Sunday, 8 April 2018

ਆਪਣੀ ਮਾਂ ਬੋਲੀ - ਪ੍ਰੋ: ਇੰਦਰ ਸਿੰਘ ਘੱਗਾ

ਪਸ਼ੂ ਜਗਤ ਵਿੱਚ ਅਤੇ ਮਨੁੱਖੀ ਜੀਵਨ ਵਿੱਚ ਬਹੁਤ ਕੁਝ ਸਾਂਝਾ ਹੈ, ਖਾਣ, ਪੀਣ, ਸੌਣ, ਪੇਟ ਪੂਰਤੀ, ਬੱਚੇ ਪੈਦਾ ਕਰਨੇ ਆਦਿ। ਬੱਸ, ਜਿਸ ਗੁਣ ਨੇ ਮਨੁੱਖ ਦਾ ਦਰਜਾ ਉੱਚਾ ਕੀਤਾ ਉਹ ਹੈ ਬੋਲੀ। ਬੋਲੀ ਰਾਹੀਂ ਮਨੁੱਖ ਸਹਿਜ ਢੰਗ ਨਾਲ ਵਿਚਾਰਾਂ ਦਾ ਵਟਾਂਦਰਾ ਕਰਦਾ ਹੈ। ਇਸ ਤਰ੍ਹਾਂ ਇੱਕ ਦੂਜੇ ਦੇ ਗਿਆਨ ਭੰਡਾਰ ਤੋਂ ਫਾਇਦਾ ਉਠਾਇਆ ਜਾਂਦਾ ਹੈ। ਜਦੋਂ ਮਨੁੱਖ ਨੇ ਅੱਖਰਾਂ ਰਾਹੀਂ ਆਪਣੇ ਵਿਚਾਰਾਂ ਨੂੰ ਲਿਖਣਾਂ ਸਿੱਖ ਲਿਆ, ਤਾਂ ਚੰਗੀਆਂ ਲਿਖਤਾਂ ਤੋਂ ਹੋਰ ਲੋਕੀ ਵੀ ਪੜ੍ਹ ਸੁਣ ਕੇ ਲਾਹਾ ਲੈਣ ਲੱਗੇ। ਸਾਹਿਤ, ਇਤਿਹਾਸ, ਸਾਇੰਸ, ਧਰਮ ਸਾਰਾ ਕੀਮਤੀ ਖਜ਼ਾਨਾ ਲਿਖਤ ਦਾ ਅੰਗ ਬਣਕੇ ਆਉਣ ਵਾਲੀਆਂ ਨਸਲਾਂ ਦੀ ਮਲਕੀਅਤ ਬਣਦਾ ਗਿਆ।
ਹਾਲਾਤ, ਪੌਣ ਪਾਣੀ ਅਤੇ ਕਿੱਤਿਆਂ ਦੇ ਵਖਰੇਵੇਂ ਕਾਰਨ ਮਨੁੱਖੀ ਸੱਭਿਅਤਾ ਵਿੱਚ ਵੀ ਭਿੰਨਤਾ ਆਉਣ ਲੱਗੀ। ਇਸ ਦੇ ਨਾਲ ਹੀ ਅਤੇ ਆਪਣੀਆਂ ਲੋੜਾਂ ਮੁਤਾਬਕ ਬੋਲੀ ਵੀ ਅਲੱਗ ਅਲੱਗ ਹੁੰਦੀ ਚਲੀ ਗਈ। ਸਾਰੀਆਂ ਬੋਲੀਆਂ ਆਪੋ ਆਪਣੇ ਥਾਵੇਂ ਮਹੱਤਵਪੂਰਨ ਹਨ। ਜਿੰਨੀਆਂ ਕੋਈ ਪੜ੍ਹਨੀਆਂ ਸਿੱਖ ਲਵੇ ਭਲੀ ਗੱਲ ਹੈ। ਪਰ ਬਾਲ ਮਨੋਵਿਗਿਆਨ ਦੇ ਮਾਹਿਰਾਂ ਦਾ ਵਿਚਾਰ ਹੈ ਕਿ ਪੰਜ ਸਾਲ ਤੱਕ ਦੇ ਬੱਚੇ ਨੂੰ ਸਿਰਫ਼ ਬੋਲਣਾ ਹੀ ਸਿਖਾਇਆ ਜਾਵੇ। ਲਿਖਣਾ ਪੜ੍ਹਨਾ ਬਾਅਦ ਵਿੱਚ ਸ਼ੁਰੂ ਕੀਤਾ ਜਾਵੇ।
ਆਪਣੀ ਸੱਭਿਅਤਾ, ਆਪਣੇ ਰੀਤੀ ਰਿਵਾਜ ਅਤੇ ਆਪਣੇ ਧਰਮ ਨੂੰ ਸਮਝਣ ਵਾਸਤੇ, ਆਪਣੀ ਬੋਲੀ ਸਿੱਖਣੀ ਬਹੁਤ ਜ਼ਰੂਰੀ ਹੈ। ਸਾਡੇ ਬੱਚੇ ਪੱਛਮੀ ਦੇਸ਼ਾਂ ਵਿੱਚ ਰਹਿ ਕੇ ਮਸ਼ੀਨਰੀ ਅਤੇ ਸਾਇੰਸ ਦੇ ਕੰਮਾਂ ਵਿੱਚ ਤਾਂ ਨਿਪੁੰਨ ਹੋ ਜਾਣਗੇ, ਪਰ ਭਾਰਤੀ/ਪੰਜਾਬੀ ਕਲਚਰ, ਸਿੱਖ ਧਰਮ ਤੋਂ ਦੂਰ ਚਲੇ ਜਾਣਗੇ। ਅਨੇਕਾਂ ਸ਼ਬਦ ਅਜਿਹੇ ਹਨ ਜੋ ਕਿ ਪੱਛਮੀ ਦੇਸ਼ਾਂ ਵਿੱਚ ਬੋਲੀ ਦਾ, ਜ਼ਿੰਦਗੀ ਦਾ ਹਿੱਸਾ ਨਹੀਂ ਹਨ। ਇਨ੍ਹਾਂ ਦੇਸ਼ਾਂ ਵਿੱਚ ਜੰਮੇ ਪਲੇ ਬੱਚੇ ਅਜਿਹੇ ਸ਼ਬਦਾਂ ਨੂੰ ਸਮਝਣ ਤੋਂ ਅਸਮਰੱਥ ਹੋਣਗੇ। ਮਿਸਾਲ ਦੇ ਤੌਰ ਤੇ ਕੁਝ ਵੰਨਗੀਆਂ ਪੇਸ਼ ਹਨ : ਅੰਮ੍ਰਿਤ ਵੇਲਾ ਸਵੇਰ ਦਾ ਸੁਹਾਵਣਾ ਸ਼ਾਂਤ ਵਾਤਾਵਰਣ ਜੋ ਪੰਜਾਬ ਵਿੱਚ ਪ੍ਰਾਪਤ ਹੈ ਉਸ ਨੂੰ ਪੰਜਾਬੀ ਤੇ ਗੁਰਬਾਣੀ ਵਿੱਚ ਅੰਮ੍ਰਿਤ ਵੇਲਾ ਕਹਿੰਦੇ ਹਨ। ਪੱਛਮੀ ਮੁਲਕਾਂ ਦੇ ਲੋਕ ਸਰਦੀ ਭੰਨੇ ਮੌਸਮ ਦੇ ਸਤਾਏ, ਅੰਦਰ ਵੜ ਕੇ ਸੁੱਤੇ ਹੁੰਦੇ ਹਨ। ਉਹ ਕੀ ਜਾਨਣ ਅੰਮ੍ਰਿਤ ਵੇਲੇ ਨੂੰ, ਸਾਵਣ ਕੜਕਦੀ ਧੁੱਪ ਅਤੇ ਗਰਮੀ ਤੋਂ ਬਾਅਦ ਮੀਂਹ ਸ਼ੁਰੂ ਹੋ ਜਾਂਦੇ ਹਨ ਤੇ ਮੌਸਮ ਬਹੁਤ ਸੁਹਾਵਣਾ ਹੋ ਜਾਂਦਾ ਹੈ। ਬੱਚੇ ਕਿਲਕਾਰੀਆਂ ਮਾਰਦੇ ਨੱਸਦੇ ਖੇਡਦੇ ਹਨ। ਜੁਆਨ ਲੜਕੀਆਂ ਇਕੱਠੀਆਂ ਹੋ ਪੀਘਾਂ ਝੂਟਦੀਆਂ ਹਨ, ਗਿੱਧਾ ਪਾਉਂਦੀਆਂ ਹਨ। ਪੰਛੀ ਚਹਿਕਦੇ ਹਨ ਡੱਡੂ ਗੜ੍ਹੈਂ ਗੜ੍ਹੈਂ ਕਰਦੇ ਹਨ। ਮੋਰ ਪੈਲਾਂ ਪਾਉਂਦੇ ਹਨ। ਸਾਰੀ ਬਨਸਪਤੀ ਮੌਲ੍ਹ ਉੱਠਦੀ ਹੈ। ਕਿਸਾਨ ਖੇਤਾਂ ਵਿੱਚ ਵੱਧ ਤੋਂ ਵੱਧ ਕੰਮ ਕਰਦੇ ਹਨ। ਗੁਰਬਾਣੀ ਵਿੱਚ ਇਸ ਨੂੰ 'ਮੋਰੀਂ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ' ਕਿਹਾ ਹੈ। ਪੱਛਮੀ ਮੁਲਕਾਂ ਦੇ ਲੋਕ ਇਸ ਤਰ੍ਹਾਂ ਦੇ ਕੁਦਰਤੀ ਨਜ਼ਾਰਿਆ ਦੇ ਕਿਆਸ ਨਹੀਂ ਕਰ ਸਕਦੇ। ਉਹ ਤੇ ਮੀਂਹ ਪੈਣ 'ਤੇ ਦੌੜ ਕੇ ਅੰਦਰ ਵੜ ਜਾਂਦੇ ਹਨ। ਕੰਮੀਂ ਕਿਸਾਨ, ਗਿੱਧੇ ਕਿਤੇ ਦੂਰਬੀਨ ਲਾਇਆਂ ਵੀ ਨਹੀਂ ਲੱਭਦੇ। ਪੱਛਮੀ ਮੁਲਕਾਂ ਵਾਲੇ ਲੋਕ ਨਾਂ ਹੀ ਘਲਾੜੀ, ਗੰਡ ਚੜਸ, ਤਾਰਾ ਚੜਨਾ, ਕੁੱਕੜ ਦੀ ਬਾਂਗ, ਛਾਹ ਵੇਲਾ, ਕੋਹਲੂ ਅਤੇ ਹੋਰ ਬਹੁਤ ਕੁਝ ਜਾਣਿਆ ਨਹੀਂ ਜਾਣ ਸਕਦੇ। ਇਸ ਤੋਂ ਇਲਾਵਾ ਗੁਰਬਾਣੀ, ਪੰਜਾਬੀ, ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਹੈ। ਜੇ ਸਾਡੇ ਬੱਚਿਆਂ ਨੇ ਪੰਜਾਬੀ ਬੋਲੀ ਨਾ ਸਿੱਖੀ ਤਾਂ ਉਹ ਗੁਰਬਾਣੀ ਨਹੀਂ ਪੜ੍ਹ ਸਕਣਗੇ। ਸਿੱਖ ਇਤਿਹਾਸ ਨਹੀਂ ਪੜ੍ਹ ਸਕਣਗੇ। ਜਿਸ ਦਾ ਸਿੱਧਾ ਮਤਲਬ ਹੈ ਕਿ ਉਹ ਸਿੱਖ ਜਾਂ ਖਾਲਸੇ ਵੀ ਨਹੀਂ ਬਣ ਸਕਣਗੇ।
ਪੁਰਾਣੀ ਬਾਈਬਲ ਹੀਬਰੂ ਭਾਸ਼ਾ ਵਿੱਚ ਲਿਖੀ ਗਈ ਸੀ। ਯਹੂਦੀ ਲੋਕ ਦਰ ਬਦਰ ਦੀਆਂ ਠੋਕਰਾਂ ਖਾਂਦੇ ਰਹੇ। ਦੂਸਰੀ ਸੰਸਾਰ ਜੰਗ ਵਿੱਚ ਸੱਠ ਲੱਖ ਯਹੂਦੀ ਮੌਤ ਦੇ ਘਾਟ ਉਤਾਰੇ ਗਏ। ਅੰਤ ਉਨ੍ਹਾਂ ਆਪਣੀ ਦ੍ਰਿੜਤਾ ਤੇ ਸਿਆਣਪ ਨਾਲ ਅਪਣਾ ਦੇਸ਼ ਇਜ਼ਰਾਈਲ ਬਣਾ ਲਿਆ। ਮਰ ਚੁੱਕੀ ਹੀਬਰੂ ਬੋਲੀ ਨੂੰ ਮੁੜ ਤੋਂ ਸਾਰੇ ਦੇਸ਼ ਵਿੱਚ ਪੜ੍ਹਨ ਲਿਖਣ ਦਾ ਜ਼ੋਰਦਾਰ ਹੰਭਲਾ ਮਾਰਿਆ ਗਿਆ। ਅੱਜ ਸਾਰਾ ਇਜ਼ਰਾਈਲ ਹੀਬਰੁ ਬੋਲੀ ਬੋਲਦਾ ਹੈ ਤੇ ਹੀਬਰੂ ਵਿੱਚ ਲਿਖੀ ਬਾਈਬਲ ਵੀ ਬੜੇ ਚਾਅ ਨਾਲ ਪੜ੍ਹਦਾ ਹੈ। ਈਸਾਈ ਮਿਸ਼ਨਰੀ ਕਿਸੇ ਦੇਸ਼ ਵਿੱਚ ਵੀ ਜਾਣ ਅੰਗਰੇਜ਼ੀ ਜ਼ਰੂਰ ਪੜ੍ਹਾਉਂਦੇ ਹਨ। ਹਿੰਦੂਆਂ ਦੇ ਪੁਰਾਣੇ ਵੇਦ, ਮਹਾਂਭਾਰਤ, ਗੀਤਾ, ਰਮਾਇਣ ਸਾਰੇ ਹੀ ਸੰਸਕ੍ਰਿਤ ਵਿੱਚ ਲਿਖੇ ਹੋਏ ਹਨ। ਸੰਸਕ੍ਰਿਤ ਦਾ ਹੀ ਸੌਖਾ ਰੂਪ ਹਿੰਦੀ ਬੋਲੀ ਹੈ। ਹਿੰਦੀ ਦਾ ਜਿੰਨਾ ਵੀ ਵੱਧ ਪ੍ਰਚਾਰ ਹੋਵੇਗਾ ਉਨ੍ਹਾਂ ਹੀ ਲੋਕ ਵੇਦਾਂ ਗ੍ਰੰਥਾਂ ਨੂੰ ਸੌਖਿਆਂ ਹੀ ਪੜ੍ਹ ਸਕਣਗੇ। ਉਤਨਾ ਹੀ ਹਿੰਦੂ ਧਰਮ ਦੇ ਨੇੜੇ ਹੁੰਦੇ ਜਾਣਗੇ। ਮੁਸਲਮਾਨ ਕਿਸੇ ਵੀ ਦੇਸ਼ ਵਿੱਚ ਜਾਵੇ ਆਪਣੇ ਬੱਚਿਆਂ ਨੂੰ ਨਮਾਜ਼ ਜ਼ਰੂਰ ਪੜ੍ਹਾਉਂਦਾ ਹੈ। ਤੇ ਉਸ ਦੀ ਸਾਰੀ ਇਬਾਅਦਤ ਅਰਬੀ ਵਿੱਚ ਹੈ। ਅਰਬੀ ਸਿੱਖਣ ਦਾ ਮਤਲਬ ਹੈ ਕੁਰਾਨ ਪੜ੍ਹਨੀ, ਉਨ੍ਹਾਂ ਦਾ ਪੁਰਾਣਾ ਸਾਹਿਤ ਪੜ੍ਹਨਾ। ਜਦੋਂ ਮਨੁੱਖ ਇਹ ਸਾਰਾ ਕੁਝ ਪੜ੍ਹੇਗਾ ਤਾਂ ਸਮਝੋ ਉਹ ਮੁਸਲਮਾਨ ਤਾਂ ਬਣ ਹੀ ਜਾਵੇਗਾ। ਹਿੰਦੂ, ਇਸਾਈ, ਮੁਸਲਮਾਨ ਜਿੱਥੇ ਗਏ ਉਨ੍ਹਾ ਆਪਣੀ ਬੋਲੀ ਅਤੇ ਸੱਭਿਅਤਾ ਨੂੰ ਪ੍ਰਫੁੱਲਤ ਕਰਨ ਵਾਸਤੇ ਦਾਨਿਆਂ ਵਾਂਗ ਕੰਮ ਕੀਤਾ ਹੈ। ਸਿੱਖ ਇਸ ਪੱਖੋਂ ਬਹੁਤ ਪਿੱਛੇ ਰਹਿ ਗਏ ਹਨ। ਜਾਂ ਤਾਂ ਇਹ ਸਮਝ ਲਈਏ ਕਿ ਪੰਜਾਬ ਵਿੱਚ ਸਿੱਖ ਧਰਮ ਤੇ ਸਿੱਖ ਸਿਆਸਤ ਘੱਟ ਪੜ੍ਹੇ ਲਿਖੇ ਲੋਕਾਂ ਦੇ ਹੱਥ ਵਿੱਚ ਹੈ। ਇਸੇ ਤਰ੍ਹਾਂ ਪੱਛਮੀਂ ਮੁਲਕਾਂ ਵਿੱਚ ਘੱਟ ਪੜ੍ਹੇ ਜਾਂ ਉੱਕਾ ਹੀ ਅਨਪੜ੍ਹ ਲੋਕ ਸਿਆਸਤ ਅਤੇ ਧਰਮ ਅਸਥਾਨਾ ਤੇ ਕਾਬਜ਼ ਹਨ। ਉਹ ਜਾਣਦੇ ਹੀ ਨਹੀਂ ਕਿ ਧਰਮ ਨੂੰ, ਸਿੱਖ ਸਭਿਆਚਾਰ ਨੂੰ, ਪੰਜਾਬੀ ਬੋਲੀ ਨੂੰ ਕਿਵੇਂ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਖਤਰਨਾਕ ਹੱਦ ਤੀਕ ਘੱਟ ਹੈ। ਇਸ ਲਈ ਉਹ ਇਨ੍ਹਾਂ ਚੌਧਰੀਆਂ ਤੋਂ ਦੂਰ ਹੀ ਰਹਿੰਦੇ ਹਨ। ਯੂਰਪੀਨ ਮੁਲਕਾਂ ਵਿੱਚ ਗੁਰਦਵਾਰੇ ਤਾਂ ਅਣਗਿਣਤ ਬਣਾ ਲਏ ਹਨ, ਪਰ ਸਿੱਖੀ ਦੇ ਸਕੂਲ, ਗੁਰਮਤਿ ਦੇ ਕਾਲਜ, ਸਿੱਖੀ ਦੀ ਖੋਜ ਵਾਸਤੇ ਯੂਨੀਵਰਸਿਟੀ ਨਹੀਂ ਬਣਾ ਸਕੇ। ਸਿੱਖੀ ਅਤੇ ਪੰਜਾਬੀ ਬੋਲੀ ਦੇ ਵਾਧੇ ਵਾਸਤੇ ਮੀਡੀਏ ਦੀ ਵਰਤੋਂ ਨਹੀਂ ਕਰ ਸਕੇ। ਸਥਾਨਕ ਝਗੜਿਆਂ ਤੋਂ ਉੱਪਰ ਉੱਠ ਕੇ ਕੋਈ ਸਾਂਝੀ ਤੇ ਸਰਬ ਪ੍ਰਵਾਨਤ ਲੀਡਰਸ਼ਿਪ ਨਹੀਂ ਪੈਦਾ ਕਰ ਸਕੇ। ਗੁਰਬਾਣੀ ਤੇ ਚੋਣਵਾਂ ਸਿੱਖ ਇਤਿਹਾਸ ਹੋਰਨਾ ਬੋਲੀਆਂ ਵਿੱਚ ਅਨੁਵਾਦ ਕਰਵਾ ਕੇ ਅਸੀਂ ਹਾਲੀ ਤੱਕ ਨਹੀਂ ਛਪਵਾ ਸਕੇ। ਬਹੁਤ ਕੁਝ ਕਰਨ ਵਾਲਾ ਹੈ ਇਸ ਪਾਸੇ।
ਸਿੱਖ ਧਰਮ ਸੰਸਾਰ ਦੇ ਕੁਝ ਕੁ ਚੋਣਵੇਂ ਧਰਮਾਂ ਵਿੱਚੋਂ ਇੱਕ ਵਧੀਆ ਧਰਮ ਹੈ। ਸੰਸਾਰ ਦੇ ਅਨੇਕਾਂ ਪਰੇਸ਼ਾਨੀਆਂ ਵਿੱਚ ਵਿਲਕ ਰਹੇ ਲੋਕਾਂ ਨੂੰ ਸੁੱਖ ਸ਼ਾਂਤੀ ਦੇਣ ਵਾਸਤੇ ਸਿੱਖਾਂ ਕੋਲ ਗੁਰਬਾਣੀ ਦਾ ਮਹਾਨ ਖਜ਼ਾਨਾ ਹੈ। ਹਾਲੇ ਤੱਕ 95% ਸਿੱਖਾਂ ਨੇ ਖੁਦ ਹੀ ਗੁਰਬਾਣੀ ਨਹੀਂ ਪੜ੍ਹੀ, ਤਾਂ ਹੋਰਨਾਂ ਨੂੰ ਕਿਵੇਂ ਪੜ੍ਹਨ ਵਾਸਤੇ ਆਖਣਗੇ ? ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੁਨੀਆਂ ਵਿੱਚ ਏਨੀ ਹੈ ਕਿ ਜੇ ਸਾਰੀ ਦੁਨੀਆਂ ਨੂੰ ਇੱਕ ਕਤਾਰ ਵਿੱਚ ਖੜਾ ਕੀਤਾ ਜਾਵੇ ਤਾਂ ਹਰ ਬਾਹਰਵਾਂ ਵਿਅਕਤੀ ਪੰਜਾਬੀ ਬੋਲੇਗਾ। ਜਿੱਥੇ ਪੰਜਾਬ ਦੀ ਧਰਤੀ ਅਤੀ ਜ਼ਰਖੇਜ ਹੈ, ਉਥੋਂ ਦਾ ਪੌਣ ਪਾਣੀ ਸੁਹਾਵਣਾ ਹੈ, ਰੁੱਤਾਂ ਖੁਸ਼ਬੋਈਆਂ ਹਨ, ਗੱਭਰੂ ਰਾਂਗਲੇ ਹਨ, ਮੁਟਿਆਰਾਂ ਹੁਸਨ ਵਾਲੀਆਂ ਹਨ ਤਾਂ ਉਥੇ ਪੰਜਾਬੀ ਬੋਲੀ ਵੀ ਮਾਖਿਓਂ ਮਿੱਠੀ ਹੈ। ਸਿੱਖੀ ਦੀ ਰੂਹ, ਮਨੁੱਖਤਾ ਦੀ ਆਤਮਾ, ਗੁਰਬਾਣੀ ਦਾ ਤੇ ਕੋਈ ਜਵਾਬ ਹੀ ਨਹੀਂ। ਪੰਜਾਬੀ ਸੱਭਿਆਚਾਰ ਨਾਲ ਜੁੜਨ ਵਾਸਤੇ, ਗੁਰਮਤਿ ਦੇ ਸੋਹਣੇ ਇਤਿਹਾਸ ਨੂੰ ਪੜ੍ਹਨ ਵਾਸਤੇ, ਅੰਮ੍ਰਿਤ ਦੇ ਸੋਮੇ ਗੁਰਬਾਣੀ ਨਾਲ ਸਾਂਝ ਪਾਉਣ ਵਾਸਤੇ, ਪੰਜਾਬੀ ਬੋਲੀ ਸਿੱਖਣੀ ਹੀ ਪਵੇਗੀ। ਪੰਜਾਬੀ ਬੋਲੀ ਨੂੰ ਵਿਸਾਰ ਦੇਣ ਦਾ ਮਤਲਬ ਹੈ ਪੰਜਾਬੀ ਸਭਿਆਚਾਰ ਨੂੰ ਵਿਸਾਰ ਦੇਣਾ, ਪੰਜਾਬੀ ਰਹੁ ਰੀਤਾਂ ਨੂੰ ਤਿਆਗ ਦੇਣਾ, ਪੰਜਾਬੀ ਭੰਗੜੇ ਤੇ ਗਿੱਧੇ ਤੋਂ ਵਿਰਵੇ ਹੋ ਜਾਣਾ, ਆਪਣੇ ਸੂਰਬੀਰਾਂ ਤੇ ਸ਼ਹੀਦਾਂ ਨੂੰ ਭੁੱਲ ਜਾਣਾ, ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੇ ਭਲੇ ਹਿੱਤ ਕੀਤੇ ਕਾਰਨਾਮਿਆਂ ਨੂੰ ਵਿਸਾਰ ਦੇਣਾ ਅਤੇ ਰੂਹ ਦੀ ਖੁਰਾਕ ਗੁਰਬਾਣੀ ਤੋਂ ਅਣਭਿੱਜ ਰਹਿ ਜਾਣਾ ਹੋਵੇਗਾ। ਕੀ ਇਸ ਤਰ੍ਹਾਂ ਕਰਕੇ ਅਸੀਂ ਜੀਵਤ ਰਹਿ ਸਕਾਂਗੇ ? ਕੀ ਉਹ ਜੀਵਨ ਸਾਡਾ ਸਹੀ ਜੀਵਨ ਹੋਵੇਗਾ ?
ਰੂਸ ਦੇ ਮਹਾਨ ਲੇਖਕ ਹਮਜ਼ਾਤੋਵ ਨੇ ਲਿਖਿਆ ਹੈ"'ਸਾਡੇ ਪਿੰਡਾਂ ਵਿੱਚੋਂ ਇੱਕ ਨੌਜਵਾਨ ਪੜ੍ਹਕੇ ਨੌਕਰੀ ਲਈ ਵੱਡੇ ਸ਼ਹਿਰ ਚਲਾ ਗਿਆ। ਬਹੁਤ ਵੱਡਾ ਅਫ਼ਸਰ ਬਣ ਗਿਆ। ਪਹਿਲਾਂ ਕੁਝ ਸਮਾਂ ਚਿੱਠੀ ਆਉਂਦੀ ਰਹੀ ਤੇ ਫੇਰ ਬੰਦ ਹੋ ਗਈ। ਮੈਂ ਕਿਸੇ ਜ਼ਰੂਰੀ ਕੰਮ ਵਾਸਤੇ ਵੱਡੇ ਸ਼ਹਿਰ ਜਾਣਾ ਸੀ। ਉਸ ਦੀ ਬੁੱਢੀ ਮਾਂ ਨੇ ਆਪਣੇ ਪੁੱਤਰ ਦੀ ਖਬਰ ਸਾਰ ਲਿਆਉਣ ਵਾਸਤੇ ਤਰਲਾ ਕੀਤਾ। ਸਾਰੇ ਕੰਮ ਕਰਕੇ ਮੈਂ ਜਦੋਂ ਸ਼ਹਿਰੋਂ ਵਾਪਸ ਪਰਤਿਆ ਤਾਂ ਬੁੱਢੀ ਮਾਂ, ਪੁੱਤਰ ਦੀ ਸੁੱਖ ਸਾਂਦ ਪੁੱਛਣ ਆਈ। ਮੈਂ ਉਸ ਦੇ ਪੁੱਤਰ ਬਾਰੇ ਸੱਭ ਕੁਝ ਦੱਸਿਆ। ਕਿ ਉਸ ਦੀ ਬਹੁਤ ਵੱਡੀ ਕੋਠੀ ਹੈ, ਕਾਰ ਹੈ, ਵੱਡਾ ਅਫਸਰ ਹੈ ਉਹ.....। ਮਾਂ ਨੇ ਪੱਛਿਆ ਪੁੱਤਰ ਉਸ ਨੇ ਤੇਰੇ ਨਾਲ ਸਾਡੀ ਦਾਗਿਸਤਾਨੀ ਬੋਲੀ ਵਿੱਚ ਗੱਲਾਂ ਕੀਤੀਆਂ ਸਨ ? ਨਹੀਂ ਮਾਂ, ਅਸੀਂ ਕਿਸੇ ਹੋਰ ਬੋਲੀ ਵਿੱਚ ਗੱਲਾਂ ਕੀਤੀਆਂ ਸਨ। ਉਹ ਆਪਣੀ ਬੋਲੀ ਛੱਡ ਚੁੱਕਿਆ ਹੈ, ਇੱਕ ਦੁਭਾਸ਼ੀਏ ਰਾਹੀਂ ਸਾਡੀ ਗੱਲਬਾਤ ਹੋਈ ਸੀ। ਮਾਤਾ ਨੇ ਆਪਣੇ ਦੁਪੱਟੇ ਨੂੰ ਖਿੱਚ ਕੇ ਆਪਣਾ ਚਿਹਰਾ ਢੱਕ ਲਿਆ ਤੇ ਅੱਖਾਂ ਵਿੱਚੋਂ ਅੱਥਰੂ ਵੱਗ ਪਏ। ਅੱਖਾਂ ਪੂੰਝਦੀ ਹੋਈ ਬੁੱਢੀ ਮਾਂ ਕਹਿਣ ਲੱਗੀ, ਪੁੱਤਰ ਰਸੂਲ ਤੈਨੂੰ ਭੁਲੇਖਾ ਲੱਗਾ ਹੈ ਜਿਸ ਨੂੰ ਤੂੰ ਮਿਲ ਕੇ ਆਇਆ ਹੈਂ ਉਹ ਮੇਰਾ ਪੁੱਤਰ ਨਹੀਂ ਹੈ। ਮੇਰਾ ਪੁੱਤਰ ਮੇਰੇ ਦੁੱਧ ਅਤੇ ਮੇਰੀਆਂ ਲੋਰੀਆਂ ਨੂੰ ਨਹੀਂ ਭੁੱਲ ਸਕਦਾ। ਮੇਰਾ ਪੁੱਤਰ ਮਰ ਗਿਆ ਹੈ, ਮਰ ਗਿਆ.... ਮਰ ਗਿਆ ਹੈ....। ਮਾਂ ਰੋਂਦੀ ਹੋਈ ਉੱਠ ਕੇ ਤੁਰ ਪਈ'।"
ਕਾਸ਼ ਕਿ ਸਾਡੇ ਮਨਾਂ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਅਜਿਹਾ ਜਜ਼ਬਾ ਹੋਵੇ.....।

No comments:

Post a Comment