*ਜਰਾ ਇਸ ਔਰਤ ਦੇ ਬਾਰੇ ਸੋਚੋ ਤੇ ਉਸਦੇ ਤਜਰਬੇ ਤੋਂ ਸਿੱਖਿਆ ਲਓ।*
ਮੈਂ 25 ਸਾਲ ਦੀ ਸਾਂ ਜਦੋਂ ਵਿਆਹੀ ਗਈ, 27 ਸਾਲਾਂ ਦੀ ਨੇ ਪੀਐਚਡੀ ਕਰ ਲਈ ਤੇ ਚਾਲ਼ੀਆਂ ਦੀ ਹੋ ਕੇ ਪ੍ਰੋਫੈਸਰ ਬਣ ਗਈ।
ਵੇਖਿਆ ਸਭ ਕੁਝ ਕਿੰਨੀ ਤੇਜੀ ਨਾਲ ਵਾਪਰਿਆ! ਹਾਂ, ਮੇਰੇ ਆਲ਼ੇ ਦਵਾਲ਼ੇ ਹਰ ਸ਼ੈਅ ਨੇ ਤੇਜੀ ਵਿਖਾਈ।
ਆਹ ਹੁਣੇ ਜਿਹੇ ਮੈਨੂੰ ਸਮਝ ਪਈ ਹੈ ਕਿ ਇਹ ਇਕ ਕੁਥਾਵੀਂ ਪਹਿਲ ਸੀ।
ਮੇਰੀ ਲਾਲਸਾ ਨੇ ਮੈਨੂੰ ਅੰਨ੍ਹੀ ਕਰ ਦਿੱਤਾ ਤੇ ਮੈਂ ਸਭ ਕੁਝ ਗਲ਼ਤ ਮਲ਼ਤ ਕਰ ਬੈਠੀ। ਇਹੋ ਵਜ੍ਹਾ ਹੈ ਕਿ ਇਸ ਮਾਧਿਅਮ ਰਾਹੀਂ ਆਪਣਾ ਤਜਰਬਾ ਸਾਂਝਾ ਕਰਕੇ ਮੈਂ ਚਿਤਾਵਨੀ ਰੂਪ ਵਿਚ ਜਵਾਨ ਮਾਂਵਾਂ ਨੂੰ ਨਸੀਹਤ ਦੇਣੀ ਚਾਹੁੰਦੀ ਹਾਂ ਕਿ ਉਹ ਮੇਰੀ ਤਰਾਂ ਲਾਪਰਵਾਹੀ ਨਾ ਕਰਨ।
ਬਤੌਰ ਲੈਕਚਰਾਰ ਅਤੇ ਬਤੌਰ ਇਕ ਪ੍ਰਸ਼ਾਸਕ, ਮੈਂ ਸਖ਼ਤ ਮਿਹਨਤ ਕੀਤੀ। ਹਰ ਵੇਲ਼ੇ ਐਨੀ ਰੁੱਝੀ ਰਹਿੰਦੀ ਕਿ ਮੇਰੇ ਬੱਚਿਆਂ ਨੂੰ ਹਰ ਵਾਰੀ ਮੇਰਾ ਇਹ ਤਕੀਆ ਕਲਾਮ ਸੁਣਨ ਨੂੰ ਮਿਲ਼ਦਾ... "ਮੈਂ ਵਿਹਲੀ ਨਹੀਂ"।
ਮੇਰੀ ਮਾਂ ਕੁਝ ਸਮਾਂ ਮੇਰੇ ਬੱਚਿਆਂ ਨੂੰ ਸੰਭਾਲ਼ਦੀ ਰਹੀ। ਜਿਵੇਂ ਜਿਵੇਂ ਉਹ ਦਸ ਸਾਲਾਂ ਦੇ ਹੁੰਦੇ ਗਏ, ਤਿਵੇਂ ਤਿਵੇਂ ਮੈਂ ਓਹਨਾਂ ਨੂੰ ਰਿਹਾਇਸ਼ੀ ਸਕੂਲਾਂ ਵਿਚ ਪਾਈ ਗਈ ਭਾਵੇਂ ਕਿ ਮੇਰਾ ਪਤੀ ਇਸਦੇ ਹੱਕ ਵਿੱਚ ਨਹੀਂ ਸੀ ਪਰ ਮੈਂ ਹਮੇਸ਼ਾ ਆਪਣੀ ਮਰਜੀ ਕਰਦੀ ਰਹੀ।
ਮੇਰੇ ਬੱਚਿਆਂ, ਦੋ ਪੁੱਤਾਂ ਤੇ ਇਕ ਧੀ, ਨਾਲ਼ ਮੇਰਾ ਕੋਈ ਨਿੱਘਾ ਸੰਬੰਧ ਨਹੀਂ ਰਹਿ ਗਿਆ ਸੀ।
ਅੱਜ ਤੋਂ ਪੰਜ ਸਾਲ ਪਹਿਲਾਂ, ਜਦੋਂ ਤੱਕ ਮੇਰਾ ਮਨ ਗੁਨਾਹ, ਇਕਲ਼ਾਪੇ ਅਤੇ ਬੇਚੈਨੀ ਨਾਲ਼ ਨਾ ਭਰ ਗਿਆ, ਮੈਂ ਇਹ ਕਦੇ ਵੀ ਨਾ ਜਾਣ ਸਕੀ ਕਿ ਆਪਣੇ ਜੀਵਨ ਸਾਥੀ ਅਤੇ ਔਲ਼ਾਦ ਨੂੰ ਵਾਜਬ ਸਮਾਂ ਨਾ ਦੇਣਾ ਮੇਰੀ ਕਿੰਨੀ ਮਾੜੀ ਸੋਚ ਸੀ।
ਪੂਰੇ ਪਰਿਵਾਰ ਨਾਲ਼ ਆਪਣੇ ਸੱਠਵੇਂ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਮੈਂ ਬੱਚਿਆਂ ਨੂੰ ਆਪਣੇ ਕੋਲ਼ ਬੁਲਾਉਣਾ ਚਾਹਿਆ।
ਕਨੇਡਾ ਰਹਿੰਦੇ ਦੋਹਾਂ ਮੁੰਡਿਆਂ ਨੇ ਕਹਿ ਦਿੱਤਾ ਕਿ ਅਸੀਂ ਤਾਂ ਵਿਹਲੇ ਨਹੀਂ ਪਰ ਦੱਖਣੀ ਅਫ਼ਰੀਕਾ ਵਾਲ਼ੀ ਸਾਡੀ ਭੈਣ ਜਰੂਰ ਪਹੁੰਚ ਜਾਵੇਗੀ।
ਮੇਰੇ ਜਨਮਦਿਨ ਵਿੱਚ ਦੋ ਦਿਨ ਰਹਿ ਗਏ ਸਨ, ਕਿ ਮੇਰੀ ਧੀ ਦਾ ਸੁਨੇਹਾ ਆ ਗਿਆ, "ਮਾਂ, ਮੇਰੇ ਨਾ ਪਹੁੰਚ ਸਕਣ ਦਾ ਮੈਨੂੰ ਬਹੁਤ ਦੁੱਖ ਹੈ, ਮੈਨੂੰ ਰਤੀ ਭਰ ਵੀ ਵਿਹਲ ਨਹੀਂ ਹੈ, ਮੇਰੇ ਘਰ ਵਾਲ਼ੇ ਨੇ ਨਵਾਂ ਦਵਾਖਾਨਾ ਖੋਹਲਿਆ ਹੈ ਤੇ ਮੇਰਾ ਉਸ ਨਾਲ਼ ਰਹਿਣਾ ਬੇਹੱਦ ਜਰੂਰੀ ਹੈ। ਤੇ ਨਾਲ਼ੇ ਹੁਣ ਮੇਰੇ ਪੈਰ ਵੀ ਭਾਰੇ ਹਨ। ਮੇਰੇ ਰੁਝੇਵੇਂ ਬਹੁਤ ਵਧ੍ਹ ਗਏ ਹਨ, ਤੇ ਮੈਂ ਇਸ ਬੇਗਾਨੇ ਮੁਲਕ ਵਿਚ ਬਹੁਤ ਇਕੱਲਤਾ ਮਹਿਸੂਸ ਕਰ ਰਹੀ ਹਾਂ। "ਪਿਆਰੀ ਮਾਂ, ਤੁਸੀਂ ਸਾਡੇ ਲਈ ਅਰਦਾਸ ਜਰੂਰ ਕਰਿਓ। ਤੁਹਾਨੂੰ ਜਨਮ ਦਿਨ ਮੁਬਾਰਕ ਹੋਵੇ"।
ਇਸ ਸੁਨੇਹੇ ਤੋਂ ਮਿਲ਼ੇ ਸਬਕ ਨੂੰ ਮੈਂ ਕਦੇ ਵੀ ਭੁੱਲ ਨਾ ਸਕੀ- "ਪਹਿਲਾਂ ਹੋਣ ਵਾਲ਼ੇ ਕੰਮ ਨੂੰ ਪਹਿਲ ਦਿਓ।" ਇਹੀ ਕਿ ਜਦੋਂ ਉਹਨਾਂ ਨੂੰ ਮੇਰੇ ਨਿੱਘ ਅਤੇ ਮੇਰੇ ਬੋਲ ਸੁਣਨ ਲਈ ਮੇਰੀ ਲੋੜ ਸੀ, ਓਦੋਂ ਮੈਂ ਗੈਰਹਾਜ਼ਰ ਸੀ, ਤੇ ਹੁਣ ਜਦੋਂ ਮੈਨੂੰ ਓਹਨਾਂ ਦੇ ਨਿੱਘ ਅਤੇ ਬੋਲ ਸੁਣਨ ਦੀ ਲੋੜ ਹੈ ਤਾਂ ਉਹ ਮੇਰੀ ਪਹੁੰਚ ਤੋਂ ਬਾਹਰ ਹਨ। ਸਗੋਂ ਉਹਨਾਂ ਨੇ ਮੇਰਾ ਤਕੀਆ ਕਲਾਮ ਵਾਪਸ ਮੇਰੇ ਮੂੰਹ ਤੇ ਦੇ ਮਾਰਿਆ ਹੈ, "ਅਸੀਂ ਵਿਹਲੇ ਨਹੀਂ"।
ਮਾਮਲਾ ਓਦੋਂ ਹੋਰ ਵੀ ਸੰਗੀਨ ਹੋ ਗਿਆ ਜਦੋਂ ਇਕ ਮਹੀਨੇ ਬਾਅਦ ਮੇਰਾ ਜੀਵਨ ਸਾਥੀ ਸੁੱਤਿਆਂ ਪਿਆਂ ਹੀ ਵਿਛੋੜਾ ਦੇ ਗਿਆ।
ਮੇਰੇ ਤਿੰਨਾਂ ਬੱਚਿਆਂ 'ਚੋਂ ਇਕ ਜਣਾ, ਤੇ ਉਹ ਵੀ 'ਕੱਲਮ 'ਕੱਲਾ, ਆਪਣੇ ਪਿਓ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਆਇਆ।
ਮੈਂ ਤਾਂ ਸੁੰਨ ਹੀ ਹੋ ਗਈ ਸਾਂ!!!
*ਸੋਚਿਆ ਸਮਝਿਆ ਮਸ਼ਵਰਾ:-* ਕੰਮ ਕਰਨਾ ਤੇ ਮਿਹਨਤੀ ਬਣਨਾ ਵਧੀਆ ਗੱਲ ਹੈ ਪਰ ਬੜਾ ਅਹਿਮ ਤੇ ਕੌੜਾ ਸੱਚ ਵੀ ਸੁਣ ਲਓ:
ਮਾਪੇ ਬਣਨਾ ਆਪਾ ਕੁਰਬਾਨ ਕਰਨ ਦਾ ਜਜਬਾ ਹੈ, ਇਸ ਲਈ ਜੋ ਕੁਝ ਵੀ ਲੋੜੀਂਦਾ ਹੈ ਉਹ ਪਰਿਵਾਰ ਨੂੰ ਦਿਓ। ਅਜਿਹੇ ਕੰਮਕਾਰ ਤੋਂ ਬਚੋ ਜੋ ਤੁਹਾਡਾ ਧਿਆਨ ਘਰ ਤੋਂ ਲਾਂਭੇ ਲੈ ਜਾਂਦਾ ਹੋਵੇ- ਇਸ ਹਾਲਤ ਤੋਂ ਬਚੋ ਤੇ ਸਾਵਧਾਨ ਰਹੋ। ਪਹਿਲਾਂ ਆਪਣੇ ਪਰਿਵਾਰਕ ਰਿਸ਼ਤੇ ਮਜਬੂਤ ਬਣਾਓ, ਆਪਣੇ ਜੀਵਨ ਸਾਥੀ ਅਤੇ ਬਾਲਾਂ ਲਈ ਸਮਾਂ ਕੱਢੋ।
ਆਪਣੇ ਨਜ਼ਰੀਏ ਅਤੇ ਵਤੀਰੇ ਨਾਲ਼ ਉਹਨਾਂ ਦੇ ਹਿਰਦਿਆਂ ਵਿਚ ਕਾਦਰ ਦੀ ਕੁਦਰਤ ਦੀ ਕਰਤਾਰੀ ਸੂਝ ਪੈਦਾ ਕਰੋ।
ਹੁਣ ਭਾਂਵੇਂ ਇਹ ਮਹਿੰਗਾ ਲੱਗੇ, ਪਰ ਭਵਿੱਖ ਵਿੱਚ ਮਿਲਣ ਵਾਲ਼ੇ ਫਾਇਦਿਆਂ ਦੀ ਕੀਮਤ ਵੀ ਬਥੇਰੀ ਹੋਵੇਗੀ।
ਤੀਂਵੀਆਂ ਤੇ ਮਰਦਾਂ, ਦੋਹਾਂ ਧਿਰਾਂ ਲਈ ਇਹ ਘਟਨਾਕ੍ਰਮ ਅੱਖਾਂ ਖੋਲ੍ਹਣ ਵਾਲ਼ਾ ਹੈ।
ਜਦੋਂ ਵੀ ਸਾਡੇ ਬੱਚਿਆਂ ਨੂੰ ਸਾਡੀ ਲੋੜ ਹੋਵੇ, ਨਿਸ਼ਕਾਮ ਭਾਵ ਨਾਲ਼ ਉਹਨਾਂ ਕੋਲ਼ ਪਹੁੰਚੀਏ।
*ਲੇਖਕ ਅਗਿਆਤ ਹੈ*
*ਡਾ. ਵਰਿਆਮ ਸਿੰਘ,*
*੧੯ ਐਫ਼)*
No comments:
Post a Comment