ਮਨੋਰੰਜਨ ਜਾਂ ਦਿਲਪ੍ਰਚਾਵੇ ਦੀ ਰੁਚੀ ਸਦਾ ਤੋਂ ਮਨੁੱਖੀ ਸੁੁਭਾਅ ਦਾ ਅਨਿੱਖੜਵਾਂ ਅੰਗ ਰਹੀ ਹੈ। ਸਦੀਆਂ ਤੋਂ ਇਸ ਰੁਚੀ ਦੀ ਪੂਰਤੀ ਲਈ ਵਰਤੇ ਜਾਂਦੇ ਬਹੁਤ ਸਾਰੇ ਸਾਧਨਾਂ ਵਿਚ ਖੇਡਾਂ ਸਭ ਤੋਂ ਪ੍ਰਚਲਿਤ ਸਾਧਨ ਰਹੀਆਂ ਹਨ ਅਤੇ ਅੱਜ ਵੀ ਹਨ। ਇਤਿਹਾਸ ਵਿਚ ਮਨੋਰੰਜਨ ਦੇ ਨਾਂਅ ਹੇਠ ਕਈ ਅਣਮਨੁੱਖੀ ਖੇਡਾਂ ਵੀ ਰੁਝਾਨ ਵਿਚ ਰਹੀਆਂ ਜਿਨ੍ਹਾਂ ਵਿਚ ਇਨਸਾਨੀ ਜੀਵਨ ਤੱਕ ਦਾਅ 'ਤੇ ਲੱਗਦੇ ਰਹੇ। ਇਨ੍ਹਾਂ ਖੇਡਾਂ ਦੇ ਇਤਿਹਾਸ ਵੱਲ ਨਜ਼ਰ ਮਾਰਦਿਆਂ ਵਿਸ਼ਵ ਦੀਆਂ ਮਹਾਨ ਕਹੀਆਂ ਜਾਂਦੀਆਂ ਸੱਭਿਆਤਾਵਾਂ ਦੇ ਵਿਗੜੇ ਅਤੇ ਅਣਮਨੁੱਖੀ ਸ਼ੌਂਕਾਂ ਦੀਆਂ ਤਹਿਆਂ ਵੀ ਖੁੱਲ੍ਹਣ ਲੱਗ ਪੈਂਦੀਆਂ ਹਨ।
'ਰੋਮਨ ਸੱਭਿਅਤਾ' ਨੂੰ ਇਤਿਹਾਸਕਾਰਾਂ ਵਲੋਂ ਦੁਨੀਆ ਦੀ ਸਭ ਤੋਂ ਪਹਿਲੀ ਵਿਸ਼ਵ ਸ਼ਕਤੀ ਅਤੇ ਉਸ ਸਮੇਂ ਦੇ ਆਧੁਨਿਕ ਕਹੇ ਜਾਣ ਵਾਲੇ ਮਨੁੱਖੀ ਜੀਵਨ ਪ੍ਰਬੰਧ ਦਾ ਨਾਂਅ ਦਿੱਤਾ ਜਾਂਦਾ ਹੈ ਪਰ ਰੋਮਨਾਂ ਦਾ ਚਕਾਚੌਂਧ ਭਰਿਆ ਇਤਿਹਾਸ ਵੀ ਇਸ ਸੱਭਿਅਤਾ ਦੌਰਾਨ ਵਾਪਰੇ ਗੈਰਮਨੁੱਖੀ ਵਰਤਾਰਿਆਂ ਦੀ ਸਦੀਆਂ ਲੰਮੀ ਗਾਥਾ ਦੇ ਖ਼ੂਨੀ ਦਾਗਾਂ ਨੂੰ ਲੁਕਾ ਨਹੀਂ ਸਕਿਆ। ਸਮਾਂ ਗੁਜ਼ਰਨ ਦੇ ਨਾਲ ਤਾਕਤ ਅਤੇ ਅਮੀਰੀ ਦੇ ਸਿਖਰ 'ਤੇ ਖੜ੍ਹੇ ਰੋਮਨ ਸ਼ਾਸਕਾਂ ਦੇ ਐਸ਼ੋ-ਇਸ਼ਰਤ ਭਰੇ ਜੀਵਨ ਢੰਗ ਵਿਚੋਂ ਦਿਲਪ੍ਰਚਾਵੇ ਦੀ ਇਕ ਕਰੂਪ ਅਤੇ ਬਿਮਾਰ ਵੰਨਗੀ ਪੈਦਾ ਹੋਈ। ਇਹ ਇਕ ਮਾਰੂ ਖੇਡ ਸੀ, ਜਿਸ ਵਿਚ ਸਿੱਖਿਅਤ ਅਤੇ ਲੜਾਕੇ ਗੁਲਾਮ ਆਪਣੇ ਮਾਲਕਾਂ ਅਤੇ ਦਰਸ਼ਕਾਂ ਲਈ ਮਨੋਰੰਜਨ ਵਾਸਤੇ ਬਣੇ ਅਖਾੜਿਆਂ ਵਿਚ ਖ਼ਤਰਨਾਕ ਹਥਿਆਰਾਂ ਨਾਲ ਲੜਦੇ ਹੋਏ ਇਕ ਦੂਸਰੇ ਦਾ ਖ਼ੂਨ ਡੋਲ੍ਹਦੇ ਜਾਂ ਖ਼ਤਰਨਾਕ ਜਾਨਵਰਾਂ ਨਾਲ ਅਖਾੜਿਆਂ ਵਿਚ ਲੜਦੇ ਸਨ। ਇਨ੍ਹਾਂ ਵਿਚੋਂ ਕਈ ਲੜਾਈਆਂ ਦੋਹਾਂ ਵਿਰੋਧੀਆਂ ਵਿਚੋਂ ਇਕ ਦੀ ਮੌਤ ਤੱਕ ਚੱਲਦੀਆਂ। ਉਨ੍ਹਾਂ ਦੇ ਇਸ ਪ੍ਰਦਰਸ਼ਨ 'ਤੇ ਨਸ਼ੇ ਵਿਚ ਧੁੱਤ ਉਨ੍ਹਾਂ ਦੇ ਅਮੀਰ ਦਰਸ਼ਕ ਖੁਸ਼ੀ ਵਿਚ ਚੀਕਾਂ ਮਾਰਦੇ ਹੋਏ ਖੀਵੇ ਹੋਏ ਫਿਰਦੇ। ਗੁਲਾਮ, ਜੋ 'ਗਲੈਡੀਏਟਰਜ਼' ਅਖਵਾਉਂਦੇ ਸਨ, ਪਿੰਜਰਿਆਂ ਵਿਚ ਦੋਸਤਾਂ ਦੀ ਤਰ੍ਹਾਂ ਇਕੱਠੇ ਰਹਿੰਦੇ ਅਤੇ ਅੰਤ ਨੂੰ ਅਖਾੜੇ ਵਿਚ ਆਪਣੇ ਸਾਰੇ ਮਨੁੱਖੀ ਅਹਿਸਾਸਾਂ ਅਤੇ ਭਾਵਨਾਵਾਂ ਦਾ ਕਤਲ ਕਰ ਕੇ ਇਕ ਦੂਸਰੇ ਦੀਆਂ ਲਾਸ਼ਾਂ ਵਿਛਾ ਦਿੰਦੇ। ਰੋਮ ਇਸ ਅਣਮਨੁੱਖੀ ਮਨੋਰੰਜਨ ਦੇ ਅਖਾੜਿਆਂ ਦਾ ਗੜ੍ਹ ਸੀ ਜਿੱਥੇ ਅੱਜ ਵੀ ਉਹ ਅਖਾੜੇ ਅਤੇ ਵਿਸ਼ਾਲ ਸਟੇਡੀਅਮ ਖੰਡਰਾਂ ਦੇ ਰੂਪ ਵਿਚ ਇਸ ਖ਼ੂਨੀ ਦਾਸਤਾਨ ਦੇ ਗਵਾਹ ਬਣੀ ਖੜ੍ਹੇ ਨਜ਼ਰ ਆਉਂਦੇ ਹਨ। ਦੁਨੀਆ ਵਿਚ ਜਦ ਕਿਧਰੇ ਵੀ ਰੋਮਨ ਇਤਿਹਾਸ ਦੀ ਗੱਲ ਤੁਰਦੀ ਹੈ ਤਾਂ ਇਹ ਗਾਥਾ ਗਲੈਡੀਏਟਰਾਂ ਦੇ ਜ਼ਿਕਰ ਤੋਂ ਬਿਨਾਂ ਬਿਲਕੁਲ ਅਧੂਰੀ ਮੰਨੀ ਜਾਂਦੀ ਹੈ।
ਸਪਾਰਟੈਕਸ, ਟੈਟਰੈਟਿਸ, ਕਰਿਕਸੁਸ, ਕੋਮੋਦੋਸ, ਮਾਰਕੁਸ ਐਟੀਲੁਸ, ਫਲਾਮਾ, ਕਾਰਪੋਫੋਰਸ, ਪਰਿਸਕੁਸ ਅਤੇ ਵੈਰੁਸ ਆਦਿ ਗਲੈਡੀਏਟਰਾਂ ਦੇ ਉਹ ਮਸ਼ਹੂਰ ਨਾਂਅ ਹਨ ਜੋ ਇਨ੍ਹਾਂ ਖ਼ੂਨੀ ਖੇਡਾਂ ਦੇ ਸਦੀਆਂ ਲੰਮੇ ਇਤਿਹਾਸ ਅੰਦਰ ਮੂਹਰਲੀਆਂ ਸਫ਼ਾਂ ਅੰਦਰ ਜਾਣੇ ਗਏ। ਗਲੈਡੀਏਟਰ ਸ਼ਬਦ ਲਾਤੀਨੀ ਬੋਲੀ ਨਾਲ ਸਬੰਧ ਰੱਖਦਾ ਹੈ। ਲਾਤੀਨੀ ਵਿਚ ਗਲੈਡੀਅਸ ਤੋਂ ਭਾਵ ਹੈ ਛੋਟੀ ਤਲਵਾਰ। ਇਸ ਤਲਵਾਰ ਨੂੰ ਚਲਾਉਣ ਵਾਲਾ ਗਲੈਡੀਏਟਰ ਕਹਾਉਂਦਾ ਸੀ। ਰੋਮਨਾਂ ਦੇ ਇਸ ਖ਼ੂਨੀ ਸ਼ੌਂਕ ਦੀ ਸ਼ੂਰੂਆਤ ਤੀਸਰੀ ਸਦੀ ਈਸਾ ਪੂਰਵ ਦੌਰਾਨ ਹੋਈ ਮੰਨੀਂ ਜਾਂਦੀ ਹੈ। ਪਹਿਲੀ ਸਦੀ ਈਸਾ ਪੂਰਵ ਤੋਂ ਲੈ ਕੇ ਈਸਵੀ ਕੈਲੰਡਰ ਦੀ ਦੂਸਰੀ ਸਦੀ ਭਾਵ ਤਿੰਨ ਸੌ ਸਾਲ ਦਾ ਸਮਾਂ ਇਸ ਖੇਡ ਦੀ ਚਰਮਸੀਮਾ ਦਾ ਦੌਰ ਰਿਹਾ। ਬਾਅਦ ਵਿਚ ਕਰੀਬ ਪੰਜਵੀਂ ਈਸਵੀ ਸਦੀ ਵਿਚ ਇਹ ਖੇਡ ਰੋਮਨ ਕੈਥੋਲਿਕ ਚਰਚ ਦੇ ਪ੍ਰਭਾਵ ਹੇਠ ਬੰਦ ਕੀਤੀ ਗਈ। ਸੋ, ਇਸ ਖੇਡ ਦਾ ਇਤਿਹਾਸ ਕਰੀਬ ਅੱਠ ਸੌ ਸਾਲਾਂ ਵਿਚ ਵਿਛਿਆ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਖ਼ੂਨੀ ਅਤੇ ਬੀਮਾਰ ਸ਼ੌਂਕ ਰੋਮਨ ਅਮੀਰਾਂ ਦੇ ਖ਼ੂਨ ਵਿਚ ਕਿਸ ਕਦਰ ਘਰ ਕਰ ਗਿਆ ਸੀ।
ਇਹ ਗਲੈਡੀਏਟਰਜ਼ ਕੌਣ ਹੁੰਦੇ ਸਨ ? ਆਪਣੀ ਜਾਨ 'ਤੇ ਖੇਡ ਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇਹ ਕਿਉਂ ਮਜਬੂਰ ਸਨ? ਏਨੇ ਖ਼ਤਰਨਾਕ ਲੜਾਕੇ ਹੁੰਦਿਆਂ ਹੋਇਆਂ ਵੀ ਇਹ ਗੁਲਾਮੀ ਵਾਲਾ ਜੀਵਨ ਕਿਉਂ ਜਿਉਂਦੇ ਸਨ ? ਦਰਅਸਲ ਰੋਮਨ ਸ਼ਾਸਕਾਂ ਨੇ ਲੰਮਾ ਸਮਾਂ ਮਨੁੱਖ ਨੂੰ ਮਨੁੱਖ ਦੁਆਰਾ ਗੁਲਾਮ ਬਣਾ ਕੇ ਰੱਖਣ ਦੀ ਕੋਝੀ ਪ੍ਰਵਿਰਤੀ ਨੂੰ ਨੈਤਿਕਤਾ ਅਤੇ ਕਾਨੂੰਨ ਦਾ ਚੋਲਾ ਪਵਾਈ ਰੱਖਿਆ। ਉਸ ਦੌਰ ਵਿਚ ਗੁਲਾਮਾਂ ਦੀ ਸਥਿਤੀ ਪਸ਼ੂਆਂ ਤੋਂ ਵੀ ਬਦਤਰ ਸੀ। ਉਨ੍ਹਾਂ ਤੋਂ ਹਰ ਕਿਸਮ ਦਾ ਸਖਤ ਤੋਂ ਸਖਤ ਮੁਸ਼ੱਕਤ ਭਰਿਆ ਕੰਮ ਬਿਨਾਂ ਕਿਸੇ ਉਜਰਤ ਦੇ ਹੀ ਲਿਆ ਜਾਂਦਾ ਸੀ। ਛੋਟੀ ਤੋਂ ਛੋਟੀ ਗਲਤੀ ਕਰਨ 'ਤੇ ਮਾਲਕਾਂ ਵਲੋਂ ਕਿਸੇ ਗੁਲਾਮ ਦਾ ਕਤਲ ਤਕ ਕਰ ਦੇਣਾ ਇਕ ਪਸ਼ੂ ਨੂੰ ਮਾਰ ਦੇਣ ਦੇ ਬਰਾਬਰ ਸੀ। ਸਮਂੇ ਨਾਲ ਗੱਲ ਇੱਥੋਂ ਤੱਕ ਹੀ ਸੀਮਤ ਨਾ ਰਹੀ ਅਤੇ ਸ਼ਰਾਬ ਅਤੇ ਅਮੀਰੀ ਦੇ ਨਸ਼ੇ ਵਿਚ ਡੁੱਬੇ ਹੋਏ ਰੋਮਨ ਸ਼ਹਿਜ਼ਾਦੇ, ਰਾਣੀਆਂ, ਅਮੀਰਜ਼ਾਦੇ ਅਤੇ ਜਗੀਰਦਾਰ ਜਦ ਮਨੋਰੰਜਨ ਦੇ ਉਪਲਬਧ ਸਾਧਨਾਂ ਤੋਂ ਅੱਕ ਗਏ ਤਾਂ ਆਪਣੇ ਮਨਪ੍ਰਚਾਵੇ ਨੂੰ ਨਵਿਆਉਣ ਦੇ ਨਾਂਅ ਹੇਠ ਆਪਣੇ ਗੁਲਾਮਾਂ ਨੂੰ ਆਪਸ ਵਿਚ ਲੜਵਾਉਣ ਜਾਂ ਖ਼ਤਰਨਾਕ ਜਾਨਵਰਾਂ ਦੇ ਮੂਹਰੇ ਸੁਟਵਾਉਣ ਦੀਆਂ 'ਖੇਡਾਂ' ਖੇਡਣ ਲੱਗ ਪਏ। ਹੌਲੀ-ਹੌਲੀ ਖ਼ੂਨੀ ਖੇਡਾਂ ਦਾ ਇਹ ਵਰਤਾਰਾ ਰੋਮਨ ਅਮੀਰਾਂ ਦੇ ਸ਼ੌਕ ਦਾ ਹਿੱਸਾ ਬਣ ਗਿਆ।
ਸਮੇਂ ਦੇ ਗੇੜ ਨਾਲ ਇਹ ਇਕ ਵੱਡਾ ਕਾਰੋਬਾਰ ਬਣਨਾ ਸ਼ੁਰੂ ਹੋ ਗਿਆ। ਗਲੈਡੀਏਟਰਾਂ ਨੂੰ ਸਿੱਖਅਤ ਕਰਨ ਵਾਲੇ, ਸਾਂਭਣ ਵਾਲੇ, ਖਰੀਦਣ ਅਤੇ ਵੇਚਣ ਵਾਲੇ ਠੇਕੇਦਾਰਾਂ ਦਾ ਇਕ ਵਰਗ ਪੈਦਾ ਹੋ ਗਿਆ। ਇਨ੍ਹਾਂ ਖੇਡ ਤਮਾਸ਼ਿਆਂ ਨੂੰ ਪੇਸ਼ੇਵਾਰਾਨਾ ਢੰਗ ਨਾਲ ਚਲਾਉਣ ਲਈ ਅਖਾੜਿਆਂ ਦੇ ਮਾਲਕ ਸਾਹਮਣੇ ਆਉਣ ਲੱਗੇ। ਗਲੈਡੀਏਟਰਾਂ ਨੂੰ ਸਿਖਲਾਈ ਦੇਣ ਵਾਲੇ ਅਦਾਰੇ ਹੋਂਦ ਵਿਚ ਆ ਗਏ। ਠੇਕੇਦਾਰ ਵਧੀਆ ਲੜਾਕੇ ਗੁਲਾਮਾਂ ਜਾਂ ਜੰਗੀ ਕੈਦੀਆਂ ਦੀ ਭਾਲ ਵਿਚ ਰਹਿੰਦੇ ਅਤੇ ਉਨਾਂ ਦੀ ਸਿਹਤ ਅਤੇ ਜੰਗੀ ਹੁਨਰ ਮੁਤਾਬਿਕ ਉਨ੍ਹਾਂ ਦਾ ਮੁੱਲ ਪਾ ਕੇ ਖਰੀਦ ਲੈਂਦੇ। ਬਾਅਦ ਵਿਚ ਉਨ੍ਹਾਂ ਦੀ ਖ਼ਾਸ ਸਿਖਲਾਈ ਹੁੰਦੀ ਅਤੇ ਇਹ ਲੜਾਕੇ ਗੁਲਾਮ ਮੌਤ ਦੇ ਤਮਾਸ਼ਿਆਂ ਲਈ ਤਿਆਰ ਕਰ ਲਏ ਜਾਂਦੇ। ਗੁਲਾਮਾਂ ਦੀ ਹਾਲਤ ਪਹਿਲਾਂ ਤੋਂ ਹੀ ਬਹੁਤ ਮਾੜੀ ਸੀ ਪਰ ਜੋ ਗੁਲਾਮ ਗਲੈਡੀਏਟਰ ਬਣਨ ਦੇ ਰਾਹ ਤੁਰ ਪੈਂਦੇ ਉਨ੍ਹਾਂ ਦੀ ਜ਼ਿੰਦਗੀ ਵਕਤੀ ਤੌਰ 'ਤੇ ਜਾਂ ਕਹਿ ਲਓ ਅਖਾੜੇ ਵਿਚ ਜੰਗਲੀ ਜਾਨਵਰਾਂ ਦੁਆਰਾ ਜਾਂ ਕਿਸੇ ਹੋਰ ਲੜਾਕੇ ਹੱਥੋਂ ਮਰਨ ਤੋਂ ਪਹਿਲਾਂ ਵਧੀਆ ਢੰਗ ਨਾਲ ਬੀਤਦੀ। ਇਸ ਦਾ ਕਾਰਨ ਸੀ ਕਿ ਇਨ੍ਹਾਂ ਗੁਲਾਮਾਂ ਨੂੰ ਖਾਣ-ਪੀਣ ਅਤੇ ਰਹਿਣ ਦੀਆਂ ਸੁਖ ਸਹੂਲਤਾਂ ਦਿੱਤੀਆਂ ਜਾਂਦੀਆਂ ਤਾਂ ਕਿ ਉਹ ਅਖਾੜੇ ਵਿਚ ਵਧੀਆ ਪ੍ਰਦਰਸ਼ਨ ਕਰ ਸਕਣ ਪਰ ਇਨ੍ਹਾਂ ਬਲੀ ਦੇ ਬੱਕਰੇ ਵਰਗੇ ਮਨੁੱਖਾਂ ਦੀ ਹੈਸੀਅਤ ਖ਼ਤਰਨਾਕ ਪਸ਼ੂਆਂ ਤੋਂ ਜ਼ਿਆਦਾ ਨਹੀਂ ਸੀ, ਜਿਨ੍ਹਾਂ ਨੂੰ ਵਧੀਆ ਢੰਗ ਨਾਲ ਖੁਆ ਪਿਆ ਕੇ ਅਖਾੜਿਆਂ ਵਿਚ ਲੜਨ-ਮਰਨ ਲਈ ਵਰਤਿਆ ਜਾਂਦਾ ਸੀ। ਅਮੀਰ ਦਰਸ਼ਕ ਵਰਗ ਹੋਣ ਕਰਕੇ ਇਸ ਖੇਡ ਵਿਚ ਬਹੁਤ ਪੈਸਾ ਸੀ ਪਰ ਇਹ ਗੁਲਾਮ ਲੜਾਕਿਆਂ ਦੇ ਅਮੀਰ ਮਾਲਕਾਂ ਦੇ ਹਿੱਸੇ ਹੀ ਆਉਂਦਾ ਸੀ।
ਇਹ ਮੁਕਾਬਲੇ ਦਰਸ਼ਕਾਂ ਦੇ ਨਿੱਜੀ ਵਰਗਾਂ ਤੋਂ ਲੈ ਕੇ ਸਟੇਡੀਅਮ ਰੂਪੀ ਵਿਸ਼ਾਲ ਅਖਾੜਿਆਂ ਵਿਚ ਕਰਵਾਏ ਜਾਂਦੇ। ਛੋਟੇ ਮੁਕਾਬਲਿਆਂ ਵਿਚ ਗਲੈਡੀਏਟਰਾਂ ਦੇ ਠੇਕੇਦਾਰ ਜਾਗੀਰਦਾਰਾਂ ਅਤੇ ਰਾਜਿਆਂ ਦੇ ਨਿੱਜੀ ਸੱਦਿਆਂ 'ਤੇ ਆਪਣੇ ਲੜਾਕਿਆਂ ਨੂੰ ਲੈ ਕੇ ਜਾਂਦੇ ਅਤੇ ਉਨ੍ਹਾਂ ਦੀਆਂ ਹਵੇਲੀਆਂ ਵਿਚ ਮੌਤ ਦੇ ਤਮਾਸ਼ੇ ਦਾ ਪ੍ਰਬੰਧ ਕਰਦੇ। ਇਹ ਮੁਕਾਬਲੇ ਅਕਸਰ ਅਮੀਰ ਜਾਗੀਰਦਾਰ ਆਪਣੇ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਅਤੇ ਮਨੋਰੰਜਨ ਲਈ ਕਰਵਾਉਂਦੇ ਸਨ। ਇਸ ਤੋਂ ਇਲਾਵਾ ਖਾਸ ਮੌਕਿਆਂ 'ਤੇ ਜਨਤਕ ਤੌਰ 'ਤੇ ਵੱਡੇ ਅਖਾੜੇ ਕਰਵਾਏ ਜਾਂਦੇ ਜਿਨ੍ਹਾਂ ਦਾ ਖਰਚਾ ਅਮੀਰ ਸ਼ਹਿਜ਼ਾਦੇ ਝੱਲਦੇ। ਇਨ੍ਹਾਂ ਅਖਾੜਿਆਂ ਵਿਚ ਹਜ਼ਾਰਾਂ ਦਾ ਇਕੱਠ ਹੁੰਦਾ। ਇਹ ਮੁਕਾਬਲੇ ਕਈ ਤਰ੍ਹਾਂ ਦੇ ਹੁੰਦੇ। ਕਦੇ ਲੜਾਕਿਆਂ ਨੂੰ ਤਲਵਾਰਾਂ, ਨੇਜ਼ੇ ਅਤੇ ਢਾਲਾਂ ਫੜਾ ਕੇ ਅਖਾੜੇ ਵਿਚ ਛੱਡ ਦਿੱਤਾ ਜਾਂਦਾ। ਇਹ ਲੜਾਕੇ ਖੁੱਲ੍ਹੇ ਮੈਦਾਨੀ ਅਖਾੜੇ ਵਿਚ ਹਾਜ਼ਰ ਹੋ ਕੇ ਦਰਸ਼ਕ ਗੈਲਰੀ ਵਿਚ ਬੈਠੇ ਰਾਜਿਆਂ, ਰਾਣੀਆਂ ਅਤੇ ਅਹਿਲਕਾਰਾਂ ਨੂੰ ਸਲਾਮ ਕਰਦੇ। ਖ਼ੂਨੀ ਖੇਡ ਵੇਖਣ ਲਈ ਉਤਸੁਕ ਦਰਸ਼ਕ ਚੀਕਾਂ ਮਾਰ ਰਹੇ ਹੁੰਦੇ। ਅਚਾਨਕ ਅਖਾੜੇ ਦੇ ਇਕ ਪਾਸੇ ਬਣੇ ਪਿੰਜਰੇ ਨੂੰ ਖੋਲ੍ਹ ਦਿੱਤਾ ਜਾਂਦਾ ਅਤੇ ਭੁੱਖੇ ਸ਼ੇਰ ਦਹਾੜਾਂ ਮਾਰਦੇ ਅਖਾੜੇ ਵਿਚ ਆ ਪ੍ਰਗਟ ਹੁੰਦੇ। ਐਸੇ ਮੁਕਾਬਲਿਆਂ ਵਿਚ ਜ਼ਿਆਦਾ ਉਪਚਾਰਕਤਾ ਦੀ ਗੁੰਜਾਇਸ਼ ਨਹੀਂ ਸੀ ਹੁੰਦੀ ਕਿਉਂਕਿ ਭੁੱਖੇ ਅਤੇ ਖੂੰਖਾਰ ਜਾਨਵਰ ਮੁਕਾਬਲੇ ਲਈ ਨਹੀਂ ਬਲਕਿ ਆਪਣੀ ਭੁੱਖ ਮਿਟਾਉਣ ਲਈ ਇਕਦਮ ਗਲੈਡੀਏਟਰਾਂ 'ਤੇ ਟੁੱਟ ਪੈਂਦੇ। ਗਲੈਡੀਏਟਰ ਆਪਣੀ ਜਾਨ ਬਚਾਉਣ ਲਈ ਕੋਲ ਮੌਜੂਦ ਹਥਿਆਰਾਂ ਨਾਲ ਖੂੰਖਾਰ ਜਾਨਵਰਾਂ ਵਿਰੁੱਧ ਸਿੱਧੇ ਮੁਕਾਬਲੇ ਵਿਚ ਡਟ ਜਾਂਦੇ। ਕਈ ਵਾਰ ਮੁਕਾਬਲੇ ਨੂੰ ਲੰਮਾ ਖਿੱਚਣ ਲਈ ਸ਼ੇਰਾਂ ਨੂੰ ਲੰਮੇ ਰੱਸਿਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਅਤੇ ਉਨ੍ਹਾਂ ਦੇ ਗਲੈਡੀਏਟਰਾਂ 'ਤੇ ਭਾਰੂ ਪੈਣ ਦੀ ਸਥਿਤੀ ਵਿਚ ਰੱਸਿਆਂ ਨੂੰ ਖਿੱਚ ਪਾ ਕੇ ਵਾਪਸ ਧੂਹ ਲਿਆ ਜਾਂਦਾ। ਐਸਾ ਗਲੈਡੀਏਟਰਾਂ ਦੀ ਜਾਨ ਬਚਾਉਣ ਲਈ ਨਹੀਂ ਬਲਕਿ ਮੁਕਾਬਲੇ ਵਿਚ ਉਤਸੁਕਤਾ ਬਣਾਈ ਰੱਖਣ ਲਈ ਅਤੇ ਲੜਾਈ ਨੂੰ ਲੰਮੇਰਾ ਖਿੱਚਣ ਲਈ ਕੀਤਾ ਜਾਂਦਾ। ਇਹ ਮੁਕਾਬਲੇ ਆਖਰ ਇਕ ਧਿਰ ਦੀ ਮੌਤ ਨਾਲ ਹੀ ਤੋੜ ਚੜ੍ਹਦੇ।
ਕਈ ਮੁਕਾਬਲਿਆਂ ਵਿਚ ਦੋਵੇਂ ਪਾਸੇ ਗਲੈਡੀਏਟਰ ਹੀ ਲੜਦੇ | ਇਹ ਮੁਕਾਬਲੇ ਇਕੱਲੇ-ਇਕੱਲੇ ਲੜਾਕਿਆਂ ਤੋਂ ਲੈ ਕੇ ਇਕ ਤੋਂ ਵੱਧ ਗਲੈਡੀਏਟਰਾਂ ਦੇ ਆਪਸ ਵਿਚ ਭਿੜਨ ਦੇ ਰੂਪ ਵਿਚ ਹੁੰਦੇ | ਮੁਕਾਬਲਾ ਜਿੰਨਾ ਲੰਮਾ ਅਤੇ ਖ਼ੂਨ ਖਰਾਬੇ ਭਰਿਆ ਚੱਲਦਾ, ਉਨਾਂ ਹੀ ਵਧੀਆ ਸਮਝਿਆ ਜਾਂਦਾ | ਐਸੇ ਮੁਕਾਬਲੇ ਵਿਚ ਜਦ ਇਕ ਗਲੈਡੀਏਟਰ ਸਖਤ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗਦਾ ਤਾਂ ਦੂਸਰਾ ਲੜਾਕਾ ਉਸ 'ਤੇ ਆਖਰੀ ਵਾਰ ਕਰਨ ਤੋਂ ਪਹਿਲਾਂ ਦਰਸ਼ਕ ਗੈਲਰੀ ਵਿਚ ਬੈਠੇ ਅਮੀਰ ਸ਼ਹਿਜ਼ਾਦਿਆਂ ਅਤੇ ਰਾਣੀਆਂ ਵੱਲ ਵੇਖਦਾ | ਇਸ ਤੋਂ ਭਾਵ ਵਿਰੋਧੀ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਦੀ ਮਨਜ਼ੂਰੀ ਲੈਣ ਤੋਂ ਸੀ | ਜ਼ਮੀਨ 'ਤੇ ਡਿੱਗੇ ਲੜਾਕੇ ਦੀ ਜਾਨ ਦਾ ਫੈਸਲਾ ਸ਼ਰਾਬ ਦੇ ਨਸ਼ੇ ਵਿਚ ਧੁੱਤ ਅਮੀਰ ਮਰਦ ਅਤੇ ਔਰਤਾਂ ਦੇ ਹੱਥਾਂ ਵਿਚ ਹੁੰਦਾ | ਉਨ੍ਹਾਂ ਵਿਚੋਂ ਸਭ ਤੋਂ ਖਾਸ ਰੁਤਬੇ ਵਾਲੇ ਸ਼ਹਿਜ਼ਾਦੇ ਜਾਂ ਰਾਣੀ ਵਲੋਂ ਆਪਣਾ ਹੱਥ ਬੰਦ ਮੁੱਠ ਦੇ ਰੂਪ ਵਿਚ ਹਵਾ ਵਿਚ ਸਾਹਮਣੇ ਕੀਤਾ ਜਾਂਦਾ ਜਿਸ ਦਾ ਸਿਰਫ ਅੰਗੂਠਾ ਖੁੱਲ੍ਹਾ ਹੁੰਦਾ | ਹੱਥ ਦਾ ਅੰਗੂਠਾ ਜੇਕਰ ਜ਼ਮੀਨ ਵੱਲ ਹੁੰਦਾ ਤਾਂ ਭਾਵ ਹੁੰਦਾ ਕਿ ਹਥਿਆਰ ਤਾਣੀ ਖੜ੍ਹਾ ਲੜਾਕਾ ਡਿੱਗੇ ਪਏ ਗਲੈਡੀਏਟਰ ਨੂੰ ਕਤਲ ਕਰ ਦੇਵੇ | ਜੇਕਰ ਅੰਗੂਠਾ ਅਸਮਾਨ ਵੱਲ ਹੁੰਦਾ ਤਾਂ ਜਾਨ ਬਖਸ਼ ਦਿੱਤੀ ਜਾਂਦੀ | ਐਸੇ ਮੌਕੇ 'ਤੇ ਇਹ ਅਮੀਰ ਰਾਜੇ ਰਾਣੀਆਂ ਫੈਸਲਾ ਕਰਦਿਆਂ ਕਿੰਨਾ-ਕਿੰਨਾ ਚਿਰ ਨਖਰੇ ਕਰਦੇ ਰਹਿੰਦੇ। ਅਖੀਰ ਵਿਚ ਉਹ ਆਪਣਾ ਫੈਸਲਾ ਇਸ਼ਾਰੇ ਦੇ ਰੂਪ ਵਿਚ ਦੱਸਦੇ ਅਤੇ ਜ਼ਮੀਨ 'ਤੇ ਡਿੱਗਾ ਲੜਾਕਾ ਜਾਂ ਤਾਂ ਮਾਰੂ ਵਾਰ ਦਾ ਸ਼ਿਕਾਰ ਹੋ ਜਾਂਦਾ ਜਾਂ ਦਿੱਤੇ ਇਸ਼ਾਰੇ ਅਨੁੁਸਾਰ ਬਚ ਜਾਂਦਾ | ਐਸੇ ਮੁਕਾਬਲਿਆਂ ਵਿਚ ਗਲੈਡੀਏਟਰਾਂ ਦੀ ਜਾਨ ਘੱਟ ਹੀ ਮੌਕਿਆਂ ਉਤੇ ਬਖਸ਼ੀ ਜਾਂਦੀ ਸੀ | ਉਹ ਮੁਕਾਬਲੇ ਜ਼ਿਆਦਾ ਮਹਿੰਗੇ ਹੁੰਦੇ ਸਨ ਜਿਨ੍ਹਾਂ ਦਾ ਅੰਤ ਗਲੈਡੀਏਟਰਾਂ ਦੀ ਮੌਤ ਨਾਲ ਹੁੰਦਾ | ਵੈਸੇ ਗਲੈਡੀਏਟਰਾਂ ਦੇ ਜ਼ਿਆਦਾਤਰ ਮਾਲਕ ਦਿਲੋਂ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦੇ ਲੜਾਕੇ ਅਖਾੜੇ ਵਿਚ ਮਰਨ, ਸੋ, ਮੁਕਾਬਲੇ ਦੇ ਅੰਤ ਤੋਂ ਪਹਿਲਾਂ ਗਲੈਡੀਏਟਰਾਂ ਨੂੰ ਮਾਰੂ ਵਾਰ ਕਰਨ ਦੀ ਖੁੱਲ੍ਹ ਨਹੀਂ ਸੀ ਹੁੰਦੀ | ਦਰਅਸਲ ਇਨ੍ਹਾਂ ਲੜਾਕਿਆਂ ਨੂੰ ਤਿਆਰ ਕਰਨ ਲਈ ਕਾਫੀ ਪੈਸਾ ਅਤੇ ਸਮਾਂ ਖਰਚ ਹੁੰਦਾ ਸੀ ਅਤੇ ਇਨ੍ਹਾਂ ਦੇ ਮਰਨ ਨਾਲ ਠੇਕੇਦਾਰਾਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਲਈ ਉਨ੍ਹਾਂ ਨੂੰ ਵਿਰੋਧੀ ਦੀ ਜਾਨ ਲੈਣ ਦੀ ਨਿਸਬਤ ਜ਼ਿਆਦਾ ਤੋਂ ਜ਼ਿਆਦਾ ਖ਼ੂਨ ਡੋਲ੍ਹਣ ਅਤੇ ਮੁਕਾਬਲੇ ਨੂੰ ਉਤੇਜਨਾ ਭਰਪੂਰ ਬਣਾਈ ਰੱਖਣ ਦੀ ਸਿਖਲਾਈ ਮਿਲਦੀ ਸੀ | ਆਮ ਮੁਕਾਬਲਿਆਂ ਵਿਚ ਜਦ ਕੋਈ ਲੜਾਕਾ ਲੜਖੜਾ ਕੇ ਜ਼ਮੀਨ 'ਤੇ ਡਿਗ ਪੈਂਦਾ ਤਾਂ ਠੇਕੇਦਾਰ ਮੁਕਾਬਲੇ ਨੂੰ ਬੰਦ ਕਰਵਾ ਦਿੰਦੇ ਪਰ ਬਹੁਤ ਅਮੀਰ ਜਾਂ ਸ਼ਾਹੀ ਦਰਸ਼ਕਾਂ ਦੀ ਹਾਜ਼ਰੀ ਵਿਚ ਆਖਰੀ ਫੈਸਲਾ ਉਹੀ ਲੈਂਦੇ |
ਸਮੇਂ ਨਾਲ ਜਦ ਇਹ ਖੇਡ ਖਾਸੀ ਮਸ਼ਹੂਰ ਹੋ ਗਈ ਤਾਂ ਰਾਜਨੀਤੀ ਦਾ ਦਾਰੋਮਦਾਰ ਹੀ ਵੱਡੇ ਵੱਡੇ ਮੁਕਾਬਲਿਆਂ 'ਤੇ ਟਿਕ ਗਿਆ। ਜੋ ਸ਼ਾਸਕ ਆਪਣੀ ਜਨਤਾ ਨੂੰ ਐਸੇ ਮੁਕਾਬਲੇ ਆਯੋਜਿਤ ਕਰਵਾ ਕੇ ਦਿੰਦਾ, ਉਹ ਹਰਮਨ ਪਿਆਰਾ ਬਣ ਜਾਂਦਾ | ਵੱਡੇ ਮੁਕਾਬਲਿਆਂ ਵਿਚ ਭਾਰੀ ਰਕਮਾਂ ਦੇ ਸੱਟੇ ਲੱਗਣ ਲੱਗ ਪਏ | ਕਈ ਮਸ਼ਹੂਰ ਲੜਾਕੇ ਸਿਪਾਹੀ ਪੈਸਾ ਅਤੇ ਮਸ਼ਹੂਰੀ ਕਮਾਉਣ ਲਈ ਆਪਣੀ ਮਰਜ਼ੀ ਨਾਲ ਵੀ ਇਸ ਖੇਡ ਵਿਚ ਸ਼ਾਮਿਲ ਹੋਣ ਲੱਗੇ ਪਰ ਐਸੇ ਗਲੈਡੀਏਟਰਜ਼ ਦੀ ਗਿਣਤੀ ਬਹੁਤ ਥੋੜ੍ਹੀ ਸੀ | ਐਸੇ ਲੜਾਕੇ ਕਿਸੇ ਦੇ ਗੁਲਾਮ ਨਹੀਂ ਸਨ ਹੁੰਦੇ ਅਤੇ ਆਪਣੀ ਮਰਜ਼ੀ ਨਾਲ ਅਖਾੜਿਆਂ ਵਿਚ ਲੜਦੇ ਸਨ | ਕਈ ਵਾਰ ਮੌਤ ਦੀ ਸਜ਼ਾ ਵਾਲੇ ਕੈਦੀਆਂ ਨੂੰ ਵੀ ਮੁਕਾਬਲੇ ਵਿਚ ਉਤਾਰ ਦਿੱਤਾ ਜਾਂਦਾ ਅਤੇ ਵਧੀਆ ਪ੍ਰਦਰਸ਼ਨ ਕਰਨ 'ਤੇ ਗਲੈਡੀਏਟਰ ਬਣਾ ਲਿਆ ਜਾਂਦਾ |
ਗਲੈਡੀਏਟਰਾਂ ਦਾ ਹੁਨਰ ਅਤੇ ਸਿਹਤ ਦੇ ਹਿਸਾਬ ਨਾਲ ਵਰਗੀਕਰਨ ਕੀਤਾ ਜਾਂਦਾ ਸੀ ਅਤੇ ਅਕਸਰ ਆਪਸ ਵਿਚ ਬਰਾਬਰ ਦੇ ਜੋੜ ਵਾਲਿਆਂ ਦੇ ਹੀ ਮੁਕਾਬਲੇ ਕਰਵਾਏ ਜਾਂਦੇ ਸਨ | ਮੁਕਾਬਲਿਆਂ ਦਾ ਵੀ ਵਰਗੀਕਰਨ ਕੀਤਾ ਜਾਂਦਾ ਸੀ | ਸਭ ਤੋਂ ਮਸ਼ਹੂਰ 'ਥਰੇਸਿਸ' ਅਤੇ 'ਮਰਮਿਲੀਅਨਸ' ਲੜਾਕੇ ਸਨ ਜੋ ਤਲਵਾਰ ਅਤੇ ਢਾਲ ਨਾਲ ਆਪਸ ਵਿਚ ਲੜਦੇ ਸਨ | 'ਡੀਮਾਕਿਉਰਸ' ਜਮਾਤ ਦੇ ਲੜਾਕੇ ਦੋਹਾਂ ਹੱਥਾਂ ਵਿਚ ਤਲਵਾਰਾਂ ਫੜ ਕੇ ਲੜਦੇ ਸਨ | 'ਰਿਟੇਰੀਅਸ' ਵਰਗ ਦੇ ਲੜਾਕੇ ਇਕ ਹੱਥ ਵਿਚ ਜਾਲ ਅਤੇ ਦੂਸਰੇ ਹੱਥ ਵਿਚ ਤਿੱਖੀ ਹੁੱਕ ਲੈ ਕੇ ਅਖਾੜੇ ਵਿਚ ਆਉਂਦੇ ਸਨ |
ਇਹ ਬੜਾ ਦਿਲਚਸਪ ਤੱਥ ਹੈ ਕਿ ਖ਼ੂਨੀ ਖੇਡਾਂ ਦੇ ਇਤਿਹਾਸ ਵਿਚ ਔਰਤ ਗਲੈਡੀਏਟਰਾਂ ਦਾ ਜ਼ਿਕਰ ਵੀ ਆਉਂਦਾ ਹੈ | ਡੋਮਿਟਿਅਨ ਨਾਂਅ ਦਾ ਰੋਮਨ ਸ਼ਾਸਕ ਅਕਸਰ ਲੜਾਕੂ ਔਰਤਾਂ ਨੂੰ ਬੌਣੇ ਸਿਪਾਹੀਆਂ ਦੇ ਖਿਲਾਫ਼ ਲੜਾ ਕੇ ਲੁਤਫ਼ ਲੈਂਦਾ ਸੀ | ਇਨ੍ਹਾਂ ਖੇਡਾਂ ਦੇ ਇਤਿਹਾਸ ਵਿਚ ਐਮਾਜ਼ਾਨ ਅਤੇ ਐਕਿਲਿਆ ਨਾਂਅ ਦੀਆਂ ਦੋ ਔਰਤ ਗਲੈਡੀਏਟਰਾਂ ਦੇ ਆਪਸੀ ਮੁਕਾਬਲਿਆਂ ਦਾ ਜ਼ਿਕਰ ਵੀ ਆਉਂਦਾ ਹੈ |
ਐਸਾ ਨਹੀਂ ਸੀ ਕਿ ਇਹ ਗਲੈਡੀਏਟਰ ਸਦਾ ਆਪਣੇ ਮਾਲਕਾਂ ਸਾਹਮਣੇਂ ਗੁਲਾਮਾਂ ਵਾਂਗ ਸਿਰ ਸੁੱਟੀ ਜਾਨਾਂ ਕੁਰਬਾਨ ਕਰਦੇ ਰਹੇ | ਇਤਿਹਾਸ ਵਿਚ ਗਲੈਡੀਏਟਰਾਂ ਵਲੋਂ ਕੀਤੀਆਂ ਗਈਆਂ ਕੁਝ ਇਕ ਬਗ਼ਾਵਤਾਂ ਦਾ ਜ਼ਿਕਰ ਵੀ ਆਉਂਦਾ ਹੈ ਜਿਨ੍ਹਾਂ ਵਿਚ ਸਭ ਤੋਂ ਵੱਡੀ ਬਗ਼ਾਵਤ ਸਪਾਰਟੈਕਸ ਨਾਂਅ ਦੇ ਗੁਲਾਮ ਗਲੈਡੀਏਟਰ ਦੀ ਅਗਵਾਈ ਵਿਚ ਕਰੀਬ 70 ਈਸਾ ਪੂਰਵ ਵਿਚ ਹੋਈ। ਇਸ ਬਗਾਵਤ ਨੇ ਇਕ ਵਾਰ ਰੋਮਨ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ | ਸਪਾਰਟੈਕਸ ਵੀ ਗੁਲਾਮਾਂ ਦੀ ਤਰ੍ਹਾਂ ਵਿਕਦਾ ਵਿਕਾਉਂਦਾ ਰੋਮ ਤੋਂ ਕਰੀਬ 120 ਮੀਲ ਦੱਖਣ ਵਿਚ ਕੈਪੁਆ ਨਾਂਅ ਦੇ ਸਿਖਲਾਈ ਕੇਂਦਰ ਵਿਚ ਲਿਆਂਦਾ ਗਿਆ ਸੀ | ਇਹ ਸ਼ੁਰੂ ਤੋਂ ਵਿਦਰੋਹੀ ਸੁਭਾਅ ਦਾ ਸੀ | ਇਸ ਕੇਂਦਰ ਵਿਚ ਇਕ ਦਿਨ ਸਿਪਾਹੀਆਂ ਅਤੇ ਗੁਲਾਮਾਂ ਵਿਚਕਾਰ ਰਸੋਈ ਵਿਚ ਕੁਝ ਧੱਕਾਮੁੱਕੀ ਹੋ ਗਈ | ਝਗੜਾ ਵਧ ਗਿਆ ਅਤੇ ਸੱਤਰ ਦੇ ਕਰੀਬ ਗਲੈਡੀਏਟਰਸ ਲੜਾਕਿਆਂ ਨੇ ਸਪਾਰਟੈਕਸ ਦੀ ਅਗਵਾਈ ਵਿਚ ਰਾਖੇ ਸਿਪਾਹੀਆਂ ਨੂੰ ਮਾਰ ਕੇ ਕੇਂਦਰ 'ਤੇ ਕਬਜ਼ਾ ਕਰ ਲਿਆ | ਸਪਾਰਟੈਕਸ ਦੀ ਪਤਨੀ ਸੂਰਾ ਵੀ ਇਸ ਬਗ਼ਾਵਤ ਵਿਚ ਸ਼ਾਮਿਲ ਸੀ | ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਉਸ ਦਾ ਅਸਲੀ ਨਾਂਅ ਇਤਿਹਾਸ ਦੀਆਂ ਡੂੰਘੀਆਂ ਪਰਤਾਂ ਵਿਚ ਕਿਧਰੇ ਗੁਆਚ ਗਿਆ ਹੈ | ਰਸੋਈ ਵਿਚੋਂ ਚਾਕੂ ਕਿਰਚਾਂ ਅਤੇ ਆਪਣੇ ਰਵਾਇਤੀ ਹਥਿਆਰ ਫੜ ਕੇ ਇਹ ਛੋਟਾ ਜਿਹਾ ਬਗ਼ਾਵਤੀ ਦਲ ਰੋਮ ਨੂੰ ਤੁਰ ਪਿਆ | ਰਾਹ ਵਿਚ ਜਿੱਥੇ ਕਿਧਰੇ ਵੀ ਇਨ੍ਹਾਂ ਨੂੰ ਜਾਗੀਰਾਂ ਵਿਚ ਗੁਲਾਮਾਂ ਦੇ ਕੈਦ ਹੋਣ ਦੀ ਖ਼ਬਰ ਮਿਲੀ, ਇਹ ਹਮਲਾ ਕਰਦੇ ਗਏ ਅਤੇ ਉਨ੍ਹਾਂ ਨੂੰ ਛੁਡਾਉਂਦੇ ਅੱਗੇ ਵਧਦੇ ਰਹੇ | ਹਰ ਨਵੇਂ ਦਿਨ ਇਸ ਦਲ ਦੀ ਗਿਣਤੀ ਵਧਦੀ ਗਈ | ਲੜਨ ਮਰਨ ਵਿਚ ਮਾਹਿਰ ਇਨ੍ਹਾਂ ਯੋਧਿਆਂ ਨੂੰ ਜਿੱਥੇ ਕਿਤੇ ਵੀ ਰੋਮਨ ਫ਼ੌਜੀ ਮਿਲੇ, ਮੌਤ ਦੇ ਘਾਟ ਉੱਤਰ ਗਏ |
ਇਸ ਬਗ਼ਾਵਤ ਦੀਆਂ ਖ਼ਬਰਾਂ ਜਦ ਰੋਮ ਪਹੁੰਚੀਆਂ ਤਾਂ ਰੋਮਨ ਸਾਮਰਾਜ ਵਲੋਂ ਕਈ ਫ਼ੌਜੀ ਟੁਕੜੀਆਂ ਇਸ ਦਲ ਦਾ ਰਾਹ ਰੋਕਣ ਲਈ ਭੇਜੀਆਂ ਗਈਆਂ | ਇਹ ਗਲੈਡੀਏਟਰ ਇਕੱਲੇ ਦੁਕੱਲੇ ਨਾਲ ਹੱਥੋ ਹੱਥ ਲੜਾਈ ਵਿਚ ਤਾਂ ਮਾਹਿਰ ਸਨ ਪਰ ਪੂਰੀ ਤਰ੍ਹਾਂ ਸਿੱਖਿਅਤ ਅਤੇ ਜੰਗੀ ਰਣਨੀਤੀ ਨਾਲ ਨਿਪੁੰਨ ਫ਼ੌਜ ਨਾਲ ਲੜਨ ਦੀ ਸਮਰੱਥਾ ਇਨ੍ਹਾਂ ਵਿਚ ਨਹੀਂ ਸੀ | ਇਸ ਦੇ ਬਾਵਜੂਦ ਸਪਾਰਟੈਕਸ ਦੀ ਅਗਵਾਈ ਵਿਚ ਇਸ ਦਲ ਨੇ ਛੇ ਵਾਰ ਰੋਮਨ ਫ਼ੌਜਾਂ ਨੂੰ ਲੱਕ ਤੋੜਵੇਂ ਤਰੀਕੇ ਨਾਲ ਹਰਾਇਆ | ਸਪਾਰਟੈਕਸ ਤੋਂ ਇਲਾਵਾ ਕਰਿਕਸੁਸ ਅਤੇ ਓਨੇਮਾਉਸ ਇਸ ਦਲ ਦੇ ਉਪ ਮੁਖੀ ਸਨ |
ਕੁਝ ਮਹੀਨਿਆਂ ਵਿਚ ਸਪਾਰਟੈਕਸ ਦੇ ਦਲ ਦੀ ਗਿਣਤੀ ਚਾਲੀ ਹਜ਼ਾਰ ਤੱਕ ਪਹੁੰਚ ਗਈ। ਰੋਮਨ ਸਾਮਰਾਜ ਇਸ ਬਗ਼ਾਵਤ ਨਾਲ ਬੁਰੀ ਤਰ੍ਹਾਂ ਹਿੱਲ ਗਿਆ। ਆਖਿਰ ਮਸ਼ਹੂਰ ਰੋਮਨ ਜਰਨੈਲ ਕਰਾਸੁਸ ਨੇ ਇਸ ਬਗਾਵਤ ਦੇ ਖਿਲਾਫ਼ ਕਮਾਨ ਸਾਂਭੀ। ਕਰਾਸੁਸ ਨੂੰ ਫ਼ੌਜ ਦੇ ਸਭ ਤੋਂ ਵਧੀਆ ਤੀਰਅੰਦਾਜ਼ ਅਤੇ ਹਥਿਆਰ ਮੁਹੱਈਆ ਕਰਾਏ ਗਏ। ਇਸ ਬਗ਼ਾਵਤ ਨੂੰ ਦਬਾਉਣ ਲਈ ਬਹੁਤ ਕਿਸਮ ਦੇ ਦਾਅ ਪੇਚ ਅਤੇ ਰਾਜਨੀਤੀ ਵਰਤੀ ਗਈ ਜਿਸ ਦੇ ਵੇਰਵੇ ਇਸ ਛੋਟੀ ਲਿਖਤ ਵਿਚ ਬਿਆਨ ਕਰਨੇ ਔਖੇ ਹਨ। ਸਪਾਰਟੈਕਸ ਨੂੰ ਕਈ ਕਿਸਮ ਦੇ ਧੋਖਿਆਂ ਦਾ ਵੀ ਸ਼ਿਕਾਰ ਹੋਣਾਂ ਪਿਆ। ਆਖਰ ਕਰੀਬ ਇਕ ਸਾਲ ਦੀ ਬਗ਼ਾਵਤ ਤੋਂ ਬਾਅਦ ਅਪ੍ਰੈਲ 71 ਈਸਵੀ ਪੂਰਵ ਵਿਚ ਰੋਮਨ ਫ਼ੌਜਾਂ ਨਾਲ ਹੋਏ ਇਕ ਭਿਅੰਕਰ ਮੁਕਾਬਲੇ ਵਿਚ ਸਪਾਰਟੈਕਸ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਮਰਦੇ ਸਮੇਂ ਸਪਾਰਟੈਕਸ ਆਪਣੇ ਸਾਥੀਆਂ ਨੂੂੰ ਇਹ ਕਹਿ ਕੇ ਘੋੜੇ ਤੋਂ ਉੱਤਰ ਕੇ ਲੜਨ ਲੱਗ ਪਿਆ ਕਿ ਜੇ ਅਸੀਂ ਜਿੱਤ ਗਏ ਤਾਂ ਦੁਸ਼ਮਣ ਦੇ ਘੋੜੇ ਵੀ ਅਸਾਡੀ ਮਲਕੀਅਤ ਹੋਣਗੇ ਅਤੇ ਜੇ ਮੈਂ ਮਰ ਗਿਆ ਤਾਂ ਮੈਨੂੰ ਕਿਸੇ ਘੋੜੇ ਦੀ ਲੋੜ ਨਹੀਂ ਪੈਣੀ। ਇਸ ਜੰਗ ਵਿਚ ਸਪਾਰਟੈਕਸ ਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ। ਅੰਦਾਜ਼ਾ ਹੈ ਕਿ ਉਸਦਾ ਸਰੀਰ ਇਸ ਲੜਾਈ ਵਿਚ ਮਰੇ ਬਹੁਤ ਸਾਰੇ ਗੁਲਾਮਾਂ ਨਾਲ ਸਾਂਝੀ ਕਬਰ ਵਿਚ ਹੀ ਕਿਧਰੇ ਦਫਨ ਹੋ ਗਿਆ। ਉਸ ਦੀ ਮੌਤ ਤੋਂ ਬਾਅਦ ਫੜੇ ਗਏ ਹਜ਼ਾਰਾਂ ਗੁਲਾਮਾਂ ਨੂੰ ਰੋਮ ਦੇ ਸ਼ਾਹ ਰਾਹਾਂ ਉੱਤੇ ਸਲੀਬਾਂ 'ਤੇ ਟੰਗ ਦਿੱਤਾ ਗਿਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਪਾਰਟੈਕਸ ਦੀ ਬਹਾਦਰੀ 'ਤੇ ਸੈਂਕੜੇ ਨਾਵਲ ਲਿਖੇ ਗਏ। ਹਾਲੀਵੁਡ ਦੀਆਂ ਦਰਜਨਾਂ ਫਿਲਮਾਂ ਵਿਚ ਉਸਦੀ ਸੂਰਮਗਤੀ ਨੂੰ ਫਿਲਮਾਇਆ ਗਿਆ। ਸਪਾਰਟੈਕਸ ਨੂੰ ਯੂਰਪੀਅਨ ਸੱਭਿਆਚਾਰ ਵਿਚ ਆਜ਼ਾਦੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ।
ਵਰਤਮਾਨ ਸਮੇਂ ਵਿਚ ਗਲੈਡੀਏਟਰਾਂ ਦੀ ਇਹ ਕਹਾਣੀ ਹੱਦੋਂ ਵੱਧ ਗ਼ੈਰ-ਮਨੁੱਖੀ ਅਤੇ ਦਰਦਨਾਕ ਮਹਿਸੂਸ ਹੁੰਦੀ ਹੈ ਅਤੇ ਅਸੀਂ ਸੋਚਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਲੋਕ ਸਨ ਜੋ ਆਪਸ ਵਿਚ ਲੜਦੇ ਮਰਦੇ ਮਨੁੱਖਾਂ ਨੂੰ ਵੇਖ ਕੇ ਦਿਲ ਪਰਚਾਉਂਦੇ ਸਨ। ਖ਼ੈਰ, ਮਨੁੱਖ ਦਾ ਆਲਾ ਦੁਆਲਾ ਕਿੰਨਾ ਵੀ ਬਦਲ ਜਾਵੇ ਪਰ ਉਸ ਦੀ ਮਾਨਸਿਕਤਾ ਕਦੇ ਨਹੀਂ ਬਦਲਦੀ। ਅੱਜ ਦਾ ਆਧੁਨਿਕ ਇਨਸਾਨ ਵੀ ਖੂੁਨ ਖਰਾਬੇ ਨਾਲ ਭਰੀਆਂ ਹਿੰਸਕ ਫਿਲਮਾਂ ਅਤੇ ਡਬਲਿਊ. ਡਬਲਿਊ. ਐੱਫ. ਦੇ ਪਹਿਲਵਾਨਾਂ ਨੂੰ ਰਿੰਗ ਵਿਚ ਇਕ ਦੂਜੇ ਦੀਆਂ ਹੱਡੀਆਂ ਤੋੜਦਿਆਂ ਅਤੇ ਕੁਰਸੀਆਂ ਨਾਲ ਸਿਰਾਂ ਵਿਚੋਂ ਲਹੂ ਵਗਾਉਂਦਿਆਂ ਹੋਇਆਂ ਨੂੰ ਵੇਖ ਕੇ ਗਲੈਡੀਏਟਰਾਂ ਦੇ ਦਰਸ਼ਕਾਂ ਦੀ ਤਰ੍ਹਾਂ ਹੀ ਖੁਸ਼ੀ ਨਾਲ ਚੀਕਾਂ ਮਾਰਦਾ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਪਹਿਲਵਾਨ ਜ਼ਿਆਦਾ ਚਲਾਕ ਪੇਸ਼ੇਵਰ ਹਨ ਅਤੇ ਕਿਸੇ ਦੇ ਗੁਲਾਮ ਨਹੀਂ ਹਨ, ਸੋ, ਉਹ ਅਖਾੜੇ ਵਿਚ ਲੜਦੇ ਘੱਟ ਅਤੇ ਅਦਾਕਾਰੀ ਜ਼ਿਆਦਾ ਕਰਦੇ ਹਨ। ਸਮਾਂ ਬਦਲਿਆ ਹੈ, ਪਦਾਰਥਵਾਦੀ ਸੁਖ ਸਹੂਲਤਾਂ ਦੇ ਰੂਪ ਬਦਲੇ ਹਨ ਪਰ ਹਿੰਸਾ ਅਤੇ ਖ਼ੂਨ ਖਰਾਬੇ ਵਿਚੋਂ ਮਨੋਰੰਜਨ ਲੱਭਣ ਵਾਲੀ ਦਰਸ਼ਕ ਜਮਾਤ ਅਜੇ ਵੀ ਮੌਜੂਦ ਹੈ।
- ਸਰਬਜੀਤ ਸਿੰਘ ਘੁਮਾਣ

No comments:
Post a Comment