Saturday, 30 March 2013

 ਬੇਮਿਸਾਲ ਸੂਬਾ - Kamal Kang


ਗੱਲਾਂ ਕਹਿਣ ਤੇ ਸੁਨਣ ਨੂੰ ਜੱਚਦੀਆਂ ਨੇ ,
ਖੁਸ਼ਹਾਲ ਹਾਂ, ਸਾਡਾ ਖੁਸ਼ਹਾਲ ਸੂਬਾ ।

ਪੂਰੀ ਦੁਨੀਆਂ ਵਿੱਚ , ਧਾਕ ਪੰਜਾਬੀਆਂ ਦੀ ,
ਪੰਜਾਬ ਹੈ ਇੱਕ , ਬੇਮਿਸਾਲ ਸੂਬਾ । 

ਬੇਰੁਜ਼ਗਾਰੀ , ਕਰਜ਼ਈ ਕਿਰਸਾਨੀਆਂ ਦਾ ,
ਖ਼ੁਦਕੁਸ਼ੀਆਂ ਲਈ , ਇਹ ਕਮਾਲ ਸੂਬਾ ।

ਨਸ਼ੇਖੋਰੀਆਂ, ਚੋਰੀਆਂ , ਡਾਕਿਆਂ ਲਈ , 
ਜ਼ੁਰਮਾਂ ਨਾਲ ਨਿਹਾਲੋ-ਨਿਹਾਲ ਸੂਬਾ ।

ਤੀਆਂ, ਤ੍ਰਿੰਜਣਾ ,ਕਿੱਕਲੀਆਂ ਨਾ ਮੇਲੇ ,
ਪਾਊਂਦੈ ਡੀ.ਜੇ.'ਤੇ ਪੱਬੀਂ ਧਮਾਲ ਸੂਬਾ ।

ਸਭਿਆਚਾਰ ਤੇ ਵਿਰਸੇ ਨੂੰ ਭੁੱਲ ਬੈਠਾ ,
ਵੇਚ ਵਿਰਾਸਤਾਂ ,ਪੇਟ ਰਿਹੈ ਪਾਲ ਸੂਬਾ ।

'ਸਪਤ ਸਿੰਧੂ' ਅਖ਼ਵਾਉਂਦਾ ਸੀ ਕਿਸੇ ਵੇਲੇ ,
ਦਿੱਲੀ ਤੱਕ ਸੀ, ਇਹ ਵਿਸ਼ਾਲ ਸੂਬਾ ।

ਦਮਗਜ਼ੇ ਲੱਖ ਮਾਰਦੇ ਫਿਰਨ ਨੇਤਾ ,
ਹੋ ਗਿਆ ਚਾਦਰੋਂ, ਸੁੰਗੜ ਰੁਮਾਲ ਸੂਬਾ ।

ਕਿੰਨਾ ਉਭਰਿਆ 'ਤੇ ਕਿੰਨਾ ਨਿਘਰਿਆ ਹੈ ,
ਸਭ ਜਾਣਦੇ ਸਾਲ ਦੇ ਸਾਲ ਸੂਬਾ ।

'ਕਾਹਲੋਂ ' ਸੋਚ, ਵਿਚਾਰ,ਨਿਰਪੱਖ ਹੋ ਕੇ ,
ਤੇਰਾ ਹੋ ਗਿਆ ਸੱਚੀਂ ਕੰਗਾਲ ਸੂਬਾ ॥

Monday, 25 March 2013

ਪੰਜਾਬੀ ਬੋਲੀ / ਗੀਤ - Gurdip Singh Bhamra


ਰਹਿੰਦੇ ਹਾਂ ਪੰਜਾਬ ਵਿੱਚ ਬੋਲੀ ਏ ਪੰਜਾਬੀ
ਬੋਲੀਏ ਪੰਜਾਬੀ ਅਸੀਂ ਬੋਲੀ ਹੈ ਪੰਜਾਬੀ ਸਾਡੀ

ਹਾਸਿਆਂ ਚ’ ਖਿੜਦੀ ਏ
ਗਿੱਧੇ ਵਿੱਚ ਭਿੜਦੀ ਹੈ
ਵਿਹੜੇ ਵਿੱਚ ਰਿੜ੍ਹਦੀ ਏ
ਮਹਿਕ ਕਿਸੇ ਪਿੜ ਦੀ ਏ
ਸਜੱਰੀ ਕਪਾਹ ਜਿਹੀ
ਸੱਜਣਾ ਦੇ ਰਾਹ ਜਿਹੀ
ਬਾਣੀ ਜਿਵੇਂ ਗੁਰਾਂ ਦੀ ਏ
ਰੂਹਾਂ ਦੀ ਏ ਧੁਰਾਂ ਦੀ ਏ
ਹੇਕ ਜਿਵੇਂ ਰੂਹ ਦੀ ਏ
ਲੱਜ ਜਿਵੇਂ ਖੁਹ ਦੀ ੲੈ
ਸੂਕਦੀ ਏ ਕੂਕਦੀ ਏ
ਰੂਹ ਦੀ ਏ ਹੂਕ ਦੀ ਏ
ਪੌਣਾਂ ਵਿੱਚ ਬੋਲਦੀ ਏ
ਖੰਭਾਂ ਨਾਲ ਤੋਲਦੀ ਏ
ਰੂਹਾਂ ਤੱਕ ਖੋਲ੍ਹਦੀ ਏ
ਮਿੱਠਾ ਮਿੱਠਾ ਬੋਲਦੀ ਏ
ਮਿੱਠਾ ਮਿਠਾ ਬੋਲਦੀ ਏ ਬੋਲੀ ਏ ਪੰਜਾਬੀ ਸਾਡੀ
ਰਹਿੰਦੇ ਹਾਂ ਪੰਜਾਬ ਵਿੱਚ ਬੋਲੀ ਹੈ ਪੰਜਾਬੀ ਸਾਡੀ

ਪੰਜਾਬੀਆਂ ਦੀ ਜਾਨ ਏ
ਪੰਜਾਬੀਆਂ ਦੀ ਸਾਨ ਏ
ਤਾਣ ਇਹੋ, ਮਾਣ ਇਹੋ
ਖਾਣ ਇਹੋ ਪਾਣ ਇਹੋ
ਖੇਤਾਂ ਵਿਚੋਂ ਉਗਦੀ ਏ
ਮੇਲਿਆਂ ਚ’ ਪੁਗਦੀ ਏ
ਦੁਰ ਦੁਰ ਤੱਕ ਇਹਨੂੰ
ਅੱਜ ਸਾਰੇ ਜਾਣਦੇ ਨੇ
ਜਾਣਦੇ ਨੇ ਏਸ ਨੂੰ
ਪਛਾਣਦੇ ਨੇ ਏਸ ਨੂੰ
ਟੋਹਰ ਇਹ ਪੰਜਾਬੀਆਂ
ਗੱਲ ਹੈ ਨਵਾਬੀਆਂ ਦੀ
ਮਿਹਨਤਾਂ ਅਸਾਡੀਆਂ ਦਾ ਮੁੱਲ ਹੈ ਪੰਜੁਾਬੀ ਸਾਡੀ
ਖੁਲ੍ਹਾ ਜੀਣ ਢੰਗ ਸਾਡਾ ਖੁਲ੍ਹ ਹੈ ਪੰਜਾਬੀ ਸਾਡੀ।

Sunday, 17 March 2013

ਗੱਲਾਂ  -  (2) ਕੁਲਦੀਪ ਸਿੰਘ ਨੀਲਮ

ਆਖੇ ਮੂੰਹੋ ਕੱਢ ਮੈਂ ਤੈਨੂੰ ਪਿੰਡੋਂ ਕੱਢਾਂ,
ਕਈ ਇਕ ਦੀਆਂ ਸੌ ਬਨਾਣ ਗਲਾਂ।

ਜੇਕਰ ਕਦੇ ਅੜਿਕੇ ਕੋਈ ਆ ਜਾਵੇ,
ਚੰਗੇ-ਭਲੇ ਦਾ ਮੌਜੂ ਉੜਾਨ ਗਲਾਂ।

ਕੁਝ ਗਲਾਂ ਨਾ ਦਸੀਆਂ ਜਾਂਦੀਆਂ ਨੇ,
ਉਹ ਅੱਖਾਂ ਹੀ ਕਰਣ ਬਿਆਨ ਗਲਾਂ।

ਆਪੋ- ਅਪਣੀ ਬੋਲੀ ‘ਚ ਕਰਣ ਗਲਾਂ,
ਪਸ਼ੂ- ਪੰਛੀ ਤੇ ਬੇ-ਜ਼ਬਾਨ ਗਲਾਂ।

ਕੋਈ ਕਰਣ ਗਲਾਂ ਨਾਲ ਇਸ਼ਾਰਿਆਂ ਦੇ,
ਕਰਦੇ ਜੀਵ-ਜੰਤੂ ਜ਼ਿਮੀ ਅਸਮਾਨ ਗਲਾਂ।

ਖਾਲੀ ਗਲਾਂ ਨਾਲ ਕੁਝ ਵੀ ਸੌਰਦਾ ਨਹੀਂ,
ਭਾਵੇਂ ਲੱਖ ਕੋਈ ਕਰੇ ਬਿਆਨ ਗਲਾਂ।

ਜੋ ਲੋਕ ਕੋਈ ਮਰਤਬਾ ਮਾਰ ਜਾਂਦੇ,
ਸਦਾ ਉਹਨਾਂ ਦੀਆਂ ਕਰੇ ਜਹਾਨ ਗਲਾਂ।

ਕਦੇ ਸਿਲਸਲਾ ਗਲਾਂ ਦਾ ਮੁਕਣਾ ਨਹੀਂ,
ਮਰਕੇ ਹੋਣ ਪਿਛੋਂ ਕਬਰਤਸਾਨ ਗਲਾਂ।

ਜੇਹੜੇ ਗਲਾਂ ਦੀ ਰਮਜ਼ ਨੂੰ ਜਾਣ ਲੈਂਦੇ,
ਉਨ੍ਹਾਂ ਲੋਕਾਂ ਦੀਆਂ ‘ਨੀਲਮ’ ਮਹਾਨ ਗਲਾਂ।

ਗੱਲਾਂ - (1) ਕੁਲਦੀਪ ਸਿੰਘ ਨੀਲਮ

ਗਲਾਂ ਕਰਦਿਆਂ ਗਲਾਂ ਚੋਂ ਗਲ ਚਲੀ,ਕਰਦਾ ਹਰ ਕੋਈ ਏ ਇਨਸਾਨ ਗਲਾਂ।

ਚੋਰ ਯਾਰ ਬਦਮਾਸ਼ ਵੀ ਕਰਨ ਗਲਾਂ,ਦੇਵੀ ਦੇਵਤੇ ਕਰਨ ਭਗਵਾਨ ਗਲਾਂ।


ਗਲਾਂ ਕਰਨ ਦਾ ਝੱਲ ਜਨਾਨੀਆਂ ਨੂੰ,ਬੁਢੇ ਬੱਚੇ ਤੇ ਕਰਨ ਜਵਾਨ ਗਲਾਂ।


ਇਹਨਾਂ ਗਲਾਂ ਦੇ ਕਈ ਪ੍ਰਕਾਰ ਹੁੰਦੇ,ਆਮ ਖਾਸ ਤੇ ਗੁਪਤ ਗਿਆਨ ਗਲਾਂ।


ਗਲਾਂ ਗ੍ਹੂੜ੍ਹੀਆਂ ਹੁਸਨ ਤੇ ਇਸ਼ਕ ਦੀਆਂ,ਨਵੀਆਂ ਪੁਰਾਣੀਆਂ ਤੇ ਅਣਜਾਨ ਗਲਾਂ। 


ਰਸ ਗਲਾਂ ਦੇ ਬੜੇ ਨਿਰਾਲੜੇ ਨੇ, ਕੌੜੀਆਂ ਮਿਠੀਆਂ ਤੇ ਮਿਹਰਬਾਨ ਗਲਾਂ।


ਐਵੇਂ ਬੈਠੇ ਕਈ ਝੱਖ ਮਾਰਦੇ ਨੇ,ਕੋਈ ਕਰਦੇ ਸੁਘੜ ਸੁਜਾਨ ਗਲਾਂ।


ਸੁਣਕੇ ਬਚਿਆਂ ਦੇ ਤੋਤਲੇ ਬੋਲ ਪਿਆਰੇ,ਸੀਨੇ ਮਾਪਿਆਂ ਦੇ ਠੰਡ ਪਾਣ ਗਲਾਂ।


ਗਲਾਂ ਟੱਬਰ ਦੀ ਸਾਂਝ ਵਧਾਂਦੀਆਂ ਨੇ,ਕਦੇ ਕਰਦੀਆਂ ਬਹੁਤ ਨੁਕਸਾਨ ਗਲਾਂ।


ਵੇਲਾ ਵੇਖਕੇ ਜੋ ਨਾ ਗਲ ਕਰਦੇ,ਵਾਧੂ ਕਰਦੇ ਉਹ ਇਨਸਾਨ ਗਲਾਂ।


ਕੋਈ ਗਲਾਂ ਦਾ ਖਟਿਆ ਖਾਂਵਦਾ ਏ,ਲਾਕੇ ਮਿਰਚ-ਮਸਾਲਾ ਸੁਨਾਣ ਗਲਾਂ।


ਕੋਈ ਝੂਠੀਆਂ ਸੱਚੀਆਂ ਛਾਪਦੇ ਨੇ,ਨਿਤ ਵੇਚਦੇ ਖ੍ਹੋਲ ਦੁਕਾਨ ਗਲਾਂ।


ਗਲਾਂ ਬਾਝ ਨਾ ਕੋਈ ਵਪਾਰ ਚਲੇ,
ਰੁਪਈਆਂ ਡਾਲਰਾਂ ਦੇ ਢੇਰ ਲਾਣ ਗਲਾਂ

Friday, 15 March 2013

ਨਜ਼ਦੀਕ ਨਾ ਹੋ - ਤਰਲੋਕ ਜੱਜ 


ਅਸਾਂ ਅੱਗ ਦੇ ਵਸਤਰ ਪਾਓਣੇ ਨੇ, ਨਜ਼ਦੀਕ ਨਾ ਹੋ।
ਅਸਾਂ ਧਰਤ ਆਕਾਸ਼ ਜਲਾਓਣੇ ਨੇ, ਨਜ਼ਦੀਕ ਨਾ ਹੋ।

ਮੈਨੂ ਸ਼ੀਸ਼ੇ ਨੇ ਠੁਕਰਾ ਕੇ, ਪੱਥਰ ਕੀਤਾ ਹੈ
ਹੁਣ ਮੈਂ ਸ਼ੀਸ਼ੇ ਤਿੜਕਾਓਣੇ ਨੇ, ਨਜ਼ਦੀਕ ਨਾ ਹੋ।

ਅਸਾਂ ਕਤਰਾ, ਦਰਿਆ, ਸਾਗਰ, ਹੋਣੈ, ਸਹਿਰਾ ਤੋਂ
ਅਸਾਂ ਖੇਲ ਅਨੇਕ ਰਚਾਓਣੇ ਨੇ, ਨਜ਼ਦੀਕ ਨਾ ਹੋ।

ਜਾ ਤੈਥੋਂ ਮੇਰਾ ਸਾਥ, ਨਿਭਾਇਆ ਨਹੀਂ ਜਾਣਾ
ਮੇਰੇ ਰਸਤੇ ਬੜੇ ਡਰਾਓਣੇ ਨੇ, ਨਜ਼ਦੀਕ ਨਾ ਹੋ।

ਅਸਾਂ ਸਜਣਾਂ ਦੀ ਗਲਵਕੜੀ ਦਾ, ਨਿਘ ਮਾਣ ਲਿਆ
ਹੁਣ ਦੁਸ਼ਮਨ ਗਲੇ ਲਗਾਓਣੇ ਨੇ, ਨਜ਼ਦੀਕ ਨਾ ਹੋ।

ਅਸਾਂ ਜਿਹਨੀ ਰਾਹੀਂ ਤੁਰਨੈ, ਓਥੇ ਸੱਜਣਾਂ ਨੇ
ਮਘਦੇ ਅੰਗਿਆਰ ਵਿਛਾਓਣੇ ਨੇ, ਨਜ਼ਦੀਕ ਨਾ ਹੋ।

ਅਸੀਂ ਕੁੜ ਅਮਾਵਸ ਦਾ, ਹੁਣ ਪਾਜ ਉਘੇੜਾਂਗੇ
ਅਸਾਂ ਸੱਚ ਦੇ ਦੀਪ ਜਲਾਓਣੇ ਨੇ, ਨਜ਼ਦੀਕ ਨਾ ਹੋ।

ਤਰਲੋਕ ਜੱਜ  ਜੀ ਦੀ ਰੂਹ ਨੂੰ ਪ੍ਰਮਾਤਮਾ ਸ਼ਾਂਤੀ ਬਕਸ਼ੇ

Sunday, 10 March 2013

ਪੰਜਾਬੀ ਹਾਂ - ਰਣਜੀਤ ਸਿੰਘ


ਪੰਜਾਬੀ ਹਾਂ ਪੰਜਾਬ ਦੇ ਰਹਿਣ ਵਾਲ਼ਾ, ਮੈਨੂੰ ਮਾਣ ਪੰਜਾਬੀ ਹੋਣ ਦਾ ਏ
ਸਾਨੂੰ ਗੁੜ੍ਹਤੀਆਂ ਦਿੱਤੀਆਂ ਗ਼ੈਰਤਾਂ ਨੇ, ਮੈਨੂੰ ਮਾਣ ਇਨਕਲਾਬੀ ਹੋਣ ਦਾ ਏ

ਮੇਰੀ ਬੋਲੀ ‘ਚ ਬੁੱਲ੍ਹਾ ਫ਼ਰੀਦ ਬੋਲੇ, ਬਾਬੇ ਨਾਨਕ ਨੇ ਇਹਨੂੰ ਅਮੀਰ ਕੀਤਾ
ਵਾਰਿਸ ਸ਼ਾਹ ਨੇ ਇਹਨੂੰ ਸਿ਼ੰਗਾਰਿਆ ਸੀ, ਹਾਕਮ ਸਮੇਂ ਦਿਆਂ ਇਹਨੂੰ ਫ਼ਕੀਰ ਕੀਤਾ

ਨਾ ਕੋਈ ਧਾੜਵੀ ਜਦੋਂ ਦਲੀਲ ਮੰਨੇ, ਹੱਥ ਜੋੜਿਆਂ ਮੇਰਾ ਨਾ ਹੱਕ ਦਿੱਤਾ
ਉਦੋਂ ਰਣ ਵਿੱਚ ਮੈਂ ਸ਼ਮਸ਼ੀਰ ਵਾਹੀ, ਦਰ੍ਹਾ ਖ਼ੈਬਰ ਹਮੇਸ਼ਾਂ ਲਈ ਡੱਕ ਦਿੱਤਾ

ਪੁਠ ਐਸੀ ਇਖ਼ਲਾਕ ਦੀ ਚੜ੍ਹੀ ਮੈਨੂੰ, ਪੱਤ ਆਪਣੀ ਗ਼ੈਰ ਦੀ ਇੱਕ ਮੈਨੂੰ
ਮੇਰਾ ਸਭਿਆਚਾਰ ਕਿਰਦਾਰ ਇੱਕੋ, ਮਰਜ਼ ਸਭ ਦੀ ਖੈ਼ਰ ਦੀ ਇੱਕ ਮੈਨੂੰ

ਦੇਸ ਮੇਰੇ ਨੂੰ ਲੁੱਟਿਆ ਫ਼ਰੰਗੀਆਂ ਨੇ, ਨਾ ਸੋਚ ਨੂੰ ਮੇਰੀ ਗ਼ੁਲਾਮ ਕੀਤਾ
ਮੈਂ ਬਣ ਕੇ ਭਗਤ ਕਰਤਾਰ ਊਧਮ, ਜੀਣਾ ਉਹਨਾਂ ਦਾ ਯਾਰੋ ਹਰਾਮ ਕੀਤਾ

ਜਦੋਂ ਰਗ਼ਾਂ ‘ਚ ਇਸ਼ਕ ਦਾ ਬੋਲ ਗੱਜੇ, ਲਾਵਾਂ ਵਿੱਚ ਝਨਾਂ ਦੇ ਤਾਰੀਆਂ ਮੈਂ
ਹਾਂ ਸਿੱਖਿਆ ਆਪਣੇ ਪਿੱਤਰਾਂ ਤੋਂ, ਸਾਹਾਂ ਨਾਲ਼ ਨਿਭਾਉਣੀਆਂ ਯਾਰੀਆਂ ਮੈਂ

ਮੇਰੇ ਹੁਸਨ ਦੇ ਪੈਰਾਂ ‘ਚ ਅੱਗ ਨੱਚੇ, ਮੇਰੇ ਜੋਬਨ ਦੇ ਚਿਹਰੇ ਤੇ ਨੂਰ ਵਰ੍ਹਦਾ
ਮੇਰਾ ਵੱਜਦਾ ਜਦੋਂ ਸੰਗੀਤ ਕਿਧਰੇ, ਦਿੱਸੇ ਮਹਿਫਿਲਾਂ ਵਿੱਚ ਸਰੂਰ ਵਰ੍ਹਦਾ

ਮੇਰੇ ਮੁੜ੍ਹਕੇ ‘ਚੋਂ ਅੰਨ ਦੇ ਬੀਜ ਉੱਗੇ, ਬੁਰਕੀ ਮੁ਼ਲ਼ਕ ਦੇ ਮੂੰਹ ਵਿੱਚ ਪੈਣ ਲੱਗੀ
ਮਿੱਟੀ ਨਾਲ਼ ਮੈਂ ਮਿੱਟੀ ਹੋਇਆ ਏਦਾਂ, ਕੀ ਤੂੰ ਮੰਗਦਾਂ ਕਿਸਮਤ ਕਹਿਣ ਲੱਗੀ

ਜਦੋਂ ਕਦੇ ਸਰਹੱਦ ‘ਤੇ ਜੰਗ ਲੱਗੀ, ਲਹੂ ਡੁਲ੍ਹਦਾ ਰਿਹਾ ਪੰਜਾਬੀਆਂ ਦਾ
ਬੂਹੇ ਜਦੋਂ ਮਜ਼ਲੂਮਾਂ ਲਈ ਬੰਦ ਹੋਏ, ਬੂਹਾ ਖੁਲ੍ਹਦਾ ਰਿਹਾ ਪੰਜਾਬੀਆਂ ਦਾ

ਜਦੋਂ ਦੇਸ ਨੂੰ ਛੱਡ ਪਰਦੇਸ ਆਇਆਂ, ਰਿਹਾ ਦਿਲ ਦੇ ਨਾਲ਼ ਪੰਜਾਬ ਮੇਰੇ
ਤੱਤੀ ਵਾ’ ਪੰਜਾਬ ਨੂੰ ਜਦ ਲੱਗੀ, ਤਪਿਆ ਮੈਂ ਵੀ ਨਾਲ਼ ਪੰਜਾਬ ਮੇਰੇ

ਬਾਰ੍ਹੀਂ ਬਰਸੀਂ ਕੀ ਖੱਟ ਕੇ ਦੇਸ ਪਰਤੇ, ਮੈਨੂੰ ਕਿਧਰੇ ਨਾ ਮੇਰਾ ਪੰਜਾਬ ਦਿੱਸੇ
ਨਾ ਅੱਖਾਂ ‘ਚ ਕਿਧਰੇ ਅਣਖ਼ ਦਿੱਸੇ, ਨਾ ਜੋਬਨ ਦੇ ਚਿਹਰੇ ਤੇ ਆਬ ਦਿੱਸੇ

ਇਹ ਕੌਣ ਲੋਕ ਨੇ ਕਿਹਦੀ ਆ ਕੁਖੋਂ ਜੰਮੇ, ਮਾਂ ਬੋਲੀ ਨੂੰ ਜਿਹੜੇ ਗੰਵਾਰ ਦੱਸਣ
ਅੱਖ ਦੀ ਸ਼ਰਮ ਨੂੰ ਬੀਤਿਆ ਯੁਗ ਦੱਸਣ, ਨੁਮਾਇਸ਼ ਜਿਸਮ ਦੀ ਨੂੰ ਸਭਿਆਚਾਰ ਦੱਸਣ

ਮੇਰੇ ਘਰਾਂ ‘ਚੋਂ ਸਬਰ ਸੰਤੋਖ ਮੁੱਕੇ, ਮੇਰੇ ਪਿੰਡਾਂ ਦੇ ਵਿੱਚੋਂ ਇਤਫ਼ਾਕ ਮੋਇਆ
ਦਿਨ ਬਦਲਦੇ ਤਾਂ ਬਦਲ ਯਾਰ ਜਾਂਦੇ, ਖ਼ੁਦਗ਼ਰਜ਼ ਮੇਰਾ ਹਰ ਸਾਕ ਹੋਇਆ

ਸਤਲੁਜ ਜਿਹਲਮ ਬਿਆਸ ਦੀ ਗੱਲ ਛੱਡੋ, ਮੇਰੇ ਜਿ਼ਹਨ ‘ਚੋ ਰਾਵੀ ਚਨ੍ਹਾਬ ਸੁੱਕੇ
ਖ਼ੀਰ ਨਸਿ਼ਆਂ ਦਾ ਰੋਜ਼ ਡਕਾਰ ਕੇ ਵੀ, ਬੁਲ੍ਹ ਸਿ਼ਵ ਜੀ ਦੇ ਵਾਗੂੰ ਜਨਾਬ ਸੁੱਕੇ

ਮੈਨੂੰ ਹੱਕ ਦੀ ਕਿਰਤ ਦੀ ਗੱਲ ਭੁੱਲੀ, ਫ਼ਰਜ਼ ਵੰਡ ਕੇ ਛਕਣ ਦਾ ਯਾਦ ਕਿੱਥੋਂ
ਮੇਰੀ ਯਾਰੀ ਏ ਨਾਲ਼ ਮਲਕ ਭਾਗੋਆਂ ਦੇ, ਭਾਈ ਲਾਲੋ ਦੀ ਸੁਣੇ ਫ਼ਰਿਆਦ ਕਿਥੋਂ

ਔਰਤ ਮਾਂ ਪਹਿਲਾਂ ਫਿਰ ਭੈਣ ਹੁੰਦੀ, ਸੂਹਾ ਵੇਸ ਫਿਰ ਘਰ ਦਾ ਸ਼ਿੰਗਾਰ ਬਣਦਾ
ਧੀ ਬਣਕੇ ਵਿਹੜੇ ਦੀ ਬਣੇ ਰੌਣਕ, ਮੈਂ ਭੁਲਿਆ ਉਹਨੂੰ ਦੇਣਾ ਸਤਿਕਾਰ ਬਣਦਾ

ਪੰਜਾਂ ਪਾਣੀਆਂ ਵਿੱਚ ਪੰਜਾਬ ਵੱਸਿਆ, ਵੰਡੇ ਪਾਣੀ ਤਾਂ ਮੈਂ ਬਰਬਾਦ ਹੋਇਆ
ਹੁਣ ਢਾਈਆਂ ‘ਤੇ ਵੀ ਨਾ ਹੱਕ ਮੇਰਾ, ਹੋਰ ਕੀ ਚਾਹੀਦਾ ਮੁਲਕ ਅਜ਼ਾਦ ਹੋਇਆ

ਹੱਥੀਂ ਵੱਟ ਕੇ ਰੱਸੇ ਕਰਜਿ਼ਆਂ ਦੇ, ਫ਼ਾਹੇ ਲੱਗਦਾ ਨਿੱਤ ਕਿਰਸਾਨ ਮੇਰਾ
ਸਿਰੇ ਚਾੜ੍ਹਿਉ ਹਰੇ ਅੰਦੋਲਨਾਂ ਦਾ, ਬਣਦਾ ਮਿਲ਼ ਗਿਆ ਮੈਨੂੰ ਸਨਮਾਨ ਮੇਰਾ

ਮੈਨੂੰ ਸੰਜਮ ਦੀ ਕਾਈ ਸਾਰ ਨਾਂਹੀ, ਫੋਕੀ ਸ਼ੁਹਰਤ ਏ ਮੰਜਿ਼ਲ ਮੁਕਾਮ ਮੇਰਾ
ਭੋਇੰ ਵੇਚ ਕੇ ਕਰਾਂ ਮੈਂ ਸ਼ੌਂਕ ਪੂਰੇ, ਕਿਹਨੂੰ ਪੁੱਛਣਾ ਕੀ ਹੋਣਾ ਅੰਜਾਮ ਮੇਰਾ

ਵਕਤ ਅਜੇ ਵੀ ਹੈ ਕਿ ਸੰਭਲ਼ ਜਾਈਏ, ਵਿਰਸੇ ਆਪਣੇ ਦੀ ਸਾਂਭ ਸੰਭਾਲ਼ ਕਰੀਏ
ਖਿ਼ਮਾ ਗ਼ਰੀਬੀ ਸੁਭਾਅ ਦੇ ਵਿੱਚ ਰੱਖੀਏ, ਕਿਰਤ ਹੱਕ ਦੀ ਰੂਹ ਦੇ ਨਾਲ਼ ਕਰੀਏ

ਫ਼ਰਕ ਮੇਟੀਏ ਕਹਿਣ ਤੇ ਕਰਣ ਵਿਚਲਾ, ਅਕਸ ਆਪਣਾ ਫਿਰ ਸੁਰਜੀਤ ਕਰੀਏ
ਹਿੰਮਤ ਮਿਹਨਤ ਤੇ ਗ਼ੈਰਤ ਦੀ ਬਾਂਹ ਫੜੀਏ, ਸਦਾ ਸਭ ਦਾ ਭਲਾ ਰਣਜੀਤ ਕਰੀਏ

ਪੰਜਾਬੀ ਹਾਂ ਪੰਜਾਬ ਦੇ ਰਹਿਣ ਵਾਲ਼ਾ, ਮੈਨੂੰ ਮਾਣ ਪੰਜਾਬੀ ਹੋਣ ਦਾ ਏ
ਸਾਨੂੰ ਗੁੜ੍ਹਤੀਆਂ ਦਿੱਤੀਆਂ ਗ਼ੈਰਤਾਂ ਨੇ, ਮੈਨੂੰ ਮਾਣ ਇਨਕਲਾਬੀ ਹੋਣ ਦਾ ਏ

Saturday, 9 March 2013

ਬੋਲੀ ਪੰਜਾਬੀ - ਬਲਵਿੰਦਰ ਸਿੰਘ ਮੋਹੀ

ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਓ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਆਪਣਾ ਦੇਸ਼ ਤੇ ਬੋਲੀ ਹੁੰਦੇ ਜਾਨੋ ਵੱਧ ਪਿਆਰੇ,
ਲ਼ੋਕ-ਗੀਤ ਖੁਸ਼ਬੋਆਂ ਵੰਡਣ ਮਹਿਕਾਂ ਦੇ ਵਣਜਾਰੇ,
ਮਹਿਕ ਏਸਦੀ ਬੋਲਾਂ ਵਿਚੋਂ ਕਦੇ ਗਵਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਮਾਂ ਦੇ ਕੋਲ ਸੁਣੀਆਂ ਲੋਰੀਆਂ ਦਾਦੀ ਕੋਲੋਂ ਬਾਤਾਂ,
ਨਾਲ ਏਸਦੇ ਸ਼ੁਰੂ ਹੋਏ ਸੀ ਆਪਣੇ ਦਿਨ ਤੇ ਰਾਤਾਂ,
ਕਦਰ ਏਸਦੀ ਮਨ ਦੇ ਵਿਚੋਂ ਮਾਰ ਮੁਕਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਘੁੱਗੂ ਘੋੜੇ ਪਾਉਣੇ ਜਿਸ ਨੇ ਆਪ ਸਿਖਾਏ ਸੀ,
ਫੱਟੀ ਤੇ ਜਦ ਗਾਚੀ ਦੇ ਨਾਲ ਪੋਚੇ ਲਾਏ ਸੀ,
ਫਏ ਪੂਰਨੇ ਦਿਲ ਤੇ ਜਿਹੜੇ ਕਦੇ ਮਿਟਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਗੁਰੂਆਂ ਪੀਰਾਂ ਤੇ ਭਗਤਾਂ ਨੇ ਇਸ ਦੀ ਕਦਰ ਪਛਾਣੀ,
ਏਸੇ ਵਿੱਚ ਹੀ ਲਿਖੀ ਹੋਈ ਹੈ ਚਾਨਣ ਵੰਡਦੀ ਬਾਣੀ,
ਛੱਡ ਕੇ ਇਸਨੂੰ ਆਪਣੇ ਮੱਥੇ ਕਾਲਖ ਲਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਵਿੱਚ ਵਿਦੇਸ਼ਾਂ ਉਚਾ ਹੋਇਆ ਦੇਖੋ ਰੁਤਬਾ ਇਸਦਾ,
ਖੈਰ ਪੰਜਾਬੀ ਦੀ ਹੈ ਮੰਗਦਾ ਔਹ ਸ਼ਰਫ ਵੀ ਦਿਸਦਾ,
ਮਨ ਮੰਦਰ ਵਿੱਚ ਬਲਦਾ ਇਹ ਚਿਰਾਗ ਬੁਝਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਸ਼ਾਇਰਾਂ ਅਤੇ ਅਦੀਬਾਂ ਨੇ ਹੈ ਇਸਦੀ ਸ਼ਾਨ ਵਧਾਈ,
ਓਹਦੇ ਸਦਕੇ ਕੁਲ ਦੁਨੀਆਂ ਦੇ ਵਿੱਚ ਪਛਾਣ ਬਣਾਈ,
ਛੱਡ ਕੇ ਇਸਨੂੰ ‘ਮੋਹੀ’ ਆਪਣਾ ਮੂਲ ਗਵਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਓ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

Saturday, 2 March 2013

ਮਾਵਾਂ ਤਾਂ ਬੱਸ ਮਾਵਾਂ ਹੁੰਦੀਆਂ - ਗੁਰਵਿੰਦਰ ਸੈਣੀ


ਜਿੰਨਾ ਘਰਾਂ ਵਿਚ ਮਾਵਾਂ ਹੁੰਦੀਆਂ,
ਸਵਰਗ ਜਿਹੀਆਂ ਉਹ ਥਾਵਾਂ ਹੁੰਦੀਆਂ।
ਖੁਸ਼ੀਆਂ ਖੇੜੇ ਰਹਿਣ ਵੰਡਦੀਆਂ,
ਮਾਵਾਂ ਸੁਖ ਦੀਆਂ ਛਾਵਾਂ ਹੁੰਦੀਆਂ।

ਹਰ ਵੇਲੇ ਘਰ ਦੀ ਸੁਖ ਲੋਚਣ,
ਜੰਨਤ ਦਾ ਪਰਛਾਵਾਂ ਹੁੰਦੀਆਂ।
ਮਾਂ ਦੀ ਗੋਦ ਦੇ ਵਿੱਚ ਬੈਠਿਆਂ,
ਸਾਰੀਆਂ ਦੂਰ ਬਲਾਵਾਂ ਹੁੰਦੀਆਂ।

ਸਿਰ 'ਤੇ ਹੱਥ ਜਦੋਂ ਰੱਖ ਦੇਵਣ,
ਸਾਰੀਆਂ ਰੌਸ਼ਨ ਰਾਹਵਾਂ ਹੁੰਦੀਆਂ।
ਦੇ ਅਸੀਸਾਂ ਘਰੋਂ ਜਦ ਤੋਰਨ,
ਸੌਖੀਆਂ, ਔਖੀਆਂ ਰਾਹਵਾਂ ਹੁੰਦੀਆਂ।

ਮਾਵਾਂ ਵਰਗਾ ਪਿਆਰ ਕਿਤੇ ਨਾ,
ਮਾਵਾਂ ਤਾਂ ਬੱਸ ਮਾਵਾਂ ਹੁੰਦੀਆਂ।
ਮਾਵਾਂ ਬਾਝੋਂ ਘੁੱਪ ਹਨੇਰਾ ਜੱਗ,
ਮਾਵਾਂ ਰੌਸ਼ਨ ਰਾਹਵਾਂ ਹੁੰਦੀਆਂ।

ਮਾਵਾਂ ਦਾ ਜੋ ਸਤਿਕਾਰ ਨਹੀਂ ਕਰਦੇ,
ਉਨ•ਾਂ ਲਈ ਸਜ਼ਾਵਾਂ ਹੁੰਦੀਆਂ।
ਮਾਂ ਦੀ ਪੂਜਾ, ਰੱਬ ਦੀ ਪੂਜਾ,
ਰੱਬ ਦਾ ਦੂਜਾ ਨਾਵਾਂ ਹੁੰਦੀਆਂ।

ਰੱਬ ਦਾ ਰੂਪ ਐਵੇਂ ਨਹੀਂ ਕਹਿੰਦੇ,
ਸਵਰਗ ਦਾ ਹੀ ਪਰਛਾਵਾਂ ਹੁੰਦੀਆਂ।
ਡਿੱਗੇ, ਡੋਲੇ ਪੁੱਤ ਸਾਂਭਣ ਦੇ ਲਈ,
ਮਾਂ ਦੀਆਂ ਹੀ ਬਾਹਵਾਂ ਹੁੰਦੀਆਂ।

ਕੀ ਕੀ ਸਿਫ਼ਤ ਕਰੀਏ 'ਗੁਰਵਿੰਦਰਾ',
ਮਾਵਾਂ ਤਾਂ ਬੱਸ ਮਾਵਾਂ ਹੁੰਦੀਆਂ .....

 -ਗੁਰਵਿੰਦਰ ਸੈਣੀ
299/3, ਫਰੈਂਡਜ਼ ਕਾਲੋਨੀ,
ਸਾਹਮਣੇ ਡੀ. ਵੀ. ਕਾਲਜ, ਜਲੰਧਰ।
ਮੋਬਾ: 94172-25239.

ਧੀਆਂ ਭਾਰਤ ਦੇਸ ਦੀਆਂ - ਡਾ. ਸਾਥੀ ਲੁਧਿਆਣਵੀ


ਇਹ ਨਜ਼ਮ ਦਿੱਲੀ ਵਿਚ ਗੈਂਗ ਰੇਪ ਕੀਤੀ ਗਈ ਤੇ ਬਾਅਦ ਵਿਚ ਸਿੰਗਾਪੁਰ ਦੇ ਹਸਪਤਾਲ ਵਿੱਚ ਮਰ ਗਈ ਕੁੜੀ ਅਤੇ ਹੋਰ ਹਜ਼ਾਰਾਂ ਹੀ ਅਜਿਹੀਆਂ ਕੁੜੀਆਂ ਨੂੰ ਸਮਰਪਤ ਹੈ, ਜਿਨ੍ਹਾਂ ਦਾ ਵਹਿਸ਼ੀ ਦਰਿੰਦੇ ਆਏ ਦਿਨ ਯੋਨ ਸ਼ੋਸ਼ਨ ਕਰਦੇ ਹਨ।

ਧੀਆਂ ਦੀ ਰਖ਼ਵਾਲੀ ਹਿੰਦ ਵਿੱਚ ਕੌਣ ਕਰੇ।
ਇਸ ਦੀ ਪਾਟੀ ਚੁੰਨੀ, ਤੋਪਾ ਕੌਣ ਭਰੇ।
ਧੀ ਦਾ ਬਾਬਲ ਕੰਧਾਂ ਓਹਲੇ ਰੋਂਦਾ ਹੈ।
ਲਹੂ `ਚ ਰੱਤਾ ਧੀ ਦਾ ਸਾਲੂ ਧੋਂਦਾ ਹੈ।

ਟੀ ਵੀ ਉੱਤੇ ਧੀ ਦੇ ਯੋਨ ਦੀ ਚਰਚਾ ਵੇਖ਼,
ਅੰਦਰੋਂ ਅੰਦਰੀ ਰਫ਼ਤਾ ਰਫ਼ਤਾ ਬਾਪ ਮਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।

ਹਾੜਾ ਅੱਜ ਇਕ ਹਿੰਦ ਦੀ ਕੰਜਕ ਮੋਈ ਹੈ।
ਅੰਬਰ ਕੰਬਿਆ ਧਰਤੀ ਮਾਤਾ ਰੋਈ ਹੈ।
ਬਾਬਲ ਦੇ ਬਾਗਾਂ ਦੀ ਚਿੜੀਆਂ ਉੱਡ ਗਈ ਹੈ,
ਫ਼ੁੱਲ ਮੁਰਝਾ ਗਏ, ਪੀਲ਼ੇ ਪੈ ਗਏ ਪੱਤ ਹਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਵਾਰਸ ਸ਼ਾਹ ਦੀ ਹੀਰ ਦੀ ਕੋਈ ਅਜ਼ਮਤ ਨਹੀਂ।
ਕਿਸੇ ਕੋਲ਼ ਵੀ ਐਸੀ ਗੱਲ ਲਈ ਫ਼ੁਰਸਤ ਨਹੀਂ।
ਸੋ ਕਿਓਂ ਮੰਦਾ ਆਖ਼ਣ ਵਾਲ਼ੇ ਨਾਨਕ ਦੀ,
ਗੱਲ ਦੇ ਉੱਤੇ ਕਿਹੜਾ ਅੱਜ ਕੱਲ ਅਮਲ ਕਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।


ਕੁਝ ਧੀਆਂ ਦਾ ਜੀਵਨ ਕੁੱਖ ਤੱਕ ਸੀਮਤ ਹੈ।
ਕੁਝ ਧੀਆਂ ਦੀ ਵੀਰਾਂ ਤੋਂ ਘੱਟ ਕੀਮਤ ਹੈ।
ਕੁਝ ਧੀਆਂ ਤਾਂ ਦਾਜ ਦੀ ਭੱਠੀ ਸੜ ਜਾਵਣ,
ਕੁਝ ਧੀਆਂ ਦੀ ਅਜ਼ਮਤ ਹਉਕੇ ਨਾਲ਼ ਮਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।

 ਮੰਦਰ ਦੇ ਵਿਚ ਦੇਵੀ ਪੂਜੀ ਜਾਂਦੀ ਹੈ।
ਸੁੰਦਰ ਚੁੰਨੀਆਂ ਵਿਚ ਦੇਵੀ ਮੁਸਕਾਂਦੀ ਹੈ।
ਦੁਰਗ਼ਾ, ਲਕਸ਼ਮੀ, ਸੀਤਾ ਕੇਵਲ ਮੰਦਰ ਵਿਚ,
ਬਾਹਰ ਆਦਮ ਕੋਲ਼ੋਂ ਦੇਵੀ ਬਹੁਤ ਡਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਇਕ ਦਰੋਪਦੀ ਪਿੱਛੇ ਜੰਗਾਂ ਹੋਈਆਂ ਸਨ।
ਮਹਾਂਭਾਰਤ ਦੇ ਯੁਧ `ਚ ਜਿਦਾਂ ਮੋਈਆ ਸਨ।
ਸੰਨ ਸੰਤਾਲ਼ੀ,ਸੰਨ ਚੁਰਾਸੀ ਤੇ ਅੱਜ ਕੱਲ,
ਪੀੜਾਂ ਵਿਨ੍ਹੀ ਹਿੰਦ ਦੀ ਬੱਚੀ ਰੁਦਨ ਕਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।

ਜੇਕਰ ਅਣਖ਼ੀ ਯੋਧੇ ਤੁਸੀਂ ਕਹਾਉਂਦੇ ਹੋ।
ਫ਼ਿਰ ਕਿਉਂ ਧੀਆਂ ਦਾ ਸ਼ੋਸ਼ਣ ਕਰਵਾਉਂਦੇ ਹੋ।
ਯੋਧਾ ਕਾਹਦਾ ਜਿਹੜਾ ਜ਼ੁਲਮ ਦਾ ਦਮ ਭਰੇ।
ਯੋਧਾ ਓਹੀਓ ਜਿਹੜਾ ਤਲ਼ੀਏਂ ਸੀਸ ਧਰੇ।
ਯੋਧਾ ਕਾਹਦਾ "ਸਾਥੀ" ਜਿਸ ਦੀ ਅਣਖ਼ ਮਰੇ
ਯੋਧਾ ਓਹੀਓ ਜਿਹੜਾ ਤਲ਼ੀਏਂ ਸੀਸ ਧਰੇ।।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਇਸ ਦੀ ਪਾਟੀ ਚੁੰਨੀ,ਤੋਪਾ ਕੌਣ ਭਰੇ।

ਈਮੇਲ: drsathi41@gmail.com