Sunday, 19 March 2017

ਮੇਰੀ ਭਾਸ਼ਾ ਗੁਰਮੀਤ ਕੜਿਆਲਵੀ


ਜੁਗਾਂ-ਜੁਗਾਂ ਤੋਂ
ਜਿਉਂਦੀ ਪਈ ਹੈ ਮੇਰੀ ਭਾਸ਼ਾ ਮੇਰੇ ਅੰਦਰ
ਇਸਦੇ ਰਾਹੀਂ ਮੇਰੇ ਪੁਰਖੇ
ਮੇਰੇ ਅੰਦਰ ਸਾਹ ਲੈਂਦੇ ਨੇ
ਦੇਸ਼ ਦਿਸ਼ਾਂਤਰ ਜੰਗਲ ਪਰਬਤ
ਚੰਨ ਸੂਰਜ ਸਭ ਤਾਰੇ ਧਰਤੀ
ਗਾਹ ਲੈਂਦੇ ਨੇ
ਮੇਰੀ ਭਾਸ਼ਾ
ਮਹਿਬੂਬਾ ਦੇ ਲਈ ਪਿਆਰ ਸੁਨੇਹਾ
ਬੀਵੀ ਦੇ ਲਈ ਰੰਗਲਾ ਸੁਪਨਾ
ਨੰਨੀ ਧੀ ਲਈ ਗੇਂਦਾਂ - ਗੀਟੇ
ਤੇ ਮਿੱਠੀ ਜਿਹੀ ਬਣਦੀ ਲੋਰੀ |
ਮੰਜੇ 'ਤੇ ਪਈ ਅੰਨੀ ਮਾਂ ਲਈ
ਵੈਦ ਹਕੀਮ ਤੋਂ ਲਿਆਂਦੀ ਦਾਰੂ
ਤੇ ਬਾਪੂ ਲਈ ਬਣੇ ਡੰਗੋਰੀ |
ਜੁਗਾਂ-ਜੁਗਾਂ ਤੋਂ ਮੇਰੀ ਭਾਸ਼ਾ
ਬਾਬਿਆਂ ਦੀ ਬਾਣੀ ਦੇ ਰਾਹੀਂ
ਕਿਰਤੀ ਦੇ ਗੁਣ ਗਾਉਂਦੀ ਆਈ |
ਠੱਗਾਂ ਚੋਰਾਂ ,ਵੱਢੀਖੋਰਾਂ
ਵਿਹਲੜ ਲੁੱਟ ਦੀ ਖਾਵਣ ਵਾਲਿਆਂ
ਦੇ ਪਰਛੰਡੇ ਲਾਹੁੰਦੀ ਆਈ |
ਬਾਬਰ ਜ਼ਾਬਰ ਧਾੜਾਂ ਵਾਲੇ
ਸਰਹਿੰਦ-ਦਿੱਲੀ ਮਾਰਾਂ ਵਾਲੇ
ਉੱਚੇ ਕਿੰਗਰੇ ਢਾਹੁੰਦੀ ਆਈ |
ਪਰ ਹੁਣ ਮੇਰੀ ਪਿਆਰੀ ਭਾਸ਼ਾ
ਮੇਰੇ ਨਿੱਕੇ ਹੱਥਾਂ ਵਿੱਚੋਂ
ਕਿਰਦੀ ਜਾਵੇ- ਕਿਰਦੀ ਜਾਵੇ
ਰੋਜਗਾਰ ਲਈ ਹਾੜੇ ਕੱਢਦੇ
ਚਾਵਾਂ ਲਈ ਇਹ ਠਾਹਰ ਬਣੇ ਨਾ |
ਅੰਗਰੇਜ਼ੀ ਦੇ ਪਿੰਜਰੇ ਵਿਚ ਜਕੜੇ
ਆਪਣੇ ਕੈਦੀ ਹੱਥਾਂ ਦੇ ਲਈ
ਮੁਕਤੀ ਦਾ ਹਥਿਆਰ ਬਣੇ ਨਾ |
ਮੇਰੇ ਕਿਰਤੀ ਹਥਾਂ ਖਾਤਰ
ਭਾਸ਼ਾ ਹੁਣ ਰੁਜ਼ਗਾਰ ਬਣੇ ਨਾ |
ਮੇਰੀ ਭਾਸ਼ਾ
ਹੁਣ ਕਿਉਂ ਆਪਣੇ ਪੁਤਰ ਕੋਲੋਂ
ਦੂਰ ਹੋ ਗਈ
ਘਰਦੇ ਬਾਹਰ ਬੇਗਾਨਿਆਂ ਵਾਂਗੂੰ
ਰੋਸੇ ਕਰਦੀ ਬੁਸ ਬੁਸ ਕਰਦੀ
ਬੈਠਣ ਲਈ ਮਜਬੂਰ ਹੋ ਗਈ |
ਸੱਚ ਤਾਂ ਇਹ ਕਿ ਮੇਰੇ ਵਰਗਿਆਂ
ਬੇਗੈਰਤ ਬੇਅਕਲਿਆਂ ਬੱਚਿਆਂ
ਦੇ ਹੱਥੋਂ ਹੀ ਚੂਰ ਹੋ ਗਈ |
ਮੇਰੀ ਭਾਸ਼ਾ
ਮੇਰੇ ਨਿੱਕੇ ਹੱਥਾਂ ਵਿਚੋਂ
ਕਿਰਦੀ ਜਾਵੇ- ਕਿਰਦੀ ਜਾਵੇ

No comments:

Post a Comment