Sunday, 19 February 2017

ਗੀਤ - ਬਲਵਿੰਦਰ ਸਿੰਘ


ਇਕ ਤੂੰ ਹੈ ਕਿਨਾਰਾ
ਇਕ ਮੈ ਹਾਂ ਕਿਨਾਰਾ
ਵਿੱਚ ਵਗਦੀ ਨਦੀ.....
ਰਹੇਂ ਆਪਣੀ ਤੂੰ ਥਾਵੇਂ
ਰਹਾਂ ਅਾਪਣੀ ਮੈਂ ਥਾਵੇਂ
ਨਦੀ ਰੁਕੇ ਨਾ ਕਦੀ......।

ਇਹ ਜੋ ਸਮਿਆਂ ਦੀ ਧਾਰਾ
ਸਦਾ ਵਗਦੀ ਏ ਰਹਿਣੀ
ਕਦੇ ਪੂਰੀ ਕਦੇ ਊਣੀ
ਇਕਸਾਰ ਨਹੀਂਓਂ ਵਹਿਣੀ
ਚੰਨ ਡੁੱਬਣਾ ਤੇ ਲਹਿਣਾ
ਕੀ ਵਦੀ ਕੀ ਸੁਦੀ........।

ਕੋਟਿ ਧਰਤੀ, ਤੇ ਰੰਗ
ਹਰ ਆਪਣੀ ਥਾਂ ਸੋਹਣਾ
ਚੜ੍ਹੇ ਸੋਨ ਜੇ ਸਵੇਰਾ
ਡੁੱਬੇ ਹੋਰ ਮਨਮੋਹਣਾ
ਸਭ ਰੰਗਾਂ ਨੂੰ ਸਲਾਹੀਏ
ਕਿਸੇ ਵਿਚ ਨਾ ਬਦੀ........।

ਪੰਧ ਉਮਰਾ ਲੰਮੇਰੇ
ਕਿਤੇ ਟਿੱਬੇ ਕਿਤੇ ਟੋਏ
ਕਿਤੇ ਖਾਰ ਬੇਸ਼ੁਮਾਰ
ਕਿਤੇ ਫੁੱਲ ਨੇ ਵਿਛੋਏ
ਪੈਣਾ ਸਭ ਕੁਝ ਸਹਿਣਾ
ਜੇ ਪਾਰ ਲੰਘਣੀ ਸਦੀ.......।

ਇਕੋ ਮਿੱਟੀ ਆਪਾਂ ਜਾਏ
ਐਵੇਂ, ਆਖ ਨਾ ਪਰਾਏ
ਤੇਰੀ ਹਿੱਕ ਖੁਸ਼ਬੋ
ਮੇਰੇ ਮੱਥੇ ਵਿਚ ਲੋਅ
ਤੇਰਾ ਆਪਣਾ ਖੁਦਾ
ਮੇਰੀ ਆਪਣੀ ਖੁਦੀ.......।

ਰਹੇਂ ਆਪਣੀ ਤੂੰ ਥਾਵੇਂ
ਰਹਾਂ ਆਪਣੀ ਮੈਂ ਥਾਵੇਂ
ਨਦੀ ਰੁਕੇ ਨਾ ਕਦੀ.....
ਇਕ ਤੂੰ ਏਂ ਕਿਨਾਰਾ
ਇਕ ਮੈਂ ਹਾਂ ਕਿਨਾਰਾ
ਵਿੱਚ ਵਗਦੀ ਨਦੀ.......।

No comments:

Post a Comment