮੁੱਕ ਗਈ, ਛੱਡ ਤੇਰੀਆਂ ਯਾਦਾਂ ਦੀ ਤਜੋਰੀ,
ਮੰਜਲ ਸਾਡੀ ਸਭਦੀ ਏਹੋ, ਤੇ ਏਹਿਓ ਏ ਸਭਦਾ ਅੰਤ ਟਿਕਾਣਾ ।

ਰੂਹ ਮੇਰੀ ਗਮਜਦਾ ਹੈ ਬੜਾ ਦੁਖ ਹੈ ਦਿਲ ਨੂੰ ਤੇਰੇ ਤੁਰ ਜਾਣਦਾ,
ਰੱਬ ਦੀ ਰਜ਼ਾ ਵਿਚ ਹਾਂ ਰਾਜ਼ੀ, ਹੈ ਵਕ਼ਤ ਆਖਰੀ ਫਤਿਹ ਬੁਲਾਣਦਾ ।
- ਸੁਰਜੀਤ ਸਿੰਘ ਘੋਲੀਆ