Tuesday, 28 February 2017

ਤਾੜਾ - ਰਮਨਪ੍ਰੀਤ ਕੌਰ

ਜਿੰਦ ਮੇਰੀ ਦਾ ਤਾੜਾ ਚੱਲਦਾ
ਭਰਦੀ ਲੇਫ਼ ਤਲਾਈਆ ਵੇ

ਕਰਮਾਂ ਸੰਦੜੀ ਰੂੰ ਪਿੰਜਦੀ 
ਜੋ ਅਜ਼ਲੋਂ ਸੱਦਾਂ ਆਈਆਂ ਵੇ

ਰਾਤ-ਬਰਾਤੇ ਮਨ ਨੂੰ ਗਾਹੁੰਦੀ
ਤੁਰਦੀ ਲੰਮੜੇ ਪੈਂਡੇ ਵੇ

ਕਵਿਤਾ ਜੇਕਰ ਬਹੁੜੇ ਨਾਹੀਂ
ਰੂਹ ਲੈਂਦੀ ਅੰਗੜਾਈਆਂ ਵੇ

ਸ਼ਬਦਾਂ ਦੀ ਮੈਂ ਫੈਲ੍ਹ ਬਣਾਵਾਂ
ਮਨ ਦੀ ਧੁਣਖੀ ਧੁਣਖੇ ਵੇ

ਨਜ਼ਮਾਂ ਕਿਸੇ ਵਿਯੋਗਣ ਵਾਂਗੂੰ
ਦੂਰੋਂ ਚੱਲ ਕੇ ਆਈਆਂ ਵੇ

ਤੁੰਬਾ-ਤੁੰਬਾ ਰੂੰ ਉੱਡਦੀ ਏ
ਮੇਰੇ ਦਿਲ ਦੀ ਦੇਹਲ਼ੀ ਤੇ

ਪੰਡਾਂ ਦੇ ਵਿਚ ਬੰਨ੍ਹਦੀ ਜਾਵਾਂ
ਪੀੜ੍ਹਾਂ ਕੁੱਖੋਂ ਜਾਈਆਂ ਵੇ

ਮਨ ਦਾ ਲੋਗੜ ਡਾਹਢਾ ਕੈੜਾ
ਪਿੰਜ-ਪਿੰਜ ਪੋਲਾ ਕਰਦੀ ਹਾਂ

ਰੁੱਤ ਸਿਆਲ਼ੂ ਸਿਰ ਤੇ ਨੱਚੇ
ਭਰੀਆਂ ਜਾਣ ਰਜਾਈਆਂ ਵੇ

No comments:

Post a Comment