Saturday, 24 October 2020

ਮਾਂ ਬੋਲੀ ਪੰਜਾਬੀ - ਕਰਤਾਰ ਸਿੰਘ 'ਬਲੱਗਣ '

ਨਕਸ਼ਾ ਸਾਹਮਣੇ ਰੱਖ ਪੰਜਾਬ ਦਾ ਮੈਂ 

ਇਕ ਦਿਨ ਬੈਠ ਉਸ ਤੇ ਗੌਰ ਕਰ ਰਿਹਾ ਸਾਂ।

ਡੁੱਬ ਕੇ ਸੋਚ ਦੇ ਡੂੰਘੇ ਸਮੁੰਦਰਾਂ  'ਚ 

ਉਹਦੇ ਪੰਜ ਦਰਿਆਵਾਂ ਵਿੱਚ ਤਰ ਰਿਹਾ ਸਾਂ।

ਖੁੱਭੇ ਖੰਭ ਖਿਆਲਾਂ ਦੇ ਦੇਖ ਕੇ ਤੇ 

ਉਹਦੇ ਉੱਚੇ ਹਿਮਾਲੇ ਤੋਂ ਡਰ ਰਿਹ ਸਾਂ।

ਵਾਂਗ ਕਿਸੇ ਸਲੇਟੀ ਦੇ ਬੇਲਿਆਂ 'ਚੋਂ 

ਕਿਸੇ ਚਾਕ ਦੀ ਭਾਲਣਾ ਕਰ ਰਿਹਾ ਸਾਂ।


             ਫਿਰਦੇ ਫਿਰਦੇ ਪੰਜਾਬ ਦੇ ਦਿਲ ਉੱਤੇ 

             ਬੈਠੀ ਹੋਈ ਇਕ ਸੁੰਦਰ ਨਾਰ ਤੱਕੀ। 

             ਕਿਸੇ ਸਾਊ ਘਰਾਣੇ ਦਾ ਬੰਨ੍ਹ ਜਾਪੇ

             ਜਦੋਂ ਗਹੁ ਨਾਲ ਉਹਦੀ ਨੁਹਾਰ ਤੱਕੀ। 

             ਪਾਟੇ ਕੱਪੜੇ, ਖਿੱਲਰੇ ਵਾਲ ਉਹਦੇ 

             ਉੰਜ ਨਾਂ ਨੂੰ ਜੀਂਵਦੀ ਜਾਪਦੀ ਸੀ

             ਐਪਰ ਜਿਉਣ ਤੋਂ ਉੰਜ ਬੇਜਾਰ ਤੱਕੀ।


ਧੀਰਜ ਨਾਲ ਮੈਂ ਪੁੱਛਿਆ ਕੋਲ ਜਾ ਕੇ 

ਮਾਤਾ ਕੌਣ ਏਂ? ਕਿਹੜਾ ਏ ਦੇਸ਼ ਤੇਰਾ ?

ਰਾਣੀ ਕਿਸੇ ਵਲਾਇਤ ਦੀ ਜਾਪਦੀ ਏਂ

ਐਪਰ ਗੋਲੀਆਂ ਵਾਲਾ ਏ ਵੇਸ ਤੇਰਾ।


          ਹੌਕਾ! ਹਸ਼ਰ ਜਿੱਡਾ ਭਰਕੇ ਕਹਿਣ ਲੱਗੀ

          "ਹਾਂ ਰਾਣੀ ! ਪਰ ਪਿੰਡ ਗਰਾਂ ਹੀ ਨਹੀਂ 

          ਉੰਜ ਤੇ ਪੰਜ ਦਰਿਆਵਾਂ ਦੀ ਹਾਂ ਮਾਲਕ 

          ਡੁੱਬ ਮਰਨ ਲਈ ਪਰ ਥਾਂ ਹੀ ਨਹੀਂ।

          ਉੰਜ ਤਾਂ ਕਿੰਨੇ ਕਰੋੜ ਨੇ ਪੁੱਤ ਮੇਰੇ 

          ਐਪਰ ਕਹਿੰਦੇ ਨੇ ਸਾਡੀ ਮਾਂ ਹੀ ਨਹੀਂ।

          ਉਂਜ ਤੇ ਜੱਗ ਤੇ ਝੂਲਨ ਨਿਸ਼ਾਨ ਮੇਰੇ

          ਆਪਣੇ ਘਰ ਅੰਦਰ ਐਪਰ ਨਾਂ ਹੀ ਨਹੀਂ। 


          ਕਿਸਮਤ ਹਾਰ ਗਈ,  

          ਦਿਨਾਂ ਦੀ ਪਈ ਗਰਦਿਸ਼ 

          ਕਦੇ ਰਾਣੀ ਸਾਂ, ਅੱਜ ਗੋਲੀ ਹਾਂ ਮੈਂ 

          ਵੇ 'ਕਰਤਾਰ'! 

          ਤੂੰ ਮੈਨੂੰ ਸਿਆਣਿਆ ਹੀ ਨਹੀਂ 

          ਬਦਨਸੀਬ 

          ਪੰਜਾਬ ਦੀ ਬੋਲੀ ਹਾਂ ਮੈਂ"

 

ਟੱਪੇ - ਕੁਲਵੰਤ ਸਿੰਘ ਗਰੇਵਾਲ
ਦਿਲ ਟੁੱਟਦੇ ਹਵਾਵਾਂ ਦੇ
ਬੂੰਦ ਬੂੰਦ ਤਰਸ ਗਏ
ਅਸੀਂ ਪੁੱਤ ਦਰਿਆਵਾਂ ਦੇ।

ਸਾਨੂੰ ਈਦਾਂ ਬਰ ਆਈਆਂ
ਰਾਵੀ ਤੇਰੇ ਪੱਤਣਾਂ ਤੇ
ਐਵੇਂ ਅੱਖੀਆਂ ਭਰ ਆਈਆਂ।

ਝੋਰਾ ਅੱਖੀਆਂ ਲਾਈਆਂ ਦਾ
ਰੋਹੀਆਂ 'ਚ ਚੰਨ ਡੁੱਬਿਆ
ਕੂੰਜਾਂ ਤਿਰਹਾਈਆਂ ਦਾ।

ਸੂਹੇ ਡੋਰੇ ਬਾਜ਼ਾਂ ਦੇ
ਗਲੀ ਗਲੀ ਰੁਲਦੇ ਨੇ
ਖੰਭ ਉਚਿਆਂ ਤਾਜਾਂ ਦੇ।

ਨਦੀ ਕੰਢਿਆਂ ਤੇ ਆਈ ਹੋਈ ਆ
ਬੁੱਤ ਸਾਡਾ ਮਿੱਟੀ ਦਾ ਚੰਨਾ
ਵਿੱਚ ਰੂਹ ਤਿਰਹਾਈ ਹੋਈ ਆ।

ਨਾਗਾਂ ਦਾ ਸਾਇਆ ਏ
ਲੁਕਵੇਂ ਨੇ ਡੰਗ ਭੋਲਿਆ
ਬਚ ਮੁਲਕ ਪਰਾਇਆ ਏ।

ਅਸੀਂ ਘਰ ਮੁੜ ਆਵਾਂਗੇ
ਮਾਹੀਏ ਦਾ ਚੰਨ ਚੁੰਮ ਕੇ
ਪੰਜਾਬ ਨੂੰ ਗਾਵਾਂਗੇ।

Tuesday, 16 June 2020

ਪੰਜਾਬੀ ਮਾਂ-ਬੋਲੀ ਤੇ ਸਿੱਖ ਸਭਿਆਚਾਰ ਦੀ ਰਾਖੀ ਲਈ ਨਿਤਰਨ ਦੀ ਲੋੜ.. ਸਰਬਜੀਤ ਸਿੰਘ ਘੁਮਾਣ


ਪੰਜਾਬੀ ਮਾਂ-ਬੋਲੀ ਤੇ ਸਿੱਖ ਸਭਿਆਚਾਰ ਦੀ ਰਾਖੀ ਲਈ ਨਿਤਰਨ ਦੀ ਲੋੜ.. ਸਰਬਜੀਤ ਸਿੰਘ ਘੁਮਾਣ(97819-91622)


ਕਹਿੰਦੇ ਨੇ ਕਿਸੇ ਨੂੰ ਸਭ ਤੋਂ ਵੱਡੀ ਦੁਰਸੀਸ ਇਹੀ ਹੁੰਦੀ ਹੈ ਕਿ ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ। ਹਿੰਦੋਸਤਾਨੀ ਨਿਜਾਮ ਨੇ ਵੀ ਇਹ ਮਿਥ ਲਿਆ ਹੈ ਕਿ ਸਿੱਖਾਂ ਨੂੰ ਪੰਜਾਬੀ ਭੁਲਾ ਦੇਣੀ ਹੈ। ਹੈ ਤਾਂ ਪੰਜਾਬੀ ਬੋਲੀ ਉਨਾਂ ਸਾਰਿਆਂ ਦੀ ਹੀ, ਜੋ ਪੰਜਾਬੀ ਜ਼ੁਬਾਨ ਵਿਚ ਗੱਲ ਕਰਦੇ ਹਨ ਪਰ ਧੱਕ ਕੇ ਇਸਨੂੰ ਸਿੱਖਾਂ ਦੇ ਪੱਲੇ ਪਾ ਦਿਤਾ ਗਿਆ ਹੈ। ਉਧਰ ਪਾਕਿਸਤਾਨ ਦੀ ਹਕੂਮਤ ਨੇ ਇਸਨੂੰ ਦੁਰਕਾਰ ਦਿਤਾ ਹੈ ਤੇ ਇਧਰ ਹਿੰਦੋਸਤਾਨ ਦੀ ਹਕੂਮਤ ਨੇ ਪੰਜਾਬੀ ਨਾਲ ਵੈਰ ਵਿੱਢ ਲਿਆ ਹੈ। ਲੈ-ਦੇ ਕੇ ਸਿਖ ਰਹਿ ਗਏ ਨੇ ਜਿਹੜੇ ਇਸ ਮਾਂ-ਬੋਲੀ ਨੂੰ ਬਚਾਉਣ ਲਈ ਹੱਥ-ਪੱਲਾ ਮਾਰ ਰਹੇ ਹਨ। ਜੇ ਸਿਖਾਂ ਦਾ ਰਾਜ-ਭਾਗ ਹੁੰਦਾ ਤਾਂ ਪੰਜਾਬੀ ਬੋਲੀ ਵੀ ਸੰਭਾਲੀ ਜਾਂਦੀ ਪਰ ਹੁਣ ਹਿੰਦੋਸਤਾਨ ਵਿਚ ਤਾਂ ਇਸਦਾ ਬਚਣਾ ਮੁਸ਼ਕਿਲ ਹੀ ਜਾਪਦਾ ਹੈ। ਜਦੋਂ ਤੋਂ ਸਿਖਾਂ ਨੇ ਇਸ ਬੋਲੀ ਦੇ ਹੱਕ ਵਿਚ ਆਵਾਜ ਬੁਲੰਦ ਕਰਨੀ ਸ਼ੁਰੂ ਕੀਤੀ ਹੈ,ਉਦੋਂ ਤੋਂ ਹੀ ਹਿੰਦੂਵਾਦੀ ਸੋਚ ਨੇ, ਇਸ 'ਸਿਖਾਂ ਦੀ ਬੋਲੀ' ਨੂੰ ਮਾਰਨ ਦੇ ਜਨੂੰਨ ਹੇਠ ਪੰਜਾਬੀ ਨੂੰ ਖਤਮ ਕਰਨ ਦੇ ਬਾਨਣੂੰ ਬੰਨਣੇ ਸ਼ੁਰੂ ਕੀਤੇ ਹੋਏ ਹਨ। ਮਰਦਮਸ਼ੁਮਾਰੀ ਵੇਲੇ ਉਹ ਲੋਕ ਕਿੰਨੇ ਹੈਰਾਨ-ਪਰੇਸ਼ਾਨ ਹੋਏ ਹੋਣਗੇ ਜਿੰਨਾਂ ਨੇ ਕਿਸੇ ਰਾਮ ਲਾਲ-ਸ਼ਾਮ ਲਾਲ ਦੇ ਘਰੋਂ ਸ਼ੁੱਧ ਪੰਜਾਬੀ ਵਿਚ ਸੁਣਿਆ ਹੋਵੇਗਾ, 'ਬੋਲੀ ਵਾਲੇ ਖਾਨੇ ਵਿਚ ਹਿੰਦੀ ਲਿਖਣੀ ਜੀ'। ਇਹ ਵਰਤਾਰਾ ਪੰਜਾਬ ਵਿਚ ੧੯੫੧ ਦੀ ਮਰਦਮਸ਼ੁਮਾਰੀ ਮੌਕੇ ਵਾਪਰਿਆ।

ਪੰਜਾਬ ਦੀ ਬੋਲੀ ਤੇ ਸੱਭਿਆਚਾਰ ਨੂੰ ਸਿੱਖਾਂ ਦੀ ਬੋਲੀ ਤੇ ਸਿਖਾਂ ਦਾ ਸੱਭਿਆਚਾਰ ਮੰਨਕੇ ਮਲੀਆਮੇਟ ਕਰਨ ਦੀਆਂ ਕੁਚਾਲਾਂ ੧੯੪੭ ਤੋਂ ਹੀ ਸ਼ੁਰੂ ਹੋ ਗਈਆਂ ਸਨ। ਇਸ ਨਿਸ਼ਾਨੇ ਦੀ ਪੂਰਤੀ ਲਈ ਬਹੁਪਰਤੀ ਯੋਜਨਾਬੰਦੀ ਕੀਤੀ ਗਈ। ਜਿਥੇ ਪੰਜਾਬੀ ਬੋਲੀ ਦਾ ਘਾਣ ਕਰਨ ਲਈ ਇਸਦੇ ਉਚਾਰਣ ਨੂੰ ਹਿੰਦੀ ਦਾ ਰੰਗ ਚਾੜ੍ਹਿਆਾ ਗਿਆ, ਉਥੇ ਪੰਜਾਬੀ ਦੇ ਠੇਠ ਤੇ ਸ਼ੁੱਧ ਅੱਖਰਾਂ ਦੀ ਥਾਂ ਨਵੇਂ ਤੇ ਓਪਰੇ ਸ਼ਬਦ ਲ਼ਿਆਂਦੇ ਗਏ।
ਕੁਝ ਉਦਾਹਰਨਾਂ ਦੇਖੋ-
੧. ਅਸੀ ਆਮ ਬੋਲਚਾਲ ਵਿਚ ਇਕ ਜਾਨਵਰ ਨੂੰ 'ਬੋਤਾ' ਕਹਿੰਦੇ ਹਾਂ। ਜੇ ਮੁਹਾਰਨੀ ਵੇਲੇ ਬੱਬਾ-ਬੋਤਾ ਲਿਖਿਆ ਹੋਵੇ ਤਾਂ ਕੀ ਮਾੜਾ ਹੈ? ਪਰ ਹਿੰਦੀ ਦਾ ਊ-ਊਂਟ ਲਿਆਕੇ ਪੰਜਾਬੀ ਦੇ ਸਿਰ ਮੜ੍ਹ ਦਿਤਾ ਤੇ ਸਾਡੇ ਸਕੂਲਾਂ ਦੇ ਕਾਇਦੇ ਵਿਚ ਬੱਚੇ ਨੂੰ ਪਹਿਲੇ ਸ਼ਬਦ ਤੇ ਹੀ ਪੰਗਾ ਪਾ ਦਿਤਾ ਕਿ ਊੜਾ-ਊਠ।ਜਿਸ ਜਾਨਵਰ ਨੂੰ ਉਹ ੪-੫ ਸਾਲ ਤੋਂ ਬੋਤਾ ਕਹਿੰਦਾ ਰਿਹਾ ਹੈ, ਉਸਨੂੰ ਨਵੇਂ ਨਾਂ ਨਾਲ ਬੁਲਾਉਣਾ ਉਸਦੇ ਬਾਲ-ਮਨ ਨੂੰ ਨਵੀ ਗੁੰਝਲ ਪਾ ਦਿੰਦਾ ਹੈ। ਬਾਲ-ਬੋਧ ਦੇ ਪਹਿਲੇ ਸ਼ਬਦ ਊਠ ਤੇ ਬੋਤੇ ਤੋਂ ਹੀ ਪੰਜਾਬ ਦੇ ਨਿਆਣਿਆਂ ਦੇ ਦਿਲ-ਦਿਮਾਗ ਵਿਚ ਭੰਬਲਭੂਸਾ ਜਿਹਾ ਪੈ ਜਾਂਦਾ ਹੈ ਕਿ ਇਹ ਪੜ੍ਹਾਈ ਤਾਂ ਬੜਾ ਔਖਾ ਕੰਮ ਹੈ ਤੇ ਮੇਰੇ ਵੱਸ ਦੀ  ਗੱਲ ਨਹੀ ਜਾਪਦੀ। ਜੇ ਪਹਿਲਾਂ ਸ਼ਬਦ ਹੀ ਡਰਾ ਦੇਵੇਗਾ,ਤਾਂ ਅੱਗੇ ਕਿੰਨੀ ਮਾਨਸਿਕ ਦਬਾਅ ਵਾਲੀ ਸਥਿਤੀ ਆਵੇਗੀ। ਖਿਆਲ ਹੈ ਕਿ ਸਾਰੀ ਦੁਨੀਆਂ ਵਿਚ ਕੇਵਲ ਪੰਜਾਬੀ ਬੱਚਿਆਂ ਨੂੰ ਇਸ ਤਰਾਂ ਮਾਨਸਿਕ ਸੰਤਾਪ ਭੁਗਤਣਾ ਪੈਂਦਾ ਹੋਵੇਗਾ ਕਿ ਉਹ ਸਕੂਲ ਵੜਨ ਤੋਂ ਪਹਿਲਾਂ ਜਿਸ ਚੀਜ ਨੂੰ ਜਿਸ ਨਾਂ ਨਾਲ ਜਾਣਦੇ ਸਨ,ਹੁਣ ਨਵੇਂ ਨਾਂ ਯਾਦ ਕਰਨਾ ਪਵੇਗਾ।
ਭਾਸ਼ਾ ਮਾਹਿਰ ਮੰਨਦੇ ਹਨ ਕਿ ਜੋ ਸ਼ਬਦ, ਸਿਧੇ-ਸਪੱਸ਼ਟ ਤੌਰ ਤੇ ਬੱਚਾ ਸਿਖੇ,ਉਹ ਸਹੀ ਸਿਖਲਾਈ ਹੈ,ਪਰ ਪਤਾ ਨਹੀ ਕਿਉਂ ਪੰਜਾਬੀ ਵਿਚ 'ਬੋਤੇ ਨੂੰ ਊਠ' ਕਹਾਉਣ ਦੀ ਜਿੱਦ ਕੀਤੀ ਗਈ। ਜਿੰਨਾਂ ਲੋਕਾਂ ਨੇ ਇਸ ਨੂੰ ਮਾਮੂਲੀ ਗੱਲ ਸਮਝਕੇ ਚੁਟਕਲੇ ਬਣਾਕੇ ਇਕ ਗੰਭੀਰ ਗੱਲ ਦਾ ਮਜਾਕ ਬਣਾਇਆਂ ਉਹ ਭੁਲ ਗਏ ਹਨ ਕਿ ਅਸਲ ਵਿਚ ਇਹ ਇਕ ਸ਼ਬਦ ਦੀ ਗੱਲ ਨਹੀ ਸੀ, ਸਗੋਂ ਇਹ ਤਾਂ ਪੰਜਾਬੀ ਦੀ ਸ਼ਬਦਾਵਲੀ ਦੇ ਕਤਲ ਦੀ ਕਹਾਣੀ ਹੈ। ਤੁਹਾਡਾ ਇਕ ਅੱਖਰ 'ਬੋਤਾ' ਨਹੀ ਮਰਿਆ, ਸਗੋਂ ਇਹ ਹੋਰਨਾਂ ਅੱਖਰਾਂ ਦੇ ਕਤਲਾਂ ਦਾ ਰਾਹ ਖੋਹਲ ਗਿਆ।

੨. ਪੰਜਾਬੀ ਦਾ ਲਫਜ ਹੈ ਕੁੱਕੜ ਜਾਂ ਕੁੱਕੜੀ। ਹਿੰਦੀ ਵਿਚ ਇਸ ਲਈ ਮੁਰਗੀ ਜਾਂ ਮੁਰਗਾ ਸ਼ਬਦ ਹਨ। ਪਤਾ ਨਹੀ ਕੱਕਾ-ਕੁਕੜ ਕਹਿਣ ਨਾਲ ਕੀ ਭੁਚਾਲ ਆ ਜਾਣਾ ਸੀ ਜੋ ਸਾਡੇ ਨਿਆਣਿਆਂ ਤੋਂ ਮੰਮਾ-ਮੁਰਗਾ ਕਹਾਇਆ ਗਿਆ।

੩. ਪਾਣੀ ਵਾਲੀ ਟੂਟੀ ਨੂੰ ਜੇ ਟੈਂਕਾ-ਟੂਟੀ ਕਿਹਾ ਜਾਂਦਾ ਤਾਂ ਕੀ ਹੋ ਜਾਣਾ ਸੀ ਕਿ ਨੰਨਾ-ਨਲ਼ ਕਿਹਾ ਗਿਆ। ਬੱਚਾ ਪਰੇਸ਼ਾਨ ਹੋ ਜਾਂਦਾ ਹੈ ਕਿ ਹੈ ਤਾਂ ਟੂਟੀ ਪਰ ਕਿਹਾ ਕੁਝ ਹੋਰ ਜਾ ਰਿਹਾ ਹੈ! ਜੇ ਨੰਨਾ ਸ਼ਬਦ ਦੇ ਨਾਲ ਨਲਕੇ ਦੀ ਫੋਟੋ ਦੇਕੇ ਨੰਨਾ ਨਲਕਾ ਪੜ੍ਹਾ ਦੇਣ ਤੇ ਟੈਂਕਾ ਟੂਟੀ ਪੜ੍ਹਾ ਦੇਣ,ਫੇਰ ਕੀ ਹੋਜੇ। ਪਰ ਅਗਲੇ ਚਾਹੁੰਦੇ ਨੇ ਕਿ ਬੱਚੇ ਨੂੰ ਭੰਬਲਭੂਸੇ ਵਿਚ ਪਾਉਣਾ ਹੈ। ਬਾਲ-ਮਨ ਨੂੰ ਕਿੰਨਾ ਸੰਤਾਪ ਭੋਗਣਾ ਪੈਂਦਾ ਹੋਵੇਗਾ।

੪. ਆਮ ਸ਼ਬਦ ਹੈ "ਤੀਰ-ਕਮਾਨ" ਪਰ ਕਹਿੰਦੇ ਜੀ ਨਹੀ ਇਹ ਧਨੁਸ਼ ਹੈ। ਧਨੁਸ਼ ਤਾਂ ਹਿੰਦੀ ਵਿਚ ਹੁੰਦਾ ਹੈ।
ਸਾਫ ਗੱਲ ਹੈ ਕਿ ਇਕ ਤਾਂ ਪੰਜਾਬੀ ਦਾ ਹਿੰਦੀਕਰਨ ਹੋ ਰਿਹਾ ਹੈ। ਦੂਜਾ ਬਾਲ-ਮਨ ਨੂੰ ਪੰਜਾਬੀ ਤੋਂ ਡਰਾ ਕੇ ਬੱਚਿਆਂ ਨੂੰ ਹਿੰਦੀ-ਅੰਗਰੇਜੀ ਵੱਲ ਤੋਰਿਆ ਜਾ ਰਿਹਾ ਹੈ ਤਾਂਕਿ ਉਨਾਂ ਨੂੰ ਉਹ ਸਾਹਿਤ ਪੜ੍ਹਨ ਦੀ ਇਛਾ ਹੀ ਨਾ ਰਹੇ ਜੋ ਗੁਰਮਤਿ ਨਾਲ ਜੋੜਦਾ ਹੈ।
ਜੋ ਕੁਝ ਬੱਚਾ ਦੇਖਦਾ ਹੈ,ਉਸਨੂੰ ਉਸ ਨਾਮ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਪੰਜਾਬੀ ਨਿਆਣਿਆਂ ਲਈ ਇਹ ਸਹੂਲਤ ਨਹੀ ਰਹੀ। ਇਹੋ ਜਿਹੀਆਂ ਹਜਾਰਾਂ ਉਦਾਹਰਨਾਂ ਹਨ ਕਿ ਪੰਜਾਬ ਦੇ ਨਿਆਣੇ ਫੋਟੋ ਵਿਚ ਜੋ ਦੇਖਦੇ ਹਨ, ਉਸਦਾ ਨਵਾਂ ਨਾਮ ਉਨਾਂ ਨੂੰ ਸਿਖਾਉਣ ਲਈ ਜ਼ੋਰ ਲਾਇਆ ਜਾਂਦਾ ਹੈ, ਪਰ ਉਹ ਅਸਲੀ ਨਾਂ ਨਹੀ ਲੈਣ ਦਿੱਤਾ ਜਾਂਦਾ ਜੋ ਉਹ ਨਿਆਣਾ ਨਿਕਾ ਹੁੰਦਾ ਸੁਣਦਾ ਆਇਆ ਹੈ। ਇਹ ਅਸਲ ਵਿਚ ਪੰਜਾਬੀ ਨਾਵਾਂ ਨੂੰ ਕਤਲ ਕਰਕੇ ਹਿੰਦੀ ਦੇ ਸ਼ਬਦ ਲਿਆਉਣ ਦੀ ਚਾਲ ਹੈ।
ਅੱਗੇ ਤੁਰਨ ਤੋਂ ਪਹਿਲਾਂ ਸੰਸਾਰ-ਪ੍ਰਸਿੱਧ ਲੇਖਕ ਮਿਲਾਨ ਕੁੰਦਰਾ ਦੇ ਬੋਲ ਪੜੋ,
"ਇਕ ਕੌਮ ਨੂੰ ਨੇਸਤੋਨਾਬੂਦ ਕਰਨ ਦਾ ਪਹਿਲਾ ਕਦਮ ਉਸਦੀ ਯਾਦਦਾਸ਼ਤ ਨੂੰ ਮੇਸ ਸੁਟਣਾ ਹੁੰਦਾ ਹੈ। ਉਸਦੀਆਂ ਕਿਤਾਬਾਂ, ਉਸਦੇ ਸੱਭਿਆਚਾਰ, ਉਸਦੇ ਇਤਿਹਾਸ ਨੂੰ ਉਜਾੜ ਦਿਓ। ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਓ,ਨਵਾਂ ਸੱਭਿਆਚਾਰ ਘੜ ਲਵੋ, ਇੱਕ ਨਵਾਂ ਇਤਿਹਾਸ ਈਜਾਦ ਕਰ ਲਵੋ। ਕੁਝ ਚਿਰ ਬਾਅਦ ਉਹ ਕੌਮ ਭੁੱਲ ਜਾਵੇਗੀ ਕਿ ਉਹ ਕੀ ਹੈ ਤੇ ਕੀ ਸੀ? ਮਨੁਖ ਦੀ ਸੱਤਾ ਦੇ ਖਿਲਾਫ ਜੱਦੋਜਹਿਦ ਯਾਦਦਾਸ਼ਤ ਦੀ ਭੁਲ-ਭੁਲਾਅ ਜਾਣ ਦੇ ਖਿਲਾਫ ਜੱਦੋਜਹਿਦ ਹੈ।"

ਹੁਣ ਜ਼ਰਾ ਆਪਣੇ ਉਤੇ ਧਿਆਨ ਮਾਰੀਏ ਤਾਂ ਕੀ ਸਾਡੇ ਨਾਲ ਇਹੀ ਕੁਝ ਨਹੀ ਹੋ ਰਿਹਾ? ਸਾਦੇ ਪੰਜਾਬੀ ਦੇ ਸ਼ਬਦ ਮਾਰ ਕੇ,ਹੋਰ ਸ਼ਬਦ ਲਿਆਂਦੇ ਗਏ, ਹਿੰਦੀ ਉਚਾਰਣ ਨੂੰ ਸਿਰ ਤੇ ਥੋਪਿਆ ਗਿਆ। ਪੰਜਾਬੀ ਬੋਲੀ ਦੇ ਵਿਚ ਛਪਣ ਵਾਲੇ ਅਖਬਾਰ ਤੇ ਪਰਚੇ ਨਿਕੰਮੇ ਤੇ ਦੂਜੇ ਦਰਜ਼ੇ ਦੇ ਗਰਦਾਨ ਕੇ ਇੰਝ ਮਹੌਲ ਬਣਾ ਦਿਤਾ ਗਿਆ ਕਿ ਜੇ ਕੋਈ ਹੁਣ ਪੰਜਾਬੀ ਵਿਚ ਛਪਿਆ ਕੁਝ ਪੜ੍ਹੇ ਤਾਂ ਉਸਨੂੰ ਵੀ ਪੱਛੜਿਆ ਹੋਇਆ ਸਮਝਿਆ ਜਾਂਦਾ ਹੈ। ਹਾਂ, ਹਿੰਦੀ/ਅੰਗਰੇਜੀ ਦੀ ਖਿਚੜੀ ਬੋਲਣ ਵਾਲੇ ਬੜੇ ਵਧੀਆਂ ਤੇ ਅਗਾਹਵਧੂ ਸਮਝੇ ਹਨ! ਜਿਹੜੇ ਆਪਣੀ ਜ਼ੁਬਾਨ ਵਿਚ ਗੱਲ ਕਰਨ, ਉਹ ਘਟੀਆ ਤੇ ਜਿਹੜੇ ਆਪਣੀ ਮਾਂ-ਬੋਲੀ ਨੂੰ ਤਿਆਗ ਜਾਣ, ਉਹ ਵਧੀਆ? ਅਸਲ ਵਿਚ ਹਾਕਮ ਜਮਾਤ ਦਰਸਾ ਰਹੀ ਹੈ ਕਿ ਸਿਖ ਤਾਂ ਗੁਲਾਮ ਹਨ ਤੇ ਗੁਲਾਮਾਂ ਦੀ ਬੋਲੀ ਮਾੜੀ ਹੈ ਤੇ ਗੁਲਾਮੀ ਦੇ ਧਾਰਨੀ ਲੋਕ ਆਪਣੀ ਮਾਂ-ਬੋਲੀ ਨੂੰ ਤਿਆਗਕੇ ਹਾਕਮਾਂ ਦੀ ਬੋਲੀ ਅਪਣਾ ਰਹੇ ਹਨ। ਸਾਡੇ ਖਾਣ-ਪੀਣ, ਰਹਿਣ-ਸਹਿਣ ਤੇ ਪਹਿਰਾਵੇ ਬਾਰੇ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਜੋ ਕੁਝ ਵੀ ਪੰਜਾਬੀਅਤ ਦੀ ਜਾਂ ਸਿੱਖੀ ਦੀ ਸ਼ਾਨ ਹੈ ਉਹ ਸੱਭਿਆਚਾਰ ਮਾੜਾ ਹੈ।

ਪੰਜਾਬੀ ਖਾਣੇ,ਪੰਜਾਬੀ ਘਰੇਲੂ ਮਹੌਲ,ਕੱਪੜੇ-ਲੀੜੇ ਦਾ ਅੰਦਾਜ ਕਿਵੇਂ ਗਲਤ ਹੈ? ਪਰ ਇਸ ਤਰਾਂ ਦਾ ਮਹੌਲ਼ ਬਣਾ ਦਿਤਾ ਗਿਆਾ ਹੈ ਕਿ ਹੁਣ ਦੀ ਪੀੜ੍ਹੀ ਨੂੰ ਇਹ ਲੱਗਣ ਲਾ ਦਿਤਾ ਗਿਆ ਹੈ ਕਿ ਉਸਦਾ ਸਭ ਕੁਝ ਗਲਤ ਹੈ ਤੇ ਹੀਣਾ ਹੈ,ਤੇ ਜੇ ਉਸਨੇ 'ਸਮੇਂ ਦਾ ਹਾਣੀ' ਬਣਨਾ ਹੈ ਤਾਂ ਪੰਜਾਬੀ ਮਾਂ-ਬੋਲੀ ਤੇ ਸਿੱਖ ਸੱਭਿਆਚਾਰ ਨੂੰ ਛੱਡਣਾ ਪਏਗਾ। ਸਮੇਂ ਦਾ ਹਾਣੀ ਹੋਣਾ ਮਤਲਬ, ਹਿੰਦੂ ਹੋਣਾ! ਜਦੋਂ ਹਿੰਦੂਆਂ ਦੀ ਬੋਲੀ, ਹਿੰਦੂਆਂ ਦਾ ਪਹਿਰਾਵਾ ਤੇ ਹਿੰਦੂਆਂ ਦਾ ਖਾਣ-ਪੀਣ ਆਪਣਾ ਲਿਆ,ਫਿਰ ਹਿੰਦੂ ਹੀ ਹੋਏ ਨਾ? ਜੋ ਕੁਝ ਮਿਲਾਨ ਕੁੰਦਰਾ ਨੇ ਕਿਹਾ ਹੈ,ਸਾਡੇ ਤੇ ਪੂਰਾ ਵਰਤਿਆ ਗਿਆ ਹੈ।
ਪੰਜਾਬੀ ਬੋਲੀ ਤੇ ਸਿਖ ਸਭਿਆਚਾਰ ਉਤੇ ਹਿੰਦੀ ਬੋਲੀ ਅਤੇ ਹਿੰਦੂ ਸੱਭਿਆਚਾਰ ਦੀ ਸਵਾਰੀ ਕਰਵਾਉਣ ਦੀਆਂ ਸਾਜਿਸ਼ਾਂ ਨੂੰ ਹੁਣ ਸੌਖਿਆਂ ਹੀ ਪਛਾਣਿਆ ਜਾ ਸਕਦਾ ਹੈ। ਇੰਝ ਇਕ ਕੌਮ ਨੂੰ,ਇਕ ਧਰਮ ਨੂੰ,ਇਕ ਸਭਿਅੱਤਾ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਘਰ ਨੂੰ ਸੰਨ੍ਹ ਲੱਗ ਚੁਕੀ ਹੈ ਤੇ ਘਰ ਦੇ ਮਾਲਿਕ ਉਠਕੇ ਚੋਰਾਂ ਨੂੰ ਫੜ੍ਹਨ ਦੀ ਥਾਂ ਚੌਂਕੀਦਾਰ ਨੂੰ ਮੰਦਾ ਬੋਲਕੇ ਡੰਗ ਸਾਰਨ ਨੂੰ ਫਿਰਦੇ ਹਨ।

ਜ਼ਰਾ ਆਪਣੇ ਧੀਆਂ-ਪੁਤਾਂ ਵੱਲ ਧਿਆਨ ਮਾਰੋ। ਸਾਡੀਆਂ ਕੁੜੀਆਂ 'ਪੋਨੀ ਟੇਲ' ਬਣਾਕੇ, ਯੈਂਕੀ ਕੱਪੜੇ ਪਾਕੇ ਉਹੋ ਜਿਹੀਆਂ ਦਿਸਣ ਦੀ ਹੋੜ ਵਿਚ ਹਨ ਜਿਹੋ ਜਿਹੀਆਂ ਉਨਾਂ ਦੇ ਹੋਸਟਲ/ਕਾਲਜ ਵਿਚ ਹਿੰਦੂਆਂ ਦੀ ਕੁੜੀਆਂ ਹਨ। ਸਾਡੀਆਂ ਕੁੜੀਆਂ ਦੀ ਬੋਲੀ ਤੇ ਉਚਾਰਨ ਨਾਲ ਧਿਆਨ ਨਾਲ ਅਧਿਐਨ ਕਰੋ ਤਾਂ ਤੁਸੀ ਜਾਣ ਜਾਓਗੇ ਕਿ ਉੇਹ ਬਿਲਕੁਲ ਹਿੰਦੀ/ਅੰਗਰੇਜੀ/ਪੰਜਾਬੀ ਦੀ ਖਿਚੜੀ ਕਰੀ ਜਾਂਦੀਆਂ ਹਨ। ਇਹੀ ਹਾਲ ਸਾਡੇ ਮੁੰਡਿਆਂ ਦਾ ਹੈ ਕਿ ਉਹ ਹਿੰਦੂਆਂ ਦੇ ਮੁੰਡਿਆਂ ਵਰਗੇ ਦਿਸਣ ਦੀ ਹੋੜ ਵਿਚ ਹਨ। ਹਾਂ, ਬੋਲੀ ਦੇ ਮਾਮਲੇ ਵਿਚ ਮੁੰਡਿਆਂ ਦੀ ਸ਼ਿਕਾਇਤ ਥੋੜੀ ਘੱਟ ਹੈ ਪਰ ਕੁੜੀਆਂ ਨੇ ਥਾਂ ਪੰਜਾਬੀ ਨੂੰ 'ਆਊਟ-ਡੇਟਡ' ਮੰਨ ਲਿਆ ਹੈ। ਕੀ ਸਿੱਖਾਂ ਦੇ ਧੀਆਂ-ਪੁਤਾਂ ਦਾ ਸਿਖਾਂ ਵਾਂਗ ਲੱਗਣਾ ਪਾਪ ਹੈ? ਕੀ ਇਹ ਹਾਕਮ ਧਿਰ ਦੀ ਨਕਲ ਕੀਤੀ ਜਾ ਰਹੀ ਹੈ? ਕੀ ਸਾਡੀ ਇਸ ਪੀੜ੍ਹੀ ਦੇ ਦਿਲ-ਦਿਮਾਗ ਵਿਚ ਇਹ ਗੱਲ ਬੈਠ ਗਈ ਹੈ ਕਿ ਹਿੰਦੀ ਬੋਲੀ, ਹਿੰਦੂ ਲੋਕ, ਹਿੰਦੂ ਸਭਿਆਚਾਰ ਸਾਡੇ ਨਾਲੋਂ ਬੇਹਤਰ ਹੈ? ਇਹ ਗੱਲ ਹਾ-ਹਾ-ਹਾ ਕਰਕੇ ਉਡਾ ਦੇਣ ਵਾਲੀ ਨਹੀ, ਇਹ ਇਕ ਕੌਮ ਦੇ ਭਵਿੱਖ ਦਾ ਸਵਾਲ ਹੈ। ਜੇ ਇਹੀ ਹਾਲ ਰਿਹਾ ਤਾਂ ਇਸਤੋਂ ਅਗਲੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀ ਹੋਣਾ ਕਿ ਸਿੱਖੀ ਕੀ ਹੈ ਤੇ ਪੰਜਾਬੀ ਕੀ ਹੁੰਦੀ ਹੈ?
ਅਸੀ ਆਪਣੀ ਜਵਾਨ ਪੀੜ੍ਹੀ ਨੂੰ ਮਾੜਾ-ਚੰਗਾ ਕਹਿਕੇ ਸੁਰਖੁਰੂ ਨਹੀ ਹੋ ਸਕਦੇ। ਸਾਨੂੰ ਉਸ ਹਕੂਮਤੀ ਨੀਤੀ ਨਾਲ ਭਿੜਨਾ ਪੈਣਾ ਹੈ ਜੋ ਬੜੀ ਸਕੀਮ ਨਾਲ ਪੰਜਾਬੀ ਬੋਲੀ ਤੇ ਸਿੱਖ ਸਭਿਆਚਾਰ ਉਤੇ ਹਿੰਦੀ ਬੋਲੀ ਤੇ ਹਿੰਦੂ ਸੱਭਿਆਚਾਰ ਦੀ ਸਵਾਰੀ ਕਰਵਾਉਣ ਲਈ ਯਤਨਸ਼ੀਲ ਹੈ। ਪਰ ਇਸ ਕਾਰਜ ਦੀ ਜਿੰਮੇਵਾਰੀ ਸਿੱਖ ਸੰਸਥਾਂਵਾਂ ਸਿਰ ਹੈ ਨਾਕਿ ਪੰਜਾਬ ਸਰਕਾਰ ਸਿਰ ਜੋ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਲਈ 'ਪੰਜਾਬੀ ਹਫਤਾ' ਨਹੀ ਮਨਾ ਸਕਦੀ ਸਗੋਂ 'ਪੰਜਾਬੀ ਸਪਤਾਹ' ਮਨਾਉਣ ਦਾ ਪਖੰਡ ਕਰਦੀ ਹੈ। ਜਿਹੜੇ ਆਗੂ ਅਫਸਰਸ਼ਾਹੀ ਤੋਂ 'ਸਪਤਾਹ ਦੀ ਥਾਂ ਹਫਤਾ' ਨਹੀ ਲਿਖਵਾ ਸਕਦੇ, ਉਹ ਕੀ ਪੰਜਾਬੀ ਦੀ ਰਾਖੀ ਕਰਨਗੇ? ਪਿਛੇ ਜਿਹੇ ਪੰਜਾਬੀ ਰਾਜ-ਭਾਸ਼ਾ ਕਾਨੂੰਨ ਦਾ ਡਰਾਮਾ ਕੀਤਾ ਗਿਆਂ ਕਿ ਪੰਜਾਬ ਸਰਕਾਰ ਦਾ ਹਰ ਅਦਾਰਾ ਪੰਜਾਬੀ ਵਿਚ ਕੰਮ ਕਰੇਗਾ। ਕੀ ਉਹ ਫੈਸਲਾ ਲਾਗੂ ਹੋਇਆ? ਇਥੇ ਤਾਂ ਇਹ ਹਾਲ ਹੈ ਕਿ ਪੰਜਾਬੀ ਵਿਚ ਲਿਖੀ ਅਰਜ਼ੀ ਨੂੰ ਅਫਸਰਸ਼ਾਹੀ ਘੂਰ ਘੂਰ ਕੇ ਦੇਖਦੀ ਹੈ ਜਿਵੇਂ ਪੰਜਾਬੀ ਵਿਚ ਅਰਜ਼ੀ ਪੜ੍ਹਨ ਨਾਲ ਉਸਦੀ ਹੇਠੀ ਹੋ ਗਈ ਹੋਵੇ। ਪੰਜਾਬ ਸਰਕਾਰ ਕਦੇ ਵੀ ਹਿੰਦੋਸਤਾਨੀ ਹਕੂਮਤ ਦੀ ਉਸ ਨੀਤੀ ਦਾ ਢੁਕਵਾਂ ਜਵਾਬ ਨਹੀ ਦੇ ਸਕਦੀ ਜਿਸ ਤਹਿਤ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਦਾ ਘਾਣ ਕਰਨ ਲਈ ਕਰੋੜਾਂ ਰੁਪਏ ਫੂਕੇ ਜਾ ਰਹੇ ਹਨ!

ਪਰ ਕੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹਨ ਕਿ ਇਹ ਸਿੱਖ ਕੌਮ ਦੀ ਹੋਂਦ-ਹਸਤੀ ਨਾਲ ਜੁੜਿਆ ਮਸਲਾ ਹੈ? ਆਓ, ਵੱਡੇ ਹੌਂਸਲੇ ਨਾਲ ਮੰਨ ਲਈਏ ਕਿ ਉਥੋਂ ਕੋਈ ਆਸ ਨਹੀ।

ਟੀ.ਵੀ. ਚੈਨਲਾਂ ਰਾਹੀ ਨਿਤ ਨਵੇਂ ਨਵੇ ਸ਼ਬਦ ਸਿੱਖਾਂ ਨੂੰ ਸਿਖਾਏ ਜਾ ਰਹੇ ਨੇ। ਕਿਸੇ ਨੇ ਨਹੀ ਕਿਹਾ ਕਿ, 'ਅੰਨਾ ਦਾ ਮਰਨ-ਵਰਤ' ਸਾਰੇ ਪੰਜਾਬੀ ਚੈਨਲ ਵੀ 'ਅੰਨ-ਸ਼ੰਨ' ਹੀ ਸੁਣਾਉਦੇ ਰਹੇ। ਇਨਾਂ ਚੈਨਲਾਂ ਰਾਹੀ ਹੀ ਸਿਖਾਂ ਨੂੰ ਬਾਹਮਣਾਂ ਵਾਲੇ ਇਲਾਜ ਜਿਹੇ ਕਰਦੇ ਵਿਖਾਇਆਂ ਜਾਂਦਾ ਹੈ ਜੋ ਹਿੰਦੀ ਵਿਚ ਦੱਸਦੇ ਨੇ ਕਿ 'ਮੇਰੇ ਕਾਰੋਬਾਰ ਮੈਂ ਵਾਧਾ ਇਸ ਸ਼ਨੀ ਚੱਕਰ ਸੇ ਹੂਆ ਹੈ' ਹੋਰ ਕਿਵੇ ਹੁੰਦਾ ਹੈ ਬੋਲੀ ਤੇ ਸੱਭਿਆਚਾਰ ਉਤੇ ਹਮਲਾ? ਸਿਖਾਂ ਨੂੰ ਸਿਖੀ ਵਿਚ ਮਨਾ ਕੀਤੇ ਕਰਮਕਾਂਡਾਂ ਦੇ ਮਕੜਜਾਲ ਵਿਚ ਫਸਾਉਣ ਲਈ ਟੀ.ਵੀ. ਚੈਨਲਾਂ ਦੀ ਭਰਪੂਰ ਵਰਤੋਂ ਹੋ ਰਹੀ ਹੈ। ਪੀ.ਟੀ.ਸੀ. ਤੇ ਹੋਰ ਪੰਜਾਬੀ ਚੈਨਲਾਂ ਉਤੇ ਬੋਲੀ ਅਤੇ ਲਿਖੀ ਜਾ ਰਹੀ ਬੋਲੀ ਨੂੰ ਪੰਜਾਬੀ ਕਹਿਣਾ ਧਰੋਹ ਹੈ। ਇਹ ਕੋਈ ਖਿਚੜੀ ਬੋਲੀ ਹੈ,ਪੰਜਾਬੀ ਨਹੀ।

ਪੰਜਾਬੀ ਵਿਚ ਇਕ ਪਰਚਾ ਦੇਖਿਆ, ਨਾਂ ਸੀ ਤ੍ਰਿਸ਼ੰਕੂ! ਅੱਜ ਤੱਕ ਇਸਦੀ ਸਮਝ ਨਹੀ ਲੱਗੀ ਕਿ ਇਹ ਤ੍ਰਿਸ਼ੰਕੂ ਕੀ ਬਲਾ ਹੈ?  ਜਿਸ ਸ਼ਬਦ ਦੇ ਅਰਥ ਪੰਜਾਬੀ ਲੋਕਾਂ ਨੂੰ ਸਮਝ ਨਹੀ ਆਏ, ਜਾਕੇ ਕਿਸੇ ਹਿੰਦੀ ਵਾਲੇ ਤੋਂ ਪੁਛੋ ਤਾਂ ਝੱਟ ਦੱਸ ਸਏਗਾ ਕਿ 'ਸਰਦਾਰ ਜੀ,ਜੋ ਚੀਜ ਲਟਕ ਜਾਤੀ ਹੈ ਨਾ, ਉਸੇ ਤ੍ਰਿੰਸ਼ਕੂ ਕਹਿਤੇ ਹੈ'। ਹਿੰਦੀ ਤੋਂ ਪੰਜਾਬੀ ਸਮਝਣ ਦੇ ਰਾਹ ਤੋਰ ਰਹੇ ਇਨਾਂ ਪੰਜਾਬੀ ਬੋਲੀ ਵਿਚ ਛਪਦਿਆਂ ਪਰਚਿਆਂ ਤੋਂ ਕਿਹੜੀ ਪੰਜਾਬੀ ਦੀ ਸੇਵਾ ਦੀ ਆਸ ਕਰਦੇ ਹੋ?

ਅਖਬਾਰਾਂ ਵਿਚ ਜੋ ਹੁਣ ਨਵੇ 'ਪੱਤਰਕਾਰ' ਹਨ ਉਨਾਂ ਦੀ ਪੰਜਾਬੀ ਦੀਆਂ ਕਿਆ ਈ ਬਾਤਾਂ! ਲਿਖਣਗੇ, 'ਤਣਾਵ ਬਰਕਰਾਰ ਹੈ' ਭੜੂਏ ਨੂੰ ਪੁਛੇ ਕਿ ਸਿੱਧਾ ਕਿਉਂ ਨਹੀ ਲਿਖਿਆ, 'ਮਹੌਲ ਵਿਚ ਤਲਖੀ ਹੈ' ਪਤਾ ਨਹੀ ਪੰਜਾਬੀ ਦੇ ਸੌਖੇ ਸ਼ਬਦ ਛੱਡਕੇ ਹਿੰਦੀ/ਸੰਸਕ੍ਰਿਤ ਤੋਂ ਕੀ ਡੋਕੇ ਲੈਣ ਜਾਂਦੇ ਨੇ। ਔਖੇ ਤੋਂ ਔਖਾ ਸ਼ਬਦ ਲਿਖਣਗੇ ਕਿ ਬੰਦੇ ਨੂੰ ਸਮਝਣ ਲੱਗਿਆਂ ਨਾਨੀ ਚੇਤੇ ਆਜੇ। ਬਥੇਰੇ ਲੋਕ ਟੋਕਦੇ ਨੇ ਪਰ 'ਵਿਦਵਤਾ' ਦਿਖਾਉਣ ਦੇ ਨਾਂ ਹੇਠ ਇਹੋ ਜਿਹੀਆਂ ਜਭਲ਼ੀਆਂ ਮਾਰੀ ਜਾਂਦੇ ਹਨ। ਵਿਦਵਾਨ ਅਖਵਾਉਣ ਵਾਲੇ ਲੋਕਾਂ ਦੀਆਂ ਲਿਖਤਾਂ ਤਾਂ ਤੌਬਾ ਕਰਵਾ ਦਿੰਦੀਆਂ ਹਨ। ਪੰਜਾਬੀ ਦੇ ਸ਼ਬਦਾਂ ਦੇ ਅਰਥ ਵੀ ਕਈ ਵਾਰ 'ਸ਼ਬਦ-ਅਰਥ ਕੋਸ਼'- ਡਿਕਸ਼ਨਰੀ ਲੱੱਭਣ ਲਾ ਦਿੰਦੇ ਹਨ। ਸ਼ਾਇਦ ਸਭ ਤੋਂ ਵਧੀਆ ਪੰਜਾਬੀ ਵਿਦਵਾਨ ਉਸੇ ਨੂੰ ਸਮਝਿਆ ਜਾਂਦਾ ਹੋਵੇ ਜੋ ਭਿਆਨਕ, ਕਿਸੇ ਦੇ ਨਾ ਸਮਝ ਆਉਣ ਵਾਲੇ ਤੇ ਕਮਲ ਪਾ ਦੇਣ ਵਾਲੇ ਸ਼ਬਦਾਂ ਵਾਲੀਆਂ ਲਿਖਤਾਂ ਲਿਖਣਦੇ ਹੋਣ!
੧.ਉਡਾਨ ਲਿਖਣਗੇ ਨਾ ਕਿ ਉਡਾਰੀ
੨.ਵਚਨਬੱਧ ਲਿਖਣਗੇ ਨਾ ਕਿ ਦ੍ਰਿੜ
੩.ਵਿਸ਼ਵ ਲਿਖਣਗੇ ਨਾ ਕਿ ਦੁਨੀਆਂ
੪.ਸਵੀਕਾਰ ਲਿਖਣਗੇ ਨਾ ਕਿ ਮਨਜੂਰ
੫. ਪ੍ਰਸਤਾਵ ਲਿਖਣਗੇ ਨਾ ਕਿ ਪੇਸ਼ਕਸ਼
੬. ਸਰਵਸ਼੍ਰੇਸਠ ਲਿਖਣਗੇ ਨਾ ਕਿ ਸਭ ਤੋਂ ਵਧੀਆ
੭. ਵਿਸ਼ਵਵਿਆਪੀ ਲਿਖਣਗੇ ਨਾ ਕਿ ਸੰਸਾਰ-ਪੱਧਰੀ
੮. ਪ੍ਰਤੀਯੋਗੀ ਲਿਖਣਗੇ ਨਾ ਕਿ ਉਮੀਦਵਾਰ
੯. ਪਸ਼ਚਾਤਾਪ ਲਿਖਣਗੇ ਨਾ ਕਿ ਪਛਤਾਵਾ
੧੦.ਤਲਾਸ਼ ਲਿਖਣਗੇ ਨਾ ਕਿ ਭਾਲ
੧੧. ਸਪਤਾਹਿਕ ਲਿਖਣਗੇ ਨਾ ਕਿ ਹਫਤਾਵਾਰੀ
੧੨ ਸੰਤੁਸ਼ਟ ਲਿਖਣਗੇ ਨਾ ਕਿ ਤਸੱਲੀਬਖਸ਼
੧੩ ਪ੍ਰਸ਼ਾਸਨ ਲਿਖਣਗੇ ਨਾ ਕਿ ਨਿਜ਼ਾਮ
੧੪. ਵਰਦਾਨ ਲਿਖਣਗੇ ਨਾ ਕਿ ਅਸ਼ੀਰਵਾਦ
੧੫. ਵਿਭਾਗ ਲਿਖਣਗੇ ਨਾ ਕਿ ਦਫਤਰ
ਪਤਾ ਨਹੀ ਪੰਜਾਬੀ ਨੂੰ ਹਿੰਦੀ ਤੇ ਸੰਸਕ੍ਰਿਤ ਦਾ ਤੜਕਾ ਲਾਕੇ ਕੀ ਮਿਲਦਾ ਹੈ ਇਨਾਂ ਨੂੰ? ਕਿਉਂ ਪੰਜਾਬੀ ਮਾਂ-ਬੋਲੀ ਦੀ ਗੁੜ ਵਰਗੀ ਮਿਠਾਸ ਨੂੰ ਮਾਰਕੇ ਇਸ ਵਿਚ ਹਿੰਦੀ/ਸੰਸਕ੍ਰਿਤ ਦਾ ਰਸਹੀਣ ਲੇਸ ਪਾਈ ਜਾਂਦੇ ਨੇ?
ਪੰਜਾਬੀ ਦੇ ਸੌਖੇ ਨਾਂਵ-ਪੜਨਾਂਵ ਸਿਖ ਬੱਚਿਆਂ ਦੇ ਦਿਲ-ਦਿਮਾਗ ਵਿਚੋਂ ਕੱਢਕੇ ਉਥੇ ਹਿੰਦੀ ਦੇ ਬਦਹਜ਼ਮੀ ਫੈਲਾਉਣ ਯੋਗ ਨਾਂਵ-ਪੜਨਾੜ ਤੂਸੇ ਜਾ ਰਹੇ ਹਨ। ਹੁਣ ਦੇ ਬੱਚੇ-ਬੱਚੀਆਂ ਪੰਜਾਬੀ ਬੋਲੀ ਵਿਚ ਆਮ ਵਰਤੇ ਜਾਂਦੇ ਚੀਜਾਂ, ਮਨੁਖਾਂ ਤੇ ਹੋਰ ਦਿਸਦੀਆਂ ਤੇ ਅਦਿਸਦੀਆਂ ਵਸਤਾਂ ਦੇ ਨਾਂਵਾਂ ਦੀ ਥਾਂ ਹਿੰਦੀ ਦੇ ਇਥੋਂ ਤੱਕ ਕਿ ਸੰਸਕ੍ਰਿਤ ਰਾਂਹੀ ਵਰਤੇ ਜਾਂਦੇ ਨਾਂਵ, ਬੜੇ ਔਖੇ ਹੋ ਹੋਕੇ ਵਰਤਦੇ ਹਨ ਤਾਂ ਹੈਰਾਨੀ ਵੀ ਹੁੰਦੀ ਹੈ ਤੇ ਗਿਲਾਨੀ ਵੀ ਆਉਦੀ ਹੈ ਕਿ ਕਿਵੇਂ ਸੌਖੀ ਬੋਲੀ ਦੀ ਥਾਂ ਔਖੀ ਬੋਲੀ ਅਪਣਾ ਰਹੇ ਹਨ। ਫਿਰ ਖਿਆਲ ਆਂਉਦਾ ਹੈ ਕਿ ਇਨਾਂ ਨੂੰ ਪੰਜਾਬੀ ਤੋਂ ਤੋੜਕੇ ਤਾਂ ਅਗਲਿਆਂ ਨੇ ਇਹ ਔਖੀ ਬੋਲੀ ਇਨਾਂ ਅੰਦਰ ਧਸਾਈ ਹੈ। ਹਿੰਦੀ ਇਕ ਗਰੀਬ ਬੋਲੀ ਹੈ ਤੇ ਪੰਜਾਬੀ ਇਕ ਅਮੀਰ ਬੋਲੀ ਹੈ ਜਿਸ ਕੋਲ ਕਿਸੇ ਗੱਲ ਨੂੰ ਪ੍ਰਗਟ ਕਰਨ ਲਈ ਬੇਅਥਾਹ ਸਮਰੱਥਾ ਹੈ। ਜਿਸ ਬੋਲੀ ਕੋਲ ਆਪਣੇ ਲੋਕਾਂ ਦੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਵੱਧ ਤੋਂ ਵੱਧ ਭੰਡਾਰ ਹੋਵੇ, ਉਸਨੂੰ ਅਮੀਰ ਬੋਲੀ ਮੰਨਿਆ ਜਾਂਦਾ ਹੈ। ਇਸ ਮਾਮਲੇ ਵਿਚ ਪੰਜਾਬੀ ਬੋਲੀ ਹਿੰਦੀ ਨਾਲੋਂ ਹਰ ਤਰਾਂ ਅੱਗੇ ਹੈ। ਹਿੰਦੀ ਕੋਲ ਤਾਂ ਯੋਗ 'ਕਿਰਿਆਵਾਂ" ਵੀ ਬਹੁਤ ਘੱਟ ਹਨ। ਹਿੰਦੀ ਵਿਚ ਕਹਿਣਗੇ-
੧.ਰਾਮ ਨੇ ਸ਼ਾਮ ਕੇ ਕੇਸ਼ ਕਾਟ ਦੀਏ।
੨. ਸ਼ਾਮ ਨੇ ਖੁਰਬੂਜਾ ਕਾਟ ਦੀਆ।
੩. ਮੋਹਨ ਨੇ ਰੱਸੀ ਕਾਟ ਦੀ।
੪.ਗੀਤਾ ਨੇ ਸੀਤਾ ਕੀ ਬਾਤ ਕਾਟ ਦੀ।
੫.ਗੋਪਾਲ ਕੋ ਕੁੱਤੇ ਨੇ ਕਾਟ ਲੀਆ।
੬.ਗੋਪੀ ਕੋ ਸਾਂਪ ਨੇ ਕਾਟ ਲੀਆ।
ਇੰਝ ਹਿੰਦੀ ਵਾਲਿਆਂ ਕੋਲ ਬਹੁਤ ਸਾਰੀਆਂ ਕਿਰਿਆਂਵਾਂ ਲਈ ਇਕੋ ਸ਼ਬਦ 'ਕਾਟਨਾ' ਹੈ। ਹਰ ਥਾਂ "ਕਾਟਨਾ ਸ਼ਬਦ ਵਰਤੀ ਜਾਂਦੇ ਹਨ। ਪਰ ਪੰਜਾਬੀ ਵਿਚ ਹਰ ਕਿਰਿਆਂ ਲਈ ਇਕ ਵੱਖਰਾ,ਮੁਕੰਮਲ ਤੇ ਸਮਰੱਥ ਸ਼ਬਦ ਮਿਲਦਾ ਹੈ।
ਜਿਵੇ
੧.ਰਾਮ ਨੇ ਸ਼ਾਮ ਦੇ ਕੇਸ਼ ਮੁੰਨ ਦਿਤੇ (ਕੇਸ ਕੱਟੇ ਨਹੀ ਜਾਂਦੇ,ਮੁੰਨੇ ਜਾਂਦੇ ਨੇ, ਮੁੰਨਣਾ ਕਿਰਿਆ ਹੈ)
੨.ਸ਼ਾਮ ਨੇ ਖਰਬੂਜਾ ਚੀਰ ਦਿੱਤਾ (ਖਰਬੂਜਾ ਕੱਟਿਆ ਨਹੀ ਜਾਂਦਾ, ਚੀਰਿਆ ਜਾਂਦਾ ਹੈ, ਚੀਰਨਾ ਕਿਰਿਆ)
੩.ਮੋਹਨ ਨੇ ਰੱਸੀ ਟੁੱਕ ਦਿਤੀ। (ਰੱਸੀ ਕੱਟੀ ਨਹੀ ਜਾਂਦੀ, ਟੁੱਕੀ ਨਹੀ ਜਾਦੀ ਹੈ, ਟੁਕਣਾ ਕਿਰਿਆਂ)
੪ ਗੀਤਾ ਨੇ ਸੀਤਾ ਦੀ ਗੱਲ ਟੋਕ ਦਿਤੀ (ਗੱਲ ਕੱਟੀ ਨਹੀ ਜਾਂਦੀ, ਟੋਕੀ ਜਾਦੀ ਹੈ, ਟੋਕਣਾ ਕਿਰਿਆ)
੫.ਗੋਪਾਲ ਨੂੰ ਕੁੱਤੇ ਨੇ ਵੱਢ ਲਿਆ (ਕੁੱਤਾ ਕੱਟਦਾ ਨਹੀ,ਵੱਢਦਾ ਹੈ, ਵੱਢਣਾ ਕਿਰਿਆ)
੬ ਗੋਪਾਲ ਨੂੰ ਸੱਪ ਨੇ ਡੱਸ ਲਿਆ।ਸੱਪ ਡੱਸਦਾ ਹੈ, ਕਟਦਾ ਨਹੀ, ਡੱਸਣਾ ਕਿਰਿਆ)
ਕਿੱਡੇ ਅਭਾਗੇ ਨੇ ਉਹ ਲੋਕ ਜੋ ਪੰਜਾਬੀ ਵਰਗੀ ਅਮੀਰ ਬੋਲੀ ਨੂੰ ਤਿਆਗਕੇ ਗਰੀਬ ਬੋਲੀ ਮਗਰ ਭੱਜੇ ਫਿਰਦੇ ਨੇ!
ਪਿਛੇ ਜਿਹੇ ਪੰਜਾਬ ਦੀ ਇਕ ਯੂਨੀਵਰਸਿਟੀ ਵਿਚ ਮੱਤ ਦਿੱਤੀ ਜਾ ਰਹੀ ਸੀ ਕਿ ਕੰਪਿਊਟਰ ਲਈ ਪੰਜਾਬੀ ਸਹੀ ਨਹੀ ਤੇ ਸੰਸਕ੍ਰਿਤ ਜਾਇਜ ਹੈ। ਇਸਦਾ ਭਰਪੂਰ ਵਿਰੋਧ ਹੋਇਆ ਤਾਂ ਅਗਲਿਆਂ ਨੇ ਪੈਰ ਪਿਛੇ ਕਰ ਲਏ ਨਹੀ ਤਾਂ ਕਹਿਣਾ ਸੀ ਕਿ ਵਿਦਿਆਰਥੀਆਂ ਦੀ ਸਹਿਮਤੀ ਨਾਲ ਪੰਜਾਬੀ ਹਟਾਕੇ ਸੰਸਕ੍ਰਿਤ ਲਾਈ ਗਈ ਹੈ।
ਦਰਅਸਲ ਸੰਸਕ੍ਰਿਤ ਵਾਲਿਆਂ ਨੇ ਸਦਾ ਹੀ ਗੁਰਮੁਖੀ ਨੂੰ ਤੇ ਗੁਰਮਤਿ ਨੂੰ ਕੈਰੀ ਅੱਖ ਨਾਲ ਵੇਖਿਆ ਹੈ। ਜਿਸ ਸਿਖ ਵਿਚਾਰਧਾਰਾ ਨੇ ਬ੍ਰਾਹਮਣਵਾਦ ਦੇ ਪਰਖੱਚੇ ਉਡਾਏ ਹਨ, ਉਸ ਦਾ ਨਾਸ਼ ਕਰਨ ਲਈ ਅਗਲਿਆਂ ਕੋਲ ਹੁਣ ਸਭ ਤੋਂ ਸਹੀ ਵੇਲਾ ਹੈ। ਹਕੂਮਤ ਦੀ ਤਾਕਤ ਦੀ ਖੁਲ੍ਹਕੇ ਵਰਤੋਂ ਹੋ ਰਹੀ ਹੈ।

ਇਕ ਗੱਲ ਸਦਾ ਚੇਤੇ ਰੱਖੇ ਕਿ ਹਿੰਦੀ/ਸੰਸਕ੍ਰਿਤ ਹੀ ਪੰਜਾਬੀ ਬੋਲੀ ਨੂੰ ਵਿਗਾੜ ਸਕਦੇ ਨੇ ਜਿਵੇਂ ਕੋਈ ਗੁਰਸਿਖ ਬੰਦਾ ਧੋਤੀ-ਟੋਪੀ ਤੇ ਫਤੂਹੀ ਜਿਹੀ ਪਾਈ ਫਿਰੇ ਤਾਂ ਜੱਚਦਾ ਨਹੀ, ਇਵੇਂ ਹੀ ਪੰਜਾਬੀ ਦਾ ਹਿੰਦੀਕਰਨ ਜਚਦਾ ਨਹੀ। ਅਕਸਰ ਹੀ ਸ਼ਹਿਰੋਂ ਪਿੰਡ ਮਿਲਣ ਆਏੇ ਪੁੱਤ ਨੂੰ ਬਾਪੂ ਕਹਿ ਦਿੰਦਾ, "ਕੀ ਲਾਲਿਆਂ ਜਿਹੀ ਵਾਲੀ ਬੋਲੀ ਸਿਖਾਤੀ ਨਿਆਣਿਆਂ ਨੂੰ,ਆਪ ਵੀ ਹੋਰ ਈ ਤਰ੍ਹਾਂ ਬੋਲਦੈਂ,ਬੋਲੀ ਤਾਂ ਠੀਕ ਰੱਖ ਲਓ" ਤਾਂ ਸ਼ਹਿਰ ਰਹਿੰਦੇ ਪੁਤ-ਨੂੰਹ ਨੂੰ ਸਮਝ ਨਹੀ ਪੈਂਦੀ ਕਿ ਸੱਚੀ ਹੀ ਸਾਡੀ ਬੋਲੀ ਬਦਲ ਗਈ ਹੈ? ਦਰਅਸਲ ਇਹ ਮਾਨਸਿਕਤਾ ਵਿਚ ਐਨੀ ਸਹਿਜ ਨਾਲ ਧਸਦੀ ਹੈ ਕਿ ਮਹਿਸੂਸ ਹੀ ਨਹੀ ਹੁੰਦਾ।
ਹੁਣ ਤਾਂ ਹਾਲ ਇਹ ਹੋਗਿਆ ਕਿ ਨਾ ਚਾਹੁੰਦੇ ਹੋਏ ਵੀ ਲਿਖਤ ਤੇ ਬੋਲਚਾਲ ਵਿਚ ਗੈਰ-ਪੰਜਾਬੀ ਸ਼ਬਦ ਆ ਜਾਂਦੇ ਹਨ। ਇਹ ਰੁਝਾਨ ਹੋਰ ਵਧੇਗਾ।ਹੁਣ ਤਾਂ ਦਸ ਸ਼ਬਦਾਂ ਦੇ ਵਾਕ ਵਿਚ ਦੋ ਅੰਗਰੇਜੀ ਤੇ ਤਿੰਨ ਹਿੰਦੀ ਦੇ ਸ਼ਬਦ ਵਰਤਦੇ ਹਾਂ ਪਰ ਜਲਦੀ ਹੀ ਇਕ ਅੱਧਾ ਸ਼ਬਦ ਪੰਜਾਬੀ ਦਾ ਰਹਿ ਜਾਏਗਾ ਤੇ ਅੱਠ-ਨੌਂ ਸ਼ਬਦ ਅੰਗਰੇਜੀ-ਹਿੰਦੀ ਦੇ ਹੋਇਆ ਕਰਨਗੇ।
ਜਦੋਂ ਪੰਜਾਬੀ ਵਿਚ ਅਰਬੀ-ਫਾਰਸੀ,ਅੰਗਰੇਜੀ ਜਾਂ ਕਿਸੇ ਹੋਰ ਬੋਲੀ ਦੇ ਸ਼ਬਦ ਮਜਬੂਰੀ ਵੱਸ ਆ ਜਾਣ ਤਾਂ ਪੰਜਾਬੀ ਬੋਲੀ ਹਜ਼ਮ ਕਰ ਲੈਂਦੀ ਹੈ ਜਿਵੇਂ ਖ਼ਾਲਸਾ, ਪੈਨ, ਕਾਲਜ ਆਦਿਕ ਸ਼ਬਦ ਪੰਜਾਬੀ ਬੋਲੀ ਨੇ ਹਜ਼ਮ ਕਰ ਲਏ ਹਨ ਤੇ ਹੁਣ ਸਾਨੂੰ ਜਾਪਦੇ ਹੀ ਨਹੀ ਕਿ ਇਹ ਸ਼ਬਦ ਬਾਹਰੋਂ ਆਏ ਹਨ। ਪਰ ਹਿੰਦੀ/ਸੰਸਕ੍ਰਿਤ ਦਾ ਸ਼ਬਦ ਸਦਾ ਕੋਕੜੂ ਬਣਕੇ ਰੜਕਦੇ ਨੇ। ਚੰਗੀ ਭਲੀ ਗੱਲ ਦਾ ਜ਼ਾਇਕਾ ਖਰਾਬ ਹੋ ਜਾਂਦਾ ਹਿੰਦੀ/ਸੰਸਕ੍ਰਿਤ ਦਾ ਸ਼ਬਦ ਆਉਣ ਨਾਲ। ਜਦੋਂ ਕੋਈ ਸਿਖ ਹਿੰਦੀ ਬੋਲਦਾ ਤਾਂ ਇੰਝ ਜਾਪਦਾ ਜਿਵੇਂ ਝੂਠ ਬੋਲ ਰਿਹਾ ਹੋਵੇ।

ਪੰਜਾਬੀ ਬੋਲੀ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਇਕ ਹੋਰ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਹਿੰਦੀ ਬੋਲਣ ਵਾਲੇ ਐਨੇ ਜਿਆਦਾ ਲੋਕ,ਲਿਆਕੇ ਪੰਜਾਬ ਵਿਚ ਵਸਾ ਦਿਓ ਕਿ ਇਥੋਂ ਦੇ ਲੋਕ ਖੁਦ ਹੀ ਪੰਜਾਬੀ ਤਿਆਗ ਦੇਣ। ਹੁਣ ਹਾਲ ਇਹ ਹੈ ਕਿ ਅਨਪੜ ਤੋਂ ਅਨਪੜ ਬੰਦਾ ਵੀ ਹਿੰਦੀ ਦੇ ਘੜੀਸੇ ਪਵਾ ਰਿਹਾ ਹੈ। ਕਹਿਣਗੇ, 'ਭਈਆ,ਕੱਲ ਕੋ ਦਿਹਾੜੀ ਚਾਲਨਾ ਹੈ ਸਾਡੇ,ਪੱਠੇ ਵਾਢਨੇ ਨੇ' ਤੇ ਮਾਈਆਂ ਸਬਜ਼ੀ ਵਾਲੇ ਭਈਏ ਨਾਲ ਬਹਿਸੀ ਜਾਣਗੀਆਂ, 'ਅਰੇ ਇੰਨੇ ਮਹਿੰਗੇ ਹੋਗੇ ਹੈ ਜੇ ਆਲੂ?'
ਘਰਾਂ ਵਿਚ ਭਈਏ ਨੌਕਰ ਹਨ ਜੋ ਨਿੱਕੇ ਨਿੱਕੇ ਨਿਆਣਿਆਂ ਨੂੰ ਬਚਪਨ ਵਿਚ ਹੀ ਹਿੰਦੀ ਤੇ ਲਾ ਦਿੰਦੇ ਹਨ। ਖੇਤਾਂ ਵਿਚ ਤੇ ਹੋਰ ਥਾਂਵਾਂ ਤੇ ਵੀ ਭਈਏ ਹਨ ਜਿੰਨਾਂ ਨਾਲ ਹਿੰਦੀ ਬੋਲਣੀ ਪੈਂਦੀ ਹੈ। ਸਮਝ ਨਹੀ ਆਉਦਾ ਕਿ ਜਿਹੜੇ ਸਾਡੇ ਬੰਦੇ ਬਾਹਰ ਗਏ ਨੇ ਉਹਨਾਂ ਨੇ ਤਾਂ ਉਨਾਂ ਮੁਲਕਾਂ ਦੀ ਬੋਲੀ ਸਿਖੀ ਹੈ ਜਿਥੇ ਉਹ ਰੋਜੀ ਰੋਟੀ ਕਮਾਉਣ ਗਏ ਸੀ, ਪਰ ਆਹ ਭਈਏ ਕਿਹੇ ਜਿਹੇ ਪਰਵਾਸੀ ਮਜਦੂਰ ਹਨ ਜਿਹੜੇ ਸਾਡੀ ਬੋਲੀ ਨੂੰ ਖਾਈ ਜਾਂਦੇ ਨੇ ਤੇ ਅਸੀ ਇਨਾਂ ਦੀ ਬੋਲੀ ਬੋਲਣ ਲੱਗ ਪਏ। ਇਹ ਇਥੇ ਕਮਾਈ ਕਰਨ ਆਏ ਨੇ ਕਿ ਸਾਨੂੰ ਬੋਲੀ ਤੋਂ ਮੁਨਕਰ ਕਰਵਾਉਣ?

ਹੁਣ ਤੇ ਪੰਜਾਬ ਵਿਚ ਹਿੰਦੀ ਬੋਲਣ ਵਾਲੇ ਐਨੇ ਜਿਆਦਾ ਹੋ ਗਏ ਨੇ ਕਿ ਹਿੰਦੀ ਦੇ ਕਈ ਅਖਬਾਰ ਵੀ ਇਥੇ ਛਪਣ ਲੱਗ ਪਏ, ਅਮਰ ਉਜਾਲਾ, ਦੈਨਿਕ ਜਾਗਰਣ, ਭਾਸਕਰ,,ਇਹ ਅਖਬਾਰ ਸਦਾ ਹੀ ਹਿੰਦੀ ਤੇ ਹਿੰਦੂਆ ਦੇ ਹੱਕ ਵਿਚ ਤੇ ਪੰਜਾਬੀ ਅਤੇ ਸਿਖਾਂ ਦੇ ਖਿਲ਼ਾਫ ਲਿਖਦੇ ਹਨ। ਇਹ ਅਖਬਾਰ ਉਹ ਲੋਕ ਬਹੁਤ ਚਾਅ ਨਾਲ ਪੜ੍ਹਦੇ ਹਨ ਜੋ ਸਿਖੀ ਤੇ ਸਿਖਾਂ ਦੇ ਵੈਰੀ ਹਨ। ਇੰਝ ਜਾਪਦਾ ਹੈ ਕਿ ਕੌਮ ਨੂੰ ਚਾਰੇ ਪਾਸਿਓ ਘੇਰਿਆ ਜਾ ਰਿਹਾ ਹੈ।

ਇਸਤੋਂ ਵੱਡਾ ਕਹਿਰ ਕੀ ਹੋਵੇਗਾ ਕਿ ਪੰਜਾਬ ਵਿਚ ਕਈ ਸਕੂਲ ਹਨ ਜਿਥੇ ਪੰਜਾਬੀ ਦਾ ਸ਼ਬਦ ਬੋਲਣ ਦੀ ਮਨਾਹੀ ਹੈ। ਕਈ ਸਕੂਲ ਅਜਿਹੇ ਹਨ ਜਿਥੇ ਸਿਖ ਬੱਚਿਆਂ ਨੂੰ ਸਿਖੀ ਨਾਲ ਸਬੰਧਤ ਚੀਜਾਂ ਪਹਿਨਣ ਤੋਂ ਰੋਕਿਆ ਜਾਂਦਾ ਹੈ। ਅਸਲ ਵਿਚ ਸਾਰੇ ਸਕੂਲ਼ਾਂ/ਕਾਲਜਾਂ ਵਿਚ ਅਜਿਹਾ ਮਹੌਲ ਤਿਆਰ ਕੀਤਾ ਜਾ ਰਿਹਾ ਹੈ ਕਿ ਸਿਖਾਂ ਦੇ ਮੁੰਡੇ-ਕੁੜੀਆਂ ਖੁਦ ਹੀ ਸਿਖੀ ਤੋਂ ਬਾਗੀ ਹੋ ਜਾਣ! ਜਿਹੜੇ ਨਿਆਣੇ ਅੰਗਰੇਜੀ ਸਕੂਲਾਂ ਵਿਚ ਪੜ੍ਹਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਵੀ ਟੇਕਣਾ ਭੁਲਦੇ ਜਾ ਰਹੇ ਨੇ, ਉਹ ਈਸਾਈਆਂ ਵਾਂਗ ਸਰੀਰ ਦੇ ਤਿੰਨ-ਚਾਰ ਥਾਵਾਂ ਤੇ ਹੱਥ ਜਿਹਾ ਲਾਕੇ ਮੱਥਾਂ ਟੇਕਦੇ ਨੇ, ਆਹ ਖੱਟਿਆਂ, ਅਸੀ ਅੰਗਰੇਜੀ ਸਕੂਲ਼ਾਂ ਵਿਚੋਂ।

ਈਸਾਈਆਂ ਦੇ ਸਕੂਲ਼ ਸਿਖ ਬੱਚਿਆਂ ਨੂੰ ਈਸਾਈ ਬਣਾਉਣ ਤੇ ਤੁਲੇ ਹੋਏ ਨੇ ਤੇ ਹਿੰਦੂਆਂ ਦੇ ਸਕੂਲਾਂ ਵਿਚ ਸਿਖ ਬੱਚਿਆਂ ਨੂੰ ਕਰਮਕਾਂਡੀ ਫਲਸਫੇ ਦੇ ਰਾਹ ਪਾਇਆ ਜਾ ਰਿਹਾ ਹੈ। ਇਹਨਾਂ ਦੇ ਸਕੂਲਾਂ ਦੇ ਇਹ ਵਿਦਿਆਰਥੀ ਜਦੋ ਪੜ੍ਹਾਈ ਪੂਰੀ ਕਰਕੇ ੧੫-੨੦ ਸਾਲ ਬਾਅਦ ਸਮਾਜ ਵਿਚ ਵਿਚਰਨਗੇ ਤਾਂ ਸਿਖ ਸੱਭਿਆਚਾਰ ਦੇ ਕਿੰਨੇ ਕੁ ਧਾਰਨੀ ਰਹਿਣਗੇ?

੍ਹਰ ਮੁਲਕ ਵਿਚ ਮੁਢਲੀ ਪੜ੍ਹਾਈ ਮਾਂ-ਬੋਲੀ ਵਿਚ ਹੀ ਦਿਤੀ ਜਾਂਦੀ ਹੈ। ਮਨੋਵਿਗਿਆਨੀ ਵੀ ਇਹੀ ਸੁਝਾਅ ਦਿੰਦੇ ਹਨ ,ਪਰ ਸਾਡੇ ਪੰਜਾਬ ਵਿਚ ਪੰਜਾਬੀ ਬੱਿਚਆਂ ਨੂੰ ਹਿੰਦੀ/ਅੰਗਰੇਜੀ ਦੇ ਰਾਹ ਤੋਰਕੇ ਉਨਾਂ ਨੂੰ ਦੱਬੂ ਜਿਹੇ ਬਣਾਇਆਂ ਜਾ ਰਿਹਾ ਹੈ।ਮਨੋਵਿਗਿਆਨੀ ਕਹਿੰਦੇ ਨੇ ਕਿ ਮਾਂ-ਬੋਲੀ ਵਿਚ ਪੜ੍ਹੇ ਬੱਚੇ ਗੈਰ-ਬੋਲੀ ਵਿਚ ਪੜ੍ਹਨ ਵਾਲਿਆਂ ਨਾਲੋਂ ਵੱਧ ਆਤਮ-ਵਿਸਵਾਸ਼ੀ ਹੂੰਦੇ ਹਨ ਪਰ ਇਥੇ ਕੋਈ ਸੁਣਦਾ ਹੀ ਨਹੀ।ਰੋਜੀ-ਰੋਟੀ ਤੇ ਹੋਰ ਲੋੜਾਂ ਕਰਕੇ ਹਿੰਦੀ/ਅੰਗਰੇਜੀ ਦਾ ਵਧ ਰਹੇ ਬੋਲਬਾਲੇ ਨੇ ਪੰਜਾਬੀ ਦਾ ਜੋ ਘਾਣ ਕਰਨਾ ਸ਼ੁਰੂ ਕੀਤਾ ਹੋਇਆ ਹੈ,ਇਸ ਬਾਰੇ ਜਾਂ ਤਾਂ ਪੰਜਾਬ ਦੇ ਲੋਕ ਕੁਝ ਕਰਨ ਜਾਂ ਸਰਕਾਰ।ਪਰ ਜੇਹੜੀ ਪੰਜਾਬ ਸਰਕਾਰ ਆਪਣੇ 'ਸਿਖਿਆ ਬੋਰਡ" ਦਾ ਨਾਂ ਨੂੰ ਸਹੀ ਨਹੀ ਲਿਖਵਾ ਸਕਦੀ ਤੇ ਜਿਸ ਸਰਕਾਰ ਦੇ ਮੰਤਰੀ ਤੇ ਅਫਸਰ ਪੰਜਾਬੀ ਵਿਚ ਗੱਲਬਾਤ ਕਰਨ ਤੇ ਦਫਤਰੀ ਕੰਮ ਕਰਨ ਦੇ ਖਿਲਾਫ ਹੋਣ,ਉਹ ਪੰਜਾਬੀ ਦੀ ਕੀ ਰਾਖੀ ਕਰਨਗੇ।
ਪੰਜਾਬ ਦੇ ਸਕੂਲਾਂ ਵਿਚ ਜਿਹੋ ਜਿਹੀ ਪੰਜਾਬੀ ਪੜ੍ਹਾਈ ਜਾ ਰਹੀ ਹੈ,ਉਸ ਲਈ ਕੇਵਲ ਅਧਿਆਪਕਾਂ ਤੇ ਬੱਚਿਆ ਨੂੰ ਜਿੰਮੇਵਾਰ ਨਹੀ ਕਿਹਾ ਜਾ ਸਕਦਾ ,ਇਹ ਪੂਰੇ ਢਾਂਚੇ ਦਾ ਕਸੂਰ ਹੈ।ਤੁਸੀ ਅਕਸਰ ਹੀ ਹੁਣ ਲੋਕਾਂ ਨੂੰ ਪੰਜਾਬੀ ਅੰਕੜਿਆਂ ਤੇ ਫਸਦੇ-ਉਲਝਦੇ ਵੇਖਦੇ ਹੋਵੋਗੇ।ਉਨੀ,ਉਨੱਤੀ,ਉਨਤਾਲੀ,ਉਨੰਜਾ,ਉਨਾਹਟ,ਉਨੱਤਰ,ਉਨਾਸੀ,ਉਣੰਨਵੇਂ,ਨੜਿੰਨਵਂੇ ਵਾਲੀ ਲਾਈਨ ਵਿਚੋਂ ਜੇ ਕਿਸੇ ਦਾ ਮੋਬਾਈਲ ਨੰਬਰ ਹੋਵੇ ਤਾਂ ਤਾਂ ਹੁਣ ਪੁਆੜਾ ਹੀ ਖੜ੍ਹਾ ਹੋ ਜਾਂਦਾ ਹੈ ਕਈਆਂ ਨੂੰ।ਉਹ ਹਿੰਦੀ ਜਾਂ ਅੰਗਰੇਜੀ ਵਿਚ ਦੱਸਣਗੇ ਕਿ 'ਫਾਈਵ ਨਾਈਨ'।ਕਈਆਂ ਨੂੰ ਪਚਵੰਜਾ,ਅਠਾਹਟ,ਅਠੱਤਰ,ਸਤਾਸੀ,ਅਠੱਨਵੇਂ ਆਦਿਕ ਲਿਖਣ ਜਾਂ ਬੋਲਣ ਲੱਗਿਆਂ ਸਮੱਸਿਆਂ ਆ ਰਹੀ ਹੈ। ਹੈਰਾਨੀ ਹੈ ਕਿ ਹਿੰਦੀ/ਅੰਗਰੇਜੀ ਵਿਚ ਉਹ ਫੱਟ ਸਮਝ ਜਾਂਦੇ ਹਨ।ਇੰਝ ਬੋਲੀ ਮਰਦੀ ਹੈ।ਪੰਜਾਬੀ ਛੁਡਵਾਕੇ ਹਿੰਦੀ-ਅੰਗਰੇਜੀ ਦਾ ਰਾਹ ਪੱਕਾ ਹੋ ਰਿਹਾ ਹੈ।
ਪੰਜਾਬੀ ਬੋਲੀ ਦੇ ਕਤਲ ਵੱਲ ਪਹਿਲੇ ਦੋ ਕਦਮ ਤਾਂ ਅਸੀ ਪੁੱਟ ਲਏ ਹਨ।ਪਹਿਲਾਂ ਇਹ ਕਿ ਪੰਜਾਬੀ ਦੀ ਥਾਂ ਹਿੰਦੀ-ਅੰਗਰੇਜੀ ਦੇ ਸਭਦ ਹੁਣ ਬੋਲਣੇ-ਸਮਝਣੇ ਸੌਖੇ ਜਾਪਦੇ ਹਨ।ਦੂਜਾ ਇਹ ਕਿ ਹੁਣ ਪੰਜਾਬੀ ਬੋਲਣ ਦਾ ਮੌਲਿਕ ਲਹਿਜਾ ਤੇ ਮੁਹਾਵਰਾ ਤਿਆਂਗਕੇ ਹਿੰਦੀ-ਅੰਗਰੇਜੀ ਬੋਲਣ ਵਾਲੇ ਅੰਦਾਜ ਵਿਚ ਪੰਜਾਬੀ ਬੋਲੀ ਜਾਂਦੀ ਹੈ ਤੇ ਜੇ ਕੋਈ ਠੇਠ ਲਹਿਜੇ ਵਿਚ ਸ਼ੁਧ ਪੰਜਾਬੀ ਬੋਲੇ ਥਾਂ ਦਫਤਰਾਂ ਵਿਚ ਸਾਰਾ ਅਮਲਾ-ਫੈਲਾ ਉਸ ਵੱਲ ਇੰਝ ਵੇਖਦਾ ਹੈ ਜਿਵੇਂ ਉਹ ਕਿਸੇ ਹੋਰ ਗ੍ਰਹਿ ਦਾ ਪ੍ਰਾਣੀ ਹੋਵੇ।ਜਿਸ ਹਿਸਾਬ ਨਾਲ ਪੰਜਾਬੀ ਨੂੰ ਪਛੜਾਕੇ ਗੈਰ-ਪੰਜਾਬੀ ਬੋਲੀਆਂ ਦੀ ਚੜ੍ਹਤ ਪਰਵਾਨ ਕੀਤੀ ਜਾ ਰਹੀ ਹੈ,ਉਹ ਵੀ ਦਿਨ ਆਵੇਗਾ ਜਦ ਸਰਕਾਰੀ ਫੁਰਮਾਨ ਆ ਜਾਵੇਗਾ ਕਿ ਪੰਜਾਬੀ ਬੋਲਣ ਤੇ ਲਿਖਣ ਦੀ ਥਾਂ ਪੰਜਾਬ ਵਿਚ ਸਾਰੇ ਲੋਕ ਹਿੰਦੀ ਤੇ ਅੰਗਰੇਜੀ ਦੀ ਵਰਤੋਂ ਕਰਨਗੇ।ਜੇਹੜੇ ਲੋਕ ਹੁਚ ਬੜੇ ਚੌੜੇ ਹੋਕੇ ਕਹਿੰਦੇ ਨੇ ਕਿ ਬੱਚੇ ਤਾਂ 'ਮਾਡਰਨ ਸਕੂਲ਼' ਵਿਚ ਪੜ੍ਹਦੇ ਹਨ, ਫਿਰ ਉਨਾਂ ਦੇ ਸਾਹਮਣੇ ਸਾਰਾ ਪੰਜਾਬ ਹੀ 'ਮਾਡਰਨ' ਹੋ ਜਾਣਾ ਹੈ।ਫਿਰ ਕੇਵਲ ਬੋਲਚਾਲ ਹੀ ਨਹੀ,ਸਾਡਾ ਰਹਿਣ-ਸਹਿਣ,ਖਾਣ-ਪੀਣ,ਪਹਿਰਾਵਾ ਤੇ ਹੋਰਸ ਭ ਕੁਝ ਵੀ 'ਮਾਡਰਨ' ਕਰਨਾ ਪਏਗਾ।ਮਾਡਰਨ ਹੋਣ ਦਾ ਅਰਥ ਹੋਵੇਗਾ ਸਿਖੀ ਤੇ ਸਿਖ ਸਭਿਆਚਾਰ ਨੂੰ ਤਿਆਗਕੇ ਹਿੰਦੂ ਸਭਿਆਚਾਰ ਦੀ ਈਨ ਮੰਨ ਲੈਣਾ।ਇੰਝ ਗੁਰੁ ਸਾਹਿਬਾਨ ਵਲੋਂ ਲਿਆਂਦੇ ਸਿਖ ਇਨਕਲਾਬ ਦਾ ਬੇੜਾ ਗਰਕ ਕੀਤਾ ਜਾਵੇਗਾ।ਪਰ ਇਸ ਵਿਚ ਹਿੰਦੀ-ਹਿੰਦੂ-ਹਿੰਦੋਸਤਾਨ ਦੀ ਨੀਤੀ ਵਾਲੇ ਲੋਕਾਂ ਦੀ ਜਿਤ ਨਾਲੌਂ ਪੰਜਾਬੀ ਬੋਲਣ ਵਾਲਿਆਂ ਦੀ ਹਾਰ ਵੱਧ ਹੈ।ਵਿਰੋਧੀ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ,ਉਹ ਆਪਣੇ ਵਿਰੋਧੀ ਸੱਭਿਆਚਾਰ ਨੂੰ ਕਿਉਂ ਬਰਦਾਸ਼ਤ ਕਰਨ? ਗੱੱਲ ਤਾਂ ਸਿਖਾਂ ਤੇ ਪੰਜਾਬੀ ਬੋਲੀ ਦੇ ਹਾਮੀਆਂ ਦੀ ਹੈ,ਜਿੰਨਾਂ ਨੇ ਆਪਣਾ ਫਰਜ਼ ਸਹੀ ਢੰਗ ਨਾਲ ਤੇ ਸਹੀ ਵੇਲੇ ਨਹੀ ਨਿਭਾਇਆ।ਜਿਵੇਂ ਸਮੁਚਾ ਪੰਜਾਬ ਪੰਜਾਬੀ-ਮਾਰੂ ਏਜੰਡੇ ਅੱਗੇ ਸਿਰ ਸੁਟੀ ਬੈਠਾ ਹੈ,ਉਸ ਮਹੌਲ਼ ਵਿਚ ਚਰਚਾ ਹੋਣੀ ਸੁਭਾਵਿਕ ਹੈ ਕਿ ਇਹ ਉਨਾਂ ਯੋਧਿਆਂ ਦੇ ਹੀ ਵਾਰਿਸ ਹਨ ਜਿਨ੍ਹਾਂ ਨੇ ਹਰ ਵਿਰੋਧੀ ਧਿਰ ਦੀਆਂ ਗੋਡਣੀਆਂ ਲਵਾਕੇ ਆਪਣੇ ਧਰਮ,ਆਪਣੀ ਕੌੰ ਤੇ ਮਰਿਆਦਾ ਦੀ ਰਾਖੀ ਲਈ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ।
ਪੰਜਾਬ ਦੀਆਂ ਸਿਆਸੀ ਧਿਰਾਂ ਦਾ ਇਹ ਏਜੰਡਾ ਹੋਣਾ ਚਾਹੀਦਾ ਹੈ ਕਿ ਅਸੀ ਇਥੇ ਸਿਖ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਪੰਜਾਬੀ ਬੋਲੀ ਨੂੰ ਪਰਚੰਡ ਕਰਨ ਲਈ ਸੱਤਾ ਦੀ ਹਰ ਤਰਾਂ ਵਰਤੋਂ ਕਰਾਂਗੇ।ਪਰ ਸਿਆਸੀ ਲੋਕ ਜਾਣਦੇ ਹਨ ਕਿ ਆਮ ਪੰਜਾਬੀ ਨੂੰ ਆਪਣੀ ਬੋਲੀ ਤੇ ਸਭਿਆਚਾਰ ਦੀ ਰਾਖੀ ਨਾਲੋਂ ਹੋਰ ਮਾਮੂਲੀ ਗੱਲਾਂ ਦੀ ਜਿਆਦਾ ਲੋੜ ਹੈ।ਸੋ, ਪੰਜਾਬੀ ਬੋਲੀ ਤੇ ਸਿਖ ਸਭਿਆਚਾਰ ਦੇ ਵੈਰੀਆਂ ਲਈ ਮੈਦਾਨ ਖੁਲ੍ਹਾ ਹੈ।
ਇਥੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਪੰਜਾਬੀ ਤੇ ਸਿਖ ਸੱਭਿਆਚਾਰ ਨੂੰ ਮਾਰਨ ਵਾਲੀਆਂ ਨੀਤੀਆਂ ਨੂੰ ਅਸੀ ਹੱਸਕੇ ਪਰਵਾਨ ਕੀਤਾ ਹੋਇਆ ਹੈ ,ਉਹ ਦੱਖਣ ਭਾਰਤੀ ਲੋਕਾਂ ਨੇ ਨਹੀ ਕੀਤਾ।ਤਮਿਲਨਾਡੂ,ਕਰਨਾਟਕ,ਮਹਾਂਰਾਸ਼ਟਰ,ਆਂਧਰਾ ਪ੍ਰਦੇਸ਼ ਤੇ ਕੇਰਲਾ ਵਿਚ ਜਾਕੇ ਦੇਖੋ ਕਿ ਹਿੰਦੀ ਦੀ ਕੀ ਹਾਲਤ ਹੈ? ਉਥੇ ਸਾਰੀਆਂ ਖੇਤਰੀ ਬੋਲੀਆਂ ਦੀ ਲੰਬੜਦਾਰੀ ਹੈ।ਹਿੰਦੀ ਦਾ ਕੋਈ ਮੁੱਲ ਨਹੀ।ਹਾਂ,ਅੰਗਰੇਜੀ ਉਹ ਡਟਕੇ ਸਿੱਖਦੇ ਨੇ।ਅੰਤਰਰਾਸ਼ਟਰੀ ਬੋਲੀ ਅੰਗਰੇਜੀ ਜਾਂ ਆਪਣੇ ਸੂਬੇ ਦੀ ਬੋਲੀ,ਬੱਸ,ਉਹ ਇਸਤੋਂ ਅੱਗੇ ਕੁਝ ਨਹੀ ਜਾਣਦੇ।ਜਿੰਨੀਆਂ ਮਰਜ਼ੀ ਟੱਕਰਾਂ ਮਾਰੀ ਜਾਓ,ਉਹਨਾਂ ਨੂੰ ਹਿੰਦੀ ਦਾ ਨਹੀ ਪਤਾ।ਹਿੰਦੀ ਨਾਲ ਉਨਾਂ ਦਾ ਕੋਈ ਮਤਲਬ ਨਹੀ।ਸਾਡੇ ਵਾਂਗ ਨਹੀ ਕਿ ਓਪਰਾ ਬੰਦਾ ਦੇਖਿਆ ਨਹੀ ਤੇ ਹਿੰਦੀ ਸ਼ੁਰੂ ਕੀਤੀ ਨਹੀ!
ਮਦਰਾਸ ਰੇਡੀਓ ਸਟੇਸ਼ਨ ਤੋਂ 'ਆਲ ਇੰਡੀਆਂ ਰੇਡੀਓ' ਦੀ ਥਾਂ ਹਿੰਦੀ ਦਾ ਲਫਜ 'ਆਕਾਸ਼ਬਾਣੀ' ਬੋਲਣ ਦੀ ਗੱਲ ਆਈ ਤਾਂ ਤੂਫਾਨ ਖੜਾ ਹੋਗਿਆ ਤੇ ਇੰਨਾ ਜਬਰਦਸਤ ਵਿਰੋਧ ਹੋਇਆ ਕਿ ਫੈਸਲਾ ਬਦਲਨਾ ਪਿਆ। ਸਾਡੇ ਵਾਂਗ ਨਹੀ ਕਿ 'ਊਠ ਹੋਇਆ ਕਿ ਬੋਤਾ'!ਅਗਲੇ ਇਕ ਸ਼ਬਦ ਲਈ ਵੀ ਸੜਕਾਂ ਤੇ ਆਗੇ!
ਤਾਮਿਲਨਾਡੂ ਵਿਚ ਮੀਲ ਪੱਥਰਾਂ ਤੇ ਹਿੰਦੀ ਲਿਖਣ ਦੀ ਗੱਲ ਆਈ ਤਾਂ ਤਾਮਿਲਨਾਡੂ ਦੇ ਮੈਂਬਰ ਪਾਰਲੀਮੈਂਟਾਂ ਨੇ ੪ ਮਾਰਚ ੨੦੦੩ ਨੂੰ ਉਹ ਤਰਥੱਲੀ ਮਚਾਈ ਕਿ ਲੋਕ ਸਭਾ ਉਠਾਉਣੀ ਪਈ। ਪਰ ਇਥੇ ਸਾਡੇ ਪੰਜਾਬ ਦੀਆਂ ਬੈਂਕਾਂ ਵਿਚ ਆਮ ਲਿਖਿਆ ਮਿਲਦਾ ਹੈ, 'ਹਿੰਦੀ ਮੇਂ ਬੋਲਨਾ ਆਸਾਨ, ਹਮ ਹਿੰਦੀ ਕਾ ਸਵਾਗਤ ਕਰਤੇ ਹੈ'। ਭਾਈ ਜਾਗਦਿਆਂ ਦੀਆਂ ਹੀ ਕੱਟੀਆਂ ਹੁੰਦੀਆਂ ਨੇ। ਜਿੰਨਾਂ ਨੂੰ ਆਪਣੀ ਬੋਲੀ ਤੇ ਸੱਭਿਆਚਾਰ ਦੀ ਜਿੰਮੇਵਾਰੀ ਹੈ, ਅਗਲੇ ਖਿਆਲ ਰੱਖਦੇ ਨੇ ਕਿ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਲਿਖਤ ਜਾਂ ਬੋਰਡ ਵਿਚ ਸਾਡੀ ਬੋਲੀ ਦਾ ਗਲਤ ਅੱਖਰ ਨਾ ਛਪ ਜਾਵੇ। ਪਰ ਪੰਜਾਬ ਤਾਂ ਜਿਵੇਂ ਕੋਈ ਮੁਹਿੰਮ ਚਲਾਈ ਜਾ ਰਹੀ ਹੋਵੇ ਕਿ ਕਿਸੇ ਵੀ ਹਾਲਾਤ ਵਿਚ ਪੰਜਾਬੀ ਸਹੀ ਨਹੀ ਲਿਖੀ ਹੋਣੀ ਚਾਹੀਦੀ।

Sunday, 17 May 2020

ਹਿੰਦੁਸਤਾਨ ਨੂੰ ਲੀਡਰਾਂ ਤੋਂ ਬਚਾਓ…


ਹਿੰਦੁਸਤਾਨ ਨੂੰ ਲੀਡਰਾਂ ਤੋਂ ਬਚਾਓ…


ਸਆਦਤ ਹਸਨ ਮੰਟੋ ਸਾਅਦਤ ਹਸਨ ਮੰਟੋ, ਜਿਸਨੇ ਅਦਬੀ ਦੁਨੀਆ ਵਿੱਚ ਆਪ ਖੂਹ ਪੁੱਟ ਕੇ ਪਾਣੀ ਪੀਤਾ। ਖਾਰਾ ਪਾਣੀ, ਮਿੱਠਾ ਪਾਣੀ, ਕੌੜਾ ਪਾਣੀ... "
ਸਿਆਸਤ ਦਾ ਖ਼ਾਸਾ
ਅਸੀਂ ਇਕ ਲੰਮੇ ਅਰਸੇ ਤੋਂ ਇਹ ਰੌਲਾ ਸੁਣ ਰਹੇ ਹਾਂ। ਹਿੰਦੁਸਤਾਨ ਨੂੰ ਇਸ ਚੀਜ਼ ਤੋਂ ਬਚਾਓ, ਉਸ ਚੀਜ਼ ਤੋਂ ਬਚਾਓ, ਪਰ ਸੱਚਾਈ ਇਹ ਹੈ ਕਿ ਹਿੰਦੁਸਤਾਨ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣਾ ਚਾਹੀਦਾ ਹੈ ਜੋ ਇਸ ਕਿਸਮ ਦਾ ਰੌਲਾ ਪਾ ਰਹੇ ਹਨ। ਇਹ ਲੋਕ ਰੌਲਾ ਪਾਉਣ ਦੇ ਫ਼ਨ ਵਿਚ ਮਾਹਿਰ ਹਨ। ਇਸ ਵਿਚ ਕੋਈ ਸ਼ੱਕ ਨਹੀਂ, ਪਰ ਉਨ੍ਹਾਂ ਦੇ ਦਿਲ ਪਵਿੱਤਰਤਾ ਤੋਂ ਬਿਲਕੁਲ ਖ਼ਾਲੀ ਹਨ। ਰਾਤ ਨੂੰ ਕਿਸੇ ਜਲਸੇ ਵਿਚ ਧੂੰਆਂਧਾਰ ਭਾਸ਼ਣ ਕਰਨ ਤੋਂ ਬਾਅਦ ਜਦੋਂ ਇਹ ਲੋਕ ਆਪਣੇ ਦਿਖਾਵੇ ਨਾਲ ਭਰਪੂਰ ਬਿਸਤਰਿਆਂ ਉੱਤੇ ਸੌਂਦੇ ਹਨ ਤਾਂ ਉਨ੍ਹਾਂ ਦੇ ਦਿਮਾਗ਼ ਬਿਲਕੁਲ ਖ਼ਾਲੀ ਹੁੰਦੇ ਹਨ। ਉਨ੍ਹਾਂ ਦੀਆਂ ਰਾਤਾਂ ਦਾ ਥੋੜ੍ਹਾ ਜਿਹਾ ਹਿੱਸਾ ਵੀ ਇਸ ਖ਼ਿਆਲ ਵਿਚ ਨਹੀਂ ਲੰਘਦਾ ਕਿ ਹਿੰਦੁਸਤਾਨ ਕਿਸ ਰੋਗ ਤੋਂ ਪੀੜਿਤ ਹੈ। ਅਸਲ ਵਿਚ ਉਹ ਆਪਣੇ ਰੋਗ ਦੇ ਇਲਾਜ-ਦਵਾ ਦਾਰੂ ਵਿਚ ਇਸ ਤਰ੍ਹਾਂ ਰੁੱਝੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਮੁਲਕ ਦੇ ਰੋਗ ਬਾਰੇ ਗ਼ੌਰ ਕਰਨ ਦਾ ਮੌਕਾ ਹੀ ਨਹੀਂ ਮਿਲਦਾ।
ਇਹ ਲੋਕ ਜੋ ਆਪਣੇ ਘਰਾਂ ਦਾ ਪ੍ਰਬੰਧ ਠੀਕ ਨਹੀਂ ਕਰ ਸਕਦੇ, ਇਹ ਲੋਕ ਜਿਨ੍ਹਾਂ ਦਾ ਕਿਰਦਾਰ ਬੇਹੱਦ ਘਟੀਆ ਹੁੰਦਾ ਹੈ, ਸਿਆਸਤ ਦੇ ਮੈਦਾਨ ਵਿਚ ਆਪਣੇ ਮੁਲਕ ਦਾ ਪ੍ਰਬੰਧ ਠੀਕ ਕਰਨ ਅਤੇ ਲੋਕਾਂ ਨੂੰ ਨੈਤਿਕਤਾ ਦਾ ਸਬਕ ਦੇਣ ਲਈ ਨਿਕਲਦੇ ਹਨ… ਕਿਹੋ ਜਿਹੀ ਹਾਸੇ ਠੱਠੇ ਵਾਲੀ ਗੱਲ ਹੈ।
ਇਹ ਲੋਕ ਜਿਨ੍ਹਾਂ ਨੂੰ ਆਮ ਤੌਰ ’ਤੇ ਲੀਡਰ ਕਿਹਾ ਜਾਂਦਾ ਹੈ, ਸਿਆਸਤ ਅਤੇ ਮਜ਼ਹਬ ਨੂੰ ਲੰਙੜਾ, ਲੂਲਾ ਅਤੇ ਜ਼ਖ਼ਮੀ ਆਦਮੀ ਖ਼ਿਆਲ ਕਰਦੇ ਹਨ ਜਿਸ ਦੀ ਨੁਮਾਇਸ਼ ਕਰਦੇ ਹੋਏ ਸਾਡੇ ਮੁਲਕ ਵਿਚ ਭਿਖਾਰੀ ਆਮ ਤੌਰ ਉੱਤੇ ਭੀਖ ਮੰਗਦੇ ਹਨ। ਸਿਆਸਤ ਅਤੇ ਮਜ਼ਹਬ ਦੀ ਲਾਸ਼ ਸਾਡੇ ਇਹ ਨਾਮਵਰ ਲੀਡਰ ਆਪਣੇ ਮੋਢਿਆਂ ਉੱਤੇ ਚੁੱਕੀ ਫਿਰਦੇ ਹਨ ਅਤੇ ਸਿੱਧੇ ਸਾਦੇ ਲੋਕਾਂ ਨੂੰ, ਜੋ ਉੱਚੇ ਸੁਰ ਵਿਚ ਕਹੀ ਜਾਂਦੀ ਹਰ ਗੱਲ ਮੰਨ ਲੈਣ ਦੇ ਆਦੀ ਹੁੰਦੇ ਹਨ, ਇਹ ਕਹਿੰਦੇ ਫਿਰ ਰਹੇ ਹਨ ਕਿ ਉਹ ਇਸ ਲਾਸ਼ ਨੂੰ ਨਵੀਂ ਜ਼ਿੰਦਗੀ ਬਖ਼ਸ਼ ਰਹੇ ਹਨ।
ਮਜ਼ਹਬ ਜਿਹੋ ਜਿਹਾ ਸੀ ਉਹੋ ਜਿਹਾ ਹੀ ਹੈ ਅਤੇ ਹਮੇਸ਼ਾ ਇਹੋ ਜਿਹਾ ਹੀ ਰਹੇਗਾ। ਮਜ਼ਹਬ ਦੀ ਰੂਹ ਇਕ ਠੋਸ ਹਕੀਕਤ ਹੈ ਜੋ ਕਦੇ ਬਦਲ ਨਹੀਂ ਸਕਦੀ। ਮਜ਼ਹਬ ਇਕ ਅਜਿਹੀ ਚੱਟਾਨ ਹੈ ਜਿਸ ਉੱਤੇ ਸਮੁੰਦਰ ਦੀਆਂ ਗੁੱਸੇ ਨਾਲ ਭਰੀਆਂ ਲਹਿਰਾਂ ਵੀ ਅਸਰ ਨਹੀਂ ਕਰ ਸਕਦੀਆਂ। ਇਹ ਲੀਡਰ ਜਦੋਂ ਹੰਝੂ ਵਹਾ ਕੇ ਲੋਕਾਂ ਨੂੰ ਕਹਿੰਦੇ ਹਨ ਕਿ ਮਜ਼ਹਬ ਖ਼ਤਰੇ ਵਿਚ ਹੈ ਤਾਂ ਇਸ ਵਿਚ ਕੋਈ ਸੱਚਾਈ ਨਹੀਂ ਹੁੰਦੀ। ਮਜ਼ਹਬ ਅਜਿਹੀ ਚੀਜ਼ ਹੀ ਨਹੀਂ ਕਿ ਖ਼ਤਰੇ ਵਿਚ ਪੈ ਸਕੇ। ਜੇ ਕਿਸੇ ਗੱਲ ਦਾ ਖ਼ਤਰਾ ਹੈ ਤਾਂ ਉਹ ਲੀਡਰਾਂ ਦਾ ਹੈ ਜੋ ਆਪਣਾ ਉੱਲੂ ਸਿੱਧਾ ਕਰਨ ਲਈ ਮਜ਼ਹਬ ਨੂੰ ਖ਼ਤਰੇ ਵਿਚ ਪਾ ਦਿੰਦੇ ਹਨ।
ਹਿੰਦੁਸਤਾਨ ਨੂੰ ਇਨ੍ਹਾਂ ਲੀਡਰਾਂ ਤੋਂ ਬਚਾਓ ਜੋ ਮੁਲਕ ਦੀ ਫ਼ਿਜ਼ਾ ਵਿਗਾੜ ਰਹੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਤੁਸੀਂ ਨਹੀਂ ਜਾਣਦੇ, ਪਰ ਇਹ ਸੱਚਾਈ ਹੈ ਕਿ ਹਿੰਦੁਸਤਾਨ ਵਿਚਲੇ ਇਹ ਅਖੌਤੀ ਲੀਡਰ ਆਪਣੀ ਆਪਣੀ ਕੱਛ ਵਿਚ ਇਕ ਸੰਦੂਕਚੀ ਦਬਾਈ ਫਿਰਦੇ ਹਨ ਜਿਸ ਵਿਚ ਹਰ ਕਿਸੇ ਦੀਆਂ ਜੇਬ੍ਹਾਂ ਕੁਤਰ ਕੇ ਰੁਪਏ ਜਮ੍ਹਾਂ ਕਰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਇਕ ਲੰਮੀ ਦੌੜ ਹੈ। ਸਰਮਾਏ ਦੇ ਪਿੱਛੇ। ਉਨ੍ਹਾਂ ਦੇ ਹਰ ਸਾਹ ਵਿਚ ਤੁਸੀਂ ਫ਼ਰੇਬ ਅਤੇ ਛਲ-ਕਪਟ ਦੀ ਸੜਾਂਦ ਮਹਿਸੂਸ ਕਰ ਸਕਦੇ ਹੋ।
ਲੰਮੇ ਲੰਮੇ ਜਲੂਸ ਕੱਢ ਕੇ, ਮਣਾਂ-ਮੂੰਹੀਂ ਭਾਰੇ ਹਾਰਾਂ ਦੇ ਹੇਠਾਂ ਦੱਬ ਕੇ, ਚੁਰਾਹਿਆਂ ਉੱਤੇ ਲੰਮੇ ਲੰਮੇ ਭਾਸ਼ਣਾਂ ਦੇ ਫੋਕੇ ਸ਼ਬਦ ਖਿਲਾਰ ਕੇ, ਸਾਡੀ ਕੌਮ ਦੇ ਇਹ ਅਖੌਤੀ ਮਾਰਗ ਦਰਸ਼ਕ ਸਿਰਫ਼ ਆਪਣੇ ਲਈ ਅਜਿਹਾ ਰਸਤਾ ਬਣਾਉਂਦੇ ਹਨ ਜੋ ਮੌਜ-ਮੇਲੇ ਵੱਲ ਜਾਂਦਾ ਹੈ।
ਇਹ ਲੋਕ ਚੰਦੇ ਇਕੱਠੇ ਕਰਦੇ ਹਨ ਪਰ ਕੀ ਉਨ੍ਹਾਂ ਨੇ ਅੱਜ ਤੱਕ ਬੇਕਾਰੀ ਦਾ ਹੱਲ ਪੇਸ਼ ਕੀਤਾ ਹੈ…? ਇਹ ਲੋਕ ਮਜ਼ਹਬ ਮਜ਼ਹਬ ਚੀਕਦੇ ਹਨ, ਪਰ ਕੀ ਉਨ੍ਹਾਂ ਨੇ ਖ਼ੁਦ ਕਦੇ ਮਜ਼ਹਬ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ…? ਇਹ ਲੋਕ ਜੋ ਖ਼ੈਰਾਤ ਵਿਚ ਦਿੱਤੇ ਹੋਏ ਮਕਾਨਾਂ ਵਿਚ ਰਹਿੰਦੇ ਹਨ, ਚੰਦਿਆਂ ਨਾਲ ਆਪਣਾ ਪੇਟ ਪਾਲਦੇ ਹਨ, ਜੋ ਮੰਗੀਆਂ ਹੋਈਆਂ ਚੀਜ਼ਾਂ ਉੱਤੇ ਜਿਉਂਦੇ ਹਨ, ਜਿਨ੍ਹਾਂ ਦੀ ਰੂਹ ਲੰਙੜੀ, ਦਿਮਾਗ਼ ਅਪਾਹਜ, ਜ਼ਬਾਨ ਲਕਵੇ ਦੀ ਸ਼ਿਕਾਰ ਅਤੇ ਹੱਥ ਪੈਰ ਸੁੰਨ ਹਨ; ਮੁਲਕ ਅਤੇ ਮਜ਼ਹਬ ਦੀ ਅਗਵਾਈ ਕਿਵੇਂ ਕਰ ਸਕਦੇ ਹਨ?
ਹਿੰਦੁਸਤਾਨ ਨੂੰ ਬੇਸ਼ੁਮਾਰ ਲੀਡਰਾਂ ਦੀ ਲੋੜ ਨਹੀਂ ਜੋ ਨਿੱਤ ਨਵੇਂ ਤੋਂ ਨਵਾਂ ਰਾਗ ਅਲਾਪਦੇ ਹਨ। ਸਾਡੇ ਮੁਲਕ ਨੂੰ ਸਿਰਫ਼ ਇਕ ਲੀਡਰ ਦੀ ਲੋੜ ਹੈ ਜੋ ਹਜ਼ਰਤ ਉਮਰ ਜਿਹੀ ਪਵਿੱਤਰਤਾ ਰੱਖਦਾ ਹੋਵੇ, ਜਿਸ ਦੇ ਸੀਨੇ ਵਿਚ ਅਤਾਤੁਰਕ ਦਾ ਸਿਪਾਹੀ ਵਾਲਾ ਜਜ਼ਬਾ ਹੋਵੇ। ਜੋ ਨੰਗੇ ਪੈਰ ਅਤੇ ਭੁੱਖੇ ਢਿੱਡ ਅੱਗੇ ਵਧੇ ਅਤੇ ਮੁਲਕ ਦੇ ਬੇਲਗਾਮ ਅੱਥਰੇ ਘੋੜੇ ਦੇ ਮੂੰਹ ਵਿਚ ਲਗਾਮ ਪਾ ਕੇ ਉਸ ਨੂੰ ਆਜ਼ਾਦੀ ਦੇ ਮੈਦਾਨ ਵੱਲ ਦਲੇਰ ਮਰਦਾਂ ਵਾਂਗ ਲੈ ਜਾਵੇ।
ਯਾਦ ਰੱਖੋ ਮੁਲਕ ਦੀ ਸੇਵਾ ਢਿੱਡੋਂ ਭਰੇ ਹੋਏ ਲੋਕ ਕਦੇ ਨਹੀਂ ਕਰ ਸਕਣਗੇ। ਵੱਡੇ ਮਿਹਦੇ ਦੇ ਨਾਲ ਜੋ ਬੰਦਾ ਮੁਲਕ ਦੀ ਸੇਵਾ ਲਈ ਅੱਗੇ ਵਧੇ, ਉਸ ਨੂੰ ਲੱਤ ਮਾਰ ਕੇ ਬਾਹਰ ਕੱਢ ਦਿਓ। ਰੇਸ਼ਮੀ ਕੱਪੜੇ ਵਿਚ ਲਿਪਟੇ ਹੋਏ ਆਦਮੀ ਉਨ੍ਹਾਂ ਦੀ ਅਗਵਾਈ ਨਹੀਂ ਕਰ ਸਕਦੇ, ਜੋ ਸਖ਼ਤ ਜ਼ਮੀਨ ਉੱਤੇ ਸੌਣ ਦੇ ਆਦੀ ਹਨ ਅਤੇ ਜਿਨ੍ਹਾਂ ਦੇ ਸਰੀਰ ਨਰਮ ਅਤੇ ਨਾਜ਼ੁਕ ਪੁਸ਼ਾਕ ਤੋਂ ਹਮੇਸ਼ਾ ਅਣਜਾਣ ਰਹੇ ਹਨ, ਜੇ ਕੋਈ ਸ਼ਖ਼ਸ ਰੇਸ਼ਮੀ ਕੱਪੜੇ ਪਾ ਕੇ ਤੁਹਾਨੂੰ ਗ਼ੁਰਬਤ ਦੀ ਪੱਕੀ ਰੋਕ ਦੱਸਣ ਦੀ ਹਿੰਮਤ ਕਰੇ ਤਾਂ ਉਸ ਨੂੰ ਚੁੱਕ ਕੇ ਉੱਥੇ ਹੀ ਸੁੱਟ ਦਿਓ ਜਿੱਥੋਂ ਨਿਕਲ ਕੇ ਉਹ ਤੁਸਾਂ ਲੋਕਾਂ ਵਿਚ ਆਇਆ ਸੀ।
ਸਆਦਤ ਹਸਨ ਮੰਟੋ
ਇਹ ਲੀਡਰ ਖਟਮਲ ਹਨ ਜੋ ਮੁਲਕ ਦੇ ਮੰਜੇ ਵਿਚ ਚੂਲਾਂ ਦੇ ਅੰਦਰ ਵੜੇ ਹੋਏ ਹਨ। ਉਨ੍ਹਾਂ ਨੂੰ ਨਫ਼ਰਤ ਦੇ ਉੱਬਲਦੇ ਹੋਏ ਪਾਣੀ ਰਾਹੀਂ ਬਾਹਰ ਕੱਢ ਦੇਣਾ ਚਾਹੀਦਾ ਹੈ। ਇਹ ਲੀਡਰ ਜਲਸਿਆਂ ਵਿਚ ਸਰਮਾਏ ਅਤੇ ਸਰਮਾਏਦਾਰਾਂ ਵਿਰੁੱਧ ਜ਼ਹਿਰ ਉਗਲਦੇ ਹਨ, ਸਿਰਫ਼ ਇਸ ਲਈ ਕਿ ਖ਼ੁਦ ਸਰਮਾਇਆ ਇਕੱਠਾ ਕਰ ਸਕਣ। ਕੀ ਇਹ ਸਰਮਾਏਦਾਰਾਂ ਤੋਂ ਬੁਰੇ ਨਹੀਂ? ਇਹ ਚੋਰਾਂ ਦੇ ਚੋਰ ਹਨ, ਲੁਟੇਰਿਆਂ ਦੇ ਲੁਟੇਰੇ। ਹੁਣ ਵੇਲਾ ਆ ਗਿਆ ਹੈ ਕਿ ਲੋਕ ਉਨ੍ਹਾਂ ਉੱਤੇ ਆਪਣੀ ਬੇਯਕੀਨੀ ਪ੍ਰਗਟ ਕਰ ਦੇਣ।
ਲੋੜ ਹੈ ਕਿ ਫਟੀਆਂ ਹੋਈਆਂ ਕਮੀਜ਼ਾਂ ਵਾਲੇ ਨੌਜਵਾਨ ਉੱਠਣ ਅਤੇ ਰੋਹ ਦੇ ਇਰਾਦੇ ਨਾਲ ਆਪਣੇ ਚੌੜੇ ਸੀਨਿਆਂ ਵਿਚ ਸਮਾਏ ਇਨ੍ਹਾਂ ਅਖੌਤੀ ਲੀਡਰਾਂ ਨੂੰ ਇਸ ਉੱਚੇ ਮੁਕਾਮ ਤੋਂ ਬਾਹਰ ਕੱਢ ਕੇ ਸੁੱਟ ਦੇਣ, ਜਿੱਥੇ ਉਹ ਸਾਡੀ ਇਜਾਜ਼ਤ ਲਏ ਬਿਨਾਂ ਚੜ੍ਹ ਬੈਠੇ ਹਨ। ਉਨ੍ਹਾਂ ਨੂੰ ਸਾਡੇ ਨਾਲ, ਗ਼ਰੀਬੜਿਆਂ ਦੇ ਨਾਲ ਹਮਦਰਦੀ ਦਾ ਕੋਈ ਹੱਕ ਹਾਸਲ ਨਹੀਂ…। ਯਾਦ ਰੱਖੋ ਗ਼ੁਰਬਤ ਲਾਹਨਤ ਨਹੀਂ ਹੈ ਜੋ ਉਸ ਨੂੰ ਲਾਹਨਤ ਦੱਸਦੇ ਹਨ ਉਹ ਖ਼ੁਦ ਦੋਸ਼ੀ ਹਨ। ਉਹ ਗ਼ਰੀਬ ਉਸ ਅਮੀਰ ਤੋਂ ਲੱਖ ਦਰਜੇ ਬਿਹਤਰ ਹੈ ਜੋ ਆਪਣੀ ਬੇੜੀ ਖ਼ੁਦ ਆਪਣੇ ਹੱਥਾਂ ਨਾਲ ਚਲਾਉਂਦਾ ਹੈ… ਆਪਣੀ ਬੇੜੀ ਦੇ ਮਲਾਹ ਖ਼ੁਦ ਤੁਸੀਂ ਬਣੋ… ਆਪਣਾ ਨਫ਼ਾ-ਨੁਕਸਾਨ ਖ਼ੁਦ ਤੁਸੀਂ ਸੋਚੋ ਅਤੇ ਫਿਰ ਇਨ੍ਹਾਂ ਲੀਡਰਾਂ, ਇਨ੍ਹਾਂ ਅਖੌਤੀ ਮਾਰਗ ਦਰਸ਼ਕਾਂ ਦਾ ਤਮਾਸ਼ਾ ਵੇਖੋ ਕਿ ਉਹ ਜ਼ਿੰਦਗੀ ਦੇ ਵਿਸ਼ਾਲ ਸਮੁੰਦਰ ਵਿਚ ਆਪਣੀ ਜ਼ਿੰਦਗੀ ਦਾ ਭਾਰੀ ਜਹਾਜ਼ ਕਿਸ ਤਰ੍ਹਾਂ ਚਲਾਉਂਦੇ ਹਨ।
ਪੰਜਾਬੀ ਰੂਪ: ਪਵਨ ਟਿੱਬਾ
ਪੰਜਾਬੀ ਟ੍ਰਿਬਿਊਨ 

Thursday, 14 May 2020

ਆਸ਼ਿਕ ਲਾਹੌਰ


ਲਾਂਬੂ ਸਾਡੇ ਸੀਨੇ ਦੇ ਵਿੱਚ, ਬਲ਼-ਬਲ਼ ਉਠਦੇ ਹਾਵਾਂ ਨਾਲ।
ਏਹ ਨਿਰਾਲੀ ਅੱਗ ਨਾ ਬੁੱਝਦੀ, ਯਾਰੋ ਠੰਢੀਆਂ ਛਾਵਾਂ ਨਾਲ।

ਇਸ਼ਕ ਤਿਰੇ ਵਿੱਚ ਸਭ ਕੁਝ ਖੁੱਸਿਆ, ਦੀਨ ਈਮਾਨ ਤੇ ਦੁਨੀਆਂ ਵੀ,
ਅਪਣੀ ਜ਼ਾਤ-ਸਿਫ਼ਾਤ ਕੀ ਦੱਸੀਏ? ਸਾਨੂੰ ਕੀ ਹੁਣ ਨਾਵਾਂ ਨਾਲ।

ਲੱਖਾਂ ਸਾਲ ਇਬਾਦਤ ਕਰਨੀ, ਔਖਾ ਕੰਮ 'ਮਲਾਇਕ' ਦਾ,
ਹੁਕਮ ਕਰੇਂ ਤੇ ਮੈਂ ਵੀ ਰੱਬਾ, ਭਾਰੇ ਭਾਰ ਵੰਡਾਵਾਂ ਨਾਲ।

ਮਸਜਿਦ-ਮੰਦਰ ਸਭ ਥਾਂ ਲੱਭਿਆ, ਲੱਭ-ਲੱਭ ਕੇ ਲਾਚਾਰ ਹੋਏ,
ਕਿਹੜਾ ਮੂੰਹ ਲੈ ਵਾਪਸ ਜਾਈਏ? ਆਏ ਹੈਸਾਂ ਚਾਵਾਂ ਨਾਲ।

ਅਸੀਂ ਨਿਮਾਣੇ ਸਾਦ-ਮੁਰਾਦੇ, ਭਾਰੇ ਦੁੱਖ ਜੁਦਾਈਆਂ ਦੇ,
ਇਸ਼ਕ ਨੇ ਸਾਡਾ ਸਭ ਕੁਝ ਲੁੱਟਿਆ, ਪੁੱਠਿਆਂ ਸਿੱਧਿਆਂ ਦਾਵਾਂ ਨਾਲ।

ਕਾਸਿਦ ਨੂੰ ਕੀ ਸਾਰ ਹੈ 'ਆਸ਼ਿਕ', ਸਾਡੇ 'ਤੇ ਜੋ ਬੀਤੀ ਹੈ,
ਉਹਦੇ ਵਸ ਦੀ ਗੱਲ ਨਹੀਂ ਲੱਗਦੀ, ਲੱਗੇ ਤੇ ਮੈਂ ਜਾਵਾਂ ਨਾਲ।
(ਮਲਾਇਕ=ਫ਼ਰਿਸ਼ਤੇ)
ਆਸ਼ਿਕ ਲਹੋਰ


ਲੱਖ ਕਰੋੜਾਂ ਪੁੱਤਰ ਹੁੰਦਿਆਂ, ਰੁਲਾਂ ਮੈਂ ਕੱਲਮ-ਕੱਲੀ,
ਬੇਲੇ ਵਿੱਚ ਇਕ ਮਾਈ ਖਲੋਤੀ, ਰੋ-ਰੋ ਪਈ ਪੁਕਾਰੇ।

ਹਰਫ਼ ਵਿਚਾਰੇ ਅੱਡੀਆਂ ਚੁੱਕ-ਚੁੱਕ ਏਧਰ-ਉੱਧਰ ਦੇਖਣ,
ਖ਼ੂਨ ਦਾ ਵੱਤਰ ਲਾਵੇ ਕਿਹੜਾ? ਸਾਨੂੰ ਕੌਣ ਪੁਕਾਰੇ?

ਅਪਣੀ ਜਾਨ ਤਲੀ 'ਤੇ ਧਰਕੇ, ਛਾਤੀ ਤਾਣ ਖਲੋਵੇ,
ਮਾਂ-ਬੋਲੀ 'ਤੇ ਪਹਿਰਾ ਦੇਵੇ ! ਕੋਈ ਨਾ ਪੱਥਰ ਮਾਰੇ।

ਚਿਰ ਹੋਇਆ ਏ ਧਰਤੀ ਉੱਤੇ ਰੌਣਕ-ਮੇਲਾ ਲੱਗਿਆਂ,
ਆ ਜਾ ਸੂਲ਼ੀ ਚੜ੍ਹਕੇ ਨੱਚੀਏ, ਦੇਖਣ ਲੋਕ ਨਜ਼ਾਰੇ।

ਜੋ ਕੁਝ ਕਰਨੈਂ ਅੱਜ ਹੀ ਕਰਲੈ, ਕੱਲ੍ਹ ਕਿਸੇ ਨਹੀਂ ਦੇਖੀ,
ਓੜਕ ਇਕ ਦਿਨ ਵੱਜ ਜਾਣੇ ਨੇ 'ਆਸ਼ਿਕ' ਕੂਚ-ਨਗਾਰੇ।
- ਆਸ਼ਿਕ ਲਾਹੌਰ


ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ ਇਸ ਵਿੱਚ ਪੜ੍ਹ ਤੂੰ, 
ਇਸ ਵਿੱਚ ਲਿਖ ਤੂੰ, ਇਸ ਵਿੱਚ ਕਰ ਤਕਰੀਰਾਂ।
'ਮਾਂ-ਬੋਲੀ' ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ।
ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, ਹੋਣੀ ਕਾਬਜ਼ ਹੋਈ,
'ਸੋਹਣੀਆਂ' ਵਿੱਚ ਝਨ੍ਹਾਂ ਦੇ ਡੁੱਬੀਆਂ, ਮਹੁਰਾ ਖਾਧਾ ਹੀਰਾਂ।
ਸਾਥੋਂ ਚੜ੍ਹਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ।
ਸਾਨੂੰ ਡੁਸਕਣ ਵੀ ਨਾ ਦਿੰਦੇ, ਮੂੰਹ 'ਤੇ ਜਿੰਦਰੇ ਲੱਗੇ,
ਸਾਨੂੰ ਹਿੱਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ।
ਰੰਗ-ਬਰੰਗੇ ਸੋਹਣੇ ਪੰਛੀ, ਏਥੋਂ ਤੁਰਦੇ ਹੋਏ,
ਥੋੜ੍ਹੇ ਉੱਲੂ-ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ।
ਅਪਣੀ ਬੋਲੀ, ਅਪਣੀ ਧਰਤੀ, ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, 'ਆਸ਼ਿਕ' ਇਹ ਤਕਸੀਰਾਂ।
✍️ਆਸ਼ਿਕ ਲਾਹੌਰ 




Sunday, 13 October 2019

ਸਮਾਜਕ ਜੋਕਾਂ..! ਪੰਜਾਬ ਹੱਥ ਬੋਕਾਂ....ਬੁੱਧ ਸਿੰਘ ਨੀਲੋਂ


ਬੁੱਧ ਬੋਲ
ਸਮਾਜਕ ਜੋਕਾਂ..! ਪੰਜਾਬ ਹੱਥ ਬੋਕਾਂ....
ਬੁੱਧ ਸਿੰਘ ਨੀਲੋਂ

ਰੇਸ਼ਮ ਦਾ ਕੀੜਾ ਖਾ ਕੇ ਜੋ ਲਾਰ ਸੁਟਦਾ ਐ ਤਾਂ ਉਹ ਕਿਸੇ ਦੇ ਤਨ ਢਕਣ ਦੇ ਕੰਮ ਆਉਂਦੀ ਐ ਪਰ ਅਜੋਕੇ ਸਮਾਜ ਵਿੱਚ ਸਾਹਿਤਕਾਰ ਜੋ ਕੁਝ ਸਿਰਜਦਾ ਐ ਉਸ ਦੇ ਨਾਲ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਤਾਂ ਕੀ ਸਿਉਂਕ ਦੇ ਖਾਣ ਦੇ ਕੰਮ ਵੀ ਨਹੀ ਆਉਂਦੇ ।ਅਜੋਕੇ ਸਮੇਂ ਵਿੱਚ ਲਿਖਣਾ ਸ਼ੁਗਲ ਬਣ ਗਿਆ ਐ ਹਰ ਕੋਈ ਸ਼ੌਕ ਦੇ ਨਾਲ ਹੀ ਲਿਖਦੇ , ਲਿਖਣ ਦੇ ਨਾਲ ਕਿਸ ਨੂੰ ਫਾਇਦਾ ਤੇ, ਕਿਸ ਦਾ ਨੁਕਸਾਨ ਹੁੰਦਾ ਹੈ,ਪਤਾ ਨਹੀਂ। ਕੀ ਲਿਖਣਾ, ਕਿਉਂ ਲਿਖਣਾ, ਕਿਸ ਵਾਸਤੇ ਲਿਖਣਾ , ਕਿਵੇਂ ਲਿਖਣਾ ਤੇ ਕਿਥੇ ਕਿਸ ਵਿਧਾਨ ਚ ਲਿਖਣਾ ਇਸ ਦੀ ਬਹੁਗਿਣਤੀ ਕਲਮ ਘਸੀਟ ਟੋਲੇ ਨੂੰ ਸਮਝ ਨਹੀ ਪਰ ਧੜਾਧੜ ਲਿਖ ਰਹੇ ਹਨ। ਕਾਗਜ਼ੀ ਕੀੜੇ ਸ਼ਬਦਾਂ ਦੀਆਂ ਉਲਟੀਆਂ ਸ਼ਰਾਬੀ ਵਾਂਗ ਕਰਕੇ ਆਲੇ-ਦੁਆਲੇ ਮੁਸ਼ਕ ਫੈਲਾਉਣ ਲਈ ਮਜਬੂਰ ਹਨ ।ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ ਤੇ ਕਿਤਾਬਾਂ ਵੀ ਕਵਿਤਾ ਦੀਆਂ ਛਪ ਰਹੀਆਂ ਤੇ ਵੰਡ ਸਮਾਰੋਹ ਦੌਰਾਨ ਵੰਡੀਆਂ ਜਾ ਰਹੀਆਂ ਹਨ। ਰਿਲੀਜ ਸਮਾਗਮ ਜਸ਼ਨ ਮਨਾਉਣ ਲਈ ਹਫਤਿਆਂ ਦਾ ਸ਼ਿੰਗਾਰ ਬਣ ਰਹੇ ਹਨ।ਪੜੇ-ਲਿਖੇ ਗਿਆਨੀ ਸਾਹਿਤ ਦੇ ਚੌਧਰੀ ਤੇ ਇਲਾਕਾ ਸਾਹਿਤਕ ਥਾਣੇਦਾਰ ਜਸ਼ਨਾਂ ਦੀਆਂ ਪ੍ਰਧਾਨਗੀ ਕਰਦੇ ਹੋਏ ਸ਼ਬਦ ਕੁਟਾਈ ਰਾਹੀਂ ਹਥ ਸਾਫ ਕਰਦੇ ਹੋਏ ਜੇਬਾਂ ਗਰਮ ਕਰਦੇ ਹਨ।ਸਾਹਿਤਕ ਥਾਣੇ ਦੇ ਟਾਉੂਟ ਤੇ ਗੜਵਈ ਸ਼ਬਦ ਮਸਾਜ ਕਰਨ ਵਾਲੇ ਕਵੀ ਤੇ ਕਵਿਤਰੀਨੁਮਾ ਦੀਆਂ ਅਣਗਿਣਤ ਅਸ਼ਾਇਰਾ ਦੀ ਹਰ ਥਾਂ ਮਸਾਲਾ ਨੁਮਾ ਸ਼ਬਦਾਵਲੀ ਨਾਲ ਮਸਾਜ ਕਰਦੇ ਹੋਏ ਜਸ਼ਨ ਮਨਾਉਣ ਲਈ ਪੱਬਾਂ ਭਾਰ ਹਨ ।ਸਾਹਿਤ ਸਭਾਈ ਵੋਟ ਪੱਕੀ ਕਰਨ ਲਈ ਇਕ ਦੂਜੇ ਦੀ ਪਿੱਠ ਖੁਰਕਦੇ ਹਨ। ਆਪੇ ਲਿਆਂਦੇ ਹਾਰ, ਲੋਈਆਂ ਤੇ ਗਿਫਟ ਨੁਮਾ ਪੁਰਸਕਾਰ ਸਭਾਪਤੀ ਦੇ ਕੋਲੋਂ ਲੈ ਕੇ ਖੁਸ਼ ਹਨ।ਗੋਦ ਮੀਡੀਆ ਖਬਰ ਛਾਪਣ ਲਈ ਮਜਬੂਰ ਹਨ । ਰਲ ਮਿਲ ਕੇ ਛਕਣ ਛਕਾਉਣ ਦੀ ਬੀਮਾਰੀ ਫੈਲਾਉਣ ਲਈ ਸੋਚੀ ਸਮਝੀ ਸਾਜਿਸ਼ ਹੈ। ਆਪੇ ਖਬਰ ਤੇ ਫੋਟੋ ਮੀਡੀਆ ਨੂੰ ਭੇਜੀ ਜਾਂਦੀ ਹੈ.ਸਾਹਿਤ ਦਾ ਕੀ ਆਸਰਾ ਹੈ? ਕੀ ਕੋਈ ਸੇਧ ਵੀ ਦੇ ਰਿਹਾ.?ਪੰਜਾਬ ਦੀ ਬੌਧਿਕ ਸ਼ਕਤੀ ਤੇ ਪੂੰਜੀ ਪਰਵਾਸ ਕਰ ਰਹੀ ਐ ਤੇ ਕਿਸਾਨ ਮਜਦੂਰ ਜਮਾਤ ਮਰਨ ਲਈ ਮਜਬੂਰ ਐ। ਲੋਕਾਈ ਅਣ ਚਾਹੀਆਂ ਬੀਮਾਰੀ ਨਾਲ ਪੀੜਤ ਹੈ । ਨਿੱਜੀ ਹਸਪਤਾਲ ਵਿਚ ਹੁੰਦੀ ਲੋਕਾਈ ਦੀ ਲੁੱਟ ਖਸੁੱਟ ਕਰਨ ਲਈ ਗੋਦ ਮੀਡੀਆ ਤੇ ਕਵਿਤਾ ਚੁਪ ਐ।ਬੰਦ ਦਰਵਾਜ਼ਾ ਦੀ ਐਡ ਭੁੱਖਿਆਂ ਨੂੰ ਸੁਣਾਈ ਜਾ ਰਹੀ ਐ।ਬੇਰੁਜ਼ਗਾਰਾਂ ਨੂੰ ਘਰ ਦੇ ਸੁਪਨੇ ਵੰਡੇ ਗਏ ਹਨ ।ਚੋਰਾਂ ਦੀ ਭਾਲ ਚੌਕੀਦਾਰ ਵਲੋਂ ਕੀਤੀ ਰਹੀ ਹੈ ।ਸੀ ਬੀ ਆਈ ਦੇ ਘੋੜਿਆਂ ਨਾਲ ਵਿਰੋਧੀਆਂ ਉਤੇ ਪੁਲਸ ਡਾਂਗ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ । ਇਨਸਾਫ ਦੇ ਮੰਦਰ ਵਿਚੋਂ ਮਰਿਆਦਾ ਦੇ ਹੁਕਮ ਕਰਵਾਏ ਜਾ ਰਹੇ ਹਨ ।ਸੜਕਾਂ ਤੇ ਵਾਟਰ ਸ਼ਕਤੀ ਦਾ ਨੰਗਾ ਨਾਚ ਜਾਰੀ ਐ। ਨਾਮ ਤੇ ਨਸ਼ੇ ਦੇ ਵਪਾਰੀ ਅਦਾਰੇ ਸਰਗਰਮ ਹਨ । ਘਰਾਂ ਤੇ ਸਮਸ਼ਾਨ ਘਾਟਾਂ ਵਿਚ ਪੈਦੇ ਵੈਣ ਅੰਬਰ ਨੂੰ ਟਾਕੀਆਂ ਲਾ ਰਹੇ ਹਨ, ਕੁਰਸੀ ਦੇ ਪਾਵੇ ਤੇ ਝਾਵੇ ਸ਼ਬਦ ਜੁਗਾਲੀ ਕਰਕੇ ਲੋਕਾਈ ਨੂੰ ਸੁਪਨੇ ਸਾਕਾਰ ਕਰਨ ਲਈ ਤਿਆਰ ਕਰ ਰਹੇ ਹਨ, ਜਿਹੜੇ ਅੱਗੇ ਹਨੇਰ ਫੈਲਾਉਣ ਵਿਚ ਆਪਣੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨੇ ।ਸ਼ਬਦ ਗੁਰੂ ਵਲ ਪਿੱਠ ਕਰਕੇ ਤੁਰਨ ਵਾਲੇ ਗੁਰਦੁਆਰਾ ਕਮੇਟੀਆਂ ਦੇ ਚੌਧਰੀ ਹਨ । ਗੁਰੂ ਦੀ ਗੋਲਕ ਉਜਾੜ ਰਹੇ ਹਨ.ਧਰਮ ਦੇ ਚੌਧਰੀ ਨੂੰ ਪਤਾ ਨਹੀ ਕਿ ਉਸ ਦੇ ਡੇਰੇ ਵਿੱਚ ਕੀ ਹੋ ਰਿਹਾ ਹੈ,ਦਗੇਬਾਜ਼, ਗਲੇਬਾਜ ਹਰ ਰੋਜ਼ ਮੀਡੀਏ ਦੇ ਵਿਚ ਛਪਿਆ ਹੋਇਆ ਵੇਖ ਕੇ ਪੇਟ ਸਾਫ ਕਰਦੈ।ਕੀ ਲਿਖਣਾ ਨੀਕੀ ਛਾਪਣਾ ਨੀਕੀ ਪੜਣਾ ਨੀਕੀ ਰੀਲੀਜ਼ ਨੀ ਕਰਨਾ ।ਇਸ ਵਾਰੇ ਸਭ ਚੁਪ ਹਨ ।ਵੋਟ ਬੈਂਕ ਗੁਆਚਣ ਦਾ ਡਰ ਐ।ਕੁਰਸੀ ਜਾਣ ਦਾ ਭਰਮ ਐ।ਤਾੜੀਆਂ ਦੀ ਭੁੱਖ ਐ।ਸਾੜੀਆਂ ਦੀ ਛਾਂ ਐ।ਦਾੜੀਆਂ ਦੀ ਮੌਤ ਐ।ਸਾੜੀਆਂ ਦਾ ਦਾੜ੍ਹੀ ਰੁਦਨ ਐ।ਪੁਰਸਕਾਰ ਤੇ ਨਜ਼ਰ ਐ।ਹਰ ਵੇਲੇ ਇਹੋ ਖਬਰ ਐ।ਤਨ ਤੇ ਮਨ ਨਾਲ ਸਬਰ ਐ।ਭਰਮ ਦਾ ਲਿਬਾਸ ਐ।ਪੰਜਾਬ ਉਦਾਸ ਐ।ਭੱਖ ਤੇ ਪਿਆਸ ਐ।ਆਮ ਤੇ ਖਾਸ ਐ।ਡਰ ਨੀ ਭੈਅ ਨੀਕਿਸੇ ਨਾਲ ਵੈਰ ਨੀਬੰਦੇ ਚਾਰ ਰਖੇ ਆਗਾਉਣ ਪਾਣੀ ਤਿਆਰ ਐਮਨ ਹੀ ਬਿਮਾਰ ਐਬਾਕੀ ਸਭ ਰਾਜੀ ਐਰੋਟੀ ਬੇਟੀ ਤਾਜੀ ਐਦਾਲ ਚ ਮਲਾਈ ਐਵਿਦੇਸ਼ ਤੋਂ ਮੰਗਵਾਈ ਐਸ਼ਨੀਲ ਦੀ ਰਜਾਈ ਐਨਵੇਂ ਵਰੇ ਨਵੀਂ ਭਰਾਈ ਐਪਾਣੀ ਢਾਈ ਆਬ ਦਾਮਰਦਾਨੇ ਦੀ ਰਬਾਬ ਦਾ।ਪੌਣ-ਪਾਣੀ ਖਰਾਬ ਐ।ਹਰ ਥਾਂ ਤੇ ਜਨਾਬ ਐ।ਬਸ ਮੈਂ ਤੇ ਪੰਜਾਬ ਈ ਉਦਾਸ ਐ।ਬੁੱਧ ਬੋਲਐ ਅਡੋਲਖੋਲ ਪੋਲਕੁੱਝ ਤੇ ਬੋਲਹੁਣ ਕੀ ਝੋਲਵਚਨ ਅਨਮੋਲਘੱਟ ਨ ਤੋਲਪਰਦੇ ਫੋਲਬੁੱਧ ਬੋਲ....ਬੁੱਧ ਸਿੰਘ ਨੀਲੋਂ9464370823

Sunday, 6 October 2019

ਕੀ ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਪੰਜਾਬੀ ਜਾਹਲ ਸਨ?


ਕੀ ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਪੰਜਾਬੀ ਜਾਹਲ ਸਨ?

ਅੰਗਰੇਜ਼ੀ-ਹਿੰਦੀ ਦੇ ਜਾਇਆਂ ਤੇ ਪੰਜਾਬੀ ਨਿੰਦਕਾਂ ਵੱਲੋਂ ਪੰਜਾਬੀ ਬੋਲੀ ਨੂੰ ਗਾਲ੍ਹਾਂ ਦੀ ਬੋਲੀ ਕਿਹਾ ਜਾਂਦਾ ਏ ਤੇ ਪੰਜਾਬ ਦੇ ਲੋਕਾਂ ਨੂੰ ਵੀ ਡੰਗਰ ਤੋਂ ਉਤਾਂਹ ਨਹੀਂ ਸਮਝਿਆ ਜਾਂਦਾ। ਸਰਕਾਰ-ਦਰਬਾਰੇ ਇਹਨਾਂ ਦੀ ਹੀ ਪੁੱਛ ਹੋਣ ਕਰਕੇ ਇਹਨਾਂ ਵੱਲੋਂ ਇਹੀ ਵਿਚਾਰ ਘੜਿਆ-ਪ੍ਰਚਾਰਿਆ ਜਾਂਦਾ ਹੈ ਜਿਸਦੇ ਅਸਰ ਹੇਠ ਬਹੁਤ ਸਾਰੇ ਪੰਜਾਬੀ ਵੀ ਆ ਜਾਂਦੇ ਹਨ। ਅੱਜ ਦੇ ਪੰਜਾਬ ਵਿੱਚ ਵੀ ਕਈ ਅਜਿਹੇ ਕੁਲੀਨਸ਼ਾਹੀ ਲੋਕ ਹੈਗੇ ਨੇ ਜਿਹਨਾਂ ਦਾ ਮੰਨਣਾ ਹੈ ਕਿ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ੇ ਤੋਂ ਮਗਰੋਂ ਇਥੇ ਬਹੁਤ ਸੁਧਾਰ ਕੀਤੇ ਤੇ ਏਥੇ ਅੰਗਰੇਜ਼ੀ ਸਿੱਖਿਆ ਨਾਲ ਤਰੱਕੀ ਦਾ ਮੁੱਢ ਬੰਨਕੇ ਇਹਨਾਂ ਅਨਪੜ੍ਹਾਂ, ਜਾਹਲਾਂ ਨੂੰ ਮੱਤ ਦਿੱਤੀ।

ਪਰ ਅਸਲ ਸੱਚਾਈ ਕੁਝ ਹੋਰ ਏ। ਦਰਜਨਾਂ ਭਾਸ਼ਾਵਾਂ ਦੇ ਮਾਹਰ ਤੇ ਇਤਿਹਾਸਕਾਰ ਪ੍ਰਸਿੱਧ ਬਰਤਾਨਵੀ ਜੀ ਡਬਲਿਊ ਲੇਟਨਰ ਨੇ 1881 ਵਿੱਚ ਛਪੇ ਆਪਣੇ ਖੋਜ ਕਾਰਜ ਵਿੱਚ ਦਾਅਵਾ ਕੀਤਾ ਸੀ ਕਿ ਅੰਗਰੇਜ਼ਾਂ ਵੱਲੋਂ ਪੰਜਾਬ ਕਬਜ਼ੇ ਤੋਂ ਮਗਰੋਂ ਏਥੇ ਜਾਣ-ਬੁੱਝਕੇ ਵੱਡੇ ਪੱਧਰ ‘ਤੇ ਸਕੂਲਾਂ ਨੂੰ ਬੰਦ ਕਰਵਾਇਆ ਗਿਆ ਤੇ ਪੰਜਾਬੀ ਕਾਇਦੇ ਵੱਡੀ ਪੱਧਰ ‘ਤੇ ਜ਼ਬਤ ਕਰਕੇ ਉਹਨਾਂ ਨੂੰ ਜਲਾਇਆ ਗਿਆ। ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਕੋਈ ਪੱਛੜਿਆ ਇਲਾਕਾ ਨਹੀਂ ਸਗੋਂ ਸਮੁੱਚੇ ਬਰਤਾਨਵੀ ਭਾਰਤ ਦਾ ਮੋਹਰੀ ਇਲਾਕਾ ਸੀ। ਏਥੇ ਧਾਰਮਿਕ ਅਸਥਾਨਾਂ ਤੇ ਧਰਮਸ਼ਾਲਾਵਾਂ ਵਿੱਚ ਹੁੰਦੀ ਰਵਾਇਤੀ ਪੜ੍ਹਾਈ ਤੋਂ ਬਿਨਾਂ ਰਸਮੀ ਸਿੱਖਿਆ ਲਈ ਵੱਡੀ ਗਿਣਤੀ ਸਕੂਲ ਵੀ ਮੌਜੂਦ ਸਨ। ਇਕੱਲੇ ਲਾਹੌਰ ਵਿੱਚ ਹੀ ਸਿਰਫ਼ ਕੁੜੀਆਂ ਲਈ ਅਜਿਹੇ 18 ਸਕੂਲ ਸਨ ਤੇ ਇਹਨਾਂ ਤੋਂ ਬਿਨਾਂ ਸ਼ਹਿਰ ਵਿੱਚ ਤਕਨੀਕੀ ਸਿੱਖਿਆ, ਗਣਿਤ, ਤਰਕਸ਼ਾਸਤਰ, ਭਾਸ਼ਾਵਾਂ, ਭਵਨ ਨਿਰਮਾਣ ਕਲਾ, ਸੁਲੇਖ ਕਲਾ ਆਦਿ ਲਈ ਵੱਖਰੇ ਸਕੂਲ ਸਥਾਪਤ ਸਨ। 1860 ਦੀ ਲਾਹੌਰ ਜ਼ਿਲਾਈ ਰਿਪੋਰਟ ਮੁਤਾਬਕ ਇਸ ਜਿਲ੍ਹੇ ਵਿੱਚ 576 ਰਸਮੀ ਸਕੂਲ ਸਨ ਜਿਹਨਾਂ ਵਿੱਚ 4225 ਵਿਦਵਾਨ ਤੇ ਵਿਸ਼ਿਆਂ ਦੇ ਮਾਹਰ ਪੜ੍ਹਾਉਂਦੇ ਸਨ ਜਿਹੜੇ ਧਾਰਮਿਕ ਸਿੱਖਿਆ, ਅਰਬੀ, ਫਾਰਸੀ, ਪੰਜਾਬੀ, ਹਿੰਦੀ ਭਾਸ਼ਾਵਾਂ ਦੇ ਗਿਆਨੀ ਸਨ। ਵਿਸ਼ਾ-ਮਾਹਰਾਂ ਦੀ ਘਣਤਾ ਮੁਤਾਬਕ ਲਾਹੌਰ ਪੂਰੇ ਸੰਸਾਰ ਦੇ ਸ਼ਹਿਰਾਂ ਮੁਕਾਬਲੇ ਉਸ ਵੇਲੇ ਅਵੱਲ ਨੰਬਰ ‘ਤੇ ਆਉਂਦਾ ਸੀ।

ਇਸ ਤੋਂ ਬਿਨਾਂ ਪੰਜਾਬ ਦੇ ਪਿੰਡਾਂ ਵਿੱਚ ਗੁਰਮੁਖੀ ਕਾਇਦਿਆਂ ਦੀ ਚੋਖੀ ਰਸਦ ਹੁੰਦੀ ਸੀ, ਜਿਸ ਕਰਕੇ ਵਸੋਂ ਦਾ ਕਾਫੀ ਹਿੱਸਾ ਗੁਰਮੁਖੀ ਦੀ ਲੰਡੀ ਲਿੱਪੀ ਤੋਂ ਵਾਕਫ਼ ਸੀ। ਅੰਗਰੇਜ਼ਾਂ ਦੇ ਪੰਜਾਬ ਕਬਜ਼ੇ ਤੋਂ ਮਗਰੋਂ ਇਹਨਾਂ ਕਾਇਦਿਆਂ ਨੂੰ ਘਰੋਂ-ਘਰੀ ਜ਼ਬਤ ਕਰਨ ਤੇ ਸਾੜਨ ਦੀ ਮੁਹਿੰਮ ਅੰਗਰੇਜ਼ਾਂ ਵੱਲੋਂ ਚਲਾਈ ਗਈ ਸੀ। ਪੰਜਾਬ ਦੀ ਸੋਚ ‘ਤੇ ਇਸ ਜਬਰ ਦਾ ਸਿੱਟਾ ਇਹ ਨਿਕਲਿਆ ਕਿ 1857 ਤੋਂ ਪਹਿਲਾਂ ਜਿੱਥੇ ਪੰਜਾਬ ਵਿੱਚ 3,30,000 ਵਿਦਿਆਰਥੀ ਦਰਜ ਕੀਤੇ ਗਏ ਸਨ ਓਥੇ ਹੀ 1880 ਆਉਂਦੇ-ਆਉਂਦੇ ਇਹ ਗਿਣਤੀ ਘਟਕੇ 1,90,000 ਹੀ ਰਹਿ ਗਈ ਜਾਣੀ ਕਿ ਲਗਭਗ ਅੱਧੀ ਪੰਜਾਬੀਆਂ ਦੀ ਵੱਡੀ ਗਿਣਤੀ ਪਨੀਰੀ ਦੀ ਸੋਚ ਹੀ ਖ਼ਤਮ ਕਰ ਦਿੱਤੀ ਗਈ ਸੀ। ਆਪਣੀ ਬੋਲੀ ਤੇ ਗਿਆਨ ਤੋਂ ਵਿਰਵੇ ਪੰਜਾਬੀਆਂ ਨੂੰ ਗੁਲਾਮ ਬਣਾਉਣਾ ਅੰਗਰੇਜ਼ਾਂ ਲਈ ਢੇਰ ਸੁਖਾਲਾ ਸਾਬਤ ਹੋਇਆ।

ਬੋਲੀ ਕੋਈ ਵੀ ਮਾੜੀ ਨਹੀਂ ਪਰ ਬੋਲੀ ਦਾ ਦਾਬਾ ਮਾੜਾ ਹੈ ਤੇ ਇਹ ਦਾਬਾ ਹੋਰ ਸੁਖਾਲਾ ਹੋ ਜਾਂਦਾ ਹੈ ਜਦੋਂ ਸਾਨੂੰ ਆਪਣੇ ਇਤਿਹਾਸ ਤੋਂ ਹੀ ਵਿਰਵੇ ਕਰ ਦਿੱਤਾ ਗਿਆ ਹੋਵੇ। ਅੱਜ ਵੀ ਭਾਰਤ ਵਿੱਚ ਅਜਿਹਾ ਕੁਝ ਕਰਨ ਦੀਆਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹਨਾਂ ਦਾ ਨਾ ਸਿਰਫ਼ ਅਮਲੀ ਪੱਧਰ ‘ਤੇ ਠੋਕਵਾਂ ਜਵਾਬ ਦੇਣਾ ਜਰੂਰੀ ਏ ਸਗੋਂ ਦਲੀਲ ਦੇ ਪੱਧਰ ‘ਤੇ ਵੀ ਇਹਨਾਂ ਦਾਬੇਦਾਰਾਂ ਨੂੰ ਚਿੱਤ ਕਰਨਾ ਜਰੂਰੀ ਹੈ।
(ਸਰੋਤ ਡਾਅਨ ਅਖਬਾਰ)
#ਪੰਜਾਬੀ #ਇਤਿਹਾਸ #ਮਾਂਬੋਲੀ
#ਲਲਕਾਰ