Tuesday, 10 April 2018

ਸਹਿਕਦੀ ਮਾਂ-ਬੋਲੀ

ਸਹਿਕਦੀ ਦਾ ਭਾਵ ਅਰਥ ਹੁੰਦਾ ਹੈ ਨਾ ਜਿਊਂਦੀ ਨਾ ਮਰੀ। ਸਾਡੀ ਮਾਂ-ਬੋਲੀ ਦਾ ਵੀ ਇਹੋ ਹਾਲ ਹੋ ਚੁੱਕਾ ਹੈ। ਮਾਂ-ਬੋਲੀ ਲਈ ਭਾਵੇਂ ਲੱਖਾਂ ਉਪਰਾਲੇ ਹੋਏ ਹਨ, ਪਰ ਇਸ ਪ੍ਰਤੀ ਸਾਡੀ ਖੋਟੀ ਨੀਤੀ ਜਾਰੀ ਹੈ। ਸਰਕਾਰਾਂ ਵੀ ਮਾਂ-ਬੋਲੀ ਦੀ ਚੜ੍ਹਦੀ ਕਲਾ ਲਈ ਕੋਈ ਸਖ਼ਤ ਕਾਰਵਾਈ ਕਰਨ ਦੇ ਰੌਂਅ ਵਿਚ ਨਹੀਂ ਹਨ। ਭਾਵੇਂ ਸਰਕਾਰੀ ਤੌਰ 'ਤੇ ਇਸ ਨੂੰ ਅਪਣਾਉਣ ਲਈ ਪੱਤਰ ਜਾਰੀ ਹੋਏ ਹਨ, ਪਰ ਅੰਗਰੇਜ਼ੀ ਦਾ ਵਰਤਾਰਾ ਅਜੇ ਵੀ ਜਾਰੀ ਹੈ। ਤਕਰੀਬਨ ਸਾਰੇ ਕੋਰਸਾਂ ਡਿਗਰੀਆਂ ਦਾ ਮਾਧਿਅਮ ਪੰਜਾਬੀ ਦੀ ਬਜਾਇ ਅੰਗਰੇਜ਼ੀ ਹੈ।
ਅੱਜ ਮਾਂ-ਬੋਲੀ ਆਪਣਾ ਅਤੀਤ ਲੱਭਦੀ ਫਿਰਦੀ ਹੈ। ਉਦਾਸੀ ਦੇ ਆਲਮ ਵਿਚੋਂ ਗੁਜ਼ਰ ਰਹੀ ਮਾਂ-ਬੋਲੀ ਜਾਏ ਤਾਂ ਜਾਏ ਕਿੱਥੇ? ਆਪਣੇ ਪੁੱਤਰਾਂ ਹੱਥੋਂ ਹੀ ਤਰਸਯੋਗ ਹਾਲਤ ਵਿਚ ਹੈ। ਜਦੋਂ ਮਾਂ-ਬੋਲੀ ਨੂੰ ਪਤਾ ਚਲਦਾ ਹੈ ਕਿ ਉਸ ਦੇ ਪੁੱਤਰਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਹਨ ਤਾਂ ੳਸ ਦੇ ਦਿਲ 'ਤੇ ਕੀ ਗੁਜ਼ਰਦੀ ਹੋਊ?
ਜਿਸ ਮਾਂ-ਬੋਲੀ ਦੀ ਲੋਰੀ ਨਾਲ ਜਵਾਨ ਹੋਏ ਹਾਂ, ਉਸੇ ਵਿਚ ਜ਼ਹਿਰ ਘੋਲ ਰਹੇ ਹਾਂ। ਅੱਜ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਸਾਨੂੰ ਮਾਂ-ਬੋਲੀ ਦੀ ਪੂਰੀ ਪੈਂਤੀ ਵੀ ਲਿਖਣੀ ਨਹੀਂ ਆਉਂਦੀ। ਅਸੀਂ ਮਾਂ-ਬੋਲੀ ਪ੍ਰਤੀ ਅਕ੍ਰਿਤਘਣ ਹੋ ਚੁੱਕੇ ਹਾਂ। ਪਰ ਸਾਡੀ ਮਾਂ-ਬੋਲੀ ਫਿਰ ਵੀ ਅਸੀਸਾਂ ਦਿੰਦੀ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਜਿਸ ਮਾਂ-ਬੋਲੀ ਦੀ ਮਿੱਠੀ-ਮਿੱਠੀ ਲੋਰੀ ਨਾਲ ਅਸੀਂ ਆਪਣਾ ਪਾਲਣ-ਪੋਸ਼ਣ ਕਰਾਇਆ ਹੈ, ੳਸ ਨੂੰ ਸਹਿਕਣ ਦੀ ਬਜਾਇ ਮਹਿਕਣ ਲਈ ਉਪਰਾਲੇ ਸ਼ੁਰੂ ਕਰੀਏ।
-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

ਜਗਪਾਲ ਸਿੰਘ ਖੋਖਰ

ਵੇ ਪੁੱਤਰੋ ਮੈਂ ਹੱਥ ਜੋੜਦੀ ਹਾਂ,

ਕਰੋ ਨਾ ਚੁੰਨੀ ਮੇਰੀ ਲੀਰਾਂ,
ਵੇ ਮੈਂ ਹੱਥ ਜੋੜਦੀ ਹਾਂ,
ਜੋ ਮਨ ਆਇਆ ਗਾਈ ਜਾਂਦੇ
ਏਥੋਂ ਦੇ ਗਾਉਣ ਵਾਲੇ,
ਦੀਵਾ ਲੈ ਕੇ ਵੀ ਨਾ ਥਿਆਉਂਦੇ
ਹੁਣ ਹੇਕਾਂ ਲਾਉਣ ਵਾਲੇ,
ਨਾ ਹੀ ਪੱਗਾਂ ਨਾ ਹੀ ਤੁਰਲੇ
ਨਾ ਹੀ ਚਾਦਰੇ ਦਿਸਦੇ,
ਖੌਰੇ ਕਿਸ ਧਰਤੀ ਤੋਂ ਆਏ
ਇਹ ਵਾਰਸ ਖੌਰੇ ਕਿਸਦੇ,
ਓਹਨੇ ਕੱਖੋਂ ਹੌਲੀ ਕਰਤੀ
ਮੈਂ ਹੱਥ ਆ ਗਈ ਜਿਸਦੇ,
ਵੇ ਪੁੱਤਰੋ ਮੈਂ ਹੱਥ ਜੋੜਦੀ ਹਾਂ,
ਸੰਤਾਲੀ ਦੇ ਜ਼ਖ਼ਮ ਅਜੇ ਨੇ ਰਿਸਦੇ,
ਵੇ ਮੈਂ ਹੱਥ ਜੋੜਦੀ ਹਾਂ... 

ਪੰਜਾਬੀ ਭਾਸ਼ਾ

ਪੰਜਾਬੀ ( ਜਿਸ ਨੂੰ ਅੰਗਰੇਜ਼ੀ ਵਿੱਚ Punjabi, ਗੁਰਮੁਖੀ ਵਿੱਚ ਪੰਜਾਬੀ ਅਤੇ,
ਸ਼ਾਹਮੁਖੀ ਵਿੱਚ پنجابی ਵਾਂਗ ਲਿਖਿਆ ਜਾਦਾ ਹੈ।) ਭਾਰਤ ਅਤੇ ਪਾਕਿਸਤਾਨ ਦੇ ਪੰਜਾਬ
ਸੂਬੇ ਦੀ ਭਾਸ਼ਾ ਹੈ। ਇਹ ਭਾਰਤੀ-ਇਰਾਨੀ ਵਰਗ ਦੇ ਵਿੱਚੋਂ ਭਾਰਤੀ-ਯੂਰਪ ਵਰਗ ਨਾਲ
ਸਬੰਧਤ ਹੈ। ਇਸ ਤੋਂ ਇਲਾਵਾ ਪੰਜਾਬੀ ਸ਼ਬਦ ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ਼ ਲਈ
ਵਰਤਿਆ ਜਾਂਦਾ ਹੈ, ਜੋ ਕਿ ਪੰਜਾਬ ਜਾਂ ਪੰਜਾਬੀ ਨਾਲ ਸਬੰਧਤ ਹੋਵੇ, ਜਿਵੇਂ ਕਿ ਪੰਜਾਬੀ
ਬੋਲਣ ਵਾਲਿਆਂ ਨੂੰ ਪੰਜਾਬੀ ਅਤੇ ਪੰਜਾਬੀ ਖੇਤਰ ਵਿੱਚ ਪੰਜਾਬੀ ਹੀ ਕਿਹਾ ਜਾਦਾ ਹੈ।
ਪੰਜਾਬੀ, ਭਾਰਤੀ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ ਅਤੇ ਨੇੜਲੇ ਸੂਬਿਆਂ ਵਿੱਚ ਵੀ
ਬੋਲੀ ਜਾਦੀ ਹੈ, ਜਿਵੇਂ ਕਿ ਹਰਿਆਣਾ, ਹਿਮਾਚਲ ਪਰਦੇਸ਼, ਅਤੇ ਦਿੱਲੀ ਆਦਿ।
ਪੰਜਾਬੀ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ
ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ,
ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ ਜਨ-ਗਣਨਾ ਦੇ
ਮੁਤਾਬਕ ਪੰਜਵੀਂ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ
ਵੀ ਹੈ, ਜਿਸ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ ਗਈ ਹੈ। ਇਹ ਭੰਗੜਾ
ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਿਮਾਣਾ
ਖੱਟਿਆ ਹੈ।
ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰਕੇ
ਪਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ
ਸਬੰਧਾਂ ਨੂੰ ਆਪਣਾ ਵਿੱਚ ਜੋੜਦਾ ਹੈ।
ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਪਰਸ਼ੀਆਈ, ਅਤੇ ਅੰਗਰੇਜ਼ੀ
ਤੋਂ ਪਰਭਾਵਿਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕਰਿਤ
ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲੇਹਿੰਦਾ
ਜਾਂ ਲੇਹੰਦਾ ਅਤੇ ਪੂਰਬੀ ਪੰਜਾਬ ਵਿੱਚ ਸਿਰਆਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ
ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ।
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਈ ਸਕਰਿਪਟਾਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ
ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਪੰਜਾਬ ਦੇ ਸਿੱਖ
ਅਤੇ ਹੋਰ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਹਨ। ਹਿੰਦੂ ਅਤੇ ਨੇੜੇ ਦੇ ਸੂਬਿਆਂ ਦੇ ਵਾਸੀ
ਇਸ ਨੂੰ ਦੇਵਨਾਗਰੀ ਵਿੱਚ ਲਿਖਦੇ ਹਨ। ਪੱਛਮੀ ਪੰਜਾਬ ਵਿੱਚ ਸ਼ਾਹਮੁਖੀ ਵਰਣਮਾਲਾ ਦੇ
ਰੂਪ ਵਿੱਚ ਲਿਖਿਆ ਜਾਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ
ਢੰਗ ਹਨ।
ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨਿਆਂ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ
ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ
ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਅਤੇ ਡੱਚ ਤੋਂ ਵੀ ਸ਼ਬਦ ਆ ਗਏ
ਹਨ। ਇਸਕਰਕੇ ਇੱਕ ਵਿਲੱਖਣ ਦੀਸਪੁਰਾ ਪੰਜਾਬੀ ਉੱਭਰ ਰਹੀ ਹੈ। ਕਿਉਕਿ ਪੰਜਾਬੀ ਵਿੱਚ
ਸ਼ਬਦਾਂ ਦੀ ਪਹਿਲਾਂ ਕੋਈ ਗਿਣਤੀ ਨਹੀਂ ਹੈ, ਇਸਕਰਕੇ ਲੱਗਦਾ ਹੈ ਕਿ ਦੀਸਪੁਰਾ ਪੰਜਾਬੀ
ਭਾਰਤੀ ਖੇਤਰ ਵਿੱਚ ਮੌਜੂਦ ਰੂਪਾਂ ਤੋਂ ਭਵਿੱਖ ਬਣਾਏਗੀ।
ਪੰਜ-ਆਬ (ਪੰਜ ਦਰਿਆ)
ਪੰਜਾਬ ਜਾਣੀ ਪੰਜਾਂ ਦਰਿਆਵਾਂ ਦੀ ਧਰਤੀ ਆਪਣੀ ਖੁਸ਼ਹਾਲੀ ਅਤੇ ਸੁੰਦਰਤਾ ਕਰਕੇ ਮੁੱਢ
ਕਦੀਮ ਤੋਂ ਯਾਤਰੀਆਂ, ਵਪਾਰੀਆਂ, ਇਤਿਹਾਸਕਾਰਾਂ, ਭੁਗੋਲਕਾਰਾਂ, ਹਮਲਾਵਰਾਂ ਅਤੇ
ਧਾੜਵੀਆਂ ਲਈ ਖਿੱਚ ਦਾ ਕਾਰਨ ਰਹੀ ਹੈ। ਇਹਨਾਂ ਚੋਂ ਕਈਆਂ ਨੇ ਆਪਣੇ ਆਪਣੇ ਨਜ਼ਰੀਏ ਤੋਂ
ਆਪਣੀ ਆਪਣੀ ਭਾਸ਼ਾ ਵਿੱਚ ਇਸ ਧਰਤੀ,ਇਥੋਂ ਦੇ ਲੋਕਾਂ ਅਤੇ ਦਰਿਆਵਾਂ ਦੀ ਸੁੰਦਰਤਾ ਨੂੰ
ਬਿਆਨ ਕੀਤਾ ਹੈ।
ਇਹਨਾ ਲੋਕਾਂ ਚੋਂ ਸਭ ਤੋਂ ਪਹਿਲਾਂ ਆਰੀਅਨ ਫਿਰ ਪਾਰਸੀ, ਯੁਨਾਨੀ, ਬੈਕਟਰੀਅਨ,
ਸਾਈਥੀਅਨ, ਮੰਗੋਲ ਆਏ। ਇਸ ਤੋਂ ਬਾਅਦ ਗਜ਼ਨੀ ਤੋਂ ਮਹਿਮੂਦ ਫਿਰ ਅਫਗਾਨ ਕਬੀਲੇ ਜਿਵੇਂ
ਕਿ ਗੌਰੀ, ਤੁਗਲਕ, ਸੂਰ ਅਤੇ ਲੋਧੀ। ਇਹਨਾ ਸਮਿਆਂ ਵਿੱਚ (1395ਈ) ਤੈਮੂਰ ਵੀ ਆਇਆ ਤੇ
ਫਿਰ ਬਾਬਰ ਨੇ ਆ ਕੇ ਮੁਗ਼ਲ ਰਾਜ ਸਥਾਪਤ ਕੀਤਾ।
ਆਰੀਅਨ ਲੋਕਾਂ ਨੇ ਇਸ ਧਰਤੀ ਨੂੰ ਸਪਤ ਸਿੰਧੂ ਜਾਣੀ ਕਿ ਸੱਤ ਦਰਿਆਵਾਂ ਦੀ ਧਰਤੀ ਆਖਿਆ
ਹੈ। ਜਿਸ ਵਿੱਚ ਸਿੰਧ ਦਰਿਆ ਅਤੇ ਸਰਸਵਤੀ ( ਜੋ ਸੁੱਕ ਚੁੱਕਾ ਹੈ ) ਸ਼ਾਮਲ ਸਨ।
ਯੂਨਾਨੀ ਇਤਿਹਾਸਕਾਰਾਂ ਨੇ ਇਸ ਨੂੰ ਪੈਂਟਾਪੋਟਾਮੀਆ ( ਪੰਜ ਦਰਿਆ) ਕਿਹਾ ਹੈ। ਅਜੋਕਾ
ਨਾਮ ਫਾਰਸੀ ਦੇ ਦੋ ਲਫਜ਼ਾਂ ਨੂੰ ਜੋੜ ਕੇ ਬਣਿਆਂ ਹੈ  ਪੰਜ ਅਤੇ ਆਬ ( ਪੰਜ ਪਾਣੀ )।
ਸਿੰਧ ਦਰਿਆ ਨੂੰ ਹੱਦ ਤੇ ਹੋਣ ਕਰਕੇ ਸ਼ਾਇਦ ਇਸ ਨਾਂ ਵਿੱਚ ਸ਼ਾਮਲ ਨਹੀਂ ਕੀਤਾ।
ਪੰਜਾਬ ਦੇ ਪੰਜ ਦਰਿਆਵਾਂ ਦੇ ਨਾਂ ਪੱਛਮ ਤੋਂ ਪੂਰਬ ਵੱਲ ਇਸ ਤਰ੍ਹਾਂ ਹਨ:-
ਜੇਹਲਮ,ਝਨਾਂ(ਚਿਨਾਬ),ਰਾਵੀ,ਬਿਆਸ ਅਤੇ ਸਤਲੁਜ।ਇਹ ਦਰਿਆ ਮੁੱਖ ਰੂਪ ਚ' ਉੱਤਰ-ਪੂਰਬ
ਵਲੋਂ ਦੱਖਣ-ਪੱਛਮ ਵੱਲ ਨੂੰ ਵਗਦੇ ਹਨ। ਪਹਿਲਾਂ ਜੇਹਲਮ ਤੇ ਝਨਾਂ ਰਲਦੇ ਹਨ ਫਿਰ ਇਸ
ਵਿੱਚ ਰਾਵੀ ਰਲਦਾ ਹੈ (ਇਸ ਮੇਲ ਤੋਂ ਬਾਅਦ ਇਸ ਦਾ ਨਾਂ ਝਨਾਂ ਹੀ ਰਹਿੰਦਾ ਹੈ)। ਦੂਜੇ
ਪਾਸੇ ਬਿਆਸ ਅਤੇ ਸਤਲੁਜ ਇਕੱਠੇ ਹੋਕੇ ਸਤਲੁਜ ਨਾਂ ਥੱਲੇ ਵਗਦੇ ਹਨ।ਇਸ ਤੋਂ ਬਾਅਦ ਝਨਾਂ
ਤੇ ਸਤਲੁਜ ਮਿਲਕੇ ਇੱਕ ਹੋ ਜਾਂਦੇ ਹਨ। ਇਸ ਨੂੰ ਪੰਜਨਾਦ (ਪੰਜ ਨਦੀਆਂ) ਕਹਿੰਦੇ ਹਨ
ਕਿਉਂਕਿ ਇਸ ਵਿੱਚ ਪੰਜਾਂ ਦਰਿਅਵਾਂ ਦਾ ਪਾਣੀ ਹੈ। ਪੰਜਨਾਦ ਅੱਗੇ ਜਾ ਕੇ ਸਿੰਧ ਵਿੱਚ
ਰਲ ਜਾਂਦਾ ਹੈ ਅਤੇ ਸਿੰਧ ਦਰਿਆ ਪਾਕਿਸਤਾਨ ਦੇ ਦੱਖਣ ਵਿੱਚ ਸਮੁੰਦਰ ਚ' ਜਾ ਡਿੱਗਦਾ ਹੈ।
ਪੰਜਾਂ ਦਰਿਆਵਾਂ ਦੀ ਥੋੜ੍ਹੀ ਥੌੜ੍ਹੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਜੇਹਲਮ

ਇਸ ਦਾ ਪੁਰਾਤਨ ਨਾਮ ਹਿਦਾਸਪੇਸ, ਸੰਸਕ੍ਰਿਤ ਨਾਮ ਵਿਦਾਸਤਾ ਹੈ। ਜੇਹਲਮ ਨੂੰ ਵਿਆਤ,
ਬੇਬੂਤ, ਬੇਤੁਸਟਾ, ਬਿਦਾਸਪੇਸ, ਡੇਂਡਾਨ, ਗਾਮਾਦ ਅਤੇ ਬੇਬਾਤ ਆਦਿ ਨਾਵਾਂ ਨਾਲ ਵੀ
ਜਾਣਿਆਂ ਜਾਂਦਾ ਹੈ। ਇਸ ਦਾ ਸਰੋਤ ਜਿਸ ਨੂੰ ਲਿਦੂਰ ਕਹਿੰਦੇ ਹਨ, ਕਸ਼ਮੀਰ ਘਾਟੀ ਦੀ
ਉੱਤਰ-ਪੂਰਬੀ ਹੱਦ ਨੇੜੇ ਦੀਆਂ ਪਹਾੜੀਆਂ ਵਿੱਚ ਹੈ। ਇਸ ਵਿੱਚ ਬਰੈਂਗ,ਸੰਦਰਨ,ਵਿਸ਼ਨ
ਅਤੇ ਹੋਰ ਛੋਟੀਆਂ ਛੋਟੀਆਂ ਨਦੀਆਂ (ਜਿੰਨ੍ਹਾਂ ਦਾ ਸਰੋਤ ਪੀਰ ਪੰਜਾਲ ਦੀਆਂ ਪਹਾੜੀਆਂ
ਵਿੱਚ ਹੈ) ਵੀ ਰਲਦੀਆਂ ਹਨ।ਇਹ ਦਰਿਆ ਬਰਫਾਨੀ, ਚਟਾਨੀ ਪਹਾੜੀਆਂ ਅਤੇ ਕਈ ਝੀਲਾਂ
ਵਿੱਚੋਂ ਲੰਘਦਾ ਹੋਇਆ ਲੱਗਭੱਗ 375 ਕਿਲੋਮੀਟਰ ਦਾ ਸਫਰ ਤਹਿ ਕਰਕੈ ਪੰਜਾਬ ਦੇ ਮੈਦਾਨੀ
ਇਲਾਕੇ ਵਿੱਚ ਦਾਖਲ ਹੁੰਦਾ ਹੈ।ਫਿਰ ਇਹ ਕੁਲ ਲਗਭੱਗ 750 ਕਿਲੋਮੀਟਰ ਦਾ ਸਫਰ ਕਰ ਕੇ
ਤਰਿਮੂ ਦੇ ਸਥਾਨ ਤੇ ਦਰਿਆ ਝਨਾਂ (ਚਿਨਾਬ) ਵਿੱਚ ਰਲ ਜਾਂਦਾ ਹੈ।ਇਸ ਤੋਂ ਅੱਗੇ ਨਾਂ
ਝਨਾਂ ਹੋ ਜਾਂਦਾ ਹੈ।
ਸਿੰਧ ਅਤੇ ਜੇਹਲਮ ਵਿਚਲੇ ਇਲਾਕੇ ਨੂੰ ਸਿੰਧ ਸਾਗਰ ਦੋਆਬ ਕਹਿੰਦੇ ਹਨ।ਇਸ ਦੇ ਮੁੱਖ
ਸ਼ਹਿਰ ਹਰੀਪੁਰ,ਹਸਨ ਅਬਦਾਲ, ਤਕਸਲਾ, ਰਾਵਲਪਿੰਡੀ, ਜੇਹਲਮ ਅਤੇ ਮੀਆਂਵਾਲੀ ਹਨ।
ਸਿਕੰਦਰ ਅਤੇ ਪੋਰਸ ਦੀ ਲੜਾਈ ਜੇਹਲਮ ਦੇ ਕੰਢਿਆਂ ਤੇ ਹੀ ਹੋਈ ਸੀ।
ਝਨਾਂ (ਚਿਨਾਬ)

ਇਸ ਦਾ ਪੁਰਾਤਨ ਨਾਮ ਏਸਾਈਨਸ ਅਤੇ ਸੰਸਕ੍ਰਿਤ ਨਾਂ ਚੰਦਰਭਾਗ ਹੈ।ਇਸ ਦਰਿਆ ਨੂੰ
ਸੰਦਾਬਿਲੀਸ, ਜੰਦਾਬਾਲਾ, ਸ਼ੰਤਰੂ, ਚੀਨ-ਆਬ ਆਦਿ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਸ ਦਾ ਸਰੋਤ ਵੀ ਕਸ਼ਮੀਰ ਵਿੱਚ ਹਿਮਾਲੀਆ ਦੀਆਂ ਪਹਾੜੀਆਂ ਵਿੱਚ ਹੀ ਹੈ।ਇਸ ਨੂੰ ਚੰਦਰਾ
ਨਾਮੀ ਝੀਲ ਵਿੱਚੋਂ ਨਿਕਲਦਾ ਮੰਨਿਆਂ ਜਾਂਦਾ ਹੈ ਇਸ ਲਈ ਇਸ ਨੂੰ ਉਤਲੇ ਭਾਗ ਵਿੱਚ
ਚੰਦਰਾ ਕਹਿੰਦੇ ਹਨ। ਇਹ ਦਰਿਆ ਰਿਤਾਂਕਾ ਪਾਸ ਵਿੱਚੋਂ ਦੀ ਵਗਦਾ ਹੋਇਆ ਅੱਗੇ ਵਧਦਾ ਹੈ
ਤਾਂ ਇਸ ਵਿੱਚ ਸੂਰਜ ਭਾਗ ਨਾਂ ਦੀ ਨਦੀ ਰਲਦੀ ਹੈ ਫਿਰ ਇਸ ਦਾ ਨਾਂ ਚਿਨਾਬ ਹੋ ਜਾਂਦਾ
ਹੈ। ਇਸ ਤੋਂ ਅੱਗੇ ਕਿਸ਼ਤਵਾਰ ਤੱਕ 200 ਕਿਲੋਮੀਟਰ ਆਰਾਮ ਨਾਲ ਵਗਦਾ ਹੈ ਜਿੱਥੇ ਇਸ
ਵਿੱਚ ਸਿਨੂਦ ਨਾਂ ਦੀ ਇੱਕ ਵੱਡੀ ਨਦੀ ਮਿਲਕੇ ਇਸ ਨੂੰ ਹੋਰ ਵੱਡਾ ਕਰਦੀ ਹੈ। ਜੰਮੂ ਤੋਂ
ਥੋੜਾ ਉਪਰ ਅਖ਼ਨੂਰ ਕੋਲੋਂ ਲੰਘ ਕੇ ਝਨਾਂ ਸਿਆਲਕੋਟ ਦੇ ਇਲਾਕੇ ਵਿੱਚ ਪੰਜਾਬ ਦੇ
ਮੈਦਾਨਾਂ ਵਿੱਚ ਉਤਰਦਾ ਹੈ। ਫਿਰ ਝੰਗ ਦੇ ਇਲਾਕੇ ਵਿੱਚੋਂ ਵਗ ਕੇ ਤਰਿਮੂ ਵਿਖੇ ਜੇਹਲਮ
ਇਸ ਇਸ ਵਿੱਚ ਮਿਲਦਾ ਹੈ। ਫ਼ਜ਼ਲਸ਼ਾਹ ਅਤੇ ਅਹਿਮਦਪੁਰ ਨੇੜੇ ਰਾਵੀ ਇਸ ਵਿੱਚ ਆ ਮਿਲਦਾ
ਹੈ। ਫਿਰ ਝਨਾਂ ਮੁਲਤਾਨ ਤੋਂ 7-8 ਕਿਲੋਮੀਟਰ ਦੇ ਫਾਸਲੇ ਤੋਂ ਲੰਘਦਾ ਹੋਇਆ ਸੀਹਣੀ
ਬੱਕਰੀ ਦੇ ਸਥਾਨ ਤੇ ਸਤਲੁਜ (ਜਿਸ ਵਿੱਚ ਬਿਆਸ ਦਾ ਵੀ ਪਾਣੀ ਹੈ) ਨਾਲ ਮਿਲ ਜਾਂਦਾ ਕੇ
ਪੰਜਨਾਦ ਬਣ ਜਾਂਦਾ ਹੈ। ਪੰਜਨਾਦ ਸਿੰਧ ਵਿੱਚ ਰਲ ਕੇ ਸਾਗਰ ਵਿੱਚ ਜਾ ਮਿਲਦਾ ਹੈ। ਝਨਾਂ
ਪੰਜਾਬ ਦਾ ਸਭ ਤੋਂ ਤੇਜ਼ ਵਗਣ ਵਾਲਾ ਦਰਿਆ ਹੈ।
ਜੇਹਲਮ ਅਤੇ ਝਨਾਂ ਵਿਚਲੇ ਇਲਾਕੇ ਨੂੰ ਝੱਜ ਜਾਂ ਚੱਜ ਦੁਆਬ ਕਹਿੰਦੇ ਹਨ।ਇਸ ਦੇ ਮੁੱਖ
ਸ਼ਹਿਰ ਗੁਜ਼ਰਾਤ,ਭੇਰਾ,ਸ਼ਾਹਪੁਰ ਅਤੇ ਸਾਹੀਵਾਲ ਹਨ।
ਸਤਲੁਜ ਅਤੇ ਜਮੁਨਾ ਵਿਚਲੇ ਇਲਾਕੇ ਨੂੰ ਸੀਸ-ਸਤਲੁਜ ਦੁਆਬ ਜਾਂ ਮਾਲਵਾ ਕਹਿੰਦੇ ਹਨ। ਇਸ
ਦੇ ਮੁੱਖ ਸ਼ਹਿਰ ਸ਼ਿਮਲਾ, ਅਨੰਦਪੁਰ ਸਾਹਿਬ, ਰੋਪੜ, ਲੁਧਿਆਨਾ, ਪਟਿਆਲਾ, ਸੰਗਰੂਰ,
ਬਠਿੰਡਾ, ਫਿਰੋਜ਼ਪੁਰ ਆਦਿ ਹਨ।
ਰਾਵੀ
ਇਸ ਦਾ ਪੁਰਾਤਨ ਨਾਂ ਯਾਰੋਤਿਸ ਹੈ ਅਤੇ ਸੰਸਕ੍ਰਿਤ ਨਾਂ ਇਰਾਵਤੀ ਹੈ। ਇਸ ਨੂੰ ਏਦਰਿਸ,
ਹਾਈਡਰਾaਤਸ, ਫੁਆਦਿਸ, ਰੇਡ ਆਦਿ ਨਾਂਵਾਂ ਨਾਲ ਵੀ ਜਾਣਿਆਂ ਗਿਆ ਹੈ। ਇਸ ਦੀ ਸ਼ੁਰੂਆਤ
ਕੁੱਲੂ ਕੋਲ ਰੋਹਤਾਂਗ ਪਾਸ ਦੇ ਪੱਛਮ ਵਿੱਚ ਬੰਗਲ ਨਾਂ ਦੀਆਂ ਪਹਾੜੀਆਂ ਚੋਂ ਹੁੰਦੀ ਹੈ।
ਇੱਥੋਂ ਪੱਛਮ ਵਲ ਵਗਦਾ ਹੈ ਅਤੇ ਇਸ ਵਿੱਚ ਸਿਬਕੀਰੋਤਰ ਨਾਂ ਦੀ ਨਦੀ (ਜੋ ਦਲ ਕੁੰਡ ਅਤੇ
ਗੌਰੀ ਕੁੰਡ ਵਿੱਚੋਂ ਨਿਕਲਦੀ ਹੈ) ਮਿਲਦੀ ਹੈ। ਇਸ ਇਲਾਕੇ ਵਿੱਚ ਇਸ ਨੂੰ ਰਾਇਨਾ
ਕਹਿੰਦੇ ਹਨ।ਫਿਰ ਇਹ ਦਰਿਆ ਚੰਬੇ ਕੋਲੋਂ ਲੰਘ ਕੇ ਉਲਾਂਸ ਤੱਕ ਜਾਂਦਾ ਹੈ ਜਿੱਥੇ ਇਸ
ਵਿੱਚ ਲਿਆਂਗ ਨਾਂ ਦੀ ਨਦੀ ਮਿਲਦੀ ਹੈ। ਇਥੋਂ ਇਸ ਦਾ ਨਾਂ ਰਾਵੀ ਹੋ ਜਾਂਦਾ ਹੈ।ਇਸ ਤੋਂ
ਅੱਗੇ ਤਰਿਮੂ ਘਾਟ ਤੇ ਤਵੀ ਨਾਂ ਦੀ ਨਦੀ (ਜੋ ਜੰਮੂ ਵਲੋਂ ਆਉਂਦੀ ਹੈ) ਰਾਵੀ ਵਿੱਚ
ਮਿਲਦੀ ਹੈ। ਇਸ ਤੋਂ ਅੱਗੇ ਮਾਧੋਪੁਰ, ਕਠੂਆ ਨੇੜੇ ਮੈਦਾਨ ਵਿੱਚ ਉਤਰਦਾ ਹੈ। ਫਿਰ
ਕਰਤਾਰਪੁਰ, ਡੇਰਾ ਬਾਬਾ ਨਾਨਕ, ਲਹੌਰ ਕੋਲੋਂ ਦੀ ਲੰਘਦਾ ਹੋਇਆ ਅਹਿਮਦਪੁਰ ਨੇੜੇ ਕੁੱਲ
ਲੱਗਭੱਗ 100 ਕਿਲੋਮੀਟਰ ਦਾ ਪੰਧ ਕਰਕੇ ਝਨਾਂ ਵਿੱਚ ਮਿਲ ਜਾਂਦਾ ਹੈ।
ਇਸ ਦਰਿਆ ਦਾ ਪਾਣੀ ਬਾਕੀਆਂ ਦੇ ਮੁਕਾਬਲੇ ਲਾਲ ਰੰਗ ਦਾ ਹੈ। ਝਨਾਂ ਵਿੱਚ ਮਿਲਣ ਤੋਂ
ਬਾਅਦ ਕਾਫੀ ਦੂਰ ਤੱਕ ਵੱਖਰਾ ਦਿਸਦਾ ਰਹਿੰਦਾ ਹੈ। ਇਸ ਵਿੱਚ ਮੁਕਾਬਲਤਨ ਚਿੱਕੜ ਵੀ
ਜ਼ਿਆਦਾ ਹੈ। ਝਨਾਂ ਅਤੇ ਰਾਵੀ ਵਿਚਲੇ ਇਲਾਕੇ ਨੂੰ ਰਚਨਾ ਦੁਆਬ ਕਹਿੰਦੇ ਹਨ। ਇਹ ਇਲਾਕਾ
ਝੰਗ ਤੇ ਸਿਆਲਾਂ ਕਰਕੇ ਵੀ ਮਸ਼ਹੂਰ ਹੈ। ਇਸ ਦੇ ਮੁੱਖ ਸ਼ਹਿਰ ਸਿਆਲਕੋਟ, ਗੁਜਰਾਂਵਾਲਾ,
ਏਮਨਾਬਾਦ ਸ਼ੇਖੂਪੁਰਾ,ਨਨਕਾਨਾ ਸਾਹਿਬ ਅਤੇ ਝੰਗ ਆਦਿ ਹਨ।
ਬਿਆਸ
ਇਸ ਦਾ ਪੁਰਾਤਨ ਨਾਂ ਹੀਫਾਸਿਸ ਹੈ ਅਤੇ ਸੰਸਕ੍ਰਿਤ ਨਾਂ ਵਇਆਸਾ ਹੈ। ਇਸ ਨੂੰ ਬਿਹਾਸਿਸ,
ਹਿਪਾਸਿਸ, ਵਿਪਾਸਾ,ਬਿਆਂਦ ਅਤੇ ਬੇਆਹ ਆਦਿ ਹੋਰ ਵੀ ਕਈ ਰਲਦੇ ਮਿਲਦੇ ਨਾਂਵਾਂ ਨਾਲ
ਜਾਣਿਆਂ ਜਾਂਦਾ ਹੈ। ਇਸ ਦਾ ਸਰੋਤ ਲਾਹੌਲ ਵਿੱਚ ਰਿਤਾਂਖਾ ਪਾਸ ਦੀਆਂ ਦੱਖਣੀ ਢਲਾਨਾਂ
ਤੋਂ ਬਣਦਾ ਹੈ। ਉਥੋਂ ਚੱਲ ਕੇ ਲੱਗਭੱਗ 60 ਕਿਲੋਮੀਟਰ ਦੱਖਣ ਵੱਲ ਨੂੰ ਬਹੁਤ ਤੇਜ਼ੀ
ਨਾਲ ਵਗਦਾ ਹੈ। ਫਿਰ ਮੰਡੀ, ਨਦੌਣ, ਸੰਗੋਲ, ਕਾਂਗੜਾ ਵਿੱਚੌਂ ਲੰਘ ਕੇ ਪਠਾਨਕੋਟ ਕੋਲ ਆ
ਕੇ ਮੈਦਾਨ ਵਿੱਚ ਉਤਰਦਾ ਹੈ। ਅਤੇ ਅੱਗੇ ਜਾ ਕੇ ਹਰੀ ਕੇ ਪੱਤਣ ਤੇ ਸਤਲੁਜ ਵਿੱਚ ਮਿਲ
ਜਾਂਦਾ ਹੈ। ਇੱਥੋਂ ਤੱਕ ਇਸ ਦਾ ਕੁੱਲ ਪੰਧ ਲੱਗਭੱਗ 840 ਕਿਲੋਮੀਟਰ ਹੈ।
ਰਾਵੀ ਅਤੇ ਬਿਆਸ ਦੇ ਵਿਚਲੇ ਇਲਾਕੇ ਨੂੰ ਬਾਰੀ ਦੁਆਬ ਅਤੇ ਮਾਝੇ ਦੇ ਨਾਂ ਨਾਲ ਜਾਣਿਆਂ
ਜਾਂਦਾ ਹੈ ਤੇ ਲੋਕਾਂ ਨੂੰ ਮਝੈਲ ਕਿਹਾ ਜਾਂਦਾ ਹੈ। ਇਸ ਇਲਾਕੇ ਦੇ ਮੁੱਖ ਸ਼ਹਿਰ
ਕਾਂਗੜਾ, ਗੁਰਦਾਸਪੁਰ, ਬਟਾਲਾ, ਅਮ੍ਰਿਤਸਰ, ਤਰਨਤਾਰਨ, ਗੋਇੰਦਵਾਲ, ਲਹੌਰ, ਕਸੂਰ,
ਹੜੱਪਾ, ਮੁਲਤਾਨ ਆਦਿ ਹਨ।
ਸਤਲੁਜ
ਇਸ ਦਾ ਪੁਰਾਤਨ ਨਾਂ ਹੇਸੁਦਰੱਸ ਅਤੇ ਸੰਸਕ੍ਰਿਤ ਨਾਂ ਸੁਤਰੁਦਰਾ ਹੈ। ਇਸ ਨੂੰ ਇਹਨਾ
ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ:- ਸਰੈਂਜਸ, ਜ਼ਰਦਰੁਸ, ਜ਼ਾਪਾਦਪੁਸ, ਸਿਦਰੱਸ,
ਕੇਸੀਦਰੁਸ, ਹਿਪਾਨਿਸ, ਸਿਤੋਦਾ, ਸਤਾਦਰੂ ਆਦਿ। ਸਤਲੁਜ ਕੈਲਾਸ਼ ਪਰਬਤ (ਮਾਨਸਰੋਵਰ ਝੀਲ
ਦੇ ਪੂਰਬ ਵਾਲੇ ਪਾਸੇ) ਦੀਆਂ ਢਲਾਣਾਂ ਤੋਂ ਸ਼ੁਰੂ ਹੁੰਦਾ ਹੈ। ਇਸ ਦਾ ਸਰੋਤ ਦਰਿਆ
ਸਿੰਧ, ਬ੍ਰਹਮਪੁਤਰ ਅਤੇ ਤਿੱਬਤ ਦੇ ਦਰਿਆ ਸ਼ਾਂਪੂ ਦੇ ਨੇੜੇ ਹੀ ਹੈ। ਇੱਥੋਂ ਚੱਲਕੇ
ਗੋਜ ਤੇ ਖਾਬ ਕੋਲੋਂ ਲੰਘ ਕੇ ਲੇਹ ਪਹੁੰਚਦਾ ਹੈ। ਇੱਥੇ ਸਪਿਤੀ ਨਾਂ ਦੀ ਨਦੀ ਇਸ ਵਿੱਚ
ਰਲਦੀ ਹੈ। ਸ਼ੁਰੂ ਵਿੱਚ ਇਸ ਦਾ ਕਾਫੀ ਸਫਰ ਚੀਨ ਵਿੱਚ ਹੈ। ਬਹੁਤ ਲੰਬਾ ਸਫਰ ਤਹਿ ਕਰ
ਕੇ ਸਤਲੁਜ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਚੱਕਰ ਲਾਉਂਦਾ, ਕਦੇ ਹੌਲੀ ਕਦੇ ਤੇਜ਼ ਚੱਲਦਾ
ਰੋਪੜ ਕੋਲ ਆ ਕੇ ਮੈਦਾਨ ਵਿੱਚ ਉਤਰਦਾ ਹੈ। ਇਸ ਤੋਂ ਪਿੱਛੇ ਬਿਲਾਸਪੁਰ ਅਤੇ ਭਾਖੜੇ
ਵਿਚਾਲੇ ਇਸ ਦੇ ਪਾਣੀ ਨੂੰ ਭਾਖੜਾ ਡੈਮ ਨਾਲ ਰੋਕ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ।
ਇਸ ਝੀਲ ਨੂੰ ਗੋਬਿੰਦਸਾਗਰ ਦਾ ਨਾਂ ਦਿੱਤਾ ਗਿਆ ਹੈ। ਰੋਪੜ ਤੋਂ ਲੁਧਿਆਣਾ ਕੋਲ ਦੀ
ਹੋਕੇ ਅੱਗੇ ਚੱਲ ਕੇ ਸਤਲੁਜ ਵਿੱਚ ਬਿਆਸ ਮਿਲ ਜਾਂਦਾ ਹੈ। ਪੰਜਨਾਦ ਵਿੱਚ ਮਿਲਣ ਤੱਕ ਇਸ
ਦਾ ਨਾਂ ਸਤਲੁਜ ਹੀ ਰਹਿੰਦਾ ਹੈ।
ਬਿਆਸ ਅਤੇ ਸਤਲੁਜ ਵਿਚਲੇ ਇਲਾਕੇ ਨੂੰ ਜਲੰਧਰ ਦੁਆਬ ਜਾਂ ਬਿਸਤ ਦੂਆਬ ਕਹਿੰਦੇ ਹਨ। ਇਸ
ਦੇ ਮੁੱਖ ਸ਼ਹਿਰ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਫਿਲੌਰ ਅਤੇ ਸੁਲਤਾਨਪੁਰ ਆਦਿ ਹਨ।

ਪੰਜਾਬ ਦੀ ਵਡਿਆਈ ਸਾਡੇ ਸਾਹਿਤ ਵਿੱਚ ਥਾਂ ਥਾਂ ਲਿਖੀ ਹੋਈ ਹੈ।

ਗਿਆਨੀ ਗੁਰਮੁਖ ਸਿੰਘ ਮੁਸਾਫਰ ਪੰਜਾਬ ਬਾਰੇ ਲਿਖਦੇ ਹਨ:-
ਮਾਝਾ, ਮਾਲਵਾ, ਮੈਣ-ਦੁਆਬ ਲੰਮਾ
ਸੁੰਦਰ ਧਰਤ ਦਿੱਸ ਆਉਂਦੀ ਬਾਰ ਦੀ ਏ
ਸਤਲੁਜ, ਬਿਆਸ, ਰਾਵੀ ਤੇ ਝਨਾਂ ਸੋਹਣੇ
ਹੁੰਦੀ ਸਿਫਤ ਨਾ ਜਿਹਲਮੋਂ ਪਾਰ ਦੀ ਏ।

ਪ੍ਰੋ ਪੂਰਨ ਸਿੰਘ ਲਿਖਦੇ ਹਨ:-
ਪੰਜਾਬ ਵਿੱਚ ਸਤਗੁਰਾਂ ਦੀ ਨਿਗਾਹ ਵਿੱਚੋਂ
ਜੀਵਨ-ਬਿਜਲੀਆਂ ਦੇ ਅਸਗਾਹ ਦਰਿਆ ਵਗ ਉੱਠੇ
ਸਤਲੁਜ ਤੇ ਬਿਆਸ ਤੇ ਰਾਵੀ ਤੇ ਝਨਾਂ ਤੇ ਜੇਹਲਮ ਤੇ ਅਟਕ ਸਭ ਬਲ ਉੱਠੇ।

ਮਾੜਾ ਚੰਗਾ ਦੁਨੀਅਾ ਲਿਖਦੀ ੲੇ,
ਹੱਥ ਅਸੀਂ ਵੀ ਆਪਣੇ ਅਜ਼ਮਾਏ ਨੇ..!
ਕਿਉਂ ਝੱਲੀਏਾ ਕਰੇਂ ਚਹੇਡਾਂ ਨੀ,
ਜੇ ਅਸੀ ਸਟੇਟਸ ਪੰਜਾਬੀ ਿਵੱਚ ਪਾਏ ਨੇ..!
ਮੈਂ ਜੰਮਿਆ ਵਿੱਚ ਪੰਜਾਬ ਦੇ ਹਾਂ,
ਹਿੰਦੀ ਅੰਗਰੇਜੀ ਸਾਡੇ ਮਨ ਨੂੰ ਭਾੳੁਂਦੀ ਨੀ ...!
ਸਾਨੂੰ ਮਾਣ ਪੰਜਾਬੀ ਬੋਲੀ ਤੇ,
ਨੀ ਜਿਹੜੀ ਗੋਰਿਆਂ ਨੂੰ ਆਉਂਦੀ ਨੀ.......!

ਗੁਰੂਆਂ, ਪੀਰਾਂ-ਫ਼ਕੀਰਾਂ ਜਾਈ ਮੈਂ ਪੰਜਾਬੀ ਬੋਲੀ,
ਬਾਬੇ ਨਾਨਕ ਵਰਗੇ ਸ਼ਾਇਰਾਂ ਮੈਂ ਵਿੱਚ ਮਿਸ਼ਰੀ ਘੋਲੀ,
ਫੇਰ ਮੈਨੂੰ ਮਾਣ ਬਖਸ਼ਿਆ ਭਗਤਾਂ ਅਤੇ ਫਕੀਰਾਂ,
ਇਉਂ ਲਗਦਾ ਸੀ ਜਿਉਂ ਰੱਬ ਤੋਂ ਮੈਂ ਆਪ ਲਿਖਾਈਆਂ ਤਕਦੀਰਾਂ,
ਪਰ ਹੁਣ ਐਸੀ 'ਨੇਰੀ ਝੁੱਲੀ ਮੈਂ ਹੋ ਗਈ ਲੀਰਾਂ ਲੀਰਾਂ,

ਬਾਬੂ ਰਜ਼ਬ ਅਲੀ ਖਾਨ

ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ।
ਮੁੱਖ 'ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ।
ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਹਲੀ ਦਾ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ।

ਜਣਦਿਆਂ ਖਾਣੀਂ ਪਸ਼ਤੋ, ਵਸਦੀ ਦੇਸ ਪਠਾਣਾਂ ਦੇ।
ਇਹ ਆ ਕੇ ਪਿੜ ਨ੍ਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ।
ਤੇ ਘਰ ਬਾਰਨ ਨਾਲੋਂ, ਕਦਰ ਵਧਾ 'ਤਾ ਗੋਲੀ ਦਾ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ।

ਮੈਂ ਅੱਗੇ ਇਕ ਨੂੰ ਰੋਵਾਂ, ਉਠਦੀ ਦਿਲੋਂ ਕੁਹਾਰ ਸੀ।
ਫਿਰ ਪਸ਼ਤੋ ਦੀ ਆਗੀ, ਹੋਰ ਹਮੈਤਣ ਫ਼ਾਰਸੀ।
ਮੈਂ ਭਲੀਮਾਣਸ ਭੋਲੀ, ਚਲਦਾ ਹੁਕਮ ਜਰੋਲੀ ਦਾ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ।

ਫਿਰ ਨੁਕਸਾਨ ਉਠਾਇਆ, ਉਰਦੂ ਘਰ-ਜੰਮ ਵੈਰੀ ਤੋਂ।
ਟੁੱਟ ਪੈਣੇ ਨੇ ਕੱਢ 'ਤੀ, ਬਾਹੋਂ ਪਕੜ ਕਚਹਿਰੀ 'ਚੋਂ।
ਅਣ-ਪੁੱਜ ਕੀ ਕਰ ਸਕਦੀ ? ਜ਼ਹਿਰ ਬਥੇਰਾ ਘੋਲੀ ਦਾ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ।

ਤੇ ਇੰਗਲੈਂਡ ਘੁੰਡ ਲਾਹ, ਆ ਅੰਗਰੇਜ਼ੀ ਨਚਲੀ ਜ੍ਹੀ।
ਰੰਗ ਗੋਰਾ, ਅੱਖ ਕਹਿਰੀ, ਸਖ਼ਤ ਬੁਲਾਰਾ, ਘਚਲੀ ਜ੍ਹੀ।
ਹੱਥ ਲਗਿਆਂ ਪਤਾ ਲੱਗਿਆ, ਕਰੜ ਲਫੇੜਾ ਪੋਲੀ ਦਾ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ।

ਅਬ ਹਿੰਦੀ ਦੀ ਪੁਗਦੀ, ਬਾਤ ਮਜਾਜਣ ਸੌਂਕਣ ਦੀ।
ਮੈਂ ਚੁੱਪ ਕੀਤੀ ਫਿਰਦੀ, ਇਸਦੀ ਆਦਤ ਭੌਂਕਣ ਦੀ।
ਬੁਰੜ੍ਹੀ, ਪਏ ਦੰਦ ਨਿਕਲੇ, ਇਹ ਨਾ ਵਕਤ ਘੜੋਲੀ ਦਾ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ।

ਤਕੜੇ ਰਹੋ ਪੰਜਾਬੀਉ, ਕਿਹੜਾ ਛਡਦਾ ਨਿਵਿਆਂ ਤੋਂ।
ਚਿਰ ਦੀ ਫੂਕੀ ਹੋਈ ਮਰੀ, ਉਠਾ ਲੀ ਸਿਵਿਆਂ ਤੋਂ।
ਅੱਠ ਨੌਂ ਸੂਬੇ ਨਿਗਲ੍ਹੇ, ਢਿੱਡ ਨਾ ਭਰੇ ਭੜੋਲੀ ਦਾ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ।

ਸੋਂਹਦੇ ਮਰਦ ਮੁਕਾਮੀ, ਕੀ ਗੱਲ ਸਮਝਣ ਲੋਕਲ ਜੀ।
ਮੇਰੇ ਨਾਲ ਮੋਗੇ ਪੜ੍ਹਿਆ, ਸੂਦ ਸਲ੍ਹੀਣਿਉਂ ਗੋਕਲ ਜੀ।
'ਬਾਬੂ' ਰਣੀਉਂ ਇੰਦਰ ਤੇ ਸੰਤੋਖ ਡਰੋਲੀ ਦਾ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ||

ਮਾਂ ਬੋਲੀ

ਹਰਚਰਨ ਸਿੰਘ ਸੈਹਮੀ (ਨਵੇਂ ਪਿੰਡੀਆ)

ਈਦ, ਲੋਹੜੀ, ਵਿਸਾਖੀ ਮਨਾ ਲਈਏ।
ਮਾਂ-ਬੋਲੀ ਦੇ ਗਾ ਕੇ ਗੀਤ ਮਿੱਠੇ,
ਗਿੱਧੇ, ਭੰਗੜੇ, ਲੁੱਡੀਆਂ ਪਾ ਲਈਏ।

ਖੂਹ ਸਾਂਝੇ ਤੇ ਖੇਤਾਂ ਦੀ ਵੱਟ ਸਾਂਝੀ,
ਜੂਹਾਂ ਸਾਂਝੀਆਂ ਖੇਡ ਮੈਦਾਨ 'ਕੱਠੇ।

ਮਾਂ-ਬੋਲੀ ਨੇ ਲਾਡ ਲਡਾਏ ਸਾਨੂੰ,
ਅਸੀਂ ਬੋਲੀਏ ਇਕ ਜ਼ਬਾਨ 'ਕੱਠੇ।

ਬਣ ਗਏ ਇਕ ਪੰਜਾਬ ਦੇ ਦੋ ਭਾਵੇਂ,
ਤਾਂ ਵੀ ਰਹਿਣਗੇ ਵਿਚ ਜਹਾਨ 'ਕੱਠੇ।

ਪੰਜਾਬੀ ਮਾਂ ਬੋਲੀ



ਇਹ ਗੁਰੂਆਂ ਦੀ ਬੋਲੀ
ਇਹ ਪੀਰਾਂ ਦੀ ਬੋਲੀ
ਮਿੱਟੀ ਦੇ ਕਣ ਕਣ ’ਚ ਮਹਿਕੇ
ਇਹ ਰੂਹਾਂ ਦੀ ਬੋਲੀ

ਇਹ ਝਨਾਂ ਕੰਢੇ ਗੂੰਜੇ
ਬਿਆਸ ਰਾਵੀ ’ਚ ਬੋਲੇ
ਇਹ ਸਤਲੁਜ ਦੀ ਬੋਲੀ
ਇਹ ਸਿੰਧ ਦੀ ਬੋਲੀ

ਇਹ ਸ਼ਗਨਾਂ ਤੇ ਗਾਉਂਦੀ
ਮੋਇਆਂ ਵੈਣ ਪਾਉਂਦੀ
ਰੱਬ ਨੇ ਧੁਰ ਦਰਗਾਹੋਂ ਤੋਰੀ
ਇਹ ਸੱਚੀ ਸੁੱਚੀ ਬੋਲੀ

ਇਹ ਖੇਡਾਂ ’ਚ ਗੂੰਜੀ
ਹਵਾਵਾਂ ’ਚੋਂ ਬੋਲੀ
ਹਰ ਇੱਕ ਨੇ ਮਜਦਾ ਕੀਤਾ
ਇਹ ਜਿੱਥੇ ਵੀ ਬੋਲੀ

ਇਹ ਮਾਂ ਵਾਲੀ ਬੋਲੀ
ਇਹ ਜੀਣਾ ਸਿਖਾਂਦੀ
ਰਿਸ਼ਤਿਆਂ ’ਚ ਘੋਲ ਦਿੰਦੀ
ਮਿਠਾਸ ਇਹ ਬੋਲੀ

ਮੰਗਦੀ ਹੱਕ ਆਪਣੇ ਹਿੱਸੇ ਦਾ
ਭਾਵੇਂ ਬੱਚਿਆਂ ਬੇਕਦਰੀ ’ਚ ਰੋਲੀ
ਸਾਥ ਉਮਰਾਂ ਤੀਕ ਨਿਭਾਂਦੀ
ਇਹ ਸਾਡੀ ਪੰਜਾਬੀ ਮਾਂ ਬੋਲੀ

ਮਾਂ ਬੋਲੀ ਪੰਜਾਬੀ - ਸੁਰਜੀਤ ਸਿੰਘ ਗਿੱਲ ਘੋਲੀਆ

ਇਹ ਬੋਲੀ ਸਾਡੇ ਗੁਰੂਆਂ ਦੀ,
ਇਹ ਬੋਲੀ ਪੀਰ ਫਕੀਰਾਂ ਦੀ ,
ਇਹ ਬੋਲੀ ਰੱਬ ਦੇ ਭਗਤਾਂ ਦੀ,
ਤੇ ਭਗਤ ਸਰਾਭੇ ਵੀਰਾਂ ਦੀ ,

ਇਸਦਾ ਵਿਰਸਾ ਬੜਾ ਅਮੀਰ,
ਕਿਸੇ ਦੇ ਮਾਰਿਆਂ ਕੀ ਮਰਨੀ ,
ਅਸੀਂ ਹਥੀਂ ਮਾਰੀ ਜਾਨੇ ਆਂ,
ਜਦੋਂ ਬੋਲਦੇ ਹਾਂ ਬੋਲੀ ਅਮੀਰਾਂ ਦੀ .

ਆਪਣੇ ਘਰ ਵਿਚ ਸਭਤੋਂ ਪਹਿਲਾਂ,
ਇਸਦੇ ਸਿਰ ਤੇ ਤਾਜ਼ ਧਰੋ ,
ਆਪ ਬੋਲੋ ਨਵੀਂ ਪਨੀਰੀ ਨੂੰ ਸਿਖਾਓ,
ਬੋਲੀ ਜਾਗਦੀਆਂ ਜਮੀਰਾਂ ਦੀ 

ਆਪਣਾ ਘਰ ਬਣਾਓ ਇਸਦਾ,
ਸਭ ਤੋਂ ਪਹਿਲਾਂ ਸੱਚਾ ਸੁਚਾ ਮੰਦਰ ,
ਸਭੇ ਆਪਣਾ ਫਰਜ਼ ਪਛਾਣੋ, 
ਇਹ ਗਲ ਨਹੀਂ ਕੇਵਲ ਤਕਰੀਰਾਂ ਦੀ ,

ਮਾਂ ਬੋਲੀ

ਮਾਂ ਬੋਲੀ ਬਿਨ ਦੁਨੀਆਂ ਉੱਤੇ ਕੌਮਾਂ ਦੀ ਪਹਿਚਾਣ ਨਹੀਂ ਰਹਿੰਦੀ,
ਆਪਣਾ ਸੱਭਿਆਚਾਰ ਭੁਲਾਕੇ ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ।

ਫੁੱਲ ਕਿਤੇ ਵੀ ਉਗਣ ਭਾਵੇਂ ਮਹਿਕਾਂ ਤੋਂ ਪਹਿਚਾਣੇ ਜਾਂਦੇ,
ਦੁਨੀਆਂ ਉਤੇ ਲੋਕ ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ।

ਵਿਰਸੇ ਦੇ ਫੁੱਲ ਤਾਂ ਹੀ ਖਿੜ੍ਹਦੇ ਮਾਂ ਬੋਲੀ ਜੇ ਆਉਂਦੀ ਹੋਵੇ,
ਰੂਹ ਦੇ ਪੱਤਣ ਜਿੰਦ ਮਜ਼ਾਜ਼ਣ ਲੋਕ ਗੀਤ ਕੋਈ ਗਾਉਂਦੀ ਹੋਵੇ।
- ਅਗਿਆਤ

Sunday, 8 April 2018

ਆਪਣੀ ਮਾਂ ਬੋਲੀ - ਪ੍ਰੋ: ਇੰਦਰ ਸਿੰਘ ਘੱਗਾ

ਪਸ਼ੂ ਜਗਤ ਵਿੱਚ ਅਤੇ ਮਨੁੱਖੀ ਜੀਵਨ ਵਿੱਚ ਬਹੁਤ ਕੁਝ ਸਾਂਝਾ ਹੈ, ਖਾਣ, ਪੀਣ, ਸੌਣ, ਪੇਟ ਪੂਰਤੀ, ਬੱਚੇ ਪੈਦਾ ਕਰਨੇ ਆਦਿ। ਬੱਸ, ਜਿਸ ਗੁਣ ਨੇ ਮਨੁੱਖ ਦਾ ਦਰਜਾ ਉੱਚਾ ਕੀਤਾ ਉਹ ਹੈ ਬੋਲੀ। ਬੋਲੀ ਰਾਹੀਂ ਮਨੁੱਖ ਸਹਿਜ ਢੰਗ ਨਾਲ ਵਿਚਾਰਾਂ ਦਾ ਵਟਾਂਦਰਾ ਕਰਦਾ ਹੈ। ਇਸ ਤਰ੍ਹਾਂ ਇੱਕ ਦੂਜੇ ਦੇ ਗਿਆਨ ਭੰਡਾਰ ਤੋਂ ਫਾਇਦਾ ਉਠਾਇਆ ਜਾਂਦਾ ਹੈ। ਜਦੋਂ ਮਨੁੱਖ ਨੇ ਅੱਖਰਾਂ ਰਾਹੀਂ ਆਪਣੇ ਵਿਚਾਰਾਂ ਨੂੰ ਲਿਖਣਾਂ ਸਿੱਖ ਲਿਆ, ਤਾਂ ਚੰਗੀਆਂ ਲਿਖਤਾਂ ਤੋਂ ਹੋਰ ਲੋਕੀ ਵੀ ਪੜ੍ਹ ਸੁਣ ਕੇ ਲਾਹਾ ਲੈਣ ਲੱਗੇ। ਸਾਹਿਤ, ਇਤਿਹਾਸ, ਸਾਇੰਸ, ਧਰਮ ਸਾਰਾ ਕੀਮਤੀ ਖਜ਼ਾਨਾ ਲਿਖਤ ਦਾ ਅੰਗ ਬਣਕੇ ਆਉਣ ਵਾਲੀਆਂ ਨਸਲਾਂ ਦੀ ਮਲਕੀਅਤ ਬਣਦਾ ਗਿਆ।
ਹਾਲਾਤ, ਪੌਣ ਪਾਣੀ ਅਤੇ ਕਿੱਤਿਆਂ ਦੇ ਵਖਰੇਵੇਂ ਕਾਰਨ ਮਨੁੱਖੀ ਸੱਭਿਅਤਾ ਵਿੱਚ ਵੀ ਭਿੰਨਤਾ ਆਉਣ ਲੱਗੀ। ਇਸ ਦੇ ਨਾਲ ਹੀ ਅਤੇ ਆਪਣੀਆਂ ਲੋੜਾਂ ਮੁਤਾਬਕ ਬੋਲੀ ਵੀ ਅਲੱਗ ਅਲੱਗ ਹੁੰਦੀ ਚਲੀ ਗਈ। ਸਾਰੀਆਂ ਬੋਲੀਆਂ ਆਪੋ ਆਪਣੇ ਥਾਵੇਂ ਮਹੱਤਵਪੂਰਨ ਹਨ। ਜਿੰਨੀਆਂ ਕੋਈ ਪੜ੍ਹਨੀਆਂ ਸਿੱਖ ਲਵੇ ਭਲੀ ਗੱਲ ਹੈ। ਪਰ ਬਾਲ ਮਨੋਵਿਗਿਆਨ ਦੇ ਮਾਹਿਰਾਂ ਦਾ ਵਿਚਾਰ ਹੈ ਕਿ ਪੰਜ ਸਾਲ ਤੱਕ ਦੇ ਬੱਚੇ ਨੂੰ ਸਿਰਫ਼ ਬੋਲਣਾ ਹੀ ਸਿਖਾਇਆ ਜਾਵੇ। ਲਿਖਣਾ ਪੜ੍ਹਨਾ ਬਾਅਦ ਵਿੱਚ ਸ਼ੁਰੂ ਕੀਤਾ ਜਾਵੇ।
ਆਪਣੀ ਸੱਭਿਅਤਾ, ਆਪਣੇ ਰੀਤੀ ਰਿਵਾਜ ਅਤੇ ਆਪਣੇ ਧਰਮ ਨੂੰ ਸਮਝਣ ਵਾਸਤੇ, ਆਪਣੀ ਬੋਲੀ ਸਿੱਖਣੀ ਬਹੁਤ ਜ਼ਰੂਰੀ ਹੈ। ਸਾਡੇ ਬੱਚੇ ਪੱਛਮੀ ਦੇਸ਼ਾਂ ਵਿੱਚ ਰਹਿ ਕੇ ਮਸ਼ੀਨਰੀ ਅਤੇ ਸਾਇੰਸ ਦੇ ਕੰਮਾਂ ਵਿੱਚ ਤਾਂ ਨਿਪੁੰਨ ਹੋ ਜਾਣਗੇ, ਪਰ ਭਾਰਤੀ/ਪੰਜਾਬੀ ਕਲਚਰ, ਸਿੱਖ ਧਰਮ ਤੋਂ ਦੂਰ ਚਲੇ ਜਾਣਗੇ। ਅਨੇਕਾਂ ਸ਼ਬਦ ਅਜਿਹੇ ਹਨ ਜੋ ਕਿ ਪੱਛਮੀ ਦੇਸ਼ਾਂ ਵਿੱਚ ਬੋਲੀ ਦਾ, ਜ਼ਿੰਦਗੀ ਦਾ ਹਿੱਸਾ ਨਹੀਂ ਹਨ। ਇਨ੍ਹਾਂ ਦੇਸ਼ਾਂ ਵਿੱਚ ਜੰਮੇ ਪਲੇ ਬੱਚੇ ਅਜਿਹੇ ਸ਼ਬਦਾਂ ਨੂੰ ਸਮਝਣ ਤੋਂ ਅਸਮਰੱਥ ਹੋਣਗੇ। ਮਿਸਾਲ ਦੇ ਤੌਰ ਤੇ ਕੁਝ ਵੰਨਗੀਆਂ ਪੇਸ਼ ਹਨ : ਅੰਮ੍ਰਿਤ ਵੇਲਾ ਸਵੇਰ ਦਾ ਸੁਹਾਵਣਾ ਸ਼ਾਂਤ ਵਾਤਾਵਰਣ ਜੋ ਪੰਜਾਬ ਵਿੱਚ ਪ੍ਰਾਪਤ ਹੈ ਉਸ ਨੂੰ ਪੰਜਾਬੀ ਤੇ ਗੁਰਬਾਣੀ ਵਿੱਚ ਅੰਮ੍ਰਿਤ ਵੇਲਾ ਕਹਿੰਦੇ ਹਨ। ਪੱਛਮੀ ਮੁਲਕਾਂ ਦੇ ਲੋਕ ਸਰਦੀ ਭੰਨੇ ਮੌਸਮ ਦੇ ਸਤਾਏ, ਅੰਦਰ ਵੜ ਕੇ ਸੁੱਤੇ ਹੁੰਦੇ ਹਨ। ਉਹ ਕੀ ਜਾਨਣ ਅੰਮ੍ਰਿਤ ਵੇਲੇ ਨੂੰ, ਸਾਵਣ ਕੜਕਦੀ ਧੁੱਪ ਅਤੇ ਗਰਮੀ ਤੋਂ ਬਾਅਦ ਮੀਂਹ ਸ਼ੁਰੂ ਹੋ ਜਾਂਦੇ ਹਨ ਤੇ ਮੌਸਮ ਬਹੁਤ ਸੁਹਾਵਣਾ ਹੋ ਜਾਂਦਾ ਹੈ। ਬੱਚੇ ਕਿਲਕਾਰੀਆਂ ਮਾਰਦੇ ਨੱਸਦੇ ਖੇਡਦੇ ਹਨ। ਜੁਆਨ ਲੜਕੀਆਂ ਇਕੱਠੀਆਂ ਹੋ ਪੀਘਾਂ ਝੂਟਦੀਆਂ ਹਨ, ਗਿੱਧਾ ਪਾਉਂਦੀਆਂ ਹਨ। ਪੰਛੀ ਚਹਿਕਦੇ ਹਨ ਡੱਡੂ ਗੜ੍ਹੈਂ ਗੜ੍ਹੈਂ ਕਰਦੇ ਹਨ। ਮੋਰ ਪੈਲਾਂ ਪਾਉਂਦੇ ਹਨ। ਸਾਰੀ ਬਨਸਪਤੀ ਮੌਲ੍ਹ ਉੱਠਦੀ ਹੈ। ਕਿਸਾਨ ਖੇਤਾਂ ਵਿੱਚ ਵੱਧ ਤੋਂ ਵੱਧ ਕੰਮ ਕਰਦੇ ਹਨ। ਗੁਰਬਾਣੀ ਵਿੱਚ ਇਸ ਨੂੰ 'ਮੋਰੀਂ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ' ਕਿਹਾ ਹੈ। ਪੱਛਮੀ ਮੁਲਕਾਂ ਦੇ ਲੋਕ ਇਸ ਤਰ੍ਹਾਂ ਦੇ ਕੁਦਰਤੀ ਨਜ਼ਾਰਿਆ ਦੇ ਕਿਆਸ ਨਹੀਂ ਕਰ ਸਕਦੇ। ਉਹ ਤੇ ਮੀਂਹ ਪੈਣ 'ਤੇ ਦੌੜ ਕੇ ਅੰਦਰ ਵੜ ਜਾਂਦੇ ਹਨ। ਕੰਮੀਂ ਕਿਸਾਨ, ਗਿੱਧੇ ਕਿਤੇ ਦੂਰਬੀਨ ਲਾਇਆਂ ਵੀ ਨਹੀਂ ਲੱਭਦੇ। ਪੱਛਮੀ ਮੁਲਕਾਂ ਵਾਲੇ ਲੋਕ ਨਾਂ ਹੀ ਘਲਾੜੀ, ਗੰਡ ਚੜਸ, ਤਾਰਾ ਚੜਨਾ, ਕੁੱਕੜ ਦੀ ਬਾਂਗ, ਛਾਹ ਵੇਲਾ, ਕੋਹਲੂ ਅਤੇ ਹੋਰ ਬਹੁਤ ਕੁਝ ਜਾਣਿਆ ਨਹੀਂ ਜਾਣ ਸਕਦੇ। ਇਸ ਤੋਂ ਇਲਾਵਾ ਗੁਰਬਾਣੀ, ਪੰਜਾਬੀ, ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਹੈ। ਜੇ ਸਾਡੇ ਬੱਚਿਆਂ ਨੇ ਪੰਜਾਬੀ ਬੋਲੀ ਨਾ ਸਿੱਖੀ ਤਾਂ ਉਹ ਗੁਰਬਾਣੀ ਨਹੀਂ ਪੜ੍ਹ ਸਕਣਗੇ। ਸਿੱਖ ਇਤਿਹਾਸ ਨਹੀਂ ਪੜ੍ਹ ਸਕਣਗੇ। ਜਿਸ ਦਾ ਸਿੱਧਾ ਮਤਲਬ ਹੈ ਕਿ ਉਹ ਸਿੱਖ ਜਾਂ ਖਾਲਸੇ ਵੀ ਨਹੀਂ ਬਣ ਸਕਣਗੇ।
ਪੁਰਾਣੀ ਬਾਈਬਲ ਹੀਬਰੂ ਭਾਸ਼ਾ ਵਿੱਚ ਲਿਖੀ ਗਈ ਸੀ। ਯਹੂਦੀ ਲੋਕ ਦਰ ਬਦਰ ਦੀਆਂ ਠੋਕਰਾਂ ਖਾਂਦੇ ਰਹੇ। ਦੂਸਰੀ ਸੰਸਾਰ ਜੰਗ ਵਿੱਚ ਸੱਠ ਲੱਖ ਯਹੂਦੀ ਮੌਤ ਦੇ ਘਾਟ ਉਤਾਰੇ ਗਏ। ਅੰਤ ਉਨ੍ਹਾਂ ਆਪਣੀ ਦ੍ਰਿੜਤਾ ਤੇ ਸਿਆਣਪ ਨਾਲ ਅਪਣਾ ਦੇਸ਼ ਇਜ਼ਰਾਈਲ ਬਣਾ ਲਿਆ। ਮਰ ਚੁੱਕੀ ਹੀਬਰੂ ਬੋਲੀ ਨੂੰ ਮੁੜ ਤੋਂ ਸਾਰੇ ਦੇਸ਼ ਵਿੱਚ ਪੜ੍ਹਨ ਲਿਖਣ ਦਾ ਜ਼ੋਰਦਾਰ ਹੰਭਲਾ ਮਾਰਿਆ ਗਿਆ। ਅੱਜ ਸਾਰਾ ਇਜ਼ਰਾਈਲ ਹੀਬਰੁ ਬੋਲੀ ਬੋਲਦਾ ਹੈ ਤੇ ਹੀਬਰੂ ਵਿੱਚ ਲਿਖੀ ਬਾਈਬਲ ਵੀ ਬੜੇ ਚਾਅ ਨਾਲ ਪੜ੍ਹਦਾ ਹੈ। ਈਸਾਈ ਮਿਸ਼ਨਰੀ ਕਿਸੇ ਦੇਸ਼ ਵਿੱਚ ਵੀ ਜਾਣ ਅੰਗਰੇਜ਼ੀ ਜ਼ਰੂਰ ਪੜ੍ਹਾਉਂਦੇ ਹਨ। ਹਿੰਦੂਆਂ ਦੇ ਪੁਰਾਣੇ ਵੇਦ, ਮਹਾਂਭਾਰਤ, ਗੀਤਾ, ਰਮਾਇਣ ਸਾਰੇ ਹੀ ਸੰਸਕ੍ਰਿਤ ਵਿੱਚ ਲਿਖੇ ਹੋਏ ਹਨ। ਸੰਸਕ੍ਰਿਤ ਦਾ ਹੀ ਸੌਖਾ ਰੂਪ ਹਿੰਦੀ ਬੋਲੀ ਹੈ। ਹਿੰਦੀ ਦਾ ਜਿੰਨਾ ਵੀ ਵੱਧ ਪ੍ਰਚਾਰ ਹੋਵੇਗਾ ਉਨ੍ਹਾਂ ਹੀ ਲੋਕ ਵੇਦਾਂ ਗ੍ਰੰਥਾਂ ਨੂੰ ਸੌਖਿਆਂ ਹੀ ਪੜ੍ਹ ਸਕਣਗੇ। ਉਤਨਾ ਹੀ ਹਿੰਦੂ ਧਰਮ ਦੇ ਨੇੜੇ ਹੁੰਦੇ ਜਾਣਗੇ। ਮੁਸਲਮਾਨ ਕਿਸੇ ਵੀ ਦੇਸ਼ ਵਿੱਚ ਜਾਵੇ ਆਪਣੇ ਬੱਚਿਆਂ ਨੂੰ ਨਮਾਜ਼ ਜ਼ਰੂਰ ਪੜ੍ਹਾਉਂਦਾ ਹੈ। ਤੇ ਉਸ ਦੀ ਸਾਰੀ ਇਬਾਅਦਤ ਅਰਬੀ ਵਿੱਚ ਹੈ। ਅਰਬੀ ਸਿੱਖਣ ਦਾ ਮਤਲਬ ਹੈ ਕੁਰਾਨ ਪੜ੍ਹਨੀ, ਉਨ੍ਹਾਂ ਦਾ ਪੁਰਾਣਾ ਸਾਹਿਤ ਪੜ੍ਹਨਾ। ਜਦੋਂ ਮਨੁੱਖ ਇਹ ਸਾਰਾ ਕੁਝ ਪੜ੍ਹੇਗਾ ਤਾਂ ਸਮਝੋ ਉਹ ਮੁਸਲਮਾਨ ਤਾਂ ਬਣ ਹੀ ਜਾਵੇਗਾ। ਹਿੰਦੂ, ਇਸਾਈ, ਮੁਸਲਮਾਨ ਜਿੱਥੇ ਗਏ ਉਨ੍ਹਾ ਆਪਣੀ ਬੋਲੀ ਅਤੇ ਸੱਭਿਅਤਾ ਨੂੰ ਪ੍ਰਫੁੱਲਤ ਕਰਨ ਵਾਸਤੇ ਦਾਨਿਆਂ ਵਾਂਗ ਕੰਮ ਕੀਤਾ ਹੈ। ਸਿੱਖ ਇਸ ਪੱਖੋਂ ਬਹੁਤ ਪਿੱਛੇ ਰਹਿ ਗਏ ਹਨ। ਜਾਂ ਤਾਂ ਇਹ ਸਮਝ ਲਈਏ ਕਿ ਪੰਜਾਬ ਵਿੱਚ ਸਿੱਖ ਧਰਮ ਤੇ ਸਿੱਖ ਸਿਆਸਤ ਘੱਟ ਪੜ੍ਹੇ ਲਿਖੇ ਲੋਕਾਂ ਦੇ ਹੱਥ ਵਿੱਚ ਹੈ। ਇਸੇ ਤਰ੍ਹਾਂ ਪੱਛਮੀਂ ਮੁਲਕਾਂ ਵਿੱਚ ਘੱਟ ਪੜ੍ਹੇ ਜਾਂ ਉੱਕਾ ਹੀ ਅਨਪੜ੍ਹ ਲੋਕ ਸਿਆਸਤ ਅਤੇ ਧਰਮ ਅਸਥਾਨਾ ਤੇ ਕਾਬਜ਼ ਹਨ। ਉਹ ਜਾਣਦੇ ਹੀ ਨਹੀਂ ਕਿ ਧਰਮ ਨੂੰ, ਸਿੱਖ ਸਭਿਆਚਾਰ ਨੂੰ, ਪੰਜਾਬੀ ਬੋਲੀ ਨੂੰ ਕਿਵੇਂ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਖਤਰਨਾਕ ਹੱਦ ਤੀਕ ਘੱਟ ਹੈ। ਇਸ ਲਈ ਉਹ ਇਨ੍ਹਾਂ ਚੌਧਰੀਆਂ ਤੋਂ ਦੂਰ ਹੀ ਰਹਿੰਦੇ ਹਨ। ਯੂਰਪੀਨ ਮੁਲਕਾਂ ਵਿੱਚ ਗੁਰਦਵਾਰੇ ਤਾਂ ਅਣਗਿਣਤ ਬਣਾ ਲਏ ਹਨ, ਪਰ ਸਿੱਖੀ ਦੇ ਸਕੂਲ, ਗੁਰਮਤਿ ਦੇ ਕਾਲਜ, ਸਿੱਖੀ ਦੀ ਖੋਜ ਵਾਸਤੇ ਯੂਨੀਵਰਸਿਟੀ ਨਹੀਂ ਬਣਾ ਸਕੇ। ਸਿੱਖੀ ਅਤੇ ਪੰਜਾਬੀ ਬੋਲੀ ਦੇ ਵਾਧੇ ਵਾਸਤੇ ਮੀਡੀਏ ਦੀ ਵਰਤੋਂ ਨਹੀਂ ਕਰ ਸਕੇ। ਸਥਾਨਕ ਝਗੜਿਆਂ ਤੋਂ ਉੱਪਰ ਉੱਠ ਕੇ ਕੋਈ ਸਾਂਝੀ ਤੇ ਸਰਬ ਪ੍ਰਵਾਨਤ ਲੀਡਰਸ਼ਿਪ ਨਹੀਂ ਪੈਦਾ ਕਰ ਸਕੇ। ਗੁਰਬਾਣੀ ਤੇ ਚੋਣਵਾਂ ਸਿੱਖ ਇਤਿਹਾਸ ਹੋਰਨਾ ਬੋਲੀਆਂ ਵਿੱਚ ਅਨੁਵਾਦ ਕਰਵਾ ਕੇ ਅਸੀਂ ਹਾਲੀ ਤੱਕ ਨਹੀਂ ਛਪਵਾ ਸਕੇ। ਬਹੁਤ ਕੁਝ ਕਰਨ ਵਾਲਾ ਹੈ ਇਸ ਪਾਸੇ।
ਸਿੱਖ ਧਰਮ ਸੰਸਾਰ ਦੇ ਕੁਝ ਕੁ ਚੋਣਵੇਂ ਧਰਮਾਂ ਵਿੱਚੋਂ ਇੱਕ ਵਧੀਆ ਧਰਮ ਹੈ। ਸੰਸਾਰ ਦੇ ਅਨੇਕਾਂ ਪਰੇਸ਼ਾਨੀਆਂ ਵਿੱਚ ਵਿਲਕ ਰਹੇ ਲੋਕਾਂ ਨੂੰ ਸੁੱਖ ਸ਼ਾਂਤੀ ਦੇਣ ਵਾਸਤੇ ਸਿੱਖਾਂ ਕੋਲ ਗੁਰਬਾਣੀ ਦਾ ਮਹਾਨ ਖਜ਼ਾਨਾ ਹੈ। ਹਾਲੇ ਤੱਕ 95% ਸਿੱਖਾਂ ਨੇ ਖੁਦ ਹੀ ਗੁਰਬਾਣੀ ਨਹੀਂ ਪੜ੍ਹੀ, ਤਾਂ ਹੋਰਨਾਂ ਨੂੰ ਕਿਵੇਂ ਪੜ੍ਹਨ ਵਾਸਤੇ ਆਖਣਗੇ ? ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੁਨੀਆਂ ਵਿੱਚ ਏਨੀ ਹੈ ਕਿ ਜੇ ਸਾਰੀ ਦੁਨੀਆਂ ਨੂੰ ਇੱਕ ਕਤਾਰ ਵਿੱਚ ਖੜਾ ਕੀਤਾ ਜਾਵੇ ਤਾਂ ਹਰ ਬਾਹਰਵਾਂ ਵਿਅਕਤੀ ਪੰਜਾਬੀ ਬੋਲੇਗਾ। ਜਿੱਥੇ ਪੰਜਾਬ ਦੀ ਧਰਤੀ ਅਤੀ ਜ਼ਰਖੇਜ ਹੈ, ਉਥੋਂ ਦਾ ਪੌਣ ਪਾਣੀ ਸੁਹਾਵਣਾ ਹੈ, ਰੁੱਤਾਂ ਖੁਸ਼ਬੋਈਆਂ ਹਨ, ਗੱਭਰੂ ਰਾਂਗਲੇ ਹਨ, ਮੁਟਿਆਰਾਂ ਹੁਸਨ ਵਾਲੀਆਂ ਹਨ ਤਾਂ ਉਥੇ ਪੰਜਾਬੀ ਬੋਲੀ ਵੀ ਮਾਖਿਓਂ ਮਿੱਠੀ ਹੈ। ਸਿੱਖੀ ਦੀ ਰੂਹ, ਮਨੁੱਖਤਾ ਦੀ ਆਤਮਾ, ਗੁਰਬਾਣੀ ਦਾ ਤੇ ਕੋਈ ਜਵਾਬ ਹੀ ਨਹੀਂ। ਪੰਜਾਬੀ ਸੱਭਿਆਚਾਰ ਨਾਲ ਜੁੜਨ ਵਾਸਤੇ, ਗੁਰਮਤਿ ਦੇ ਸੋਹਣੇ ਇਤਿਹਾਸ ਨੂੰ ਪੜ੍ਹਨ ਵਾਸਤੇ, ਅੰਮ੍ਰਿਤ ਦੇ ਸੋਮੇ ਗੁਰਬਾਣੀ ਨਾਲ ਸਾਂਝ ਪਾਉਣ ਵਾਸਤੇ, ਪੰਜਾਬੀ ਬੋਲੀ ਸਿੱਖਣੀ ਹੀ ਪਵੇਗੀ। ਪੰਜਾਬੀ ਬੋਲੀ ਨੂੰ ਵਿਸਾਰ ਦੇਣ ਦਾ ਮਤਲਬ ਹੈ ਪੰਜਾਬੀ ਸਭਿਆਚਾਰ ਨੂੰ ਵਿਸਾਰ ਦੇਣਾ, ਪੰਜਾਬੀ ਰਹੁ ਰੀਤਾਂ ਨੂੰ ਤਿਆਗ ਦੇਣਾ, ਪੰਜਾਬੀ ਭੰਗੜੇ ਤੇ ਗਿੱਧੇ ਤੋਂ ਵਿਰਵੇ ਹੋ ਜਾਣਾ, ਆਪਣੇ ਸੂਰਬੀਰਾਂ ਤੇ ਸ਼ਹੀਦਾਂ ਨੂੰ ਭੁੱਲ ਜਾਣਾ, ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੇ ਭਲੇ ਹਿੱਤ ਕੀਤੇ ਕਾਰਨਾਮਿਆਂ ਨੂੰ ਵਿਸਾਰ ਦੇਣਾ ਅਤੇ ਰੂਹ ਦੀ ਖੁਰਾਕ ਗੁਰਬਾਣੀ ਤੋਂ ਅਣਭਿੱਜ ਰਹਿ ਜਾਣਾ ਹੋਵੇਗਾ। ਕੀ ਇਸ ਤਰ੍ਹਾਂ ਕਰਕੇ ਅਸੀਂ ਜੀਵਤ ਰਹਿ ਸਕਾਂਗੇ ? ਕੀ ਉਹ ਜੀਵਨ ਸਾਡਾ ਸਹੀ ਜੀਵਨ ਹੋਵੇਗਾ ?
ਰੂਸ ਦੇ ਮਹਾਨ ਲੇਖਕ ਹਮਜ਼ਾਤੋਵ ਨੇ ਲਿਖਿਆ ਹੈ"'ਸਾਡੇ ਪਿੰਡਾਂ ਵਿੱਚੋਂ ਇੱਕ ਨੌਜਵਾਨ ਪੜ੍ਹਕੇ ਨੌਕਰੀ ਲਈ ਵੱਡੇ ਸ਼ਹਿਰ ਚਲਾ ਗਿਆ। ਬਹੁਤ ਵੱਡਾ ਅਫ਼ਸਰ ਬਣ ਗਿਆ। ਪਹਿਲਾਂ ਕੁਝ ਸਮਾਂ ਚਿੱਠੀ ਆਉਂਦੀ ਰਹੀ ਤੇ ਫੇਰ ਬੰਦ ਹੋ ਗਈ। ਮੈਂ ਕਿਸੇ ਜ਼ਰੂਰੀ ਕੰਮ ਵਾਸਤੇ ਵੱਡੇ ਸ਼ਹਿਰ ਜਾਣਾ ਸੀ। ਉਸ ਦੀ ਬੁੱਢੀ ਮਾਂ ਨੇ ਆਪਣੇ ਪੁੱਤਰ ਦੀ ਖਬਰ ਸਾਰ ਲਿਆਉਣ ਵਾਸਤੇ ਤਰਲਾ ਕੀਤਾ। ਸਾਰੇ ਕੰਮ ਕਰਕੇ ਮੈਂ ਜਦੋਂ ਸ਼ਹਿਰੋਂ ਵਾਪਸ ਪਰਤਿਆ ਤਾਂ ਬੁੱਢੀ ਮਾਂ, ਪੁੱਤਰ ਦੀ ਸੁੱਖ ਸਾਂਦ ਪੁੱਛਣ ਆਈ। ਮੈਂ ਉਸ ਦੇ ਪੁੱਤਰ ਬਾਰੇ ਸੱਭ ਕੁਝ ਦੱਸਿਆ। ਕਿ ਉਸ ਦੀ ਬਹੁਤ ਵੱਡੀ ਕੋਠੀ ਹੈ, ਕਾਰ ਹੈ, ਵੱਡਾ ਅਫਸਰ ਹੈ ਉਹ.....। ਮਾਂ ਨੇ ਪੱਛਿਆ ਪੁੱਤਰ ਉਸ ਨੇ ਤੇਰੇ ਨਾਲ ਸਾਡੀ ਦਾਗਿਸਤਾਨੀ ਬੋਲੀ ਵਿੱਚ ਗੱਲਾਂ ਕੀਤੀਆਂ ਸਨ ? ਨਹੀਂ ਮਾਂ, ਅਸੀਂ ਕਿਸੇ ਹੋਰ ਬੋਲੀ ਵਿੱਚ ਗੱਲਾਂ ਕੀਤੀਆਂ ਸਨ। ਉਹ ਆਪਣੀ ਬੋਲੀ ਛੱਡ ਚੁੱਕਿਆ ਹੈ, ਇੱਕ ਦੁਭਾਸ਼ੀਏ ਰਾਹੀਂ ਸਾਡੀ ਗੱਲਬਾਤ ਹੋਈ ਸੀ। ਮਾਤਾ ਨੇ ਆਪਣੇ ਦੁਪੱਟੇ ਨੂੰ ਖਿੱਚ ਕੇ ਆਪਣਾ ਚਿਹਰਾ ਢੱਕ ਲਿਆ ਤੇ ਅੱਖਾਂ ਵਿੱਚੋਂ ਅੱਥਰੂ ਵੱਗ ਪਏ। ਅੱਖਾਂ ਪੂੰਝਦੀ ਹੋਈ ਬੁੱਢੀ ਮਾਂ ਕਹਿਣ ਲੱਗੀ, ਪੁੱਤਰ ਰਸੂਲ ਤੈਨੂੰ ਭੁਲੇਖਾ ਲੱਗਾ ਹੈ ਜਿਸ ਨੂੰ ਤੂੰ ਮਿਲ ਕੇ ਆਇਆ ਹੈਂ ਉਹ ਮੇਰਾ ਪੁੱਤਰ ਨਹੀਂ ਹੈ। ਮੇਰਾ ਪੁੱਤਰ ਮੇਰੇ ਦੁੱਧ ਅਤੇ ਮੇਰੀਆਂ ਲੋਰੀਆਂ ਨੂੰ ਨਹੀਂ ਭੁੱਲ ਸਕਦਾ। ਮੇਰਾ ਪੁੱਤਰ ਮਰ ਗਿਆ ਹੈ, ਮਰ ਗਿਆ.... ਮਰ ਗਿਆ ਹੈ....। ਮਾਂ ਰੋਂਦੀ ਹੋਈ ਉੱਠ ਕੇ ਤੁਰ ਪਈ'।"
ਕਾਸ਼ ਕਿ ਸਾਡੇ ਮਨਾਂ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਅਜਿਹਾ ਜਜ਼ਬਾ ਹੋਵੇ.....।