ਕੀ ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਪੰਜਾਬੀ ਜਾਹਲ ਸਨ?
ਅੰਗਰੇਜ਼ੀ-ਹਿੰਦੀ ਦੇ ਜਾਇਆਂ ਤੇ ਪੰਜਾਬੀ ਨਿੰਦਕਾਂ ਵੱਲੋਂ ਪੰਜਾਬੀ ਬੋਲੀ ਨੂੰ ਗਾਲ੍ਹਾਂ ਦੀ ਬੋਲੀ ਕਿਹਾ ਜਾਂਦਾ ਏ ਤੇ ਪੰਜਾਬ ਦੇ ਲੋਕਾਂ ਨੂੰ ਵੀ ਡੰਗਰ ਤੋਂ ਉਤਾਂਹ ਨਹੀਂ ਸਮਝਿਆ ਜਾਂਦਾ। ਸਰਕਾਰ-ਦਰਬਾਰੇ ਇਹਨਾਂ ਦੀ ਹੀ ਪੁੱਛ ਹੋਣ ਕਰਕੇ ਇਹਨਾਂ ਵੱਲੋਂ ਇਹੀ ਵਿਚਾਰ ਘੜਿਆ-ਪ੍ਰਚਾਰਿਆ ਜਾਂਦਾ ਹੈ ਜਿਸਦੇ ਅਸਰ ਹੇਠ ਬਹੁਤ ਸਾਰੇ ਪੰਜਾਬੀ ਵੀ ਆ ਜਾਂਦੇ ਹਨ। ਅੱਜ ਦੇ ਪੰਜਾਬ ਵਿੱਚ ਵੀ ਕਈ ਅਜਿਹੇ ਕੁਲੀਨਸ਼ਾਹੀ ਲੋਕ ਹੈਗੇ ਨੇ ਜਿਹਨਾਂ ਦਾ ਮੰਨਣਾ ਹੈ ਕਿ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ੇ ਤੋਂ ਮਗਰੋਂ ਇਥੇ ਬਹੁਤ ਸੁਧਾਰ ਕੀਤੇ ਤੇ ਏਥੇ ਅੰਗਰੇਜ਼ੀ ਸਿੱਖਿਆ ਨਾਲ ਤਰੱਕੀ ਦਾ ਮੁੱਢ ਬੰਨਕੇ ਇਹਨਾਂ ਅਨਪੜ੍ਹਾਂ, ਜਾਹਲਾਂ ਨੂੰ ਮੱਤ ਦਿੱਤੀ।
ਪਰ ਅਸਲ ਸੱਚਾਈ ਕੁਝ ਹੋਰ ਏ। ਦਰਜਨਾਂ ਭਾਸ਼ਾਵਾਂ ਦੇ ਮਾਹਰ ਤੇ ਇਤਿਹਾਸਕਾਰ ਪ੍ਰਸਿੱਧ ਬਰਤਾਨਵੀ ਜੀ ਡਬਲਿਊ ਲੇਟਨਰ ਨੇ 1881 ਵਿੱਚ ਛਪੇ ਆਪਣੇ ਖੋਜ ਕਾਰਜ ਵਿੱਚ ਦਾਅਵਾ ਕੀਤਾ ਸੀ ਕਿ ਅੰਗਰੇਜ਼ਾਂ ਵੱਲੋਂ ਪੰਜਾਬ ਕਬਜ਼ੇ ਤੋਂ ਮਗਰੋਂ ਏਥੇ ਜਾਣ-ਬੁੱਝਕੇ ਵੱਡੇ ਪੱਧਰ ‘ਤੇ ਸਕੂਲਾਂ ਨੂੰ ਬੰਦ ਕਰਵਾਇਆ ਗਿਆ ਤੇ ਪੰਜਾਬੀ ਕਾਇਦੇ ਵੱਡੀ ਪੱਧਰ ‘ਤੇ ਜ਼ਬਤ ਕਰਕੇ ਉਹਨਾਂ ਨੂੰ ਜਲਾਇਆ ਗਿਆ। ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਕੋਈ ਪੱਛੜਿਆ ਇਲਾਕਾ ਨਹੀਂ ਸਗੋਂ ਸਮੁੱਚੇ ਬਰਤਾਨਵੀ ਭਾਰਤ ਦਾ ਮੋਹਰੀ ਇਲਾਕਾ ਸੀ। ਏਥੇ ਧਾਰਮਿਕ ਅਸਥਾਨਾਂ ਤੇ ਧਰਮਸ਼ਾਲਾਵਾਂ ਵਿੱਚ ਹੁੰਦੀ ਰਵਾਇਤੀ ਪੜ੍ਹਾਈ ਤੋਂ ਬਿਨਾਂ ਰਸਮੀ ਸਿੱਖਿਆ ਲਈ ਵੱਡੀ ਗਿਣਤੀ ਸਕੂਲ ਵੀ ਮੌਜੂਦ ਸਨ। ਇਕੱਲੇ ਲਾਹੌਰ ਵਿੱਚ ਹੀ ਸਿਰਫ਼ ਕੁੜੀਆਂ ਲਈ ਅਜਿਹੇ 18 ਸਕੂਲ ਸਨ ਤੇ ਇਹਨਾਂ ਤੋਂ ਬਿਨਾਂ ਸ਼ਹਿਰ ਵਿੱਚ ਤਕਨੀਕੀ ਸਿੱਖਿਆ, ਗਣਿਤ, ਤਰਕਸ਼ਾਸਤਰ, ਭਾਸ਼ਾਵਾਂ, ਭਵਨ ਨਿਰਮਾਣ ਕਲਾ, ਸੁਲੇਖ ਕਲਾ ਆਦਿ ਲਈ ਵੱਖਰੇ ਸਕੂਲ ਸਥਾਪਤ ਸਨ। 1860 ਦੀ ਲਾਹੌਰ ਜ਼ਿਲਾਈ ਰਿਪੋਰਟ ਮੁਤਾਬਕ ਇਸ ਜਿਲ੍ਹੇ ਵਿੱਚ 576 ਰਸਮੀ ਸਕੂਲ ਸਨ ਜਿਹਨਾਂ ਵਿੱਚ 4225 ਵਿਦਵਾਨ ਤੇ ਵਿਸ਼ਿਆਂ ਦੇ ਮਾਹਰ ਪੜ੍ਹਾਉਂਦੇ ਸਨ ਜਿਹੜੇ ਧਾਰਮਿਕ ਸਿੱਖਿਆ, ਅਰਬੀ, ਫਾਰਸੀ, ਪੰਜਾਬੀ, ਹਿੰਦੀ ਭਾਸ਼ਾਵਾਂ ਦੇ ਗਿਆਨੀ ਸਨ। ਵਿਸ਼ਾ-ਮਾਹਰਾਂ ਦੀ ਘਣਤਾ ਮੁਤਾਬਕ ਲਾਹੌਰ ਪੂਰੇ ਸੰਸਾਰ ਦੇ ਸ਼ਹਿਰਾਂ ਮੁਕਾਬਲੇ ਉਸ ਵੇਲੇ ਅਵੱਲ ਨੰਬਰ ‘ਤੇ ਆਉਂਦਾ ਸੀ।
ਇਸ ਤੋਂ ਬਿਨਾਂ ਪੰਜਾਬ ਦੇ ਪਿੰਡਾਂ ਵਿੱਚ ਗੁਰਮੁਖੀ ਕਾਇਦਿਆਂ ਦੀ ਚੋਖੀ ਰਸਦ ਹੁੰਦੀ ਸੀ, ਜਿਸ ਕਰਕੇ ਵਸੋਂ ਦਾ ਕਾਫੀ ਹਿੱਸਾ ਗੁਰਮੁਖੀ ਦੀ ਲੰਡੀ ਲਿੱਪੀ ਤੋਂ ਵਾਕਫ਼ ਸੀ। ਅੰਗਰੇਜ਼ਾਂ ਦੇ ਪੰਜਾਬ ਕਬਜ਼ੇ ਤੋਂ ਮਗਰੋਂ ਇਹਨਾਂ ਕਾਇਦਿਆਂ ਨੂੰ ਘਰੋਂ-ਘਰੀ ਜ਼ਬਤ ਕਰਨ ਤੇ ਸਾੜਨ ਦੀ ਮੁਹਿੰਮ ਅੰਗਰੇਜ਼ਾਂ ਵੱਲੋਂ ਚਲਾਈ ਗਈ ਸੀ। ਪੰਜਾਬ ਦੀ ਸੋਚ ‘ਤੇ ਇਸ ਜਬਰ ਦਾ ਸਿੱਟਾ ਇਹ ਨਿਕਲਿਆ ਕਿ 1857 ਤੋਂ ਪਹਿਲਾਂ ਜਿੱਥੇ ਪੰਜਾਬ ਵਿੱਚ 3,30,000 ਵਿਦਿਆਰਥੀ ਦਰਜ ਕੀਤੇ ਗਏ ਸਨ ਓਥੇ ਹੀ 1880 ਆਉਂਦੇ-ਆਉਂਦੇ ਇਹ ਗਿਣਤੀ ਘਟਕੇ 1,90,000 ਹੀ ਰਹਿ ਗਈ ਜਾਣੀ ਕਿ ਲਗਭਗ ਅੱਧੀ ਪੰਜਾਬੀਆਂ ਦੀ ਵੱਡੀ ਗਿਣਤੀ ਪਨੀਰੀ ਦੀ ਸੋਚ ਹੀ ਖ਼ਤਮ ਕਰ ਦਿੱਤੀ ਗਈ ਸੀ। ਆਪਣੀ ਬੋਲੀ ਤੇ ਗਿਆਨ ਤੋਂ ਵਿਰਵੇ ਪੰਜਾਬੀਆਂ ਨੂੰ ਗੁਲਾਮ ਬਣਾਉਣਾ ਅੰਗਰੇਜ਼ਾਂ ਲਈ ਢੇਰ ਸੁਖਾਲਾ ਸਾਬਤ ਹੋਇਆ।
ਬੋਲੀ ਕੋਈ ਵੀ ਮਾੜੀ ਨਹੀਂ ਪਰ ਬੋਲੀ ਦਾ ਦਾਬਾ ਮਾੜਾ ਹੈ ਤੇ ਇਹ ਦਾਬਾ ਹੋਰ ਸੁਖਾਲਾ ਹੋ ਜਾਂਦਾ ਹੈ ਜਦੋਂ ਸਾਨੂੰ ਆਪਣੇ ਇਤਿਹਾਸ ਤੋਂ ਹੀ ਵਿਰਵੇ ਕਰ ਦਿੱਤਾ ਗਿਆ ਹੋਵੇ। ਅੱਜ ਵੀ ਭਾਰਤ ਵਿੱਚ ਅਜਿਹਾ ਕੁਝ ਕਰਨ ਦੀਆਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹਨਾਂ ਦਾ ਨਾ ਸਿਰਫ਼ ਅਮਲੀ ਪੱਧਰ ‘ਤੇ ਠੋਕਵਾਂ ਜਵਾਬ ਦੇਣਾ ਜਰੂਰੀ ਏ ਸਗੋਂ ਦਲੀਲ ਦੇ ਪੱਧਰ ‘ਤੇ ਵੀ ਇਹਨਾਂ ਦਾਬੇਦਾਰਾਂ ਨੂੰ ਚਿੱਤ ਕਰਨਾ ਜਰੂਰੀ ਹੈ।
(ਸਰੋਤ ਡਾਅਨ ਅਖਬਾਰ)
#ਪੰਜਾਬੀ #ਇਤਿਹਾਸ #ਮਾਂਬੋਲੀ
#ਲਲਕਾਰ

No comments:
Post a Comment