Tuesday, 28 February 2017

ਤਾੜਾ - ਰਮਨਪ੍ਰੀਤ ਕੌਰ

ਜਿੰਦ ਮੇਰੀ ਦਾ ਤਾੜਾ ਚੱਲਦਾ
ਭਰਦੀ ਲੇਫ਼ ਤਲਾਈਆ ਵੇ

ਕਰਮਾਂ ਸੰਦੜੀ ਰੂੰ ਪਿੰਜਦੀ 
ਜੋ ਅਜ਼ਲੋਂ ਸੱਦਾਂ ਆਈਆਂ ਵੇ

ਰਾਤ-ਬਰਾਤੇ ਮਨ ਨੂੰ ਗਾਹੁੰਦੀ
ਤੁਰਦੀ ਲੰਮੜੇ ਪੈਂਡੇ ਵੇ

ਕਵਿਤਾ ਜੇਕਰ ਬਹੁੜੇ ਨਾਹੀਂ
ਰੂਹ ਲੈਂਦੀ ਅੰਗੜਾਈਆਂ ਵੇ

ਸ਼ਬਦਾਂ ਦੀ ਮੈਂ ਫੈਲ੍ਹ ਬਣਾਵਾਂ
ਮਨ ਦੀ ਧੁਣਖੀ ਧੁਣਖੇ ਵੇ

ਨਜ਼ਮਾਂ ਕਿਸੇ ਵਿਯੋਗਣ ਵਾਂਗੂੰ
ਦੂਰੋਂ ਚੱਲ ਕੇ ਆਈਆਂ ਵੇ

ਤੁੰਬਾ-ਤੁੰਬਾ ਰੂੰ ਉੱਡਦੀ ਏ
ਮੇਰੇ ਦਿਲ ਦੀ ਦੇਹਲ਼ੀ ਤੇ

ਪੰਡਾਂ ਦੇ ਵਿਚ ਬੰਨ੍ਹਦੀ ਜਾਵਾਂ
ਪੀੜ੍ਹਾਂ ਕੁੱਖੋਂ ਜਾਈਆਂ ਵੇ

ਮਨ ਦਾ ਲੋਗੜ ਡਾਹਢਾ ਕੈੜਾ
ਪਿੰਜ-ਪਿੰਜ ਪੋਲਾ ਕਰਦੀ ਹਾਂ

ਰੁੱਤ ਸਿਆਲ਼ੂ ਸਿਰ ਤੇ ਨੱਚੇ
ਭਰੀਆਂ ਜਾਣ ਰਜਾਈਆਂ ਵੇ

Friday, 24 February 2017

ਪਿਛਾਵਰ ਚ ਬਾਲ ਹਤਿਆ ਕਾਂਢ ਬਾਰੇ - 'ਚਰਨ ਲਿਖਾਰੀ'


ਰੰਗ ਹਰੀਆਂ ਕਰੂੰਬਲਾਂ ਦਾ ਲਾਲ ਵੇਖਿਆ
ਰਾਤੀਂ ਕੋਠੇ ਉੱਤੇ ਨੱਚਦਾ ਮੈਂ ਕਾਲ ਵੇਖਿਆ

ਕੋਈ ਟਿਬਿਆਂ ਚ ਫਿਰਦਾ ਚੰਡਾਲ ਵੇਖਿਆ
ਨੀ ਮੈ ਹੋਣੀ ਦੇ ਕਲੇਜੇ ਸੁੱਤਾ ਬਾਲ ਵੇਖਿਆ 

ਜਿਵੇਂ ਮੜੀਆਂ ਚ ਲੱਗਾ ਮੈਂ ਪੰਡਾਲ ਵੇਖਿਆ
ਕੋਈ ਨੈਹਸ ਮੈਂ ਵਜਾਉਦਾ ਪਾਟੇ ਤਾਲ ਵੇਖਿਆ 

ਨਾਲੇ ਮੀਟ ਨਾਲ ਭਰਿਆ ਮੈਂ ਥਾਲ ਵੈਖਿਆ
ਬੱਜਾ ਤੌੜੀ ਉੱਤੇ ਕਾਲਾ ਮੈਂ ਰੁਮਾਲ ਵੇਖਿਆ 

ਨੀ ਮੈਂ ਸੰਨ ਸੰਤਾਲੀ ਵਾਲਾ ਸਾਲ ਵੇਖਿਆ
ਵਿੱਚੇ ਜਲਿਆਂ ਦੇ ਬਾਗ ਵਾਲਾ ਹਾਲ ਵੇਖੀਆ 

ਮਾਰੂ ਮਾੜੀਆਂ ਨੂੰ ਵੱਜਦਾ ਭੁਚਾਲ ਵੇਖਿਆ
ਫੇਰ ਨੂੰਹ ਵਾਲੇ ਪਾਣੀ ਦਾ ਉਛਾਲ ਵੇਖਿਆ 

ਕੋਈ ਆਪਣਾਂ ਹੀ ਮੌਤ ਦਾ ਦਲਾਲ ਵੇਖਿਆ
ਨੀ ਉਹ ਤਾਰਿਆਂ ਨੂੰ ਸੁੱਟਦਾ ਪਤਾਲ ਵੇਖਿਆ 

ਪਿਆ ਰੱਬ ਵੀ ਬਿਮਾਰ ਮੈਂ ਨਿਢਾਲ ਵੇਖਿਆ

ਰੋਂਦਾ ਚਰਨ ਲਿਖਾਰੀ ਕੰਧਾ ਨਾਂਲ ਵੇਖਿਆ

Sunday, 19 February 2017

ਗੀਤ - ਬਲਵਿੰਦਰ ਸਿੰਘ


ਇਕ ਤੂੰ ਹੈ ਕਿਨਾਰਾ
ਇਕ ਮੈ ਹਾਂ ਕਿਨਾਰਾ
ਵਿੱਚ ਵਗਦੀ ਨਦੀ.....
ਰਹੇਂ ਆਪਣੀ ਤੂੰ ਥਾਵੇਂ
ਰਹਾਂ ਅਾਪਣੀ ਮੈਂ ਥਾਵੇਂ
ਨਦੀ ਰੁਕੇ ਨਾ ਕਦੀ......।

ਇਹ ਜੋ ਸਮਿਆਂ ਦੀ ਧਾਰਾ
ਸਦਾ ਵਗਦੀ ਏ ਰਹਿਣੀ
ਕਦੇ ਪੂਰੀ ਕਦੇ ਊਣੀ
ਇਕਸਾਰ ਨਹੀਂਓਂ ਵਹਿਣੀ
ਚੰਨ ਡੁੱਬਣਾ ਤੇ ਲਹਿਣਾ
ਕੀ ਵਦੀ ਕੀ ਸੁਦੀ........।

ਕੋਟਿ ਧਰਤੀ, ਤੇ ਰੰਗ
ਹਰ ਆਪਣੀ ਥਾਂ ਸੋਹਣਾ
ਚੜ੍ਹੇ ਸੋਨ ਜੇ ਸਵੇਰਾ
ਡੁੱਬੇ ਹੋਰ ਮਨਮੋਹਣਾ
ਸਭ ਰੰਗਾਂ ਨੂੰ ਸਲਾਹੀਏ
ਕਿਸੇ ਵਿਚ ਨਾ ਬਦੀ........।

ਪੰਧ ਉਮਰਾ ਲੰਮੇਰੇ
ਕਿਤੇ ਟਿੱਬੇ ਕਿਤੇ ਟੋਏ
ਕਿਤੇ ਖਾਰ ਬੇਸ਼ੁਮਾਰ
ਕਿਤੇ ਫੁੱਲ ਨੇ ਵਿਛੋਏ
ਪੈਣਾ ਸਭ ਕੁਝ ਸਹਿਣਾ
ਜੇ ਪਾਰ ਲੰਘਣੀ ਸਦੀ.......।

ਇਕੋ ਮਿੱਟੀ ਆਪਾਂ ਜਾਏ
ਐਵੇਂ, ਆਖ ਨਾ ਪਰਾਏ
ਤੇਰੀ ਹਿੱਕ ਖੁਸ਼ਬੋ
ਮੇਰੇ ਮੱਥੇ ਵਿਚ ਲੋਅ
ਤੇਰਾ ਆਪਣਾ ਖੁਦਾ
ਮੇਰੀ ਆਪਣੀ ਖੁਦੀ.......।

ਰਹੇਂ ਆਪਣੀ ਤੂੰ ਥਾਵੇਂ
ਰਹਾਂ ਆਪਣੀ ਮੈਂ ਥਾਵੇਂ
ਨਦੀ ਰੁਕੇ ਨਾ ਕਦੀ.....
ਇਕ ਤੂੰ ਏਂ ਕਿਨਾਰਾ
ਇਕ ਮੈਂ ਹਾਂ ਕਿਨਾਰਾ
ਵਿੱਚ ਵਗਦੀ ਨਦੀ.......।