Thursday, 21 January 2016

ਕੂਕਦਾ ਪੰਜਾਬ

ਮੇਰੇ ਹੀ ਲੇਖਾਂ ਦੇ ਵਿੱਚ ਕਿਉਂ ਡੁੱਬਣਾ ਲਿਖਿਆ ਏ।
ਕਿਉਂ ਫਿਕਰਾਂ ਦੀ ਭੱਠੀ ਮੇਰਾ ਧੁਖਣਾ ਲਿਖਿਆ ਏ।

ਪਹਿਲਾਂ ਤਿੱਖੀ ਆਰੀ ਦੇ ਨਾਲ ਪਰ ਕੁਤਰੇ ਮੇਰੇ,
ਫਿਰ ਵੀ ਦਿੱਲੀਏ ਠੰਡ ਕਾਲਜੇ ਕਿਉਂ ਨਾਂ ਪਈ ਤੇਰੇ,
ਮੈਂ ਵੱਢ ਟੁੱਕ ਕਰਵਾ ਕੇ ਮੁੜ ਮੁੜ ਉੱਗਣਾ ਸਿੱਖਿਆ ਏ।

ਫਿਰ ਪੁੱਤ ਮੇਰੇ ਖਤਮ ਕਰੇ ਵੱਖਵਾਦੀ ਕਹਿ ਕਹਿਕੇ,
ਨਾਲ ਗੋਲੀਆਂ ਭੁੰਨੇ ਬੜੇ ਬਹਾਨੇ ਲੈ ਲੈਕੇ,
ਮੇਰੇ ਘਰੀਂ ਚਿਰਾਗਾਂ ਦਾ ਕਿਉਂ ਬੁਝਣਾ ਲਿਖਿਆ ਏ।

ਕਿਉਂ ਇਥੋਂ ਦੇ ਜਾਇਆਂ ਨੂੰ ਨਸ਼ਿਆਂ ਵਿੱਚ ਰੋੜਿਆ ਗਿਆ,
ਗੁਰੂਆਂ ਦੀ ਇਹ ਧਰਤੀ ਨਾਲੋਂ ਨਾਤਾ ਤੋੜਿਆ ਗਿਆ,
ਮੇਰੀ ਗੈਰਤਮੰਦੀ ਦਾ ਕਿਉਂ ਚੁਭਣਾ ਲਿਖਿਆ ਏ।

ਅੱਜ ਮੇਰੇ ਪੁੱਤ ਛੱਡ ਮੈਨੂੰ ਪ੍ਰਦੇਸੀਂ ਭੱਜਦੇ ਨੇ,
ਮੌਤ ਸਮੁੰਦਰ ਤਰਕੇ ਉਹ ਅਜਾਦੀ ਲੱਭਦੇ ਨੇ,
ਮਰਨਾ ਹੀ ਮਨਜੂਰ, ਉਹਨਾਂ ਨਹੀ ਝੁੱਕਣਾ ਸਿੱਖਿਆ ਏ।

ਹਾੜਾ ਇੱਕ ਅਰਜ਼ੋਈ ਹੈ ਮੇਰੇ ਆਪਣੇ ਜਾਇਓ ਵੇ,
ਹੋਂਦ ਮੇਰੀ ਦਾ ਹਰ ਪਲ ਤੁਸੀ ਅਹਿਸਾਸ ਜਗਾਇਓ ਵੇ
ਵਧਣਾ ਫੁੱਲਣਾ ਹਰ ਥਾਂ ਤੁਹਾਡਾ ਦੁੱਗਣਾ ਲਿਖਿਆ ਏ।

ਪਰ ਮੇਰੇ ਹੀ ਲੇਖਾਂ ਦੇ ਵਿੱਚ ਕਿਉਂ ਡੁੱਬਣਾ ਲਿਖਿਆ ਏ।
ਕਿਉਂ ਫਿਕਰਾਂ ਦੀ ਭੱਠੀ ਮੇਰਾ ਧੁਖਣਾ ਲਿਖਿਆ ਏ।
ਬਘੇਲ ਸਿੰਘ ਧਾਲੀਵਾਲ
ਪਿੰਡ ਤੇ ਡਾਕਘਰ ਝਲੂਰ,
ਜਿਲ੍ਹਾ ਬਰਨਾਲਾ (ਪੰਜਾਬ)
ਮੋ: 99142-58142

No comments:

Post a Comment