ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ - ਸਤਨਾਮ ਸਿੰਘ ਬੋਪਾਰਾਏ
ਦਰਿਆ ਦੇ ਕੰਢੇ ਤੇ ਪੰਛੀ ਪਿਆਸਾ,
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
ਇੱਥੇ ਮਿਹਨਤ ਦੇ ਖੇਤੀਂ ਉੱਗਦੀ ਹਾਤਾਸ਼ਾ,
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
ਭੁੱਖਾਂ ਦੇ ਕੋਠੇ ਤੇ ਇੱਜ਼ਤਾਂ ਦਾ ਵਿਕਣਾ,
ਜਿਸਮਾਂ ਦੀ ਅੱਗ ਤੇ ਰੋਟੀ ਦਾ ਸਿਕਣਾ,
ਇਹ ਬਾਜ਼ਾਰ ਸਮਝੇ ਪੈਸੇ ਦੀ ਭਾਸ਼ਾ,
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
ਖਰਿਆਂ ਦੀ, ਮੰਡੀ ਚ ਧੇਲਾ ਨਾ ਕੀਮਤ,
ਖੋਟੇ ਦੇ ਸਿਰ ਤੇ ਰੱਬ ਦੀ ਹੈ ਰਹਿਮਤ,
ਇਹ ਦਸਤੂਰ ਵੇਖੋ, ਇਹ ਵੇਖੋ ਤਮਾਸ਼ਾ,
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
ਹਾਸੇ ਦੇ ਮੰਜਰ ਚ ਹੰਝੂਆਂ ਦਾ ਵਹਿਣਾ,
ਸੋਨੇ ਜਿਹੇ ਦਿਲ ਤੇ ਕਾਲਿਖ ਦਾ ਗਹਿਣਾ,
ਅੱਖਾਂ ਚ ਸ਼ੂਲਾਂ ਜਿਹੀ ਚੁਭਦੀ ਨਿਰਾਸ਼ਾ,
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
ਮਖ਼ਮਲ ਦੇ ਨਾਲ ਜਦ ਵੀ ਖਹਿੰਦਾ ਹੈ ਤੱਪੜ,
ਗੁਰਬਤ ਦਾ ਚਿਹਰਾ ਦੌਲਤ ਦਾ ਥੱਪੜ,
ਬੁੱਲਾਂ ਦੀ ਥਿਰਕਣ ਚ ਕੰਬਦਾ ਦੰਦਾਸਾ,
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
ਦੂਜੇ ਤੋਂ ਖੋਹ ਕੇ ਸਾਂਭਣ ਦਾ ਲਾਲਚ,
ਆਪਣੀ ਚਿਤਾ ਦੇ ਬਾਲ੍ਹਣ ਦਾ ਲਾਲਚ,
ਜੀਵਨ ਹੈ ਪਾਣੀ ਚ ਖੁਰਦਾ ਪਤਾਸ਼ਾ,
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
ਖਾਲੀ ਜਿਹਾ ਜੀਣਾ, ਖਾਲੀ ਜਿਹਾ ਮਰਣਾ,
ਸਮਝਣ ਤੇ ਪਰਖਣ ਤੋਂ ਅਕਲਾਂ ਦਾ ਡਰਨਾ,
ਨਾ ਗਰਮੀ ਨਾ ਸ਼ਰਦੀ ਨਾ ਮੀਂਹ ਨਾ ਚੁਮਾਸਾ,
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
ਇਹ ਵੰਡ ਦੀਆਂ ਗੱਲਾਂ, ਇਹ ਨਫਰਤ ਦੇ ਸ਼ੋਲੇ,
ਸੋਚਾਂ ਨੂੰ ਕਬਜ਼ਾ ਰਹੇ ਹੌਲੇ ਹੌਲੇ,
ਵਕਤ ਕਿਸੇ ਨੂੰ ਨਹੀਂ ਦਿੰਦਾ ਦਿਲਾਸਾ,
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
No comments:
Post a Comment