ਇਸ ਧਰਤੀ ਉੱਤੇ ਬੋਲੀ ਦਾ ਹੁਨਰ ਸਿਰਫ਼ ਮਨੁੱਖ ਦੇ ਹੀ ਹਿੱਸੇ ਆਇਆ ਹੈ। ਮਨੁੱਖ ਬੋਲੀ ਰਾਹੀਂ ਹੀ ਇੱਕ-ਦੂਜੇ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਹੈ। ਖ਼ੁਸ਼ੀ, ਹਾਸਾ, ਗਮੀ, ਉਦਾਸੀ ਤੇ ਅਜਿਹੇ ਹੋਰ ਅਹਿਸਾਸ ਪ੍ਰਗਟਾੳੁਣ ਲਈ ਮਨੁੱਖੀ ਬੋਲੀ ਹੀ ਸਭ ਤੋਂ ਸ਼ਕਤੀਸ਼ਾਲੀ ਕਿਰਿਆ ਹੈ।
ਬੋਲਾਂ ਦੁਆਰਾ ਪ੍ਰਗਟਾਈ ਗੱਲ ਦਾ ਕੋਈ ਬਦਲ ਨਹੀਂ ਹੈ। ਕੋਈ ਵਿਅਕਤੀ ਆਪਣੇ ਘਰ, ਪਰਿਵਾਰ, ਦਫ਼ਤਰ, ਅਦਾਰੇ, ਦੁਕਾਨ ਆਦਿ ਹਰ ਜਗ੍ਹਾ ਮਿਲਣ ਵਾਲੇ ਕਿਸੇ ਮਨੁੱਖ ਨਾਲ ਕਿਹੋ ਜਿਹੀ ਬੋਲੀ ਤੇ ਕਿਸ ਤਰ੍ਹਾਂ ਦੇ ਲਹਿਜੇ ਵਿੱਚ ਗੱਲ ਕਰਦਾ ਹੈ, ਇਸ ਤੋਂ ਉਸ ਦੀ ਸ਼ਖ਼ਸੀਅਤ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।ਮਿੱਠੇ ਬੋਲਾਂ ਵਿੱਚ ਅਜਿਹਾ ਜਾਦੂ ਹੁੰਦਾ ਹੈ ਕਿ ਗੁੱਸੇਖੋਰ, ਅੜੀਅਲ ਤੇ ਜ਼ਿੱਦੀ ਵਿਅਕਤੀ ਵੀ ਮੋਮ ਬਣਨ ਲਈ ਮਜਬੂਰ ਹੋ ਜਾਂਦਾ ਹੈ। ਮਨੁੱਖੀ ਆਪੇ ਦੀ ਅਸਲ ਪਛਾਣ ਉਸ ਦੇ ਦੂਜਿਆਂ ਪ੍ਰਤੀ ਵਿਵਹਾਰ ਤੋਂ ਹੀ ਹੁੰਦੀ ਹੈ। ਦੂਜਿਆਂ ਨੂੰ ਮਿਲਣ ਸਮੇਂ ਚਿਹਰੇ ’ਤੇ ਮੁਸਕਰਾਹਟ ਲਿਆ ਕੇ ਮਿਸ਼ਰੀ ਵਰਗੇ ਮਿੱਠੇ ਬੋਲਾਂ ਨਾਲ ਮੁਖਾਤਿਬ ਹੋਣ ਵਾਲਾ ਵਿਅਕਤੀ ਹਰ ਇੱਕ ਨੂੰ ਆਪਣਾ ਦੋਸਤ ਬਣਾ ਲੈਂਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਮਿੱਠ-ਬੋਲੜੇ ਵਿਅਕਤੀ ਹਰ ਇੱਕ ਦਾ ਮਨ ਮੋਹ ਲੈਂਦੇ ਹਨ। ਸੱਭਿਅਕ ਤੌਰ-ਤਰੀਕੇ ਤੇ ਬੋਲਾਂ ਦੀ ਮਿਠਾਸ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਚਾਰ-ਚੰਨ ਲਾ ਦਿੰਦੀ ਹੈ। ਵੇਖਣ ਨੂੰ ਕੋਈ ਕਿੰਨਾ ਵੀ ਸੋਹਣਾ-ਸੁਨੱਖਾ ਤੇ ਸਜਿਆ ਫੱਬਿਆ ਹੋਵੇ, ਪਰ ਬੋਲਾਂ ਵਿੱਚ ਕੁੜੱਤਣ ਤੇ ਖਰਵਾਪਣ ਹੋਣ ਦੀ ਸੂਰਤ ਵਿੱਚ ਖ਼ੂਬਸੂਰਤੀ ਵੀ ਕਿਸੇ ਕੰਮ ਨਹੀਂ ਆਉਂਦੀ। ਸੋਹਣਾ ਉਹੀ ਹੁੰਦਾ ਹੈ ਜੋ ਸੋਹਣਾ ਵਰਤਾਉ ਕਰਦਾ ਹੈ।
ਗੁਰੂਆਂ, ਪੀਰਾਂ, ਫ਼ਕੀਰਾਂ ਤੇ ਧਾਰਮਿਕ ਹਸਤੀਆਂ ਨੇ ਮਨੁੱਖਤਾ ਨੂੰ ਆਪਸੀ ਪਿਆਰ ਮੁਹੱਬਤ ਅਤੇ ਮਿਲਵਰਤਣ ਦਾ ਸੰਦੇਸ਼ ਦਿੱਤਾ ਹੈ। ਮਨੁੱਖਤਾ ਨਾਲ ਪਿਆਰ ਨਾ ਕਰਨ ਵਾਲਾ ਅਤੇ ਮੋਹ ਭਰੇ ਬੋਲ ਨਾ ਵਰਤਣ ਵਾਲਾ ਵਿਅਕਤੀ ਸਿਰਫ਼ ਨਾਂ ਦਾ ਹੀ ਧਾਰਮਿਕ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿੱਚ ਮਿੱਠਾ ਬੋਲਣ ਦੀ ਮਹਿਮਾ ਕੀਤੀ ਗੲੀ ਹੈ। ਕਿਸੇ ਨਾਲ ਕੌੜੇ ਜਾਂ ਫਿੱਕੇ ਬੋਲ ਬੋਲਣ ਵਾਲੇ ਦਾ ਤਨ ਤੇ ਮਨ ਵੀ ਅਸ਼ਾਂਤ ਹੋ ਜਾਂਦਾ ਹੈ। ਬਾਬਾ ਫ਼ਰੀਦ ਦਾ ਕਥਨ ਹੈ ਕਿ ਕਿਸੇ ਨੂੰ ਕੌੜੇ ਬੋਲ ਨਾ ਬੋਲ, ਸਭ ਵਿੱਚ ਉਸ ਸੱਚੇ ਪਰਮਾਤਮਾ ਦੀ ਜੋਤ ਹੈ।
ਮਿੱਠੇ ਬੋਲ ਬੋਲਣ ਵਾਲੇ ਦੁਕਾਨਦਾਰ ਦੀ ਦੁਕਾਨ ’ਤੇ ਗਾਹਕਾਂ ਦੀ ਕਮੀ ਨਹੀਂ ਰਹਿੰਦੀ। ਜੇ ਗਾਹਕ ਨੂੰ ਦੁਕਾਨਦਾਰ ਦੇ ਵਿਵਹਾਰ ਵਿੱਚੋਂ ਫਿੱਕਾਪਣ ਨਜ਼ਰ ਆਵੇਗਾ ਤਾਂ ਉਹ ਕਿਸੇ ਵੀ ਵਸਤੂ ਨੂੰ ਖ਼ਰੀਦਣ ਵੱਲ ਰੁਚਿਤ ਨਹੀਂ ਹੋਵੇਗਾ। ਗਾਹਕਾਂ ਨਾਲ ਲੜਨ ਵਾਲਾ ਦੁਕਾਨਦਾਰ ਕੋਈ ਖੱਟੀ ਕਮਾਈ ਨਹੀਂ ਕਰ ਸਕਦਾ। ਜਿਹੜਾ ਅਧਿਆਪਕ ਹਰ ਸਮੇਂ ਆਪਣੇ ਵਿਦਿਆਰਥੀਆਂ ਨੂੰ ਕੌੜੇ ਬੋਲਾਂ ਦੇ ਤੀਰਾਂ ਨਾਲ ਵਿੰਨ੍ਹਦਾ ਰਹਿੰਦਾ ਹੈ, ੳੁਹ ਉਨ੍ਹਾਂ ਦੇ ਮਨ ਦੀ ਤਹਿ ਤਕ ਨਹੀਂ ਪਹੁੰਚ ਸਕਦਾ। ਮਿੱਠੇ ਬੋਲਾਂ ਦਾ ਬੱਚਿਆਂ ਦੇ ਮਨ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ ਤੇ ਉਹ ਅਧਿਆਪਕ ਦੁਆਰਾ ਸਮਝਾਈ ਗੱਲ ਨੂੰ ਸਮਝਣ ਵਿੱਚ ਪੂਰੀ ਦਿਲਚਸਪੀ ਲੈਂਦੇ ਹਨ।
ਆਪਣੇ ਮਾਤਹਿਤਾਂ ਨਾਲ ਕੌੜਾ ਵਿਵਹਾਰ ਕਰਨ ਵਾਲਾ ਅਫ਼ਸਰ ਆਪਣੇ ਦਫ਼ਤਰ ਵਿੱਚ ਚੰਗੇ ਨਤੀਜੇ ਨਹੀਂ ਕੱਢ ਸਕਦਾ। ਵਿਵਹਾਰ ਵਿੱਚ ਨਰਮੀ ਤੇ ਬੋਲਾਂ ਵਿੱਚ ਮਿਠਾਸ ਸਦਕਾ ਢੀਠ ਤੋਂ ਢੀਠ ਵਿਅਕਤੀ ਤੋਂ ਵੀ ਕੰਮ ਕਰਵਾਇਆ ਜਾ ਸਕਦਾ ਹੈ। ਸਖ਼ਤ ਰਵੱਈਆ ਤੇ ਕੌੜੇ ਬੋਲ ਮਾਹੌਲ ਵਿੱਚ ਕੁੜੱਤਣ ਅਤੇ ਤਲਖ਼ੀ ਪੈਦਾ ਕਰਦੇ ਹਨ ਜਦੋਂਕਿ ਮਿੱਠੇ ਬੋਲਾਂ ਨਾਲ ਮਾਹੌਲ ਖ਼ੁਸ਼ਗਵਾਰ ਬਣਿਆ ਰਹਿੰਦਾ ਹੈ। ਅਜਿਹੇ ਮਾਹੌਲ ਵਿੱਚ ਮਨ ਵਿੱਚ ਕੰਮ ਕਰਨ ਦੀ ਰੁਚੀ ਪੈਦਾ ਹੁੰਦੀ ਹੈ।
ਗਾਇਕ, ਰਾਗੀ-ਢਾਡੀ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਸਦਕਾ ਹੀ ਲੋਕਾਂ ਵਿੱਚ ਮਕਬੂਲ ਹੁੰਦੇ ਹਨ। ਹਰ ਸਮੇਂ ਖਿੱਝਦੇ ਰਹਿਣ ਤੇ ਕੌੜੇ ਬੋਲ ਬੋਲਣ ਵਾਲੇ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿੱਚ ਮਿੱਠਤ, ਨਰਮੀ ਅਤੇ ਸੁਹਜ ਦਾ ਸੰਚਾਰ ਨਹੀਂ ਕਰ ਸਕਦੇ। ਬੱਚਿਆਂ ਦੇ ਮਨ ਫੁੱਲਾਂ ਵਰਗੇ ਕੋਮਲ ਹੁੰਦੇ ਹਨ ਤੇ ਕੌੜੇ ਬੋਲ ਸੁਣ ਕੇ ਉਹ ਮੁਰਝਾ ਜਾਂਦੇ ਹਨ।
ਇਹ ਵੀ ਬਹੁਤ ਅਜੀਬ ਗੱਲ ਹੈ ਕਿ ਹਰ ਕੋਈ ਸ਼ਹਿਦ ਵਰਗੇ ਮਿੱਠੇ ਬੋਲ ਸੁਣਨ ਲਈ ਤਾਂਘਦਾ ਹੈ, ਪਰ ਆਪ ਦੂਜਿਆਂ ਨੂੰ ਕੌੜੇ ਤੇ ਤਲਖ਼ੀ ਭਰੇ ਬੋਲਾਂ ਨਾਲ ਮੁਖਾਤਿਬ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਤਲਵਾਰ ਦਾ ਫੱਟ ਤਾਂ ਸਮਾਂ ਪਾ ਕੇ ਮਿਟ ਜਾਂਦਾ ਹੈ, ਪਰ ਬੋਲਾਂ ਦਾ ਜ਼ਖ਼ਮ ਕਦੇ ਨਹੀਂ ਮਿਟਦਾ। ਤੋਲ ਕੇ ਬੋਲਣ ਵਾਲੇ ਵਿਅਕਤੀ ਵਿਰਲੇ ਹੀ ਹੁੰਦੇ ਹਨ, ਪਰ ਬੋਲਣ ਤੋਂ ਬਾਅਦ ਸੋਚਣ ਵਾਲਿਆਂ ਦੀ ਗਿਣਤੀ ਬੇਸ਼ੁਮਾਰ ਹੈ। ਮਿੱਠੇ ਬੋਲਾਂ ਨਾਲ ਵਿਵਹਾਰ ਕਰਨ ਵਾਲੇ ਵਿਅਕਤੀ ਦੀ ਅਪਣੱਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਪਰ ਕਿਸੇ ਸਵਾਰਥ ਦੀ ਸਿੱਧੀ ਲਈ ਖੁਸ਼ਾਮਦੀ ਲਹਿਜੇ ਵਿੱਚ ਗੱਲ ਕਰਨ ਵਾਲਾ ਵਿਅਕਤੀ ਆਪਣੇ ਚਿਹਰੇ ਦੇ ਹਾਵ-ਭਾਵ ਤੋਂ ਹੀ ਪਛਾਣਿਆ ਜਾਂਦਾ ਹੈ।
ਅਜੋਕੇ ਸਮਿਆਂ ਵਿੱਚ ਤਲਖ਼ੀ ਦਾ ਮਾਹੌਲ ਬਹੁਤ ਵਧ ਗਿਆ ਹੈ। ਸਿਆਸੀ ਨੇਤਾਵਾਂ ਤੇ ਧਾਰਮਿਕ ਹਸਤੀਆਂ ਦੇ ਅਗਨੀ ਭਰੇ ਬੋਲ ਨਫ਼ਰਤ ਭਰਿਆ ਮਾਹੌਲ ਸਿਰਜ ਦਿੰਦੇ ਹਨ। ਸਮਾਜ ਵਿੱਚ ਖ਼ੁਸ਼ੀ-ਖ਼ੁਸ਼ੀ ਵਸਦੇ ਲੋਕ ਪਲਾਂ ਛਿਣਾਂ ਵਿੱਚ ਹੀ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਬਣ ਜਾਂਦੇ ਹਨ। ਗੁਰੂਆਂ ਪੀਰਾਂ ਦੀ ਇਸ ਭੂਮੀ ੳੁੱਤੇ ਅਸਹਿਣਸ਼ੀਲਤਾ ਇਸ ਕਦਰ ਭਾਰੂ ਹੋ ਗਈ ਹੈ ਕਿ ਦੂਜੇ ਦੇ ਵਿਚਾਰਾਂ ਨੂੰ ਸਹਿਜ ਨਾਲ ਸੁਣਨ ਦੀ ਪ੍ਰਵਿਰਤੀ ਲੋਪ ਹੁੰਦੀ ਜਾ ਰਹੀ ਹੈ। ਮਨੁੱਖੀ ਹਿਰਦਿਆਂ ਨੂੰ ਸ਼ਾਂਤ ਕਰ ਕੇ ਠੰਢਕ ਪਹੁੰਚਾਉਣ ਦੀ ਥਾਂ ਬੋਲਾਂ ਦੇ ਤਿੱਖੇ ਨਸ਼ਤਰ ਹਿਰਦਿਆਂ ਨੂੰ ਵਲੂੰਧਰ ਸੁਟੱਦੇ ਹਨ। ਬਹੁਤੀਆਂ ਦੁਖਦਾਈ ਘਟਨਾਵਾਂ ਕੌੜੇ ਬੋਲਾਂ ਦੇ ਸਿੱਟੇ ਵਜੋਂ ਹੀ ਵਾਪਰਦੀਆਂ ਹਨ।
ਕੰਮ-ਕਾਰ ਤੋਂ ਥੱਕ-ਹਾਰ ਕੇ ਘਰ ਪਰਤੇ ਬੰਦੇ ਨੂੰ ਸੁਆਣੀ ਮੋਹ ਭਰੇ ਮਿੱਠੇ ਬੋਲਾਂ ਨਾਲ ਪਾਣੀ ਪਿਲਾਵੇ ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਜਿਹੜੇ ਪਰਿਵਾਰਾਂ ਵਿੱਚ ਪਤੀ ਪਤਨੀ ਇੱਕ ਦੂਜੇ ਪ੍ਰਤੀ ਮਿਠਾਸ ਭਰੇ ਬੋਲਾਂ ਦਾ ਉਪਯੋਗ ਕਰਦੇ ਹਨ, ਉੱਥੇ ਹੀ ਸਵਰਗ ਹੁੰਦਾ ਹੈ। ਇਸ ਤਰ੍ਹਾਂ ਬੱਚੇ ਵੀ ਸੱਭਿਅਕ ਭਾਸ਼ਾ ਤੇ ਸਲੀਕਾ ਸਿੱਖ ਜਾਂਦੇ ਹਨ। ਨਿਮਰਤਾ, ਸਹਿਣਸ਼ੀਲਤਾ ਤੇ ਹਉਮੈ ਤੋਂ ਮੁਕਤ ਹੋ ਕੇ ਮਿੱਠੇ ਬੋਲਾਂ ਨਾਲ ਵਿਵਹਾਰ ਕਰਨਾ ਜ਼ਿੰਦਗੀ ਦਾ ਵਡਮੁੱਲਾ ਹਾਸਲ ਹੈ। ਅਜਿਹੇ ਗੁਣ ਵਿਰਲਿਆਂ ਦੇ ਹਿੱਸੇ ਹੀ ਆਉਂਦੇ ਹਨ, ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਮਿੱਠੇ ਬੋਲਾਂ ਵਿੱਚ ਪੱਥਰ ਨੂੰ ਵੀ ਮੋਮ ਕਰਨ ਦੀ ਸ਼ਕਤੀ ਹੁੰਦੀ ਹੈ।
No comments:
Post a Comment