Saturday, 13 August 2016

ਫੇਸਬੁੱਕ ਗਰੁੱਪ ਜਲਾਲ-ਏ-ਸ਼ਾਇਰੀ ਚੋਂ 

ਸਾਰਾ ਲੁਤਫ਼ ਗੱਲ ਕਹਿਣ ਦੇ ਅੰਦਾਜ਼ ਤੇ ਹੀ ਨਿਰਭਰ ਕਰਦਾ ਹੈ, ਅਤੇ ਸ਼ਾਇਰੀ ਲਈ ਤਾਂ ਇਹ ਲਾਜਿਮ ਹੈ। ਸ਼ਬਦਾਂ ਨੂੰ ਕਾਵਿਕ ਰਸ ਵਿੱਚ ਭਿਓਂ ਕੇ ਸਵਾਦ ਨਾਲ ਭਰ ਦੇਣਾ, ਇਹ ਕਲਾ ਕੋਈ ਜਨਾਬ Tajammul Kaleem ਸਾਬ ਹੋਰਾਂ ਤੋਂ ਸਿੱਖੇ !!
ਰੁੱਖਾਂ ਵਾਂਗ ਉਚੇਰੀ ਉੱਗੇ,
ਗਾਟਾ ਬੀਜ ਦਲੇਰੀ ਉੱਗੇ।
ਮੇਰੀ ਵਾਰ ਦਾ ਪਾਣੀ ਲਾ ਲੈ,
ਮੇਰੀ ਨਈਂ ਤੇ ਤੇਰੀ ਉੱਗੇ।
ਮੈਨੂੰ ਪੱਥਰ ਮਾਰਣ ਵਾਲੇ,
ਤੇਰੇ ਘਰ ਵਿਚ ਬੇਰੀ ਉੱਗੇ।
ਡਾਹਡਾ ਡੰਗਰ ਛੱਡ ਦਿੰਦਾ ਏ,
ਨਈਂ ਤੇ ਕਣਕ ਬਥੇਰੀ ਉੱਗੇ।
ਇਕੋ ਸ਼ਰਤੇ ਮੌਤ ਕਬੂਲੀ,
ਧਰਤੀ ਤੇ ਇਕ ਢੇਰੀ ਉੱਗੇ।
- ਤਜੰਮੁਲ ਕਲੀਮ 
(ਲਿਪੀ ਰੂਪਾਂਤਣ ਜਨਾਬ Qamar Uz Zaman ਵੀਰ ਜੀ,

ਗ਼ਜ਼ਲ
ਨਵੇਕਲੀ ਜਿਹੀ ਜ਼ਮੀਨ ਜੋਗਾ
ਖ਼ਿਆਲ ਅੱਥਰ ਏ ਪੀਣ ਜੋਗਾ
ਬੜਾ ਈ ਸੁੱਚਾ ਏ ਪਿਆਰ ਮਾਂ ਦਾ
ਬੁਰਾ ਵੀ ਆਖੇ, ਤੇ ਜੀਣ ਜੋਗਾ
ਯਾ ਮਾਲ ਹੁੰਦਾ ਯਾ ਢੇਰ ਸੱਜਦੇ
ਤੇ ਮੈਂ ਨਾ ਦੁਨੀਆ ਨਾ ਦੀਨ ਜੋਗਾ
ਇਹ ਰੋਜ਼ ਸੋਣਾ ਤੇ ਰੋਜ਼ ਉੱਠਣਾ
ਬੜਾ ਏ ਰੱਬ ਤੇ ਯਕੀਨ ਜੋਗਾ
ਕਲੀਮ ਧਰਤੀ ਦੇ ਪਾੜ ਹੈ ਨੇਂ
ਤੇ ਅਪਣਾ ਗਲਮਾ ਏ ਸੀਣ ਜੋਗਾ
ਤਜੰਮੁਲ ਕਲੀਮ

ਗ਼ਜ਼ਲ
ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ
ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ
ਸਾਡੇ ਨਾਲ਼ ਦੇ ਵਿਕ ਕੇ ਮਹਿਲ ਲੈ ਗਏ
ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ
ਜਿੰਨੇ ਦੁੱਖ ਸੀ ਦਿਲ ਦੀ ਜੇਲ੍ਹ ਅੰਦਰ
ਤਾਲ਼ਾ ਸਬਰ ਦਾ ਲਾਇਆ ਤੇ ਤਾੜ ਦਿੱਤੇ
ਕਿਤੇ ਇਟਾਂ ਦਾ ਮੀਂਹ ਤੇ ਇਸ਼ਕ ਝੱਲਾ
ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ
ਜੁੱਤੀ ਬਾਲਾਂ ਦੀ ਲੇਣ ਲਈ ਮਾਲ ਵੀ ਦੇ
ਰੱਬਾ ਜਿਹਨੂੰ ਇਹ ਜੇਠ ਤੇ ਹਾੜ ਦਿੱਤੇ
ਤਜੰਮੁਲ ਕਲੀਮ

ਬਹਿਸ਼ਤੀ ਅਬਦੁਲ ਸੱਤਾਰ ਈਧੀ ਜੀ ਲਈ
---------------------------------
ਇਸ ਲਈ ਗੂਹੜੀ ਛਾਂ ਵਰਗਾ ਸੀ
ਉਹਦਾ ਦਿਲ ਇਕ ਮਾਂ ਵਰਗਾ ਸੀ
ਰਹਿਮਤ ਕਿਉਂ ਨਾ ਪਿੱਛਾ ਕਰਦੀ
ਹੈ ਈ ਨੀਵੀਂ ਥਾਂ ਵਰਗਾ ਸੀ
ਲੱਖਾਂ ਅੱਖਾਂ ਜਿਸ ਦਮ ਰੋਈਆਂ
ਰੜਾ ਮਦਾਨ ਚੰਨ੍ਹਾਂ ਵਰਗਾ ਸੀ
ਤਜੰਮੁਲ ਕਲੀਮ

ਫ਼ੇਰ ਇਕ ਵੱਖਰੇ ਪੱਜ ਦੇ ਨਾਲ਼
ਕੱਲ੍ਹ ਨਾ ਜੋੜੀਂ ਅੱਜ ਦੇ ਨਾਲ਼
ਭੁੱਖ ਮੋਏ ਨੂੰ ਖੱਫਣ ਦੇ
ਵਿਚ ਇਕ ਰੋਟੀ ਕੱਜ ਦੇ ਨਾਲ਼
ਮੈਂ ਸਿਰ ਚੜ੍ਹ ਕੇ ਮਰਨਾ ਏ
ਮਰਨ ਤੇ ਦੇਵੋ ਚੱਜ ਦੇ ਨਾਲ਼
ਇਹ ਤੇ ਦਾਗ਼ ਨੇ ਲੁੱਟਣ ਦੇ
ਇਹ ਨਈਂ ਲਹਿਣੇ ਹੱਜ ਦੇ ਨਾਲ਼
ਫਾਂਸੀ ਕਹਿ ਕੇ ਉਠਿਆ ਤੇ
ਸੂਲੀ ਟੁਰ ਪਈ ਜੱਜ ਦੇ ਨਾਲ਼
ਤਜੰਮੁਲ ਕਲੀਮ

No comments:

Post a Comment