Sunday, 13 October 2019

ਸਮਾਜਕ ਜੋਕਾਂ..! ਪੰਜਾਬ ਹੱਥ ਬੋਕਾਂ....ਬੁੱਧ ਸਿੰਘ ਨੀਲੋਂ


ਬੁੱਧ ਬੋਲ
ਸਮਾਜਕ ਜੋਕਾਂ..! ਪੰਜਾਬ ਹੱਥ ਬੋਕਾਂ....
ਬੁੱਧ ਸਿੰਘ ਨੀਲੋਂ

ਰੇਸ਼ਮ ਦਾ ਕੀੜਾ ਖਾ ਕੇ ਜੋ ਲਾਰ ਸੁਟਦਾ ਐ ਤਾਂ ਉਹ ਕਿਸੇ ਦੇ ਤਨ ਢਕਣ ਦੇ ਕੰਮ ਆਉਂਦੀ ਐ ਪਰ ਅਜੋਕੇ ਸਮਾਜ ਵਿੱਚ ਸਾਹਿਤਕਾਰ ਜੋ ਕੁਝ ਸਿਰਜਦਾ ਐ ਉਸ ਦੇ ਨਾਲ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਤਾਂ ਕੀ ਸਿਉਂਕ ਦੇ ਖਾਣ ਦੇ ਕੰਮ ਵੀ ਨਹੀ ਆਉਂਦੇ ।ਅਜੋਕੇ ਸਮੇਂ ਵਿੱਚ ਲਿਖਣਾ ਸ਼ੁਗਲ ਬਣ ਗਿਆ ਐ ਹਰ ਕੋਈ ਸ਼ੌਕ ਦੇ ਨਾਲ ਹੀ ਲਿਖਦੇ , ਲਿਖਣ ਦੇ ਨਾਲ ਕਿਸ ਨੂੰ ਫਾਇਦਾ ਤੇ, ਕਿਸ ਦਾ ਨੁਕਸਾਨ ਹੁੰਦਾ ਹੈ,ਪਤਾ ਨਹੀਂ। ਕੀ ਲਿਖਣਾ, ਕਿਉਂ ਲਿਖਣਾ, ਕਿਸ ਵਾਸਤੇ ਲਿਖਣਾ , ਕਿਵੇਂ ਲਿਖਣਾ ਤੇ ਕਿਥੇ ਕਿਸ ਵਿਧਾਨ ਚ ਲਿਖਣਾ ਇਸ ਦੀ ਬਹੁਗਿਣਤੀ ਕਲਮ ਘਸੀਟ ਟੋਲੇ ਨੂੰ ਸਮਝ ਨਹੀ ਪਰ ਧੜਾਧੜ ਲਿਖ ਰਹੇ ਹਨ। ਕਾਗਜ਼ੀ ਕੀੜੇ ਸ਼ਬਦਾਂ ਦੀਆਂ ਉਲਟੀਆਂ ਸ਼ਰਾਬੀ ਵਾਂਗ ਕਰਕੇ ਆਲੇ-ਦੁਆਲੇ ਮੁਸ਼ਕ ਫੈਲਾਉਣ ਲਈ ਮਜਬੂਰ ਹਨ ।ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ ਤੇ ਕਿਤਾਬਾਂ ਵੀ ਕਵਿਤਾ ਦੀਆਂ ਛਪ ਰਹੀਆਂ ਤੇ ਵੰਡ ਸਮਾਰੋਹ ਦੌਰਾਨ ਵੰਡੀਆਂ ਜਾ ਰਹੀਆਂ ਹਨ। ਰਿਲੀਜ ਸਮਾਗਮ ਜਸ਼ਨ ਮਨਾਉਣ ਲਈ ਹਫਤਿਆਂ ਦਾ ਸ਼ਿੰਗਾਰ ਬਣ ਰਹੇ ਹਨ।ਪੜੇ-ਲਿਖੇ ਗਿਆਨੀ ਸਾਹਿਤ ਦੇ ਚੌਧਰੀ ਤੇ ਇਲਾਕਾ ਸਾਹਿਤਕ ਥਾਣੇਦਾਰ ਜਸ਼ਨਾਂ ਦੀਆਂ ਪ੍ਰਧਾਨਗੀ ਕਰਦੇ ਹੋਏ ਸ਼ਬਦ ਕੁਟਾਈ ਰਾਹੀਂ ਹਥ ਸਾਫ ਕਰਦੇ ਹੋਏ ਜੇਬਾਂ ਗਰਮ ਕਰਦੇ ਹਨ।ਸਾਹਿਤਕ ਥਾਣੇ ਦੇ ਟਾਉੂਟ ਤੇ ਗੜਵਈ ਸ਼ਬਦ ਮਸਾਜ ਕਰਨ ਵਾਲੇ ਕਵੀ ਤੇ ਕਵਿਤਰੀਨੁਮਾ ਦੀਆਂ ਅਣਗਿਣਤ ਅਸ਼ਾਇਰਾ ਦੀ ਹਰ ਥਾਂ ਮਸਾਲਾ ਨੁਮਾ ਸ਼ਬਦਾਵਲੀ ਨਾਲ ਮਸਾਜ ਕਰਦੇ ਹੋਏ ਜਸ਼ਨ ਮਨਾਉਣ ਲਈ ਪੱਬਾਂ ਭਾਰ ਹਨ ।ਸਾਹਿਤ ਸਭਾਈ ਵੋਟ ਪੱਕੀ ਕਰਨ ਲਈ ਇਕ ਦੂਜੇ ਦੀ ਪਿੱਠ ਖੁਰਕਦੇ ਹਨ। ਆਪੇ ਲਿਆਂਦੇ ਹਾਰ, ਲੋਈਆਂ ਤੇ ਗਿਫਟ ਨੁਮਾ ਪੁਰਸਕਾਰ ਸਭਾਪਤੀ ਦੇ ਕੋਲੋਂ ਲੈ ਕੇ ਖੁਸ਼ ਹਨ।ਗੋਦ ਮੀਡੀਆ ਖਬਰ ਛਾਪਣ ਲਈ ਮਜਬੂਰ ਹਨ । ਰਲ ਮਿਲ ਕੇ ਛਕਣ ਛਕਾਉਣ ਦੀ ਬੀਮਾਰੀ ਫੈਲਾਉਣ ਲਈ ਸੋਚੀ ਸਮਝੀ ਸਾਜਿਸ਼ ਹੈ। ਆਪੇ ਖਬਰ ਤੇ ਫੋਟੋ ਮੀਡੀਆ ਨੂੰ ਭੇਜੀ ਜਾਂਦੀ ਹੈ.ਸਾਹਿਤ ਦਾ ਕੀ ਆਸਰਾ ਹੈ? ਕੀ ਕੋਈ ਸੇਧ ਵੀ ਦੇ ਰਿਹਾ.?ਪੰਜਾਬ ਦੀ ਬੌਧਿਕ ਸ਼ਕਤੀ ਤੇ ਪੂੰਜੀ ਪਰਵਾਸ ਕਰ ਰਹੀ ਐ ਤੇ ਕਿਸਾਨ ਮਜਦੂਰ ਜਮਾਤ ਮਰਨ ਲਈ ਮਜਬੂਰ ਐ। ਲੋਕਾਈ ਅਣ ਚਾਹੀਆਂ ਬੀਮਾਰੀ ਨਾਲ ਪੀੜਤ ਹੈ । ਨਿੱਜੀ ਹਸਪਤਾਲ ਵਿਚ ਹੁੰਦੀ ਲੋਕਾਈ ਦੀ ਲੁੱਟ ਖਸੁੱਟ ਕਰਨ ਲਈ ਗੋਦ ਮੀਡੀਆ ਤੇ ਕਵਿਤਾ ਚੁਪ ਐ।ਬੰਦ ਦਰਵਾਜ਼ਾ ਦੀ ਐਡ ਭੁੱਖਿਆਂ ਨੂੰ ਸੁਣਾਈ ਜਾ ਰਹੀ ਐ।ਬੇਰੁਜ਼ਗਾਰਾਂ ਨੂੰ ਘਰ ਦੇ ਸੁਪਨੇ ਵੰਡੇ ਗਏ ਹਨ ।ਚੋਰਾਂ ਦੀ ਭਾਲ ਚੌਕੀਦਾਰ ਵਲੋਂ ਕੀਤੀ ਰਹੀ ਹੈ ।ਸੀ ਬੀ ਆਈ ਦੇ ਘੋੜਿਆਂ ਨਾਲ ਵਿਰੋਧੀਆਂ ਉਤੇ ਪੁਲਸ ਡਾਂਗ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ । ਇਨਸਾਫ ਦੇ ਮੰਦਰ ਵਿਚੋਂ ਮਰਿਆਦਾ ਦੇ ਹੁਕਮ ਕਰਵਾਏ ਜਾ ਰਹੇ ਹਨ ।ਸੜਕਾਂ ਤੇ ਵਾਟਰ ਸ਼ਕਤੀ ਦਾ ਨੰਗਾ ਨਾਚ ਜਾਰੀ ਐ। ਨਾਮ ਤੇ ਨਸ਼ੇ ਦੇ ਵਪਾਰੀ ਅਦਾਰੇ ਸਰਗਰਮ ਹਨ । ਘਰਾਂ ਤੇ ਸਮਸ਼ਾਨ ਘਾਟਾਂ ਵਿਚ ਪੈਦੇ ਵੈਣ ਅੰਬਰ ਨੂੰ ਟਾਕੀਆਂ ਲਾ ਰਹੇ ਹਨ, ਕੁਰਸੀ ਦੇ ਪਾਵੇ ਤੇ ਝਾਵੇ ਸ਼ਬਦ ਜੁਗਾਲੀ ਕਰਕੇ ਲੋਕਾਈ ਨੂੰ ਸੁਪਨੇ ਸਾਕਾਰ ਕਰਨ ਲਈ ਤਿਆਰ ਕਰ ਰਹੇ ਹਨ, ਜਿਹੜੇ ਅੱਗੇ ਹਨੇਰ ਫੈਲਾਉਣ ਵਿਚ ਆਪਣੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨੇ ।ਸ਼ਬਦ ਗੁਰੂ ਵਲ ਪਿੱਠ ਕਰਕੇ ਤੁਰਨ ਵਾਲੇ ਗੁਰਦੁਆਰਾ ਕਮੇਟੀਆਂ ਦੇ ਚੌਧਰੀ ਹਨ । ਗੁਰੂ ਦੀ ਗੋਲਕ ਉਜਾੜ ਰਹੇ ਹਨ.ਧਰਮ ਦੇ ਚੌਧਰੀ ਨੂੰ ਪਤਾ ਨਹੀ ਕਿ ਉਸ ਦੇ ਡੇਰੇ ਵਿੱਚ ਕੀ ਹੋ ਰਿਹਾ ਹੈ,ਦਗੇਬਾਜ਼, ਗਲੇਬਾਜ ਹਰ ਰੋਜ਼ ਮੀਡੀਏ ਦੇ ਵਿਚ ਛਪਿਆ ਹੋਇਆ ਵੇਖ ਕੇ ਪੇਟ ਸਾਫ ਕਰਦੈ।ਕੀ ਲਿਖਣਾ ਨੀਕੀ ਛਾਪਣਾ ਨੀਕੀ ਪੜਣਾ ਨੀਕੀ ਰੀਲੀਜ਼ ਨੀ ਕਰਨਾ ।ਇਸ ਵਾਰੇ ਸਭ ਚੁਪ ਹਨ ।ਵੋਟ ਬੈਂਕ ਗੁਆਚਣ ਦਾ ਡਰ ਐ।ਕੁਰਸੀ ਜਾਣ ਦਾ ਭਰਮ ਐ।ਤਾੜੀਆਂ ਦੀ ਭੁੱਖ ਐ।ਸਾੜੀਆਂ ਦੀ ਛਾਂ ਐ।ਦਾੜੀਆਂ ਦੀ ਮੌਤ ਐ।ਸਾੜੀਆਂ ਦਾ ਦਾੜ੍ਹੀ ਰੁਦਨ ਐ।ਪੁਰਸਕਾਰ ਤੇ ਨਜ਼ਰ ਐ।ਹਰ ਵੇਲੇ ਇਹੋ ਖਬਰ ਐ।ਤਨ ਤੇ ਮਨ ਨਾਲ ਸਬਰ ਐ।ਭਰਮ ਦਾ ਲਿਬਾਸ ਐ।ਪੰਜਾਬ ਉਦਾਸ ਐ।ਭੱਖ ਤੇ ਪਿਆਸ ਐ।ਆਮ ਤੇ ਖਾਸ ਐ।ਡਰ ਨੀ ਭੈਅ ਨੀਕਿਸੇ ਨਾਲ ਵੈਰ ਨੀਬੰਦੇ ਚਾਰ ਰਖੇ ਆਗਾਉਣ ਪਾਣੀ ਤਿਆਰ ਐਮਨ ਹੀ ਬਿਮਾਰ ਐਬਾਕੀ ਸਭ ਰਾਜੀ ਐਰੋਟੀ ਬੇਟੀ ਤਾਜੀ ਐਦਾਲ ਚ ਮਲਾਈ ਐਵਿਦੇਸ਼ ਤੋਂ ਮੰਗਵਾਈ ਐਸ਼ਨੀਲ ਦੀ ਰਜਾਈ ਐਨਵੇਂ ਵਰੇ ਨਵੀਂ ਭਰਾਈ ਐਪਾਣੀ ਢਾਈ ਆਬ ਦਾਮਰਦਾਨੇ ਦੀ ਰਬਾਬ ਦਾ।ਪੌਣ-ਪਾਣੀ ਖਰਾਬ ਐ।ਹਰ ਥਾਂ ਤੇ ਜਨਾਬ ਐ।ਬਸ ਮੈਂ ਤੇ ਪੰਜਾਬ ਈ ਉਦਾਸ ਐ।ਬੁੱਧ ਬੋਲਐ ਅਡੋਲਖੋਲ ਪੋਲਕੁੱਝ ਤੇ ਬੋਲਹੁਣ ਕੀ ਝੋਲਵਚਨ ਅਨਮੋਲਘੱਟ ਨ ਤੋਲਪਰਦੇ ਫੋਲਬੁੱਧ ਬੋਲ....ਬੁੱਧ ਸਿੰਘ ਨੀਲੋਂ9464370823

Sunday, 6 October 2019

ਕੀ ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਪੰਜਾਬੀ ਜਾਹਲ ਸਨ?


ਕੀ ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਪੰਜਾਬੀ ਜਾਹਲ ਸਨ?

ਅੰਗਰੇਜ਼ੀ-ਹਿੰਦੀ ਦੇ ਜਾਇਆਂ ਤੇ ਪੰਜਾਬੀ ਨਿੰਦਕਾਂ ਵੱਲੋਂ ਪੰਜਾਬੀ ਬੋਲੀ ਨੂੰ ਗਾਲ੍ਹਾਂ ਦੀ ਬੋਲੀ ਕਿਹਾ ਜਾਂਦਾ ਏ ਤੇ ਪੰਜਾਬ ਦੇ ਲੋਕਾਂ ਨੂੰ ਵੀ ਡੰਗਰ ਤੋਂ ਉਤਾਂਹ ਨਹੀਂ ਸਮਝਿਆ ਜਾਂਦਾ। ਸਰਕਾਰ-ਦਰਬਾਰੇ ਇਹਨਾਂ ਦੀ ਹੀ ਪੁੱਛ ਹੋਣ ਕਰਕੇ ਇਹਨਾਂ ਵੱਲੋਂ ਇਹੀ ਵਿਚਾਰ ਘੜਿਆ-ਪ੍ਰਚਾਰਿਆ ਜਾਂਦਾ ਹੈ ਜਿਸਦੇ ਅਸਰ ਹੇਠ ਬਹੁਤ ਸਾਰੇ ਪੰਜਾਬੀ ਵੀ ਆ ਜਾਂਦੇ ਹਨ। ਅੱਜ ਦੇ ਪੰਜਾਬ ਵਿੱਚ ਵੀ ਕਈ ਅਜਿਹੇ ਕੁਲੀਨਸ਼ਾਹੀ ਲੋਕ ਹੈਗੇ ਨੇ ਜਿਹਨਾਂ ਦਾ ਮੰਨਣਾ ਹੈ ਕਿ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ੇ ਤੋਂ ਮਗਰੋਂ ਇਥੇ ਬਹੁਤ ਸੁਧਾਰ ਕੀਤੇ ਤੇ ਏਥੇ ਅੰਗਰੇਜ਼ੀ ਸਿੱਖਿਆ ਨਾਲ ਤਰੱਕੀ ਦਾ ਮੁੱਢ ਬੰਨਕੇ ਇਹਨਾਂ ਅਨਪੜ੍ਹਾਂ, ਜਾਹਲਾਂ ਨੂੰ ਮੱਤ ਦਿੱਤੀ।

ਪਰ ਅਸਲ ਸੱਚਾਈ ਕੁਝ ਹੋਰ ਏ। ਦਰਜਨਾਂ ਭਾਸ਼ਾਵਾਂ ਦੇ ਮਾਹਰ ਤੇ ਇਤਿਹਾਸਕਾਰ ਪ੍ਰਸਿੱਧ ਬਰਤਾਨਵੀ ਜੀ ਡਬਲਿਊ ਲੇਟਨਰ ਨੇ 1881 ਵਿੱਚ ਛਪੇ ਆਪਣੇ ਖੋਜ ਕਾਰਜ ਵਿੱਚ ਦਾਅਵਾ ਕੀਤਾ ਸੀ ਕਿ ਅੰਗਰੇਜ਼ਾਂ ਵੱਲੋਂ ਪੰਜਾਬ ਕਬਜ਼ੇ ਤੋਂ ਮਗਰੋਂ ਏਥੇ ਜਾਣ-ਬੁੱਝਕੇ ਵੱਡੇ ਪੱਧਰ ‘ਤੇ ਸਕੂਲਾਂ ਨੂੰ ਬੰਦ ਕਰਵਾਇਆ ਗਿਆ ਤੇ ਪੰਜਾਬੀ ਕਾਇਦੇ ਵੱਡੀ ਪੱਧਰ ‘ਤੇ ਜ਼ਬਤ ਕਰਕੇ ਉਹਨਾਂ ਨੂੰ ਜਲਾਇਆ ਗਿਆ। ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਕੋਈ ਪੱਛੜਿਆ ਇਲਾਕਾ ਨਹੀਂ ਸਗੋਂ ਸਮੁੱਚੇ ਬਰਤਾਨਵੀ ਭਾਰਤ ਦਾ ਮੋਹਰੀ ਇਲਾਕਾ ਸੀ। ਏਥੇ ਧਾਰਮਿਕ ਅਸਥਾਨਾਂ ਤੇ ਧਰਮਸ਼ਾਲਾਵਾਂ ਵਿੱਚ ਹੁੰਦੀ ਰਵਾਇਤੀ ਪੜ੍ਹਾਈ ਤੋਂ ਬਿਨਾਂ ਰਸਮੀ ਸਿੱਖਿਆ ਲਈ ਵੱਡੀ ਗਿਣਤੀ ਸਕੂਲ ਵੀ ਮੌਜੂਦ ਸਨ। ਇਕੱਲੇ ਲਾਹੌਰ ਵਿੱਚ ਹੀ ਸਿਰਫ਼ ਕੁੜੀਆਂ ਲਈ ਅਜਿਹੇ 18 ਸਕੂਲ ਸਨ ਤੇ ਇਹਨਾਂ ਤੋਂ ਬਿਨਾਂ ਸ਼ਹਿਰ ਵਿੱਚ ਤਕਨੀਕੀ ਸਿੱਖਿਆ, ਗਣਿਤ, ਤਰਕਸ਼ਾਸਤਰ, ਭਾਸ਼ਾਵਾਂ, ਭਵਨ ਨਿਰਮਾਣ ਕਲਾ, ਸੁਲੇਖ ਕਲਾ ਆਦਿ ਲਈ ਵੱਖਰੇ ਸਕੂਲ ਸਥਾਪਤ ਸਨ। 1860 ਦੀ ਲਾਹੌਰ ਜ਼ਿਲਾਈ ਰਿਪੋਰਟ ਮੁਤਾਬਕ ਇਸ ਜਿਲ੍ਹੇ ਵਿੱਚ 576 ਰਸਮੀ ਸਕੂਲ ਸਨ ਜਿਹਨਾਂ ਵਿੱਚ 4225 ਵਿਦਵਾਨ ਤੇ ਵਿਸ਼ਿਆਂ ਦੇ ਮਾਹਰ ਪੜ੍ਹਾਉਂਦੇ ਸਨ ਜਿਹੜੇ ਧਾਰਮਿਕ ਸਿੱਖਿਆ, ਅਰਬੀ, ਫਾਰਸੀ, ਪੰਜਾਬੀ, ਹਿੰਦੀ ਭਾਸ਼ਾਵਾਂ ਦੇ ਗਿਆਨੀ ਸਨ। ਵਿਸ਼ਾ-ਮਾਹਰਾਂ ਦੀ ਘਣਤਾ ਮੁਤਾਬਕ ਲਾਹੌਰ ਪੂਰੇ ਸੰਸਾਰ ਦੇ ਸ਼ਹਿਰਾਂ ਮੁਕਾਬਲੇ ਉਸ ਵੇਲੇ ਅਵੱਲ ਨੰਬਰ ‘ਤੇ ਆਉਂਦਾ ਸੀ।

ਇਸ ਤੋਂ ਬਿਨਾਂ ਪੰਜਾਬ ਦੇ ਪਿੰਡਾਂ ਵਿੱਚ ਗੁਰਮੁਖੀ ਕਾਇਦਿਆਂ ਦੀ ਚੋਖੀ ਰਸਦ ਹੁੰਦੀ ਸੀ, ਜਿਸ ਕਰਕੇ ਵਸੋਂ ਦਾ ਕਾਫੀ ਹਿੱਸਾ ਗੁਰਮੁਖੀ ਦੀ ਲੰਡੀ ਲਿੱਪੀ ਤੋਂ ਵਾਕਫ਼ ਸੀ। ਅੰਗਰੇਜ਼ਾਂ ਦੇ ਪੰਜਾਬ ਕਬਜ਼ੇ ਤੋਂ ਮਗਰੋਂ ਇਹਨਾਂ ਕਾਇਦਿਆਂ ਨੂੰ ਘਰੋਂ-ਘਰੀ ਜ਼ਬਤ ਕਰਨ ਤੇ ਸਾੜਨ ਦੀ ਮੁਹਿੰਮ ਅੰਗਰੇਜ਼ਾਂ ਵੱਲੋਂ ਚਲਾਈ ਗਈ ਸੀ। ਪੰਜਾਬ ਦੀ ਸੋਚ ‘ਤੇ ਇਸ ਜਬਰ ਦਾ ਸਿੱਟਾ ਇਹ ਨਿਕਲਿਆ ਕਿ 1857 ਤੋਂ ਪਹਿਲਾਂ ਜਿੱਥੇ ਪੰਜਾਬ ਵਿੱਚ 3,30,000 ਵਿਦਿਆਰਥੀ ਦਰਜ ਕੀਤੇ ਗਏ ਸਨ ਓਥੇ ਹੀ 1880 ਆਉਂਦੇ-ਆਉਂਦੇ ਇਹ ਗਿਣਤੀ ਘਟਕੇ 1,90,000 ਹੀ ਰਹਿ ਗਈ ਜਾਣੀ ਕਿ ਲਗਭਗ ਅੱਧੀ ਪੰਜਾਬੀਆਂ ਦੀ ਵੱਡੀ ਗਿਣਤੀ ਪਨੀਰੀ ਦੀ ਸੋਚ ਹੀ ਖ਼ਤਮ ਕਰ ਦਿੱਤੀ ਗਈ ਸੀ। ਆਪਣੀ ਬੋਲੀ ਤੇ ਗਿਆਨ ਤੋਂ ਵਿਰਵੇ ਪੰਜਾਬੀਆਂ ਨੂੰ ਗੁਲਾਮ ਬਣਾਉਣਾ ਅੰਗਰੇਜ਼ਾਂ ਲਈ ਢੇਰ ਸੁਖਾਲਾ ਸਾਬਤ ਹੋਇਆ।

ਬੋਲੀ ਕੋਈ ਵੀ ਮਾੜੀ ਨਹੀਂ ਪਰ ਬੋਲੀ ਦਾ ਦਾਬਾ ਮਾੜਾ ਹੈ ਤੇ ਇਹ ਦਾਬਾ ਹੋਰ ਸੁਖਾਲਾ ਹੋ ਜਾਂਦਾ ਹੈ ਜਦੋਂ ਸਾਨੂੰ ਆਪਣੇ ਇਤਿਹਾਸ ਤੋਂ ਹੀ ਵਿਰਵੇ ਕਰ ਦਿੱਤਾ ਗਿਆ ਹੋਵੇ। ਅੱਜ ਵੀ ਭਾਰਤ ਵਿੱਚ ਅਜਿਹਾ ਕੁਝ ਕਰਨ ਦੀਆਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹਨਾਂ ਦਾ ਨਾ ਸਿਰਫ਼ ਅਮਲੀ ਪੱਧਰ ‘ਤੇ ਠੋਕਵਾਂ ਜਵਾਬ ਦੇਣਾ ਜਰੂਰੀ ਏ ਸਗੋਂ ਦਲੀਲ ਦੇ ਪੱਧਰ ‘ਤੇ ਵੀ ਇਹਨਾਂ ਦਾਬੇਦਾਰਾਂ ਨੂੰ ਚਿੱਤ ਕਰਨਾ ਜਰੂਰੀ ਹੈ।
(ਸਰੋਤ ਡਾਅਨ ਅਖਬਾਰ)
#ਪੰਜਾਬੀ #ਇਤਿਹਾਸ #ਮਾਂਬੋਲੀ
#ਲਲਕਾਰ


Tuesday, 25 June 2019

ਜ਼ੈਲਦਾਰ


ਕਨੌੜ:- ਧੌਂਸ, ਦਾਦਾਗਿਰੀ, ਤਾਬੇਦਾਰੀ, ਏਕੜ, ਹੈਂਕੜ, ਰੋਹਬ, ਗੁਲਾਮੀ
ਕਨੌੜ ਨੂੰ ਕਨੌੜਾ ਲਗਦਾ ਨਾ ਕੇ ਹੋੜਾ ਜਿਸ ਤਰਾਂ ਅੱਜ ਕਲ ਆਮ ਅਖਬਾਰਾਂ ਅਤੇ ਸੋਸ਼ਲ ਮੀਡੀਆ ਤੇ ਲਿਖਿਆ ਜਾਂਦਾ।
ਲੋਕ-ਗੀਤ ਲੋਕ-ਸੱਭਿਆਚਾਰ ਦਾ ਪ੍ਰਕਾਸ਼ ਹੁੰਦੇ ਹਨ। "ਵੇ ਕੀ ਤੂੰ ਥਾਣੇਦਾਰ ਲੱਗਿਆ ਜਿਹੜਾ ਮੇਰੇ ਉੱਤੇ ਹੁਕਮ ਚਲਾਵੇਂ" - ਰਾਣੀ ਰਣਦੀਪ
ਪੰਜਾਬੀ ਉਂਝ ਭਾਵੇਂ ਨੌਕਰੀ ਨੂੰ ਨਖਿੱਧ ਕਹਿੰਦੇ ਰਹੇ ਹਨ ਪਰ ਅਹੁਦਿਆਂ ਦਾ ਮਾਣ/ਹੰਕਾਰ ਤੇ ਅਹੁਦਿਆਂ ਪ੍ਰਤੀ ਉਹਨਾਂ ਦੀ ਖਿੱਚ ਹਮੇਸ਼ਾ ਤੋਂ ਬਰਕਰਾਰ ਰਹੀ ਹੈ।

ਗੀਤ:- ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ ਅਸਾਂ ਨੀ ਕਨੋੜ ਝੱਲਣੀ
ਰਤਾ ਹੋਸ਼ ਨਾਲ ਬੋਲੀਂ ਤੂੰ ਦੋਬਾਰਾ ਵੇ ਅਸਾਂ ਨੀ ਕਨੋੜ ਝੱਲਣੀ
ਸਵਰਗੀ ਨਰਿੰਦਰ ਬੀਬਾ ਜੀ ਦਾ ਗਾਇਆ ਗੀਤ ਅਤੇ ਦੀਪਕ ਜੈਤੋਈ ਜੀ ਦਾ ਲਿਖਿਆ ਸੀ। 
ਇਹ ਬਿਰਤਾਂਤ ਕੁਝ ਇਸ ਤਰਾਂ ਹੈ-

ਨਰਿੰਦਰ ਬੀਬਾ ਦਾ ਅਖਾੜਾ ਚੱਲ ਰਿਹਾ ਸੀ ਤੇ ਇਕ ਨਾਮਵਰ ਜੈਲਦਾਰ ਨੇ ਗੁਰਮੀਤ ਬਾਵਾ ਦੀ ਬਾਂਹ ਫੜ ਲਈ, ਤੇ ਗੱਲ ਤੂੰ ਤੂੰ, ਮੈਂ ਮੈਂ ਤੋਂ ਅੱਗੇ ਵਧ ਗਈ, ਮੌਕੇ ਤੇ ਹਾਜਰ ਦੀਪਕ ਜੈਤੋਈ ਸਾਹਬ ਨੇ ਮੌਕੇ ਤੇ ਹੀ ਗੀਤ ਲਿਖ ਦਿੱਤਾ। ਜਿਸ ਨੂੰ ਮੌਕੇ ਤੇ ਹੀ ਕਲਾਕਾਰਾ ਵੱਲੋਂ ਗਾਇਆ ਵੀ ਗਿਆ। ਇਹ ਹਕੀਕਤ ਹੈ। ਬਾਅਦ ਵਿਚ ਦੀਪਕ ਸਾਹਿਬ ਨੂੰ ਉਸ ਜੈਲਦਾਰ ਦੀ ਨਰਾਜ਼ਗੀ ਵੀ ਝੱਲਣੀ ਪਈ।

ਜ਼ੈਲਦਾਰ:- ਬ੍ਰਿਟਿਸ਼ ਸਰਕਾਰ ਵੱਲੋਂ ਥਾਪਿਆ Revenue officer ਜਿਸ ਅਧੀਨ 100 ਤੱਕ ਵੀ ਪਿੰਡ ਹੁੰਦੇ ਸਨ। 1℅ ਮਾਲੀਆ ਇਹਨਾਂ ਨੂੰ ਰੱਖਣ ਦਾ ਅਧਿਕਾਰ ਸੀ। Zail - a revenue unit in British raj headed by the Zaildar.
ਆਪਣੇ ਹੇਠ ਨੰਬਰਦਾਰ ਆਦਿਕਾਂ ਨੂੰ ਰੱਖਣ ਵਾਲਾ, ਇ਼ਲਾਕ਼ੇ ਦਾ ਪ੍ਰਬੰਧ ਕਰਤਾ ਅਹ਼ੁਦੇਦਾਰ, ਜੋ ਤਸੀਲਦਾਰ ਅਤੇ ਜਿਲੇ ਦੇ ਕਰਮਚਾਰੀਆਂ ਦੇ ਅਧੀਨ ਕੰਮ ਕਰਦਾ ਹੈ।
ਨੰਬਰਦਾਰ ਇਕ ਪਿੰਡ ਦਾ ਹੁੰਦਾ ਹੈ। ਜ਼ੈਲ = ਜ਼ਮੀਨ ਦਾ ਵੱਡਾ ਟੁਕੜਾ। ਜ਼ੈਲ ਦਾ ਭਾਵ ਹੈ ਸਬ-ਤਹਿਸੀਲ। ਜ਼ੈਲ ਦੀ ਨੁਮਾਇੰਦਗੀ ਕਰਨ ਵਾਲਾ ਜ਼ੈਲਦਾਰ। ਇਹ ਸਰਕਾਰ/ਰਾਜੇ ਵੱਲੋਂ ਨਿਯੁਕਤ ਕੀਤਾ ਜਾਂਦਾ ਸੀ। ਆਮ ਤੌਰ ਤੇ ਇਹ ਸਰਕਾਰੀ ਪਿੱਠੂ ਹੁੰਦਾ ਸੀ।

ਜੈਲਦਾਰ ਤੇ ਨੰਬਰਦਾਰ ਅੰਗਰੇਜ਼ੀ ਸਰਕਾਰ ਨੇ ਪਿੰਡਾਂ ਦੀ ਖਬਰ ਲੈਣ ਲਈ ਬਣਾਏ ਸੀ ਇਹ ਅੰਗਰੇਜ਼ੀ ਸਰਕਾਰ ਨੂੰ ਸਾਰੀ ਮੁਖਬਰੀ ਕਰਦੇ ਸਨ। ਬ੍ਰਿਟਿਸ਼ ਸਰਕਾਰ ਦੇ ਪ੍ਰਤੀ ਵਫਾਦਾਰ ਹੁੰਦੇ ਸਨ ਸਰਕਾਰੀ ਕੇਸ ਵਿਚ ਗਵਾਹ ਵੀ ਬਣਦੇ ਸਨ। ਸਾਰੀਆ ਸੇਵਾਵਾ ਬਦਲੇ ਅੰਗਰੇਜ਼ ਹਕੂਮਤ ਇਹਨਾ ਨੂੰ ਵਧੀਆ ਪਾਣੀ ਵਾਲੀ ਜਮੀਨ, ਇਲਾਕੇ ਦੀਆ ਸਰਗਰਮੀਆ ਮੁਤਾਬਕ ਸਰਕਾਰੀ ਘੋੜੀ, ਰਾਈਫਲ ਦਾ ਲਾਈਸੈਂਸ ਆਦਿ ਵੀ ਇਨਾਮ ਦੇ ਤੌਰ ਤੇ ਪ੍ਰਦਾਨ ਕਰਦੀ ਸੀ। ਪੇਂਡੂ ਜਨਤਾ ਤੋ ਉਗਰਾਹੇ ਜਾਣ ਵਾਲੇ ਟੈਕਸ (ਖੇਤੀ ਮੁਆਮਲਾ, ਚੁੱਲ੍ਹਾ ਟੈਕਸ) ਜੁਰਮਾਨੇ ਆਦਿ ਵਿੱਚੋ ਵੀ ਕੁੱਝ ਪਰਸੈਂਟ ਹਿੱਸਾ (ਪੰਜੋਤਰਾ) ਮਿਲਦਾ ਸੀ।
ਕਿਸਾਨਾਂ ਤੋਂ ਮਾਲ਼ੀਆਂ ਉਗਰਾਹੁਣ ਤੇ ਅੰਗਰੇਜ ਸਰਕਾਰ ਦਾ ਹਰ ਹੁਕਮ ਲਾਗੂ ਕਰਾਉਣਾ ਹੁੰਦਾ ਸੀ ਤੇ ਨਾਲ ਨਾਲ ਬਾਗੀਆਂ ਦੀ ਪੂਰੀ ਰਿਪੋਰਟ ਦੇਣਾ ਹੁੰਦਾ ਸੀ ਜਿਸ ਬਦਲੇ ਮੋਟੀਆਂ ਜਗੀਰਾਂ ਦਿੱਤੀਆਂ ਹੋਈਆਂ ਸੀ...
.
ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਪਿੰਡ ਦਾ ਮੁਖੀ ਨੰਬਰਦਾਰ ਹੁੰਦਾ ਸੀ ਇਸੇ ਤਰ੍ਹਾਂ ਜ਼ੈਲ ਦਾ ਮੁਖੀ ਜ਼ੈਲਦਾਰ ਹੁੰਦਾ ਸੀ। ਜ਼ੈਲ ਕੁਝ ਪਿੰਡਾਂ ਦਾ ਸਮੂਹ ਹੁੰਦਾ ਸੀ। ਪਿੰਡਾਂ ਵਿੱਚੋਂ ਮਾਮਲਾ ਇਕੱਠਾ ਕਰਨ ਲਈ ਇਲਾਕੇ ਨੂੰ ਜੋਨਾਂ ਵਿੱਚ ਵੰਡਿਆ ਜਾਂਦਾ ਸੀ। ਹਰੇਕ ਪਿੰਡ ਵਿੱਚ ਇਕ ਜਾਂ ਦੋ ਲੰਬੜਦਾਰ ਹੁੰਦੇ ਸਨ ਤੇ ਕਈ ਪਿੰਡਾਂ ਦਾ ਇਕ ਜੈਲਦਾਰ ਹੁੰਦਾ ਸੀ, ਤੇ ਉਸ ਨੂੰ ਜੈਲ ਕਹਿੰਦੇ ਸਨ। ਜੈਲ ਦਾ ਮਾਲਕ ਜੈਲਦਾਰ। ਲੰਬੜਦਾਰ ਮਾਮਲਾ ਇਕੱਠਾ ਕਰ ਜੈਲਦਾਰ ਕੋਲ ਜਮਾਂ ਕਰਵਾਉਂਦੇ ਸਨ। ਜਿਵੇਂ ਅੱਜ ਪਟਵਾਰੀ ਕਾਨੂੰਗੋ ਤਹਿਸੀਲਦਾਰ ਤੇ ਡਿਪਟੀ ਕਮਿਸ਼ਨਰ ਹਨ। ਜਿੰਨੇ ਦਾਰ ਹਨ ਸਭ ਅੰਗਰੇਜਾਂ ਦੀ ਦੇਣ ਹਨ ਜਿਸ ਤਰਾਂ ਜੈਲਦਾਰ, ਨੰਬਰਦਾਰ, ਥਾਣੇਦਾਰ (ਠਾਣੇਦਾਰ)। ਮਾਲੀਆ ਉਗਰਾਹੁਣਾ ਤੇ ਪ੍ਰਬੰਧ ਵਿੱਚ ਸਹਾਇਤਾ ਕਰਨਾ, ਸੂਚਨਾ ਦੇਣਾ ਕੰਮ ਸਨ। ਅੰਗਰੇਜ਼ਾਂ ਵਾਸਤੇ ਅੱਜ ਕਲ ਦੇ ਕੈਟਾਂ ਵਾਲਾ ਕੰਮ ਕਰਦੇ ਸਨ। ਆਪਣੇ ਲੋਕਾਂ ਨਾਲ ਗੱਦਾਰੀ ਕਰਨ ਬਦਲੇ ਅੰਗਰੇਜਾਂ ਵੱਲੋਂ ਇਨਾਮ ਵਿੱਚ ਦਿੱਤੀਆਂ ਵੱਡੀਆਂ ਜਗੀਰਾਂ ਦੇ ਮਾਲਕ ਸਨ।

ਅਸਲ ਵਿਚ ਇਹ ਅੰਗਰੇਜ਼ਾਂ ਦੇ ਮੁਖਬਰ ਸੀ। ਇਨ੍ਹਾਂ ਨੂੰ ਅੰਗਰੇਜ਼ਾਂ ਨੇ ਆਨਰੇਰੀ ਮੈਜਿਸਟ੍ਰੇਟ ਵੀ ਬਣਾਇਆ ਹੁੰਦਾ ਸੀ। ਦੇਸ਼ ਭਗਤਾਂ ਦੀ ਮੁਖ਼ਬਰੀ ਕਰਨਾ, ਬਾਗੀਆਂ ਦੀ ਸੂਚਨਾ ਸਰਕਾਰ ਨੂੰ ਦੇਣਾ ਵੀ ਇਹਨਾਂ ਦੀ ਡਿਉਟੀ ਸੀ।
ਕਈ ਨੰਬਰਦਾਰਾਂ ਤੇ ਇਕ ਸਫੈਦਪੋਸ਼ ਹੁੰਦਾ ਸੀ। ਅੰਗਰੇਜ਼ੀ ਰਾਜ ਵੇਲੇ ਥਾਣੇ ਅਧੀਨ ਪਿੰਡਾਂ ਨੂੰ ਜੈਲਾਂ ਵਿਚ ਵੰਡਿਆ ਜਾਂਦਾ ਸੀ ਅਤੇ ਹਕੂਮਤ ਦਾ ਇਕ ਵਫਾਦਾਰ ਬੰਦਾ ਜੈਲਦਾਰ ਨਿਯੁਕਤ ਕੀਤਾ ਜਾਂਦਾ ਸੀ ਜੋ ਆਪਣੇ ਅਧੀਨ ਪੈਂਦੇ ਪਿੰਡਾਂ ਦੀਆਂ ਗਤੀਵਿਧੀਆਂ ਦੀ ਡਾਇਰੀ ਹਕੂਮਤ ਤੱਕ ਪਹੁੰਚਾਇਆ ਕਰਦਾ ਸੀ। ਵੀਹ ਪੰਚੀ ਪਿੰਡਾ ਦੀ ਜੈਲ ਹੁੰਦੀ ਸੀ, ਜੈਲਦਾਰ ਸਹੀ ਮਾਅਨਿਆ ਅਗਰੇਜ਼ ਗੋਰਮਿੰਟ ਦੇ ਵਫਾਦਾਰ ਤੇ ਦੇਸ਼ ਭਗਤਾ ਦੇ ਦੁਸ਼ਮਣ ਸਨ। ਆਮ ਲੋਕ ਇਹਨਾ ਨੂੰ ਅਗਰੇਜਾਂ ਦੇ ਪਿਠੂ ਵੀ ਕਹਿਦੇ ਸਨ। ਅੰਗਰੇਜਾਂ ਦੇ ਟਾਊਟ, ਚਮਚੇ । ਵੇਖੋ ਕਿਹੋ ਜਿਹਾ ਸਮਾਂ ਜੋ ‘47ਤੋਂ ਪਹਿਲਾਂ ਵੀ ਰਾਜ ਪ੍ਰਬੰਧ ਦਾ ਹਿੱਸਾ ਸਨ ਓਹਨਾਂ ਚੋਂ ਬਹੁਤੇ ਹੁਣ ਵੀ ਸਰਕਾਰਾਂ ਦਾ ਹਿੱਸਾ ਨੇ।
ਇਤਿਹਾਸ ਵਿੱਚ ਕਿਸੇ ਵੀ ਜੈਲਦਾਰ ਦੀ ਜਮੀਰ ਨੀ ਜਾਗੀ ਬੀ ਅੰਗਰੇਜ਼ਾਂ ਦੀ ਜੈਲਦਾਰੀ ਨੂੰ ਲੱਤ ਮਾਰ ਕੇ ਗਦਰੀ ਬਾਬਿਆਂ (ਅਕਾਲੀ ਬੱਬਰਾਂ) ਨਾਲ ਰਲ਼ ਬਾਗੀਪੁਣੇ ਦਾ ਝੰਡਾ ਚੁੱਕ ਲੈਣ।
ਹੁਣ ਵੀ ਸਿਸਟਮ ਉਹੀ ਹੈ, ਬਸ ਨਾਮ ਬਦਲੇ ਹਨ, ਥੋੜੇ ਢੰਗ ਬਦਲੇ ਹਨ। ਜਿਸਨੇ ਰਾਜ ਕਰਨਾ ਹੈ, ਸਾਮ ਦਾਮ ਦੰਡ ਤੇ ਭੇਦ ਸਭ ਕੁਝ ਜੁਗਤ ਮੁਤਾਬਕ ਚਲਾਉਂਦਾ ਹੈ। ਗੁੰਡਾਗਰਦੀ, ਬਦਮਾਸ਼ੀ, ਜਾਗੀਰਦਾਰੀ ਸਾਰਾ ਕੁਝ ਰਜਿਸਟਰਡ ਕਰ ਲਿਆ ਸੰਵਿਧਾਨਕ ਸਿਸਟਮ ਦੇ ਨਾਮ ਨਾਲ। ਸਭ ਕੁਝ ਉਹੀ ਹੈ, ਬਸ ਲੇਬਲ ਹੀ ਬਦਲਦੇ ਹਨ।


Tuesday, 9 April 2019

ਰੋਮਨ ਸ਼ਾਸਕਾਂ ਦੀਆਂ ਖ਼ੂਨੀ ਖੇਡਾਂ ਦੇ ਮਜਬੂਰ ਲੜਾਕੇ


ਰੋਮਨ ਸ਼ਾਸਕਾਂ ਦੀਆਂ ਖ਼ੂਨੀ ਖੇਡਾਂ ਦੇ ਮਜਬੂਰ ਲੜਾਕੇ ਸਨ  

ਗਲੈਡੀਏਟਰਜ਼

ਮਨੋਰੰਜਨ ਜਾਂ ਦਿਲਪ੍ਰਚਾਵੇ ਦੀ ਰੁਚੀ ਸਦਾ ਤੋਂ ਮਨੁੱਖੀ ਸੁੁਭਾਅ ਦਾ ਅਨਿੱਖੜਵਾਂ ਅੰਗ ਰਹੀ ਹੈ। ਸਦੀਆਂ ਤੋਂ ਇਸ ਰੁਚੀ ਦੀ ਪੂਰਤੀ ਲਈ ਵਰਤੇ ਜਾਂਦੇ ਬਹੁਤ ਸਾਰੇ ਸਾਧਨਾਂ ਵਿਚ ਖੇਡਾਂ ਸਭ ਤੋਂ ਪ੍ਰਚਲਿਤ ਸਾਧਨ ਰਹੀਆਂ ਹਨ ਅਤੇ ਅੱਜ ਵੀ ਹਨ। ਇਤਿਹਾਸ ਵਿਚ ਮਨੋਰੰਜਨ ਦੇ ਨਾਂਅ ਹੇਠ ਕਈ ਅਣਮਨੁੱਖੀ ਖੇਡਾਂ ਵੀ ਰੁਝਾਨ ਵਿਚ ਰਹੀਆਂ ਜਿਨ੍ਹਾਂ ਵਿਚ ਇਨਸਾਨੀ ਜੀਵਨ ਤੱਕ ਦਾਅ 'ਤੇ ਲੱਗਦੇ ਰਹੇ। ਇਨ੍ਹਾਂ ਖੇਡਾਂ ਦੇ ਇਤਿਹਾਸ ਵੱਲ ਨਜ਼ਰ ਮਾਰਦਿਆਂ ਵਿਸ਼ਵ ਦੀਆਂ ਮਹਾਨ ਕਹੀਆਂ ਜਾਂਦੀਆਂ ਸੱਭਿਆਤਾਵਾਂ ਦੇ ਵਿਗੜੇ ਅਤੇ ਅਣਮਨੁੱਖੀ ਸ਼ੌਂਕਾਂ ਦੀਆਂ ਤਹਿਆਂ ਵੀ ਖੁੱਲ੍ਹਣ ਲੱਗ ਪੈਂਦੀਆਂ ਹਨ।

'ਰੋਮਨ ਸੱਭਿਅਤਾ' ਨੂੰ ਇਤਿਹਾਸਕਾਰਾਂ ਵਲੋਂ ਦੁਨੀਆ ਦੀ ਸਭ ਤੋਂ ਪਹਿਲੀ ਵਿਸ਼ਵ ਸ਼ਕਤੀ ਅਤੇ ਉਸ ਸਮੇਂ ਦੇ ਆਧੁਨਿਕ ਕਹੇ ਜਾਣ ਵਾਲੇ ਮਨੁੱਖੀ ਜੀਵਨ ਪ੍ਰਬੰਧ ਦਾ ਨਾਂਅ ਦਿੱਤਾ ਜਾਂਦਾ ਹੈ ਪਰ ਰੋਮਨਾਂ ਦਾ ਚਕਾਚੌਂਧ ਭਰਿਆ ਇਤਿਹਾਸ ਵੀ ਇਸ ਸੱਭਿਅਤਾ ਦੌਰਾਨ ਵਾਪਰੇ ਗੈਰਮਨੁੱਖੀ ਵਰਤਾਰਿਆਂ ਦੀ ਸਦੀਆਂ ਲੰਮੀ ਗਾਥਾ ਦੇ ਖ਼ੂਨੀ ਦਾਗਾਂ ਨੂੰ ਲੁਕਾ ਨਹੀਂ ਸਕਿਆ। ਸਮਾਂ ਗੁਜ਼ਰਨ ਦੇ ਨਾਲ ਤਾਕਤ ਅਤੇ ਅਮੀਰੀ ਦੇ ਸਿਖਰ 'ਤੇ ਖੜ੍ਹੇ ਰੋਮਨ ਸ਼ਾਸਕਾਂ ਦੇ ਐਸ਼ੋ-ਇਸ਼ਰਤ ਭਰੇ ਜੀਵਨ ਢੰਗ ਵਿਚੋਂ ਦਿਲਪ੍ਰਚਾਵੇ ਦੀ ਇਕ ਕਰੂਪ ਅਤੇ ਬਿਮਾਰ ਵੰਨਗੀ ਪੈਦਾ ਹੋਈ। ਇਹ ਇਕ ਮਾਰੂ ਖੇਡ ਸੀ, ਜਿਸ ਵਿਚ ਸਿੱਖਿਅਤ ਅਤੇ ਲੜਾਕੇ ਗੁਲਾਮ ਆਪਣੇ ਮਾਲਕਾਂ ਅਤੇ ਦਰਸ਼ਕਾਂ ਲਈ ਮਨੋਰੰਜਨ ਵਾਸਤੇ ਬਣੇ ਅਖਾੜਿਆਂ ਵਿਚ ਖ਼ਤਰਨਾਕ ਹਥਿਆਰਾਂ ਨਾਲ ਲੜਦੇ ਹੋਏ ਇਕ ਦੂਸਰੇ ਦਾ ਖ਼ੂਨ ਡੋਲ੍ਹਦੇ ਜਾਂ ਖ਼ਤਰਨਾਕ ਜਾਨਵਰਾਂ ਨਾਲ ਅਖਾੜਿਆਂ ਵਿਚ ਲੜਦੇ ਸਨ। ਇਨ੍ਹਾਂ ਵਿਚੋਂ ਕਈ ਲੜਾਈਆਂ ਦੋਹਾਂ ਵਿਰੋਧੀਆਂ ਵਿਚੋਂ ਇਕ ਦੀ ਮੌਤ ਤੱਕ ਚੱਲਦੀਆਂ। ਉਨ੍ਹਾਂ ਦੇ ਇਸ ਪ੍ਰਦਰਸ਼ਨ 'ਤੇ ਨਸ਼ੇ ਵਿਚ ਧੁੱਤ ਉਨ੍ਹਾਂ ਦੇ ਅਮੀਰ ਦਰਸ਼ਕ ਖੁਸ਼ੀ ਵਿਚ ਚੀਕਾਂ ਮਾਰਦੇ ਹੋਏ ਖੀਵੇ ਹੋਏ ਫਿਰਦੇ। ਗੁਲਾਮ, ਜੋ 'ਗਲੈਡੀਏਟਰਜ਼' ਅਖਵਾਉਂਦੇ ਸਨ, ਪਿੰਜਰਿਆਂ ਵਿਚ ਦੋਸਤਾਂ ਦੀ ਤਰ੍ਹਾਂ ਇਕੱਠੇ ਰਹਿੰਦੇ ਅਤੇ ਅੰਤ ਨੂੰ ਅਖਾੜੇ ਵਿਚ ਆਪਣੇ ਸਾਰੇ ਮਨੁੱਖੀ ਅਹਿਸਾਸਾਂ ਅਤੇ ਭਾਵਨਾਵਾਂ ਦਾ ਕਤਲ ਕਰ ਕੇ ਇਕ ਦੂਸਰੇ ਦੀਆਂ ਲਾਸ਼ਾਂ ਵਿਛਾ ਦਿੰਦੇ। ਰੋਮ ਇਸ ਅਣਮਨੁੱਖੀ ਮਨੋਰੰਜਨ ਦੇ ਅਖਾੜਿਆਂ ਦਾ ਗੜ੍ਹ ਸੀ ਜਿੱਥੇ ਅੱਜ ਵੀ ਉਹ ਅਖਾੜੇ ਅਤੇ ਵਿਸ਼ਾਲ ਸਟੇਡੀਅਮ ਖੰਡਰਾਂ ਦੇ ਰੂਪ ਵਿਚ ਇਸ ਖ਼ੂਨੀ ਦਾਸਤਾਨ ਦੇ ਗਵਾਹ ਬਣੀ ਖੜ੍ਹੇ ਨਜ਼ਰ ਆਉਂਦੇ ਹਨ। ਦੁਨੀਆ ਵਿਚ ਜਦ ਕਿਧਰੇ ਵੀ ਰੋਮਨ ਇਤਿਹਾਸ ਦੀ ਗੱਲ ਤੁਰਦੀ ਹੈ ਤਾਂ ਇਹ ਗਾਥਾ ਗਲੈਡੀਏਟਰਾਂ ਦੇ ਜ਼ਿਕਰ ਤੋਂ ਬਿਨਾਂ ਬਿਲਕੁਲ ਅਧੂਰੀ ਮੰਨੀ ਜਾਂਦੀ ਹੈ।

ਸਪਾਰਟੈਕਸ, ਟੈਟਰੈਟਿਸ, ਕਰਿਕਸੁਸ, ਕੋਮੋਦੋਸ, ਮਾਰਕੁਸ ਐਟੀਲੁਸ, ਫਲਾਮਾ, ਕਾਰਪੋਫੋਰਸ, ਪਰਿਸਕੁਸ ਅਤੇ ਵੈਰੁਸ ਆਦਿ ਗਲੈਡੀਏਟਰਾਂ ਦੇ ਉਹ ਮਸ਼ਹੂਰ ਨਾਂਅ ਹਨ ਜੋ ਇਨ੍ਹਾਂ ਖ਼ੂਨੀ ਖੇਡਾਂ ਦੇ ਸਦੀਆਂ ਲੰਮੇ ਇਤਿਹਾਸ ਅੰਦਰ ਮੂਹਰਲੀਆਂ ਸਫ਼ਾਂ ਅੰਦਰ ਜਾਣੇ ਗਏ। ਗਲੈਡੀਏਟਰ ਸ਼ਬਦ ਲਾਤੀਨੀ ਬੋਲੀ ਨਾਲ ਸਬੰਧ ਰੱਖਦਾ ਹੈ। ਲਾਤੀਨੀ ਵਿਚ ਗਲੈਡੀਅਸ ਤੋਂ ਭਾਵ ਹੈ ਛੋਟੀ ਤਲਵਾਰ। ਇਸ ਤਲਵਾਰ ਨੂੰ ਚਲਾਉਣ ਵਾਲਾ ਗਲੈਡੀਏਟਰ ਕਹਾਉਂਦਾ ਸੀ। ਰੋਮਨਾਂ ਦੇ ਇਸ ਖ਼ੂਨੀ ਸ਼ੌਂਕ ਦੀ ਸ਼ੂਰੂਆਤ ਤੀਸਰੀ ਸਦੀ ਈਸਾ ਪੂਰਵ ਦੌਰਾਨ ਹੋਈ ਮੰਨੀਂ ਜਾਂਦੀ ਹੈ। ਪਹਿਲੀ ਸਦੀ ਈਸਾ ਪੂਰਵ ਤੋਂ ਲੈ ਕੇ ਈਸਵੀ ਕੈਲੰਡਰ ਦੀ ਦੂਸਰੀ ਸਦੀ ਭਾਵ ਤਿੰਨ ਸੌ ਸਾਲ ਦਾ ਸਮਾਂ ਇਸ ਖੇਡ ਦੀ ਚਰਮਸੀਮਾ ਦਾ ਦੌਰ ਰਿਹਾ। ਬਾਅਦ ਵਿਚ ਕਰੀਬ ਪੰਜਵੀਂ ਈਸਵੀ ਸਦੀ ਵਿਚ ਇਹ ਖੇਡ ਰੋਮਨ ਕੈਥੋਲਿਕ ਚਰਚ ਦੇ ਪ੍ਰਭਾਵ ਹੇਠ ਬੰਦ ਕੀਤੀ ਗਈ। ਸੋ, ਇਸ ਖੇਡ ਦਾ ਇਤਿਹਾਸ ਕਰੀਬ ਅੱਠ ਸੌ ਸਾਲਾਂ ਵਿਚ ਵਿਛਿਆ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਖ਼ੂਨੀ ਅਤੇ ਬੀਮਾਰ ਸ਼ੌਂਕ ਰੋਮਨ ਅਮੀਰਾਂ ਦੇ ਖ਼ੂਨ ਵਿਚ ਕਿਸ ਕਦਰ ਘਰ ਕਰ ਗਿਆ ਸੀ।

ਇਹ ਗਲੈਡੀਏਟਰਜ਼ ਕੌਣ ਹੁੰਦੇ ਸਨ ? ਆਪਣੀ ਜਾਨ 'ਤੇ ਖੇਡ ਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇਹ ਕਿਉਂ ਮਜਬੂਰ ਸਨ? ਏਨੇ ਖ਼ਤਰਨਾਕ ਲੜਾਕੇ ਹੁੰਦਿਆਂ ਹੋਇਆਂ ਵੀ ਇਹ ਗੁਲਾਮੀ ਵਾਲਾ ਜੀਵਨ ਕਿਉਂ ਜਿਉਂਦੇ ਸਨ ? ਦਰਅਸਲ ਰੋਮਨ ਸ਼ਾਸਕਾਂ ਨੇ ਲੰਮਾ ਸਮਾਂ ਮਨੁੱਖ ਨੂੰ ਮਨੁੱਖ ਦੁਆਰਾ ਗੁਲਾਮ ਬਣਾ ਕੇ ਰੱਖਣ ਦੀ ਕੋਝੀ ਪ੍ਰਵਿਰਤੀ ਨੂੰ ਨੈਤਿਕਤਾ ਅਤੇ ਕਾਨੂੰਨ ਦਾ ਚੋਲਾ ਪਵਾਈ ਰੱਖਿਆ। ਉਸ ਦੌਰ ਵਿਚ ਗੁਲਾਮਾਂ ਦੀ ਸਥਿਤੀ ਪਸ਼ੂਆਂ ਤੋਂ ਵੀ ਬਦਤਰ ਸੀ। ਉਨ੍ਹਾਂ ਤੋਂ ਹਰ ਕਿਸਮ ਦਾ ਸਖਤ ਤੋਂ ਸਖਤ ਮੁਸ਼ੱਕਤ ਭਰਿਆ ਕੰਮ ਬਿਨਾਂ ਕਿਸੇ ਉਜਰਤ ਦੇ ਹੀ ਲਿਆ ਜਾਂਦਾ ਸੀ। ਛੋਟੀ ਤੋਂ ਛੋਟੀ ਗਲਤੀ ਕਰਨ 'ਤੇ ਮਾਲਕਾਂ ਵਲੋਂ ਕਿਸੇ ਗੁਲਾਮ ਦਾ ਕਤਲ ਤਕ ਕਰ ਦੇਣਾ ਇਕ ਪਸ਼ੂ ਨੂੰ ਮਾਰ ਦੇਣ ਦੇ ਬਰਾਬਰ ਸੀ। ਸਮਂੇ ਨਾਲ ਗੱਲ ਇੱਥੋਂ ਤੱਕ ਹੀ ਸੀਮਤ ਨਾ ਰਹੀ ਅਤੇ ਸ਼ਰਾਬ ਅਤੇ ਅਮੀਰੀ ਦੇ ਨਸ਼ੇ ਵਿਚ ਡੁੱਬੇ ਹੋਏ ਰੋਮਨ ਸ਼ਹਿਜ਼ਾਦੇ, ਰਾਣੀਆਂ, ਅਮੀਰਜ਼ਾਦੇ ਅਤੇ ਜਗੀਰਦਾਰ ਜਦ ਮਨੋਰੰਜਨ ਦੇ ਉਪਲਬਧ ਸਾਧਨਾਂ ਤੋਂ ਅੱਕ ਗਏ ਤਾਂ ਆਪਣੇ ਮਨਪ੍ਰਚਾਵੇ ਨੂੰ ਨਵਿਆਉਣ ਦੇ ਨਾਂਅ ਹੇਠ ਆਪਣੇ ਗੁਲਾਮਾਂ ਨੂੰ ਆਪਸ ਵਿਚ ਲੜਵਾਉਣ ਜਾਂ ਖ਼ਤਰਨਾਕ ਜਾਨਵਰਾਂ ਦੇ ਮੂਹਰੇ ਸੁਟਵਾਉਣ ਦੀਆਂ 'ਖੇਡਾਂ' ਖੇਡਣ ਲੱਗ ਪਏ। ਹੌਲੀ-ਹੌਲੀ ਖ਼ੂਨੀ ਖੇਡਾਂ ਦਾ ਇਹ ਵਰਤਾਰਾ ਰੋਮਨ ਅਮੀਰਾਂ ਦੇ ਸ਼ੌਕ ਦਾ ਹਿੱਸਾ ਬਣ ਗਿਆ।

ਸਮੇਂ ਦੇ ਗੇੜ ਨਾਲ ਇਹ ਇਕ ਵੱਡਾ ਕਾਰੋਬਾਰ ਬਣਨਾ ਸ਼ੁਰੂ ਹੋ ਗਿਆ। ਗਲੈਡੀਏਟਰਾਂ ਨੂੰ ਸਿੱਖਅਤ ਕਰਨ ਵਾਲੇ, ਸਾਂਭਣ ਵਾਲੇ, ਖਰੀਦਣ ਅਤੇ ਵੇਚਣ ਵਾਲੇ ਠੇਕੇਦਾਰਾਂ ਦਾ ਇਕ ਵਰਗ ਪੈਦਾ ਹੋ ਗਿਆ। ਇਨ੍ਹਾਂ ਖੇਡ ਤਮਾਸ਼ਿਆਂ ਨੂੰ ਪੇਸ਼ੇਵਾਰਾਨਾ ਢੰਗ ਨਾਲ ਚਲਾਉਣ ਲਈ ਅਖਾੜਿਆਂ ਦੇ ਮਾਲਕ ਸਾਹਮਣੇ ਆਉਣ ਲੱਗੇ। ਗਲੈਡੀਏਟਰਾਂ ਨੂੰ ਸਿਖਲਾਈ ਦੇਣ ਵਾਲੇ ਅਦਾਰੇ ਹੋਂਦ ਵਿਚ ਆ ਗਏ। ਠੇਕੇਦਾਰ ਵਧੀਆ ਲੜਾਕੇ ਗੁਲਾਮਾਂ ਜਾਂ ਜੰਗੀ ਕੈਦੀਆਂ ਦੀ ਭਾਲ ਵਿਚ ਰਹਿੰਦੇ ਅਤੇ ਉਨਾਂ ਦੀ ਸਿਹਤ ਅਤੇ ਜੰਗੀ ਹੁਨਰ ਮੁਤਾਬਿਕ ਉਨ੍ਹਾਂ ਦਾ ਮੁੱਲ ਪਾ ਕੇ ਖਰੀਦ ਲੈਂਦੇ। ਬਾਅਦ ਵਿਚ ਉਨ੍ਹਾਂ ਦੀ ਖ਼ਾਸ ਸਿਖਲਾਈ ਹੁੰਦੀ ਅਤੇ ਇਹ ਲੜਾਕੇ ਗੁਲਾਮ ਮੌਤ ਦੇ ਤਮਾਸ਼ਿਆਂ ਲਈ ਤਿਆਰ ਕਰ ਲਏ ਜਾਂਦੇ। ਗੁਲਾਮਾਂ ਦੀ ਹਾਲਤ ਪਹਿਲਾਂ ਤੋਂ ਹੀ ਬਹੁਤ ਮਾੜੀ ਸੀ ਪਰ ਜੋ ਗੁਲਾਮ ਗਲੈਡੀਏਟਰ ਬਣਨ ਦੇ ਰਾਹ ਤੁਰ ਪੈਂਦੇ ਉਨ੍ਹਾਂ ਦੀ ਜ਼ਿੰਦਗੀ ਵਕਤੀ ਤੌਰ 'ਤੇ ਜਾਂ ਕਹਿ ਲਓ ਅਖਾੜੇ ਵਿਚ ਜੰਗਲੀ ਜਾਨਵਰਾਂ ਦੁਆਰਾ ਜਾਂ ਕਿਸੇ ਹੋਰ ਲੜਾਕੇ ਹੱਥੋਂ ਮਰਨ ਤੋਂ ਪਹਿਲਾਂ ਵਧੀਆ ਢੰਗ ਨਾਲ ਬੀਤਦੀ। ਇਸ ਦਾ ਕਾਰਨ ਸੀ ਕਿ ਇਨ੍ਹਾਂ ਗੁਲਾਮਾਂ ਨੂੰ ਖਾਣ-ਪੀਣ ਅਤੇ ਰਹਿਣ ਦੀਆਂ ਸੁਖ ਸਹੂਲਤਾਂ ਦਿੱਤੀਆਂ ਜਾਂਦੀਆਂ ਤਾਂ ਕਿ ਉਹ ਅਖਾੜੇ ਵਿਚ ਵਧੀਆ ਪ੍ਰਦਰਸ਼ਨ ਕਰ ਸਕਣ ਪਰ ਇਨ੍ਹਾਂ ਬਲੀ ਦੇ ਬੱਕਰੇ ਵਰਗੇ ਮਨੁੱਖਾਂ ਦੀ ਹੈਸੀਅਤ ਖ਼ਤਰਨਾਕ ਪਸ਼ੂਆਂ ਤੋਂ ਜ਼ਿਆਦਾ ਨਹੀਂ ਸੀ, ਜਿਨ੍ਹਾਂ ਨੂੰ ਵਧੀਆ ਢੰਗ ਨਾਲ ਖੁਆ ਪਿਆ ਕੇ ਅਖਾੜਿਆਂ ਵਿਚ ਲੜਨ-ਮਰਨ ਲਈ ਵਰਤਿਆ ਜਾਂਦਾ ਸੀ। ਅਮੀਰ ਦਰਸ਼ਕ ਵਰਗ ਹੋਣ ਕਰਕੇ ਇਸ ਖੇਡ ਵਿਚ ਬਹੁਤ ਪੈਸਾ ਸੀ ਪਰ ਇਹ ਗੁਲਾਮ ਲੜਾਕਿਆਂ ਦੇ ਅਮੀਰ ਮਾਲਕਾਂ ਦੇ ਹਿੱਸੇ ਹੀ ਆਉਂਦਾ ਸੀ।

ਇਹ ਮੁਕਾਬਲੇ ਦਰਸ਼ਕਾਂ ਦੇ ਨਿੱਜੀ ਵਰਗਾਂ ਤੋਂ ਲੈ ਕੇ ਸਟੇਡੀਅਮ ਰੂਪੀ ਵਿਸ਼ਾਲ ਅਖਾੜਿਆਂ ਵਿਚ ਕਰਵਾਏ ਜਾਂਦੇ। ਛੋਟੇ ਮੁਕਾਬਲਿਆਂ ਵਿਚ ਗਲੈਡੀਏਟਰਾਂ ਦੇ ਠੇਕੇਦਾਰ ਜਾਗੀਰਦਾਰਾਂ ਅਤੇ ਰਾਜਿਆਂ ਦੇ ਨਿੱਜੀ ਸੱਦਿਆਂ 'ਤੇ ਆਪਣੇ ਲੜਾਕਿਆਂ ਨੂੰ ਲੈ ਕੇ ਜਾਂਦੇ ਅਤੇ ਉਨ੍ਹਾਂ ਦੀਆਂ ਹਵੇਲੀਆਂ ਵਿਚ ਮੌਤ ਦੇ ਤਮਾਸ਼ੇ ਦਾ ਪ੍ਰਬੰਧ ਕਰਦੇ। ਇਹ ਮੁਕਾਬਲੇ ਅਕਸਰ ਅਮੀਰ ਜਾਗੀਰਦਾਰ ਆਪਣੇ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਅਤੇ ਮਨੋਰੰਜਨ ਲਈ ਕਰਵਾਉਂਦੇ ਸਨ। ਇਸ ਤੋਂ ਇਲਾਵਾ ਖਾਸ ਮੌਕਿਆਂ 'ਤੇ ਜਨਤਕ ਤੌਰ 'ਤੇ ਵੱਡੇ ਅਖਾੜੇ ਕਰਵਾਏ ਜਾਂਦੇ ਜਿਨ੍ਹਾਂ ਦਾ ਖਰਚਾ ਅਮੀਰ ਸ਼ਹਿਜ਼ਾਦੇ ਝੱਲਦੇ। ਇਨ੍ਹਾਂ ਅਖਾੜਿਆਂ ਵਿਚ ਹਜ਼ਾਰਾਂ ਦਾ ਇਕੱਠ ਹੁੰਦਾ। ਇਹ ਮੁਕਾਬਲੇ ਕਈ ਤਰ੍ਹਾਂ ਦੇ ਹੁੰਦੇ। ਕਦੇ ਲੜਾਕਿਆਂ ਨੂੰ ਤਲਵਾਰਾਂ, ਨੇਜ਼ੇ ਅਤੇ ਢਾਲਾਂ ਫੜਾ ਕੇ ਅਖਾੜੇ ਵਿਚ ਛੱਡ ਦਿੱਤਾ ਜਾਂਦਾ। ਇਹ ਲੜਾਕੇ ਖੁੱਲ੍ਹੇ ਮੈਦਾਨੀ ਅਖਾੜੇ ਵਿਚ ਹਾਜ਼ਰ ਹੋ ਕੇ ਦਰਸ਼ਕ ਗੈਲਰੀ ਵਿਚ ਬੈਠੇ ਰਾਜਿਆਂ, ਰਾਣੀਆਂ ਅਤੇ ਅਹਿਲਕਾਰਾਂ ਨੂੰ ਸਲਾਮ ਕਰਦੇ। ਖ਼ੂਨੀ ਖੇਡ ਵੇਖਣ ਲਈ ਉਤਸੁਕ ਦਰਸ਼ਕ ਚੀਕਾਂ ਮਾਰ ਰਹੇ ਹੁੰਦੇ। ਅਚਾਨਕ ਅਖਾੜੇ ਦੇ ਇਕ ਪਾਸੇ ਬਣੇ ਪਿੰਜਰੇ ਨੂੰ ਖੋਲ੍ਹ ਦਿੱਤਾ ਜਾਂਦਾ ਅਤੇ ਭੁੱਖੇ ਸ਼ੇਰ ਦਹਾੜਾਂ ਮਾਰਦੇ ਅਖਾੜੇ ਵਿਚ ਆ ਪ੍ਰਗਟ ਹੁੰਦੇ। ਐਸੇ ਮੁਕਾਬਲਿਆਂ ਵਿਚ ਜ਼ਿਆਦਾ ਉਪਚਾਰਕਤਾ ਦੀ ਗੁੰਜਾਇਸ਼ ਨਹੀਂ ਸੀ ਹੁੰਦੀ ਕਿਉਂਕਿ ਭੁੱਖੇ ਅਤੇ ਖੂੰਖਾਰ ਜਾਨਵਰ ਮੁਕਾਬਲੇ ਲਈ ਨਹੀਂ ਬਲਕਿ ਆਪਣੀ ਭੁੱਖ ਮਿਟਾਉਣ ਲਈ ਇਕਦਮ ਗਲੈਡੀਏਟਰਾਂ 'ਤੇ ਟੁੱਟ ਪੈਂਦੇ। ਗਲੈਡੀਏਟਰ ਆਪਣੀ ਜਾਨ ਬਚਾਉਣ ਲਈ ਕੋਲ ਮੌਜੂਦ ਹਥਿਆਰਾਂ ਨਾਲ ਖੂੰਖਾਰ ਜਾਨਵਰਾਂ ਵਿਰੁੱਧ ਸਿੱਧੇ ਮੁਕਾਬਲੇ ਵਿਚ ਡਟ ਜਾਂਦੇ। ਕਈ ਵਾਰ ਮੁਕਾਬਲੇ ਨੂੰ ਲੰਮਾ ਖਿੱਚਣ ਲਈ ਸ਼ੇਰਾਂ ਨੂੰ ਲੰਮੇ ਰੱਸਿਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਅਤੇ ਉਨ੍ਹਾਂ ਦੇ ਗਲੈਡੀਏਟਰਾਂ 'ਤੇ ਭਾਰੂ ਪੈਣ ਦੀ ਸਥਿਤੀ ਵਿਚ ਰੱਸਿਆਂ ਨੂੰ ਖਿੱਚ ਪਾ ਕੇ ਵਾਪਸ ਧੂਹ ਲਿਆ ਜਾਂਦਾ। ਐਸਾ ਗਲੈਡੀਏਟਰਾਂ ਦੀ ਜਾਨ ਬਚਾਉਣ ਲਈ ਨਹੀਂ ਬਲਕਿ ਮੁਕਾਬਲੇ ਵਿਚ ਉਤਸੁਕਤਾ ਬਣਾਈ ਰੱਖਣ ਲਈ ਅਤੇ ਲੜਾਈ ਨੂੰ ਲੰਮੇਰਾ ਖਿੱਚਣ ਲਈ ਕੀਤਾ ਜਾਂਦਾ। ਇਹ ਮੁਕਾਬਲੇ ਆਖਰ ਇਕ ਧਿਰ ਦੀ ਮੌਤ ਨਾਲ ਹੀ ਤੋੜ ਚੜ੍ਹਦੇ।

ਕਈ ਮੁਕਾਬਲਿਆਂ ਵਿਚ ਦੋਵੇਂ ਪਾਸੇ ਗਲੈਡੀਏਟਰ ਹੀ ਲੜਦੇ | ਇਹ ਮੁਕਾਬਲੇ ਇਕੱਲੇ-ਇਕੱਲੇ ਲੜਾਕਿਆਂ ਤੋਂ ਲੈ ਕੇ ਇਕ ਤੋਂ ਵੱਧ ਗਲੈਡੀਏਟਰਾਂ ਦੇ ਆਪਸ ਵਿਚ ਭਿੜਨ ਦੇ ਰੂਪ ਵਿਚ ਹੁੰਦੇ | ਮੁਕਾਬਲਾ ਜਿੰਨਾ ਲੰਮਾ ਅਤੇ ਖ਼ੂਨ ਖਰਾਬੇ ਭਰਿਆ ਚੱਲਦਾ, ਉਨਾਂ ਹੀ ਵਧੀਆ ਸਮਝਿਆ ਜਾਂਦਾ | ਐਸੇ ਮੁਕਾਬਲੇ ਵਿਚ ਜਦ ਇਕ ਗਲੈਡੀਏਟਰ ਸਖਤ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗਦਾ ਤਾਂ ਦੂਸਰਾ ਲੜਾਕਾ ਉਸ 'ਤੇ ਆਖਰੀ ਵਾਰ ਕਰਨ ਤੋਂ ਪਹਿਲਾਂ ਦਰਸ਼ਕ ਗੈਲਰੀ ਵਿਚ ਬੈਠੇ ਅਮੀਰ ਸ਼ਹਿਜ਼ਾਦਿਆਂ ਅਤੇ ਰਾਣੀਆਂ ਵੱਲ ਵੇਖਦਾ | ਇਸ ਤੋਂ ਭਾਵ ਵਿਰੋਧੀ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਦੀ ਮਨਜ਼ੂਰੀ ਲੈਣ ਤੋਂ ਸੀ | ਜ਼ਮੀਨ 'ਤੇ ਡਿੱਗੇ ਲੜਾਕੇ ਦੀ ਜਾਨ ਦਾ ਫੈਸਲਾ ਸ਼ਰਾਬ ਦੇ ਨਸ਼ੇ ਵਿਚ ਧੁੱਤ ਅਮੀਰ ਮਰਦ ਅਤੇ ਔਰਤਾਂ ਦੇ ਹੱਥਾਂ ਵਿਚ ਹੁੰਦਾ | ਉਨ੍ਹਾਂ ਵਿਚੋਂ ਸਭ ਤੋਂ ਖਾਸ ਰੁਤਬੇ ਵਾਲੇ ਸ਼ਹਿਜ਼ਾਦੇ ਜਾਂ ਰਾਣੀ ਵਲੋਂ ਆਪਣਾ ਹੱਥ ਬੰਦ ਮੁੱਠ ਦੇ ਰੂਪ ਵਿਚ ਹਵਾ ਵਿਚ ਸਾਹਮਣੇ ਕੀਤਾ ਜਾਂਦਾ ਜਿਸ ਦਾ ਸਿਰਫ ਅੰਗੂਠਾ ਖੁੱਲ੍ਹਾ ਹੁੰਦਾ | ਹੱਥ ਦਾ ਅੰਗੂਠਾ ਜੇਕਰ ਜ਼ਮੀਨ ਵੱਲ ਹੁੰਦਾ ਤਾਂ ਭਾਵ ਹੁੰਦਾ ਕਿ ਹਥਿਆਰ ਤਾਣੀ ਖੜ੍ਹਾ ਲੜਾਕਾ ਡਿੱਗੇ ਪਏ ਗਲੈਡੀਏਟਰ ਨੂੰ ਕਤਲ ਕਰ ਦੇਵੇ | ਜੇਕਰ ਅੰਗੂਠਾ ਅਸਮਾਨ ਵੱਲ ਹੁੰਦਾ ਤਾਂ ਜਾਨ ਬਖਸ਼ ਦਿੱਤੀ ਜਾਂਦੀ | ਐਸੇ ਮੌਕੇ 'ਤੇ ਇਹ ਅਮੀਰ ਰਾਜੇ ਰਾਣੀਆਂ ਫੈਸਲਾ ਕਰਦਿਆਂ ਕਿੰਨਾ-ਕਿੰਨਾ ਚਿਰ ਨਖਰੇ ਕਰਦੇ ਰਹਿੰਦੇ। ਅਖੀਰ ਵਿਚ ਉਹ ਆਪਣਾ ਫੈਸਲਾ ਇਸ਼ਾਰੇ ਦੇ ਰੂਪ ਵਿਚ ਦੱਸਦੇ ਅਤੇ ਜ਼ਮੀਨ 'ਤੇ ਡਿੱਗਾ ਲੜਾਕਾ ਜਾਂ ਤਾਂ ਮਾਰੂ ਵਾਰ ਦਾ ਸ਼ਿਕਾਰ ਹੋ ਜਾਂਦਾ ਜਾਂ ਦਿੱਤੇ ਇਸ਼ਾਰੇ ਅਨੁੁਸਾਰ ਬਚ ਜਾਂਦਾ | ਐਸੇ ਮੁਕਾਬਲਿਆਂ ਵਿਚ ਗਲੈਡੀਏਟਰਾਂ ਦੀ ਜਾਨ ਘੱਟ ਹੀ ਮੌਕਿਆਂ ਉਤੇ ਬਖਸ਼ੀ ਜਾਂਦੀ ਸੀ | ਉਹ ਮੁਕਾਬਲੇ ਜ਼ਿਆਦਾ ਮਹਿੰਗੇ ਹੁੰਦੇ ਸਨ ਜਿਨ੍ਹਾਂ ਦਾ ਅੰਤ ਗਲੈਡੀਏਟਰਾਂ ਦੀ ਮੌਤ ਨਾਲ ਹੁੰਦਾ | ਵੈਸੇ ਗਲੈਡੀਏਟਰਾਂ ਦੇ ਜ਼ਿਆਦਾਤਰ ਮਾਲਕ ਦਿਲੋਂ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦੇ ਲੜਾਕੇ ਅਖਾੜੇ ਵਿਚ ਮਰਨ, ਸੋ, ਮੁਕਾਬਲੇ ਦੇ ਅੰਤ ਤੋਂ ਪਹਿਲਾਂ ਗਲੈਡੀਏਟਰਾਂ ਨੂੰ ਮਾਰੂ ਵਾਰ ਕਰਨ ਦੀ ਖੁੱਲ੍ਹ ਨਹੀਂ ਸੀ ਹੁੰਦੀ | ਦਰਅਸਲ ਇਨ੍ਹਾਂ ਲੜਾਕਿਆਂ ਨੂੰ ਤਿਆਰ ਕਰਨ ਲਈ ਕਾਫੀ ਪੈਸਾ ਅਤੇ ਸਮਾਂ ਖਰਚ ਹੁੰਦਾ ਸੀ ਅਤੇ ਇਨ੍ਹਾਂ ਦੇ ਮਰਨ ਨਾਲ ਠੇਕੇਦਾਰਾਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਲਈ ਉਨ੍ਹਾਂ ਨੂੰ ਵਿਰੋਧੀ ਦੀ ਜਾਨ ਲੈਣ ਦੀ ਨਿਸਬਤ ਜ਼ਿਆਦਾ ਤੋਂ ਜ਼ਿਆਦਾ ਖ਼ੂਨ ਡੋਲ੍ਹਣ ਅਤੇ ਮੁਕਾਬਲੇ ਨੂੰ ਉਤੇਜਨਾ ਭਰਪੂਰ ਬਣਾਈ ਰੱਖਣ ਦੀ ਸਿਖਲਾਈ ਮਿਲਦੀ ਸੀ | ਆਮ ਮੁਕਾਬਲਿਆਂ ਵਿਚ ਜਦ ਕੋਈ ਲੜਾਕਾ ਲੜਖੜਾ ਕੇ ਜ਼ਮੀਨ 'ਤੇ ਡਿਗ ਪੈਂਦਾ ਤਾਂ ਠੇਕੇਦਾਰ ਮੁਕਾਬਲੇ ਨੂੰ ਬੰਦ ਕਰਵਾ ਦਿੰਦੇ ਪਰ ਬਹੁਤ ਅਮੀਰ ਜਾਂ ਸ਼ਾਹੀ ਦਰਸ਼ਕਾਂ ਦੀ ਹਾਜ਼ਰੀ ਵਿਚ ਆਖਰੀ ਫੈਸਲਾ ਉਹੀ ਲੈਂਦੇ |

ਸਮੇਂ ਨਾਲ ਜਦ ਇਹ ਖੇਡ ਖਾਸੀ ਮਸ਼ਹੂਰ ਹੋ ਗਈ ਤਾਂ ਰਾਜਨੀਤੀ ਦਾ ਦਾਰੋਮਦਾਰ ਹੀ ਵੱਡੇ ਵੱਡੇ ਮੁਕਾਬਲਿਆਂ 'ਤੇ ਟਿਕ ਗਿਆ। ਜੋ ਸ਼ਾਸਕ ਆਪਣੀ ਜਨਤਾ ਨੂੰ ਐਸੇ ਮੁਕਾਬਲੇ ਆਯੋਜਿਤ ਕਰਵਾ ਕੇ ਦਿੰਦਾ, ਉਹ ਹਰਮਨ ਪਿਆਰਾ ਬਣ ਜਾਂਦਾ | ਵੱਡੇ ਮੁਕਾਬਲਿਆਂ ਵਿਚ ਭਾਰੀ ਰਕਮਾਂ ਦੇ ਸੱਟੇ ਲੱਗਣ ਲੱਗ ਪਏ | ਕਈ ਮਸ਼ਹੂਰ ਲੜਾਕੇ ਸਿਪਾਹੀ ਪੈਸਾ ਅਤੇ ਮਸ਼ਹੂਰੀ ਕਮਾਉਣ ਲਈ ਆਪਣੀ ਮਰਜ਼ੀ ਨਾਲ ਵੀ ਇਸ ਖੇਡ ਵਿਚ ਸ਼ਾਮਿਲ ਹੋਣ ਲੱਗੇ ਪਰ ਐਸੇ ਗਲੈਡੀਏਟਰਜ਼ ਦੀ ਗਿਣਤੀ ਬਹੁਤ ਥੋੜ੍ਹੀ ਸੀ | ਐਸੇ ਲੜਾਕੇ ਕਿਸੇ ਦੇ ਗੁਲਾਮ ਨਹੀਂ ਸਨ ਹੁੰਦੇ ਅਤੇ ਆਪਣੀ ਮਰਜ਼ੀ ਨਾਲ ਅਖਾੜਿਆਂ ਵਿਚ ਲੜਦੇ ਸਨ | ਕਈ ਵਾਰ ਮੌਤ ਦੀ ਸਜ਼ਾ ਵਾਲੇ ਕੈਦੀਆਂ ਨੂੰ ਵੀ ਮੁਕਾਬਲੇ ਵਿਚ ਉਤਾਰ ਦਿੱਤਾ ਜਾਂਦਾ ਅਤੇ ਵਧੀਆ ਪ੍ਰਦਰਸ਼ਨ ਕਰਨ 'ਤੇ ਗਲੈਡੀਏਟਰ ਬਣਾ ਲਿਆ ਜਾਂਦਾ | 

ਗਲੈਡੀਏਟਰਾਂ ਦਾ ਹੁਨਰ ਅਤੇ ਸਿਹਤ ਦੇ ਹਿਸਾਬ ਨਾਲ ਵਰਗੀਕਰਨ ਕੀਤਾ ਜਾਂਦਾ ਸੀ ਅਤੇ ਅਕਸਰ ਆਪਸ ਵਿਚ ਬਰਾਬਰ ਦੇ ਜੋੜ ਵਾਲਿਆਂ ਦੇ ਹੀ ਮੁਕਾਬਲੇ ਕਰਵਾਏ ਜਾਂਦੇ ਸਨ | ਮੁਕਾਬਲਿਆਂ ਦਾ ਵੀ ਵਰਗੀਕਰਨ ਕੀਤਾ ਜਾਂਦਾ ਸੀ | ਸਭ ਤੋਂ ਮਸ਼ਹੂਰ 'ਥਰੇਸਿਸ' ਅਤੇ 'ਮਰਮਿਲੀਅਨਸ' ਲੜਾਕੇ ਸਨ ਜੋ ਤਲਵਾਰ ਅਤੇ ਢਾਲ ਨਾਲ ਆਪਸ ਵਿਚ ਲੜਦੇ ਸਨ | 'ਡੀਮਾਕਿਉਰਸ' ਜਮਾਤ ਦੇ ਲੜਾਕੇ ਦੋਹਾਂ ਹੱਥਾਂ ਵਿਚ ਤਲਵਾਰਾਂ ਫੜ ਕੇ ਲੜਦੇ ਸਨ | 'ਰਿਟੇਰੀਅਸ' ਵਰਗ ਦੇ ਲੜਾਕੇ ਇਕ ਹੱਥ ਵਿਚ ਜਾਲ ਅਤੇ ਦੂਸਰੇ ਹੱਥ ਵਿਚ ਤਿੱਖੀ ਹੁੱਕ ਲੈ ਕੇ ਅਖਾੜੇ ਵਿਚ ਆਉਂਦੇ ਸਨ |

ਇਹ ਬੜਾ ਦਿਲਚਸਪ ਤੱਥ ਹੈ ਕਿ ਖ਼ੂਨੀ ਖੇਡਾਂ ਦੇ ਇਤਿਹਾਸ ਵਿਚ ਔਰਤ ਗਲੈਡੀਏਟਰਾਂ ਦਾ ਜ਼ਿਕਰ ਵੀ ਆਉਂਦਾ ਹੈ | ਡੋਮਿਟਿਅਨ ਨਾਂਅ ਦਾ ਰੋਮਨ ਸ਼ਾਸਕ ਅਕਸਰ ਲੜਾਕੂ ਔਰਤਾਂ ਨੂੰ ਬੌਣੇ ਸਿਪਾਹੀਆਂ ਦੇ ਖਿਲਾਫ਼ ਲੜਾ ਕੇ ਲੁਤਫ਼ ਲੈਂਦਾ ਸੀ | ਇਨ੍ਹਾਂ ਖੇਡਾਂ ਦੇ ਇਤਿਹਾਸ ਵਿਚ ਐਮਾਜ਼ਾਨ ਅਤੇ ਐਕਿਲਿਆ ਨਾਂਅ ਦੀਆਂ ਦੋ ਔਰਤ ਗਲੈਡੀਏਟਰਾਂ ਦੇ ਆਪਸੀ ਮੁਕਾਬਲਿਆਂ ਦਾ ਜ਼ਿਕਰ ਵੀ ਆਉਂਦਾ ਹੈ |

ਐਸਾ ਨਹੀਂ ਸੀ ਕਿ ਇਹ ਗਲੈਡੀਏਟਰ ਸਦਾ ਆਪਣੇ ਮਾਲਕਾਂ ਸਾਹਮਣੇਂ ਗੁਲਾਮਾਂ ਵਾਂਗ ਸਿਰ ਸੁੱਟੀ ਜਾਨਾਂ ਕੁਰਬਾਨ ਕਰਦੇ ਰਹੇ | ਇਤਿਹਾਸ ਵਿਚ ਗਲੈਡੀਏਟਰਾਂ ਵਲੋਂ ਕੀਤੀਆਂ ਗਈਆਂ ਕੁਝ ਇਕ ਬਗ਼ਾਵਤਾਂ ਦਾ ਜ਼ਿਕਰ ਵੀ ਆਉਂਦਾ ਹੈ ਜਿਨ੍ਹਾਂ ਵਿਚ ਸਭ ਤੋਂ ਵੱਡੀ ਬਗ਼ਾਵਤ ਸਪਾਰਟੈਕਸ ਨਾਂਅ ਦੇ ਗੁਲਾਮ ਗਲੈਡੀਏਟਰ ਦੀ ਅਗਵਾਈ ਵਿਚ ਕਰੀਬ 70 ਈਸਾ ਪੂਰਵ ਵਿਚ ਹੋਈ। ਇਸ ਬਗਾਵਤ ਨੇ ਇਕ ਵਾਰ ਰੋਮਨ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ | ਸਪਾਰਟੈਕਸ ਵੀ ਗੁਲਾਮਾਂ ਦੀ ਤਰ੍ਹਾਂ ਵਿਕਦਾ ਵਿਕਾਉਂਦਾ ਰੋਮ ਤੋਂ ਕਰੀਬ 120 ਮੀਲ ਦੱਖਣ ਵਿਚ ਕੈਪੁਆ ਨਾਂਅ ਦੇ ਸਿਖਲਾਈ ਕੇਂਦਰ ਵਿਚ ਲਿਆਂਦਾ ਗਿਆ ਸੀ | ਇਹ ਸ਼ੁਰੂ ਤੋਂ ਵਿਦਰੋਹੀ ਸੁਭਾਅ ਦਾ ਸੀ | ਇਸ ਕੇਂਦਰ ਵਿਚ ਇਕ ਦਿਨ ਸਿਪਾਹੀਆਂ ਅਤੇ ਗੁਲਾਮਾਂ ਵਿਚਕਾਰ ਰਸੋਈ ਵਿਚ ਕੁਝ ਧੱਕਾਮੁੱਕੀ ਹੋ ਗਈ | ਝਗੜਾ ਵਧ ਗਿਆ ਅਤੇ ਸੱਤਰ ਦੇ ਕਰੀਬ ਗਲੈਡੀਏਟਰਸ ਲੜਾਕਿਆਂ ਨੇ ਸਪਾਰਟੈਕਸ ਦੀ ਅਗਵਾਈ ਵਿਚ ਰਾਖੇ ਸਿਪਾਹੀਆਂ ਨੂੰ ਮਾਰ ਕੇ ਕੇਂਦਰ 'ਤੇ ਕਬਜ਼ਾ ਕਰ ਲਿਆ | ਸਪਾਰਟੈਕਸ ਦੀ ਪਤਨੀ ਸੂਰਾ ਵੀ ਇਸ ਬਗ਼ਾਵਤ ਵਿਚ ਸ਼ਾਮਿਲ ਸੀ | ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਉਸ ਦਾ ਅਸਲੀ ਨਾਂਅ ਇਤਿਹਾਸ ਦੀਆਂ ਡੂੰਘੀਆਂ ਪਰਤਾਂ ਵਿਚ ਕਿਧਰੇ ਗੁਆਚ ਗਿਆ ਹੈ | ਰਸੋਈ ਵਿਚੋਂ ਚਾਕੂ ਕਿਰਚਾਂ ਅਤੇ ਆਪਣੇ ਰਵਾਇਤੀ ਹਥਿਆਰ ਫੜ ਕੇ ਇਹ ਛੋਟਾ ਜਿਹਾ ਬਗ਼ਾਵਤੀ ਦਲ ਰੋਮ ਨੂੰ ਤੁਰ ਪਿਆ | ਰਾਹ ਵਿਚ ਜਿੱਥੇ ਕਿਧਰੇ ਵੀ ਇਨ੍ਹਾਂ ਨੂੰ ਜਾਗੀਰਾਂ ਵਿਚ ਗੁਲਾਮਾਂ ਦੇ ਕੈਦ ਹੋਣ ਦੀ ਖ਼ਬਰ ਮਿਲੀ, ਇਹ ਹਮਲਾ ਕਰਦੇ ਗਏ ਅਤੇ ਉਨ੍ਹਾਂ ਨੂੰ ਛੁਡਾਉਂਦੇ ਅੱਗੇ ਵਧਦੇ ਰਹੇ | ਹਰ ਨਵੇਂ ਦਿਨ ਇਸ ਦਲ ਦੀ ਗਿਣਤੀ ਵਧਦੀ ਗਈ | ਲੜਨ ਮਰਨ ਵਿਚ ਮਾਹਿਰ ਇਨ੍ਹਾਂ ਯੋਧਿਆਂ ਨੂੰ ਜਿੱਥੇ ਕਿਤੇ ਵੀ ਰੋਮਨ ਫ਼ੌਜੀ ਮਿਲੇ, ਮੌਤ ਦੇ ਘਾਟ ਉੱਤਰ ਗਏ |

ਇਸ ਬਗ਼ਾਵਤ ਦੀਆਂ ਖ਼ਬਰਾਂ ਜਦ ਰੋਮ ਪਹੁੰਚੀਆਂ ਤਾਂ ਰੋਮਨ ਸਾਮਰਾਜ ਵਲੋਂ ਕਈ ਫ਼ੌਜੀ ਟੁਕੜੀਆਂ ਇਸ ਦਲ ਦਾ ਰਾਹ ਰੋਕਣ ਲਈ ਭੇਜੀਆਂ ਗਈਆਂ | ਇਹ ਗਲੈਡੀਏਟਰ ਇਕੱਲੇ ਦੁਕੱਲੇ ਨਾਲ ਹੱਥੋ ਹੱਥ ਲੜਾਈ ਵਿਚ ਤਾਂ ਮਾਹਿਰ ਸਨ ਪਰ ਪੂਰੀ ਤਰ੍ਹਾਂ ਸਿੱਖਿਅਤ ਅਤੇ ਜੰਗੀ ਰਣਨੀਤੀ ਨਾਲ ਨਿਪੁੰਨ ਫ਼ੌਜ ਨਾਲ ਲੜਨ ਦੀ ਸਮਰੱਥਾ ਇਨ੍ਹਾਂ ਵਿਚ ਨਹੀਂ ਸੀ | ਇਸ ਦੇ ਬਾਵਜੂਦ ਸਪਾਰਟੈਕਸ ਦੀ ਅਗਵਾਈ ਵਿਚ ਇਸ ਦਲ ਨੇ ਛੇ ਵਾਰ ਰੋਮਨ ਫ਼ੌਜਾਂ ਨੂੰ ਲੱਕ ਤੋੜਵੇਂ ਤਰੀਕੇ ਨਾਲ ਹਰਾਇਆ | ਸਪਾਰਟੈਕਸ ਤੋਂ ਇਲਾਵਾ ਕਰਿਕਸੁਸ ਅਤੇ ਓਨੇਮਾਉਸ ਇਸ ਦਲ ਦੇ ਉਪ ਮੁਖੀ ਸਨ |

ਕੁਝ ਮਹੀਨਿਆਂ ਵਿਚ ਸਪਾਰਟੈਕਸ ਦੇ ਦਲ ਦੀ ਗਿਣਤੀ ਚਾਲੀ ਹਜ਼ਾਰ ਤੱਕ ਪਹੁੰਚ ਗਈ। ਰੋਮਨ ਸਾਮਰਾਜ ਇਸ ਬਗ਼ਾਵਤ ਨਾਲ ਬੁਰੀ ਤਰ੍ਹਾਂ ਹਿੱਲ ਗਿਆ। ਆਖਿਰ ਮਸ਼ਹੂਰ ਰੋਮਨ ਜਰਨੈਲ ਕਰਾਸੁਸ ਨੇ ਇਸ ਬਗਾਵਤ ਦੇ ਖਿਲਾਫ਼ ਕਮਾਨ ਸਾਂਭੀ। ਕਰਾਸੁਸ ਨੂੰ ਫ਼ੌਜ ਦੇ ਸਭ ਤੋਂ ਵਧੀਆ ਤੀਰਅੰਦਾਜ਼ ਅਤੇ ਹਥਿਆਰ ਮੁਹੱਈਆ ਕਰਾਏ ਗਏ। ਇਸ ਬਗ਼ਾਵਤ ਨੂੰ ਦਬਾਉਣ ਲਈ ਬਹੁਤ ਕਿਸਮ ਦੇ ਦਾਅ ਪੇਚ ਅਤੇ ਰਾਜਨੀਤੀ ਵਰਤੀ ਗਈ ਜਿਸ ਦੇ ਵੇਰਵੇ ਇਸ ਛੋਟੀ ਲਿਖਤ ਵਿਚ ਬਿਆਨ ਕਰਨੇ ਔਖੇ ਹਨ। ਸਪਾਰਟੈਕਸ ਨੂੰ ਕਈ ਕਿਸਮ ਦੇ ਧੋਖਿਆਂ ਦਾ ਵੀ ਸ਼ਿਕਾਰ ਹੋਣਾਂ ਪਿਆ। ਆਖਰ ਕਰੀਬ ਇਕ ਸਾਲ ਦੀ ਬਗ਼ਾਵਤ ਤੋਂ ਬਾਅਦ ਅਪ੍ਰੈਲ 71 ਈਸਵੀ ਪੂਰਵ ਵਿਚ ਰੋਮਨ ਫ਼ੌਜਾਂ ਨਾਲ ਹੋਏ ਇਕ ਭਿਅੰਕਰ ਮੁਕਾਬਲੇ ਵਿਚ ਸਪਾਰਟੈਕਸ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਮਰਦੇ ਸਮੇਂ ਸਪਾਰਟੈਕਸ ਆਪਣੇ ਸਾਥੀਆਂ ਨੂੂੰ ਇਹ ਕਹਿ ਕੇ ਘੋੜੇ ਤੋਂ ਉੱਤਰ ਕੇ ਲੜਨ ਲੱਗ ਪਿਆ ਕਿ ਜੇ ਅਸੀਂ ਜਿੱਤ ਗਏ ਤਾਂ ਦੁਸ਼ਮਣ ਦੇ ਘੋੜੇ ਵੀ ਅਸਾਡੀ ਮਲਕੀਅਤ ਹੋਣਗੇ ਅਤੇ ਜੇ ਮੈਂ ਮਰ ਗਿਆ ਤਾਂ ਮੈਨੂੰ ਕਿਸੇ ਘੋੜੇ ਦੀ ਲੋੜ ਨਹੀਂ ਪੈਣੀ। ਇਸ ਜੰਗ ਵਿਚ ਸਪਾਰਟੈਕਸ ਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ। ਅੰਦਾਜ਼ਾ ਹੈ ਕਿ ਉਸਦਾ ਸਰੀਰ ਇਸ ਲੜਾਈ ਵਿਚ ਮਰੇ ਬਹੁਤ ਸਾਰੇ ਗੁਲਾਮਾਂ ਨਾਲ ਸਾਂਝੀ ਕਬਰ ਵਿਚ ਹੀ ਕਿਧਰੇ ਦਫਨ ਹੋ ਗਿਆ। ਉਸ ਦੀ ਮੌਤ ਤੋਂ ਬਾਅਦ ਫੜੇ ਗਏ ਹਜ਼ਾਰਾਂ ਗੁਲਾਮਾਂ ਨੂੰ ਰੋਮ ਦੇ ਸ਼ਾਹ ਰਾਹਾਂ ਉੱਤੇ ਸਲੀਬਾਂ 'ਤੇ ਟੰਗ ਦਿੱਤਾ ਗਿਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਪਾਰਟੈਕਸ ਦੀ ਬਹਾਦਰੀ 'ਤੇ ਸੈਂਕੜੇ ਨਾਵਲ ਲਿਖੇ ਗਏ। ਹਾਲੀਵੁਡ ਦੀਆਂ ਦਰਜਨਾਂ ਫਿਲਮਾਂ ਵਿਚ ਉਸਦੀ ਸੂਰਮਗਤੀ ਨੂੰ ਫਿਲਮਾਇਆ ਗਿਆ। ਸਪਾਰਟੈਕਸ ਨੂੰ ਯੂਰਪੀਅਨ ਸੱਭਿਆਚਾਰ ਵਿਚ ਆਜ਼ਾਦੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ।

ਵਰਤਮਾਨ ਸਮੇਂ ਵਿਚ ਗਲੈਡੀਏਟਰਾਂ ਦੀ ਇਹ ਕਹਾਣੀ ਹੱਦੋਂ ਵੱਧ ਗ਼ੈਰ-ਮਨੁੱਖੀ ਅਤੇ ਦਰਦਨਾਕ ਮਹਿਸੂਸ ਹੁੰਦੀ ਹੈ ਅਤੇ ਅਸੀਂ ਸੋਚਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਲੋਕ ਸਨ ਜੋ ਆਪਸ ਵਿਚ ਲੜਦੇ ਮਰਦੇ ਮਨੁੱਖਾਂ ਨੂੰ ਵੇਖ ਕੇ ਦਿਲ ਪਰਚਾਉਂਦੇ ਸਨ। ਖ਼ੈਰ, ਮਨੁੱਖ ਦਾ ਆਲਾ ਦੁਆਲਾ ਕਿੰਨਾ ਵੀ ਬਦਲ ਜਾਵੇ ਪਰ ਉਸ ਦੀ ਮਾਨਸਿਕਤਾ ਕਦੇ ਨਹੀਂ ਬਦਲਦੀ। ਅੱਜ ਦਾ ਆਧੁਨਿਕ ਇਨਸਾਨ ਵੀ ਖੂੁਨ ਖਰਾਬੇ ਨਾਲ ਭਰੀਆਂ ਹਿੰਸਕ ਫਿਲਮਾਂ ਅਤੇ ਡਬਲਿਊ. ਡਬਲਿਊ. ਐੱਫ. ਦੇ ਪਹਿਲਵਾਨਾਂ ਨੂੰ ਰਿੰਗ ਵਿਚ ਇਕ ਦੂਜੇ ਦੀਆਂ ਹੱਡੀਆਂ ਤੋੜਦਿਆਂ ਅਤੇ ਕੁਰਸੀਆਂ ਨਾਲ ਸਿਰਾਂ ਵਿਚੋਂ ਲਹੂ ਵਗਾਉਂਦਿਆਂ ਹੋਇਆਂ ਨੂੰ ਵੇਖ ਕੇ ਗਲੈਡੀਏਟਰਾਂ ਦੇ ਦਰਸ਼ਕਾਂ ਦੀ ਤਰ੍ਹਾਂ ਹੀ ਖੁਸ਼ੀ ਨਾਲ ਚੀਕਾਂ ਮਾਰਦਾ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਪਹਿਲਵਾਨ ਜ਼ਿਆਦਾ ਚਲਾਕ ਪੇਸ਼ੇਵਰ ਹਨ ਅਤੇ ਕਿਸੇ ਦੇ ਗੁਲਾਮ ਨਹੀਂ ਹਨ, ਸੋ, ਉਹ ਅਖਾੜੇ ਵਿਚ ਲੜਦੇ ਘੱਟ ਅਤੇ ਅਦਾਕਾਰੀ ਜ਼ਿਆਦਾ ਕਰਦੇ ਹਨ। ਸਮਾਂ ਬਦਲਿਆ ਹੈ, ਪਦਾਰਥਵਾਦੀ ਸੁਖ ਸਹੂਲਤਾਂ ਦੇ ਰੂਪ ਬਦਲੇ ਹਨ ਪਰ ਹਿੰਸਾ ਅਤੇ ਖ਼ੂਨ ਖਰਾਬੇ ਵਿਚੋਂ ਮਨੋਰੰਜਨ ਲੱਭਣ ਵਾਲੀ ਦਰਸ਼ਕ ਜਮਾਤ ਅਜੇ ਵੀ ਮੌਜੂਦ ਹੈ।
- ਸਰਬਜੀਤ ਸਿੰਘ ਘੁਮਾਣ

Tuesday, 1 January 2019

ਗੁਰਦੀਪ ਸਿੰਘ ਢਿੱਲੋਂ


ਨੀਹਾਂ ਵਿੱਚ ਚਿਣਿਆ ਸੀ ਜਦ ਛੋਟਿਆਂ ਫਰਜੰਦਾਂ ਨੂੰ
ਧਰਤੀ ਦੱਸ ਕਿੰਨੀ ਰੋਈ ਪੁੱਛਾਂਗੇ ਕੰਧਾਂ ਨੂੰ
ਅੰਬਰਾਂ ਦਾ ਹਾਲ ਕੀ ਹੋਇਆ ਕਹਿਰ ਨੂੰ ਵੇਖਦਿਆਂ
ਸਾਕਾ ਇਹ ਯਾਦ ਕਰ ਲਿਓ ਧੂਣੀਆਂ ਸੇਕਦਿਆਂ
ਸਾਕਾ ਕਿਤੇ ਭੁੱਲ ਨਾ ਜਾਇਓ ਧੂਣੀਆਂ ਸੇਕਦਿਆਂ

ਰੁੱਤਾਂ ਨੇ ਦਿੱਤਾ ਉਲਾਂਭਾ ਸਰਸਾ ਦੇ ਪਾਣੀ ਨੂੰ
ਰੋੜ੍ਹ ਨ੍ਹੀ ਸਕਦਾ ਵੇ ਤੂੰ ਪੁੱਤਰਾਂ ਦੇ ਦਾਨੀ ਨੂੰ
ਸਿਦਕ ਦੀਆਂ ਪੈੜਾਂ ਵੇਖੋ ਧਰਤ ਨੂੰ ਠੇਕਦੀਆਂ
ਸਾਕਾ ਇਹ ਯਾਦ ਕਰ ਲਿਓ ਧੂਣੀਆਂ ਸੇਕਦਿਆਂ
ਸਾਕਾ ਕਿਤੇ ਭੁੱਲ ਨਾ ਜਾਇਓ ਧੂਣੀਆਂ ਸੇਕਦਿਆਂ

ਗਾਉਂਦੇ ਤਾਂ ਖੁਸ਼ੀ ਖੁਸ਼ੀ ਨੇ ਕਿੱਸੇ ਦਿਲਦਾਰਾਂ ਦੇ
ਘੁੰਮਦੇ ਨੇ ਵਾਂਗ ਗਵਾਰਾਂ ਮੁੰਡੇ ਸਰਦਾਰਾਂ ਦੇ
ਹੱਸਦੀ ਦੀਵਾਰ ਵੀ ਹੋਣੀ ਇਨ੍ਹਾਂ ਨੂੰ ਵੇਖਦਿਆਂ
ਸਾਕਾ ਇਹ ਯਾਦ ਕਰ ਲਿਓ ਧੂਣੀਆਂ ਸੇਕਦਿਆਂ
ਸਾਕਾ ਕਿਤੇ ਭੁੱਲ ਨਾ ਜਾਇਓ ਧੂਣੀਆਂ ਸੇਕਦਿਆਂ

ਸਿਜਦੇ ਨੂੰ ਤੁਰ ਪਓ ਲੋਕੋ ਨੰਗੇ ਕਰ ਪੈਰਾਂ ਨੂੰ
ਬੁਰਜ ਵਿੱਚ ਜਾਕੇ ਵੇਖਿਓ ਬੱਚਿਆਂ ਦੀਆਂ ਠਹਿਰਾਂ ਨੂੰ
ਵੇਖਿਓ ਫਿਰ ਆਉਣਾ ਪਸੀਨਾ ਮੱਥਾ ਟੇਕਦਿਆਂ
ਸਾਕਾ ਇਹ ਯਾਦ ਕਰ ਲਿਓ ਧੂਣੀਆਂ ਸੇਕਦਿਆਂ
ਸਾਕਾ ਕਿਤੇ ਭੁੱਲ ਨਾ ਜਾਇਓ ਧੂਣੀਆਂ ਸੇਕਦਿਆਂ
ਗੁਰਦੀਪ ਸਿੰਘ ਢਿੱਲੋਂ