Tuesday, 26 August 2014


ਸੱਜਣ ਜੀ ਤੁਸੀਂ ਆਏ - ਗਜਿੰਦਰ ਸਿੰਘ 

Sajan Ji Tusin Aaye - Gajinder Singh

ਸੱਜਣ ਜੀ ਤੁਸੀਂ ਆਏ
ਮਹਿਕ ਖਿਲਾਰੀ ਠੰਡ ਵਰਤਾਈ
ਰੱਬੀ ਮੇਹਰ ਦੇ ਵਾਂਗ ਵਰੇਹ੍
ਸਾਡੇ ਲੂੰ ਲੂੰ ਵਿੱਚ ਠੰਡ ਪਾਈ

ਲਾਵੇ ਨਾਲ ਭਰੇ ਪਰਬਤ ਸਾਂ
ਫੱਟ ਜਾਣ ਤੇ ਆਏ
ਛੋਹ ਤੁਹਾਡੀ ਮਿਲੀ ਅਸਾਨੂੰ
ਅਸੀਂ ਚਾਨਣ ਰੂਪ ਵਟਾਏ

ਪੀੜ ਦੇ ਮਾਰੂਥੱਲ ਵਿੱਚ ਸੱਜਣਾ
ਭਟਕ ਰਹੇ ਸਾਂ ਪਿਆਸੇ
ਛੱਡ ਗਈਆਂ ਸਨ ਖੁਸ਼ੀਆਂ ਸਾਨੂੰ
ਰੁੱਸ ਗਏ ਸਨ ਹਾਸੇ

ਸੱਜਣ ਜੀ ਤੁਸੀਂ ਆਏ
ਖੁਸ਼ੀਆਂ ਨਾਲ ਨਾਲ ਹੀ ਆਈਆਂ
ਰੂਹ ਖਿੜੀ ਤੇ ਪਿਆਸ ਬੁਝੀ
ਸਾਡੇ ਨੈਣਾਂ ਝੜੀਆਂ ਲਾਈਆਂ

ਟਾਹਣੀਓਂ ਟੁੱਟੇ ਫੁੱਲ ਦੇ ਵਾਂਗੂੰ
ਰੁੱਲ ਰਹੇ ਸਾਂ ਕੁਮਲਾਏ
ਸੋਚ ਰਹੇ ਗੁਮ ਸੁਮ ਹੋਏ
ਇਹ ਦਿਨ ਕੈਸੇ ਆਏ

ਸੱਜਣ ਜੀ ਤੁਸੀਂ ਆਏ
ਤੁਹਾਡੇ ਨਾਲ ਬਹਾਰਾਂ ਆਈਆਂ
ਸੱਜਣਾਂ ਤੁਸਾਂ ਉਦਾਸੀਆਂ ਸਾਡੀਆਂ
ਤਾੜੀ ਮਾਰ ਉਡਾਈਆਂ

ਸੱਜਣ ਜੀ ਤੁਸੀਂ ਆਏ
ਮਹਿਕ ਖਿਲਾਰੀ ਠੰਡ ਵਰਤਾਈ
ਰੱਬੀ ਮੇਹਰ ਦੇ ਵਾਂਗ ਵਰੇਹ੍
ਸਾਡੇ ਲੂੰ ਲੂੰ ਵਿੱਚ ਠੰਡ ਪਾਈ
 -ਗਜਿੰਦਰ ਸਿੰਘ ਦਾ ਕਾਵਿ ਸੰਗ੍ਰਹਿ 'ਸੁਪਨੇ ਤੋਂ ਸੰਘਰਸ਼ ਵੱਲ’ ਚੋਂ 

Saturday, 23 August 2014


ਹਰ ਮੋੜ ‘ਤੇ ਸਲੀਬਾਂ - ਡਾ: ਜਗਤਾਰ 

Har Mod Te Sleeban - Dr. Jagtar

 ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ,ਖ਼ਾਮੋਸ਼ ਖ਼ੂਨ ਮੇਰਾ।
ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਕੇ ਲਹੂ ਵਿਚ, ਲਿਖਿਆ ਹੈ ਨਾਮ ਤੇਰਾ।
ਹਰ ਕਾਲ ਕੋਠੜੀ ਵਿਚ, ਤੇਰਾ ਹੈ ਜ਼ਿਕਰ ਏਦਾਂ,
ਗ਼ਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।
ਆ ਆ ਕੇ ਯਾਦ ਤੇਰੀ, ਗ਼ਮਾਂ ਦਾ ਜੰਗਲ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।
ਪੈਰਾਂ ‘ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਆ, ਮਹਿਬੂਬ ਅੰਤ ਮੇਰਾ।

Thursday, 14 August 2014


ਜਗਸੀਰ ਸਿੰਘ ਕੋਟਭਾਈ

Jagsir Singh Kotbhai

ਨਾ ਛੇੜ ਇਹ ਮੁਹੱਬਤਾਂ ਦੀ ਬਾਤ ਰਹਿਣ ਦੇ ।
ਮੇਰੇ ਸਾਹਾਂ 'ਚ ਸੁਲਗ਼ਦੇ ਜਜ਼ਬਾਤ ਰਹਿਣ ਦੇ।
-
ਯਾਰ ਸਾਡੇ ਦੀ ਝੋਲੀ 'ਚ ਰੱਬਾ ਖ਼ੁਸ਼ੀਆਂ ਹੀ ਰਹਿਣ,
ਸਾਡੇ ਕੋਲ ਇਹੋ ਅੱਥਰੂ ਸੁਗਾਤ ਰਹਿਣ ਦੇ ।
-
ਮਜ਼ਾ ਇੰਤਜ਼ਾਰ ਦੇ ਮਿੱਠੇ ਦਰਦ ਦਾ ਚੱਖ ਲੈਣ ਦੇ,
ਛੱਡ ਕੀ ਕਰਨੀ ਏ ਯਾਰਾ ਮੁਲਾਕਾਤ ਰਹਿਣ ਦੇ !
-
ਸੋਹਣੇ ਯਾਰ ਦੇ ਮਿਲਾਪ ਵਾਲੀ ਆਈ ਮਸਾਂ ਰਾਤ ਏ,
ਅੱਜ ਹੋਵੇ ਨਾ ਇਹ ਰੱਬਾ ਪ੍ਰਭਾਤ ਰਹਿਣ ਦੇ ।
-
ਗੀਤ ਸੁਣ ਕੇ ਖ਼ਾਮੋਸ਼ੀ ਵਾਲਾ ਝੂੰਮ ਲੈਣ ਦੇ,
ਛੱਡ ਬੁੱਲ੍ਹੀਆਂ 'ਤੇ ਆਈ ਏ ਜੋ ਬਾਤ ਰਹਿਣ ਦੇ ।
-
ਸਰਮਾਇਆ ਗ਼ਮਾਂ ਵਾਲਾ ਵੇਚ ਖ਼ੁਸ਼ੀ ਮਿਲਦੀ ਏ ਜੋ,

ਚੱਲ ਛੱਡ 'ਜਗਸੀਰ' ਉਹ ਖ਼ੈਰਾਤ ਰਹਿਣ ਦੇ ।


ਮੈਂ ਆਮ ਜਿਹੀ ਕੁੜੀ ਆ - Harpreet Kaur


ਹਾਂ....
ਮੈਨੂੰ ਪਤਾ
ਮੈਂ ਬਹੁਤੀ ਸੋਹਣੀ
ਨਹੀ ਆਂ.....

ਪਰ ਮੇਰੇ ਚਿਹਰੇ ਉੱਤੇ
ਮਾਪਿਆਂ ਦੇ ਦਿੱਤੇ
ਸੰਸਕਾਰਾਂ ਦਾ ਨੂਰ
ਜ਼ਰੂਰ ਡੁੱਲ ਡੁੱਲ ਪੈਂਦਾਂ ਏ...

ਹਾਂ... ਮੇਰਾ ਕੱਦ
ਆਮ ਜਿਹਾ ਹੀ ਹੈ
ਪਰ ਮੇਰੇ ਕਾਰਨ
ਘਰਦੇ ਜੀਆਂ ਦੇ
ਚਿਹਰੇ ਤੇ ਆਈ ਤੱਸਲੀ
ਮੇਰੇ ਕੱਦ ਨੂੰ ਗਿੱਠ ਉੱਚਿਆਂ
ਜ਼ਰੂਰ ਕਰ ਦਿੰਦੀ ਏ...

ਹਾਂ ...ਮੇਰੀ ਚਾਲ
ਮਿਰਗਾਂ ਜਿਹੀ ਨਹੀਂ ਹੈ
ਪਰ ਮੇਰੇ ਕਾਰਣ
ਪਿੰਡ ਦੀ ਸੱਥ ਵਿੱਚ
ਮੇਰੇ ਵੀਰ ਦੀ ਚਾਲ
ਜ਼ਰੂਰ ਮਾਣਮੱਤੀ ਹੋ ਜਾਂਦੀ ਏ ...

ਹਾਂ.... ਮੈਂਨੂੰ
ਅੱਜ ਦੇ ਮਾਹੌਲ ਵਾਂਗ
ਸਜਣਾਂ ਫੱਬਣਾ
ਨਹੀਂ ਆਉਂਦਾ
ਪਰ ਮੈਂ ਮਾਂ ਦੇ ਦੁੱਪਟੇ ਦੀ
ਸੁੱਚਮਤਾ ਨੂੰ ਸਾਂਭਣਾਂ
ਜ਼ਰੂਰ ਸਿੱਖਿਆ ਏ...

ਹਾਂ... ਮੇਰਾ ਰੰਗ
ਆਮ ਜਿਹਾ ਹੈ
ਪਰ ਘਰ ਦੇ
ਆਹਰ ਕਰਦਿਆਂ
ਮੱਥੇ ਉੱਤੇ ਆਇਆ ਪਸੀਨਾ
ਜਦ ਮੇਰੇ ਸਾਂਵਲੇ ਜਿਹੇ
ਰੰਗ ਦੇ ਸਾਹੀਂ ਘੁੱਲਦਾ ਏ
ਤਾਂ ਗੁਲਾਬਾਂ ਦੇ ਰੰਗ
ਜ਼ਰੂਰ ਫਿੱਕੇ ਪੈ ਜਾਂਦੇ ਨੇ...

ਹਾਂ ...ਮੈਂ
ਆਮ ਜਿਹੀ ਕੁੜੀ ਆ
ਸ਼ਾਇਦ ਇਸੇ ਲਈ
ਤੇਰੀ ਤੇ ਮੇਰੀ ਨਜ਼ਰ 'ਚ
ਸੁਹੱਪਣ ਦੇ ਅਰਥ ਵੀ
ਕੁੱਝ ਵੱਖਰੇ ਜਿਹੇ ਨੇ...

ਪਰ ਮੈਨੂੰ ਮਾਣ ਏ
ਉਨਾਂ ਰਿਸ਼ਤਿਆਂ
ਦੀ ਸੁੱਚਮਤਾ 'ਤੇ
ਜਿਹੜੇ ਸੂਰਤ ਨੂੰ ਨਹੀਂ
ਸੀਰਤ ਨੂੰ ਮੁੱਹਬਤ ਕਰਦੇ ਨੇ


ਆਜ਼ਾਦੀ - ਗੁਰਦਾਸ ਰਾਮ ਆਲਮ 

Aazadi - Gurdas Ram Aalam

ਕਿਓਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?
"ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ।
ਮੈਂ ਜੱਗੂ ਤੋਂ ਸੁਣਿਆਂ, ਅੰਬਾਲੇ ਖੜੀ ਸੀ।
ਬੜੀ ਭੀੜ ਉਸ ਦੇ, ਉਦਾਲੇ ਖਾਦੀ ਸੀ।
ਬਿਰਲੇ ਦੇ ਘਰ ਵਲ, ਅਗਾੜ੍ਹੀ ਸੀ ਉਸ ਦੀ।
ਤੇ ਲੋਕਾਂ ਦੇ ਮੂੰਹ ਵਲ, ਪਛਾੜੀ ਸੀ ਉਸਦੀ।
ਆਯੀ ਨੂੰ ਭਾਵੇਂ, ਤਿਯਾ ਸਾਲ ਬੀਤਾ।
ਅਸੀਂ ਤਾਂ ਅਜੇ ਤਕ, ਦਰਸ਼ਨ ਨਹੀਂ ਕੀਤਾ।1

ਦਿੱਲੀ 'ਚ ਆਉਂਦੀ ਹੈ, ਸਰਦੀ ਦੀ ਰੁੱਤੇ।
ਤੇ ਹਾੜਾਂ ਨੂੰ ਰਹਿੰਦੀ, ਪਹਾੜਾਂ ਦੇ ਉੱਤੇ।
ਗਰੀਬਾਂ ਨਾਲ ਲਗਦੀ, ਲੜੀ ਹੋਈ ਆ ਖਬਰੇ।
ਅਮੀਰਾਂ ਦੇ ਹਥੀਂ, ਚੜ੍ਹੀ ਹੋਈ ਆ ਖਬਰੇ।
ਅਖਬਾਰਾਂ 'ਚੋੰ ਪੜਿਆ, ਜਰਵਾਨੀ ਜਹੀ ਏ।
ਕੋਈ ਸੋਹਣੀ ਤਾਂ ਨਹੀਂ, ਐਵੇਂ ਕਾਣੀ ਜਹੀ ਏ।2.

ਮੰਨੇ ਜੇ ਉਹ ਕਹਿਣਾ, ਅਸੀਂ ਵੀ ਮੰਗਾਯੀਏ। .
ਛੰਨਾਂ ਤੇ ਢਾਰਿਯਾਂ 'ਚ, ਭੁੰਜੇ ਸੁਆਈਏ। .
ਪਰ ਏਨਾ ਪਤਾ ਨਹੀਂ, ਕੀ ਖਾਂਦੀ ਹੁੰਦੀ ਏ।
ਕਿਹੜੀ ਚੀਜ਼ ਤੋਂ ਦਿਲ, ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਉਸ ਅੱਗੇ, ਆਂਡੇ ਹੁੰਦੇ ਨੇ।
ਬਈ ਸਾਡੀ ਤਾਂ ਖੁਰਲੀ, 'ਚ ਟਾਂਡੇ ਹੁੰਦੇ ਨੇ।

ਮੇਰਾ ਕੈਲੇਫ਼ੋਰਨੀਆ - ਜਗਜੀਤ ਸਿੰਘ ਪਿਆਸਾ 

Mera California - Jagjit Singh Piasa

ਇੱਕ ਮੈਂ ਸੁਣਿਆ ਵਿੱਚ ਅਮਰੀਕਾ
ਜਿੱਥੇ ਲੋਕਾਂ ਤਾਈਂ ਸਲੀਕਾ ,
ਖਾਣ ਪੀਣ ਦਾ ਢੰਗ ਤਰੀਕਾ ,
ਅਤੇ ਮੇਮਾਂ ਲੱਗਣ ਮੋਰਨੀਆਂ ,
ਇੱਕ ਉਹ ਹੈ ਕੈਲੇਫ਼ੋਰਨੀਆ ,......

ਬੇਰੁਜਗਾਰੀ ਧਰਨੇ ਜਿੱਥੇ ,
ਬਲਾਤਕਾਰ ਨਿੱਤ ਮਰਨੇ ਜਿੱਥੇ ,
ਅਗਵਾ ਕਾਂਡ ਤੇ ਲੁੱਟਾਂ ਖੋਹਾਂ
ਸਰਕਾਰਾਂ ਜਿੱਥੇ ਚੋਰਨੀਆਂ ,
ਉਹ ਮੇਰਾ ਕੈਲੇਫੋਰਨੀਆ ,

ਮੇਰੇ ਸ਼ਹਿਰ ਦੀਆਂ ਜੋ ਸੜਕਾਂ ,
ਥਾਂ ਥਾਂ ਖੱਡੇ , ਕਢਣ ਰੜਕਾਂ ,
ਭੰਨ ਦੇਣ ਲੋਕਾਂ ਦੀਆਂ ਮੜਕਾਂ ,
ਲੱਤਾਂ ,ਬਾਹਾਂ ਤੋੜਨੀਆਂ ,
" ਉਹ ਮੇਰਾ ਕੈਲੇਫ਼ੋਰਨੀਆ ",........

ਨਵੇਂ ਨਸ਼ੇ ਕਈ ਆਮ ਨੇ ਏਥੇ ,
ਮਿਲਦੇ ਮੌਤ ਪੈਗਾਮ ਨੇ ਏਥੇ ,
ਦਿਨੇ ਹੀ ਚੱਲਦੇ ਜਾਮ ਨੇ ਏਥੇ
ਕਰ ਖਾਲੀ ਬੋਤਲਾਂ ਰੋੜ੍ਹਨੀਆਂ ,
" ਉਹ ਮੇਰਾ ਕੈਲੇਫ਼ੋਰਨੀਆ ",........

ਬਿਜਲੀ ਦਾ ਕੀ ਹਾਲ ਸੁਣਾਵਾਂ ,
ਛੰਦ ਪਰਾਗੇ ਆਵਾਂ ਜਾਵਾਂ ,
ਆਵਾਂ ਆਵਾਂ ਨਾ ਹੀ ਆਵਾਂ ,
ਆਂਹਦੇ ਲਹੌਰ ਨੂੰ ਤੋਰਨੀਆ ,
" ਉਹ ਮੇਰਾ ਕੈਲੇਫ਼ੋਰਨੀਆ ",........

ਚੌਧਰੀ ਹੋਇਆ ਲੁੱਚਾ ਲੰਡਾ ,
ਹਥ ਚ ਫੜਕੇ ਪਾਰਟੀ ਝੰਡਾ ,
ਦੂਜੇ ਹਥ ਚ ਧੌਂਸ ਦਾ ਡੰਡਾ ,
ਕਦੇ ਨਾ ਟੇਕੇ ਗੋਡਨੀਆ ,
" ਉਹ ਮੇਰਾ ਕੈਲੇਫ਼ੋਰਨੀਆ ",........

ਗਲੀ ਗਲੀ ਵਿੱਚ ਡੇਰੇ ਏਥੇ ,
ਰਹਿਬਰ ਹੋਏ ਲੁਟੇਰੇ ਏਥੇ ,
ਲੁੱਟਦੇ ਸ਼ਾਮ ਸਵੇਰੇ ਏਥੇ ,
ਉਂਝ ਆਖਣ ਦੁਨੀਆਂ ਜੋੜਨੀਆ ,
" ਉਹ ਮੇਰਾ ਕੈਲੇਫ਼ੋਰਨੀਆ ",........

ਚੋਰ ਉਚੱਕੇ ਆਮ ਹੋ ਗਏਆਮ ,
ਸ਼ਰੇ-ਆਮ ਕਤਲਾਮ ਹੋ ਗਏ ,
ਭਲੇ ਮਾਨਸ ਗੁੰਮਨਾਮ ਹੋ ਗਏ ,
" ਪਿਆਸੇ " ਮੱਲੀਆਂ ਘੋਰਨੀਆ,
" ਉਹ ਮੇਰਾ ਕੈਲੇਫ਼ੋਰਨੀਆ "
" ਉਹ ਮੇਰਾ ਕੈਲੇਫ਼ੋਰਨੀਆ ",........

Wednesday, 13 August 2014

ਜ਼ਖਮ - ਜੁਗਰਾਜ ਸਿੰਘ‬ 
Zakham - Jugraj Singh

ਜੋ ਰੂਹ ਸਾਡੀ ਵਿੱਚ ਵੱਸਦੇ ਨੇ
ਉਹ ਮਰ ਕੇ ਵੀ ਤਾਂ ਮਰਨੇ ਨਾ!
ਜੋ ਜ਼ਖਮ ਦਿਲਾਂ ਤੇ ਉਕਰੇ ਨੇ
ਉਹ ਸਮਿਆਂ ਕੋਲੋਂ ਭਰਨੇ ਨਾ!

ਉਹ ਵਕਤ ਬੜਾ ਹੀ ਡਾਢਾ ਸੀ
ਸਾਡੇ ਹੱਡੀਂ ਓਹੋ ਰਚ ਚੁੱਕਿਆ
ਜੋ ਬਾਗੀ ਹੋਏ ਸੀ ਹਾਕਮ ਤੋਂ
ਸਿਵਾ ਉਨ੍ਹਾ ਦਾ ਮਚ ਚੁੱਕਿਆ
ਸਿਰ ਤੇ ਰੱਖ ਕੇ ਗੋਲੀ ਮਾਰੀ
ਹੱਥ ਬੰਨ ਕੇ ਪਿੱਛੇ ਪਰਨੇ ਨਾ!
ਜੋ ਜ਼ਖਮ ਦਿਲਾਂ ਤੇ ਉਕਰੇ ਨੇ
ਉਹ ਸਮਿਆਂ ਕੋਲੋਂ ਭਰਨੇ ਨਾ!

ਸਾਨੂੰ ਹਿੱਕ ਆਪਣੀ ਨਾਲ ਲਾ ਕੇ
ਪਿੱਠ ਤੇ ਵਾਰ ਚਲਾਉਦੇਂ ਰਹੇ
ਜੇਲ੍ਹਾਂ ਦੇ ਵਿੱਚ ਰੋਲਿਆ ਸਾਨੂੰ
ਫਾਂਸੀ ਤੇ ਲਮਕਾਉਦੇਂ ਰਹੇ
ਪੁੱਤ ਸ਼ੇਰਾਂ ਦੇ ਸ਼ੇਰ ਹੀ ਹੁੰਦੇ
ਕਦੇ ਘਾਹ ਉਹਨਾਂ ਨੇ ਚਰਨੇ ਨਾ!
ਜੋ ਜ਼ਖਮ ਦਿਲਾਂ ਤੇ ਉਕਰੇ ਨੇ
ਉਹ ਸਮਿਆਂ ਕੋਲੋਂ ਭਰਨੇ ਨਾ!

ਅਸੀਂ ਜੁਲਮ ਦੇ ਤਪਦੇ ਲੋਹੇ ਨੂੰ
ਰੱਤ ਆਪਣੀ ਨਾਲ ਠਾਰਾਗੇਂ
ਜਨਮ ਲਵਾਗੇਂ ਜਦ ਜਦ ਵੀ
ਇਹ ਜਿੰਦ ਕੌਮ ਤੋਂ ਵਾਰਾਗੇਂ
ਅਸੀਂ ਫਿਰ ਤੋਂ ਦੇਖੀ ਉੱਠ ਪੈਣਾ
ਇਹ ਦਾਬੇ ਬਹੁਤੇ ਜਰਨੇ ਨਾ!
ਜੋ ਜ਼ਖਮ ਦਿਲਾਂ ਤੇ ਉਕਰੇ ਨੇ
ਉਹ ਸਮਿਆਂ ਕੋਲੋਂ ਭਰਨੇ ਨਾ!


ਸੁਖਦੀਪ ਸਿੰਘ ਬਰਨਾਲਾ 
Sukhdeep Singh Barnala

ਵੇਖਿਆ ਜਾਂਦਾ ਨਹੀਂ ਸਰੋਵਰ ਦਾ ਲਾਲ ਪਾਣੀ
ਪਿਆ ਕੌਮ ਤੇ ਵਖਤ ਨਹੀਂ ਵੇਖ ਹੁੰਦਾ
ਵੇਖੀ ਜਾਂਦੀ ਫਿਜ਼ਾ ਵਿਚ ਚੁੱਪ ਪਸਰੀ
ਖੰਡਰ ਹੋਇਆ ਤਖਤ ਨਹੀਂ ਵੇਖ ਹੁੰਦਾ

ਅਮ੍ਰਿਤਸਰ ਵੱਲੋਂ ਚਲਦੀ ਹਵਾ ਵਿਚੋਂ
ਮੈਨੂੰ ਆਉਂਦੀ ਬਰੂਦ ਦੀ ਬੋ ਮਾਏ
ਵਿਚ ਚੁਲ੍ਹੇ ਤੂੰ ਬਾਲਦੀ ਅੱਗ ਜਿਹੜੀ
ਲੱਗਦੀ ਸ਼ਹੀਦਾਂ ਦੇ ਸਿਵਿਆਂ ਦੀ ਲੋਅ ਮਾਏ

ਚਾਰੇ ਲਾਲ ਉਹਨੇ ਧਰਮ ਤੋਂ ਵਾਰ ਦਿੱਤੇ
ਤੂੰ ਵੀ ਕਰਦੇ ਅੱਜ ਇੱਕ ਅਹਿਸਾਨ ਮਾਂਏ
ਜੇ ਨਾ ਲੜਿਆ ਮੈਂ ਅਜੀਤ ਜੁਝਾਰ ਵਾਂਗੂ
ਬਾਜਾਂ ਵਾਲੇ ਦੀ ਕੀ ਸੰਤਾਨ ਮਾਂਏ

ਨਾਲ ਧਿਆਨ ਦੇ ਬਹਿ ਕੇ ਸੁਣ ਤਾਂ ਸਹੀ
ਵਾਜਾਂ ਮਾਰਦੀ ਸਰਹੰਦ ਦੀ ਕੰਧ ਮਾਏ
ਇਤਿਹਾਸ ਆਪਣਾ ਆਪ ਦੁਹਰਾ ਰਿਹਾ ਏ
ਤਵਾਰੀਖ ਕਰਦੀ ਸਿਰਾਂ ਦੀ ਮੰਗ ਮਾਂਏ