ਸੱਜਣ ਜੀ ਤੁਸੀਂ ਆਏ - ਗਜਿੰਦਰ ਸਿੰਘ
Sajan Ji Tusin Aaye - Gajinder Singh
ਸੱਜਣ ਜੀ ਤੁਸੀਂ ਆਏ
ਮਹਿਕ ਖਿਲਾਰੀ ਠੰਡ ਵਰਤਾਈ
ਰੱਬੀ ਮੇਹਰ ਦੇ ਵਾਂਗ ਵਰੇਹ੍
ਸਾਡੇ ਲੂੰ ਲੂੰ ਵਿੱਚ ਠੰਡ ਪਾਈ
ਲਾਵੇ ਨਾਲ ਭਰੇ ਪਰਬਤ ਸਾਂ
ਫੱਟ ਜਾਣ ਤੇ ਆਏ
ਛੋਹ ਤੁਹਾਡੀ ਮਿਲੀ ਅਸਾਨੂੰ
ਅਸੀਂ ਚਾਨਣ ਰੂਪ ਵਟਾਏ
ਪੀੜ ਦੇ ਮਾਰੂਥੱਲ ਵਿੱਚ ਸੱਜਣਾ
ਭਟਕ ਰਹੇ ਸਾਂ ਪਿਆਸੇ
ਛੱਡ ਗਈਆਂ ਸਨ ਖੁਸ਼ੀਆਂ ਸਾਨੂੰ
ਰੁੱਸ ਗਏ ਸਨ ਹਾਸੇ
ਸੱਜਣ ਜੀ ਤੁਸੀਂ ਆਏ
ਖੁਸ਼ੀਆਂ ਨਾਲ ਨਾਲ ਹੀ ਆਈਆਂ
ਰੂਹ ਖਿੜੀ ਤੇ ਪਿਆਸ ਬੁਝੀ
ਸਾਡੇ ਨੈਣਾਂ ਝੜੀਆਂ ਲਾਈਆਂ
ਟਾਹਣੀਓਂ ਟੁੱਟੇ ਫੁੱਲ ਦੇ ਵਾਂਗੂੰ
ਰੁੱਲ ਰਹੇ ਸਾਂ ਕੁਮਲਾਏ
ਸੋਚ ਰਹੇ ਗੁਮ ਸੁਮ ਹੋਏ
ਇਹ ਦਿਨ ਕੈਸੇ ਆਏ
ਸੱਜਣ ਜੀ ਤੁਸੀਂ ਆਏ
ਤੁਹਾਡੇ ਨਾਲ ਬਹਾਰਾਂ ਆਈਆਂ
ਸੱਜਣਾਂ ਤੁਸਾਂ ਉਦਾਸੀਆਂ ਸਾਡੀਆਂ
ਤਾੜੀ ਮਾਰ ਉਡਾਈਆਂ
ਸੱਜਣ ਜੀ ਤੁਸੀਂ ਆਏ
ਮਹਿਕ ਖਿਲਾਰੀ ਠੰਡ ਵਰਤਾਈ
ਰੱਬੀ ਮੇਹਰ ਦੇ ਵਾਂਗ ਵਰੇਹ੍
ਸਾਡੇ ਲੂੰ ਲੂੰ ਵਿੱਚ ਠੰਡ ਪਾਈ
-ਗਜਿੰਦਰ ਸਿੰਘ ਦਾ ਕਾਵਿ ਸੰਗ੍ਰਹਿ 'ਸੁਪਨੇ ਤੋਂ ਸੰਘਰਸ਼ ਵੱਲ’ ਚੋਂ
No comments:
Post a Comment