Saturday, 20 April 2013

ਗ਼ਜ਼ਲ - ਬਲਜੀਤ ਪਾਲ ਸਿੰਘ

ਇਹ ਮਾੜੇ ਵਕਤ ਨੇ ਸਮਾਂ ਕਦੇ ਬਲਵਾਨ ਆਏਗਾ
ਜਦੋਂ ਮੌਸਮ ਕੋਈ ਬਣਕੇ ਕਦੇ ਵਰਦਾਨ ਆਏਗਾ

ਰੋਜ਼ਾਨਾ ਸਫਰ ਵਿਚ ਮਿਲਦੇ ਰਹੇ ਕੁਝ ਅਜਨਬੀ ਬੰਦੇ
ਸਫਰ ਜਾਰੀ ਰਹੇ ਸ਼ਾਇਦ ਕੋਈ ਇਨਸਾਨ ਆਏਗਾ

ਮੇਰੇ ਘਰ ਦਾ ਇਹ ਦਰਵਾਜ਼ਾ ਹਵਾ ਨਾਲ ਹਿੱਲਿਆ ਹੋਣੈ
ਮੈਂ ਐਵੇਂ ਸੋਚ ਬੈਠਾ ਹਾਂ ਕੋਈ ਮਹਿਮਾਨ ਆਏਗਾ

ਕਿਨਾਰੇ ਬੈਠਣਾ ਚੰਗਾ ਤਾਂ ਹੈ ਪਰ ਚੱਲੀਏ ਏਥੋਂ
ਹੈ ਕਿੰਨਾ ਸ਼ਾਤ ਇਹ ਸਾਗਰ ਜਿਵੇਂ ਤੂਫਾਨ ਆਏਗਾ

ਨੇ ਧਰਮਾਂ ਤੇ ਜਿਹੜੇ ਕਾਬਜ਼ ਫਿਰ ਜਾਣਗੇ ਕਿੱਥੇ
ਜਦੋਂ ਨਾਨਕ ਜਦੋਂ ਗੋਬਿੰਦ ਜਦੋ ਭਗਵਾਨ ਆਏਗਾ

ਮੈ ਚਾਹੁੰਦਾ ਹਾਂ ਕਿ ਆਪਣੇ ਕੰਮ ਨੂੰ ਹੁਣ ਨੇਪਰੇ ਚਾੜ੍ਹਾਂ
ਨਹੀਂ ਤਾਂ ਫਿਰ ਮੇਰੇ ਰਸਤੇ ਕੋਈ ਸ਼ਮਸ਼ਾਨ ਆਏਗਾ


ਚਾਹ ਤੇ ਲੱਸੀ ਦੀ ਲੜਾਈ - ਅਨਵਰ ਮਸੂਦ

ਚਾਹ ਤੇ ਲੱਸੀ ਦੀ ਲੜਾਈ - ਅਨਵਰ ਮਸੂਦ


ਲੱਸੀ ਕਹਿੰਦੀ:

ਮੈਂ ਸੋਹਣੀ, ਮੈਂ ਗੋਰੀ ਗੋਰੀ, ਤੂੰ ਕਾਲੀ ਕਲਵੱਟੀ !
ਮੈਂ ਨੀਂਦ ਦਰਦਾ ਸੁਖ ਸਣੇਓੜਾ– ਤੂੰ ਜਗਰਾਤੇ ਪੱਟੀ।
ਤੇ ਜਿਸ ਵੇਲੇ ਮੈਂ ਚਾਈਂ ਚਾਈਂ ਛੰਨੇ ਅੰਦਰ ਛਲਕਾਂ,
ਕਿਹੜਾ ਸਾਂਭੇ ਮੇਰੇ ਲਿਸ਼ਕਾਂ, ਕੌਣ ਸੰਭਾਲੇ ਡਲਕਾਂ।
ਰੰਗ ਮੇਰਾ ਵੀ ਮੱਖਣ ਵਰਗਾ, ਰੂਪ ਵੀ ਮੇਰਾ ਸੁੱਚਾ ,
ਦੁੱਧ ਮਲਾਈ ਮਾ ਪਿਓ ਮੇਰੇ – ਮੇਰਾ ਅਸਲਾ ਉਚਾ।
ਜਿਹੜਾ ਮੈਨੂੰ ਰਿੱੜਕਣ ਬੈਠੇ, ਉਸਦੇ ਵਾਰੀ ਜਾਵਾਂ,
ਕੜਕੇ ਢੋਲ ਮਧਾਣੀ ਵਾਲਾ, ਮੈਂ ਵਿਚ ਭੰਗੜੇ ਪਾਵਾਂ।
ਮੈਂ ਲੋਕਾਂ ਦੀ ਸੇਹਤ ਬਣਾਂਵਾਂ, ਓਹ ਤੂੰ ਵੀ ਸੇਹਤ ਬਿਗਾੜੇ,
ਮੈਂ ਵੀ ਠੰਢ ਕਲੈਜੇ ਪਾਵਾਂ ਤੂੰ ਵੀ ਸੀਨੇ ਸਾੜੇ॥

ਚਾਹ ਕਹਿੰਦੀ:

ਪੈ ਗਈ, ਪੈ ਗਈ ਇਹ ਨੀ ਮਾਈ ਬੱਗੋ ਮੇਰੇ ਮਗਰ ਤਗਾਣੇ,
ਤੇ ਮੇਰੀਆਂ ਸੁਰਖੀਆਂ ਭਰਦੇ ਜਿਹੜੇ ਉਹੁ ਲੋਕ ਸਿਆਣੇ।
ਮੇਰੇ ਹੁਸਨ ਪਛਾਣਨ ਜਿਹੜੇ, ਦਿੱਲ ਮੈਂ ਓਨਾਂ ਦੇ ਠੱਗਾਂ,
ਮੇਰਾ ਰੰਗ ਕਲਿੱਖਨ ਉੱਤੇ- ਲੈਲਾਂ ਵਰਗੀ ਲਗਾਂ।
ਤੇ ਪਿੰਡੇ ਦੀ ਮੈਂ ਪੀੜ ਗਵਾਵਾਂ ਜਦੋਂ ਥੱਕੇ ਮੈਂ ਪੋਰਾਂ,
ਤੇ ਠਰੇਆਂ ਹੋਏਆਂ ਚੂਸੇਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾਂ।
ਤੂੰ ਇਹ ਖੰਗ, ਜ਼ੁਕਾਮ ਤੇ ਨਜਲਾ ਕੀ ਮੈਂ ਗਿਣ ਗਿਣ ਦੱਸਾਂ,
ਮੇਰੇ ਨਿਗੇ ਕੋਟੂ ਤਾਰਨ ਚੜ੍ਹੀਆਂ ਹੋਈਆਂ ਕੱਸਾਂ।
ਤੇ ਕੱਜੀ ਰਹੋ ਤੂੰ ਕੁਜੇ ਅੰਦਰ ਤੇਨੂੰ ਕੀ ਤਕਲੀਫਾਂ,
ਜੇ ਮੈਂ ਸੋਹਣੀਆਂ ਮੇਜ਼ਾਂ ਉਤੇ ਰਖਾਂ ਪਈ ਤਸ਼ਰੀਫ਼ਾਂ॥

ਲੱਸੀ ਕਹਿੰਦੀ:

ਆਪਣੀ ਜ਼ਾਤ ਕੁੜਿੱਤਣ ਹੋਵੇ ਤੇ ਮਿਸ਼ਰੀ ਨਾਲ ਨਾ ਲੜੀਏ
ਨੀ ਕਲਮੁਹੀਏਂ, ਕੌੜੀਏ, ਤੱਤੀਏ, ਭੈੜੀਏ, ਨਖਰੇ, ਸੜੀਏ
ਤੇ ਨਾ ਕੋਈ ਸੀਰਤ, ਨਾ ਕੋਈ ਸੂਰਤ, ਮੂੰਹ ਕੋਈ ਨਾ ਮੱਥਾ,
ਤੂੰ ਤੇ ਇੰਜ ਜੇ ਜਾਪੇਂ ਜਿਓਂ ਜਿੰਨ ਪਹਾੜੋਂ ਲੱਥਾ
ਤੇ ਮੈਨੂੰ ਪੁੱਛ ਹਕੀਕਤ ਆਪਣੀ, ਬਣ੍ਹੀ ਫਿਰੇ ਤੂੰ ਰਾਣੀ
ਸ਼ੂਂ ਸ਼ੂਂ ਕਰਦਾ, ਹੌਕੇ ਭਰਦਾ, ਕੌੜਾ, ਤੱਤਾ ਪਾਣੀ
ਤੇ ਭੁੱਖ ਇਹਦੀ ਦੀ ਦੁਸ਼ਮਨ ਵੈਰਨ, ਕੀ ਤੇਰੀ ਭਲਾਈ
ਉਹ ਬੰਦੇਆਂ ਦੀ ਤੂੰ ਚਰਬੀ ਖੋਰੇਂ ਨਾਲ ਕਰੇਂ ਵਡੀਆਈ
ਤੇਰਾ ਚੋਆ ਢਿਹਕੇ ਜਿਹੜੇ ਕਪੜੇ ਨੂੰ ਤਰਕਾਵੇ
ਸਾਲਮ ਗਾਚੀ ਸਾਬਣ ਖੁਰਜੇ ਦਾਗ ਨਾ ਉਸ ਦਾ ਜਾਵੇ

ਚਾਹ ਜਵਾਬ ਦਿੰਦੀ ਏ:

ਮੇਰੇ ਸਿਰ ਤੂੰ ਭਾਂਡੇ ਭੰਨੇ, ਲੈ ਹੁਣ ਮੇਰੀ ਵਾਰੀ
ਤੇਰੀਆਂ ਵੀ ਕਰਤੂਤਾਂ ਜਾਣੇ ਵਸਦੀ ਦੁਨੀਆ ਸਾਰੀ
ਤੇ ਤੈਨੂੰ ਪੀਣੇ ਲਏ ਜੇ ਕੋਈ ਭਾਂਡੇ ਦੇ ਵਿਚ ਪਾਵੇ
ਥਿੰਦਾ ਹੋ ਜਾਇ ਭਾਂਡਾ ਨਾਲੇ ਮੁਸ਼ਕ ਨਾ ਉਸ ਦੀ ਜਾਵੇ
ਤੈਨੂੰ ਮੁਢ ਕਦੀਮ ਤੋਂ ਵਗੀਆਂ ਰੱਬ ਦੀਆਂ ਇਮਾਰਾਂ
ਤੇਰੇ ਕੋਲੋਂ ਖੱਟੀਆਂ ਲੋਕਾਂ, ਖੱਟੀਆਂ ਜਹੀਆਂ ਡਕਾਰਾਂ!
ਤੇ ਮੇਰਾ ਘੁਟ ਭਰੇ ਤੇ ਅੜੀਏ ਜਹੀ ਉਡਾਰੀ ਮਾਰੇ
ਅੱਗੇ ਲੰਘ ਜਾਏ ਸੋਚ ਦਾ ਪੰਛੀ, ਪਿਛੇ ਰਹਿ ਜਾਣ ਤਾਰੇ
ਮੈਨੂੰ ਪੀ ਕੇ ਸ਼ਾਇਰ ਕਰਦੇ ਗੱਲਾਂ ਸੁੱਚੀਆਂ, ਖਰੀਆਂ
ਮੈ ਤਾਂ ਖਿਆਲ ਦੇ ਡੋਰੀ ਉਤੇ ਨਿੱਤ ਨਚਾਵਾਂ ਪਰੀਆਂ
ਮੈਂ ਕੀ ਜਾਣਾਂ ਤੇਰੀਆਂ ਬੜਕਾਂ, ਮੈਂ ਕੀ ਸਮਝਾਂ ਤੈਨੂੰ?
ਦੁੱਧ ਕਰੇ ਇਨਸਾਫ ਤੇ ਇਹ ਮਨਜ਼ੂਰ ਏ ਬੀਬੀ ਮੈਨੂੰ ..

ਦੁੱਧ ਕਹਿੰਦਾ:
ਇੱਥੇ ਮੈਂ ਕੀ ਬੋਲਾਂ ਕੁੜੀਓ, ਮਸਲਾ ਡਾਢ੍ਹਾ ਔਖਾ
ਤੇ ਗੁੰਝਲ ਜਿਹੜਾ ਪਾਇਆ, ਜਿਹ ਨਹੀਂ ਖੁੱਲਣਾ ਇਹਦਾ ਸੌਖਾ
ਤੇ ਘਰ ਦਾ ਜੀ ਏ, ਹੁਣ ਤੇ ਚਾਹ ਵੀ - ਇਹ ਵੀ ਚੰਗੀ ਲੱਗੇ
ਤੇ ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ
ਦੋਵੇ ਮੇਰੀ ਪੱਤ ਤੇ ਇਜ਼ੱਤ, ਕਰਾਂ ਮੈਂ ਕਿੰਝ ਨਖੇੜਾ
ਤੇ ਸਹੇੜ ਲਿਆ ਜੇ ਜੁੱਗੋ ਵੱਖਰਾ, ਇਹ ਕੀ ਤੁਸਾਂ ਵਖੇੜਾ
ਕਿਹਨੂੰ ਅਜ ਸਿਆਣੀ ਆਖਾਂ, ਕਿਹਨੂੰ ਆਖਾਂ ਝੱਲੀ?
ਦੋਵਾਂ ਪਾਸੇ ਰਿਸ਼ਤਾ ਮੇਰਾ, ਓਹ ਮੈਨੂੰ ਖਿਚ ਦੱਵਲੀ
ਸਕੀ ਜੇਈ ਮਤਰਈ ਹੁੰਦੀ, ਚੰਗੇ ਹੋਣ ਜੇ ਮਾਪੇ
ਮੇਰਾ ਵੋਟ ਹੈ ਦੋਵਾਂ ਵੱਲੇ - ਨਬੱੜ ਲੋ ਤੁਸੀਂ ਆਪੇ ...

ਚਾਹ ਕਹਿੰਦੀ:

ਮੈਂ ਤਾਂ ਨਿੱਬੜ ਲਾਂਗੀ ਇਹਨੂੰ, ਚਾਚਾ ਕੱਲਮ ਕੱਲੀ
ਤੇ ਸ਼ੁਕਰ ਖੁਦਾ ਦਾ ਮੈਂ ਨਾ ਹੋਈ ਇਹ ਦੇ ਵਰਗੀ ਝੱਲੀ
ਸ਼ਹਿਰਾਂ ਵਿਚ ਨਹੀ ਇਹ ਨੂੰ ਕੋਈ ਕਿਧਰੇ ਵੀ ਮੂੰਹ ਲਾਂਦਾ
ਹਰ ਕੋਈ ਮੇਰੀਆਂ ਸਿਫਤਾਂ ਕਰਦਾ, ਸਦਕੇ ਹੋ ਹੋ ਜਾਂਦਾ

ਲੱਸੀ:

ਸਾਂਬੀਂ ਰੋਹ ਨੀ ਚੈਣਕ ਬੇਗਮ ਤੇ ਠੱਪੀ ਰੱਖ ਵਡੀਆਈਆਂ
ਮੈਂ ਕੀ ਦੱਸਾਂ ਘਰ ਘਰ ਜ੍ਹਿੜੀਆਂ ਤੁਧ ਚਵਾਤੀਆਂ ਲਾਈਆਂ
ਗੱਲਾਂ ਕਰਦੀ ਥੱਕਦੀ ਨਹੀ, ਤੂੰ ਜੀਬ ਨੂੰ ਲਾ ਨੀ ਤਾਲਾ
ਖੰਡ ਵੀ ਕੌੜੀ ਕੀਤੀ ਆ ਤੇ ਦੁੱਧ ਵੀ ਕੀਤਾਓ ਕਾਲਾ
ਬਹੁਤੀ ਬੁੜ ਬੁੜ ਨਾ ਕਰ ਬੀਬੀ ਨਾ ਕਰ ਏਡਾ ਧੱਕਾ
ਓਹ ਤੇਰੀ ਜਹੀ ਕੁਚੱਜੀ ਕੋਝੀ ਮੇਰੇ ਨਾਲ ਕੋਈ ਧੱਕਾ!
ਮੇਰੀ ਚੌਦਰ ਚਾਰ ਚਫ਼ੇਰੇ ਤੇਰੀ ਮਨਤਾ ਥੋੜੀ
ਮੈਂ ਦੇਸ਼ਾਂ ਦੀ ਸੂਬੇਰਾਣੀ ਤੂੰ ਪਰਦੇਸਣ ਛੋਹਰੀ
ਦੇਸ਼ ਪਰਾਏ ਰਾਣੀ ਖਾਂ ਦੀ ਤੂੰ ਸਾਲੀ ਬਣ ਬੈਠੀ
ਮੰਗਣ ਆਈ ਅੱਗ ਤੇ ਆਪੁਂ ਘਰ ਵਾਲੀ ਬਣ ਬੈਠੀ
ਰੱਬ ਕਰੇ ਨੀ ਇੱਕੋ ਵਾਰੀ ਘੁੱਟ ਭਰੇ ਕੋਈ ਤੇਰਾ
ਤੇਰਾ ਵੀ ਅੰਗਰੇਜ਼ਾਂ ਵੰਗੂ ਪਟੇਆ ਜਾਇ ਡੇਰਾ

ਪਿਆਰੇ - ਗੁਰਦੇਵ ਸਿੰਘ ਘਣਗਸ


ਜੰਗਲ ’ਚ ਮੰਗਲ ਲਗਾਈ ਚੱਲੋ ਪਿਆਰੇ,
ਮੰਦਰ ’ਤੇ ਮੰਦਰ ਬਣਾਈ ਚੱਲੋ ਪਿਆਰੇ।

ਪਾਲਣ ਦੀ ਫੁਰਸਤ ਨਾ ਪੋਸਣ ਦਾ ਖਰਚਾ,
ਬੱਚਿਆਂ ਦੀ ਫੌਜ ਸਜਾਈ ਚੱਲੋ ਪਿਆਰੇ।

ਇਹ ਹਵਾ ਪਾਣੀ ਧਰਤ ਸਾਂਝੀ ਹੈ ਸਭਦੀ,
ਪਰਦੂਸ਼ਣ ਭੰਡਾਰ ਖਿੰਡਾਈ ਚੱਲੋ ਪਿਆਰੇ।

ਸੁਆਲਾਂ ਜੁਆਬਾਂ ’ਤੇ ਰੋਕੋ ਟੀਕਾ ਟਿੱਪਣੀ,
ਕਥਾ ਦੀ ਚੱਕੀ ਚਲਾਈ ਚੱਲੋ ਪਿਆਰੇ।

ਨਾ ਜਿੱਤ ਹੋਵੇ ਮਨ ਨਾ ਜਿੱਤ ਹੋਵੇ ਜੱਗ,
ਮੰਦਰ ਮਸੀਤਾਂ ਹੀ ਢਾਈ ਚੱਲੋ ਪਿਆਰੇ।

ਨਵਾਂ ਕੋਈ ਪੰਗਾ ਪੁਆੜਾ ਜੇ ਪੈ ਨਾ ਸਕੇ,
ਤਾਂ ਪੁਰਾਣੇ ਕਿੱਸੇ ਉਠਾਈ ਚੱਲੋ ਪਿਆਰੇ।

ਮਾਇਆ ਨਾਗਣੀ ਬਦੇਸ਼ੀ ਬੈਂਕਾਂ ’ਚ ਭੇਜੋ,
ਜਾਂ ਡੇਰਿਆਂ ਦੇ ਲੇਖੇ ਲਾਈ ਚੱਲੋ ਪਿਆਰੇ।

ਮਾਂ ਤੋਂ ਨਾ ਪੁੱਛੋ ਕਿੱਥੋਂ ਬਿਗੜੇ ਹੋ ਤੁਸੀਂ,
ਦੋਸ਼ ਬਾਪੂ ਦੇ ਜੁੰਮੇ ਲਾਈ ਚੱਲੋ ਪਿਆਰੇ।

ਪਿਛਾਂਹ ਖਿੱਚੂ ਲੋਕਾਂ ਨੂੰ ਪਰਧਾਨ ਚੁਣਕੇ,
ਸਾਹਿਤ ਦਾ ਭੱਠਾ ਬਿਠਾਈ ਚੱਲੋ ਪਿਆਰੇ।

ਸੰਗਤ ਦੇ ਕਮਰੇ ਜ਼ਮੀਨ ਵੀ ਸੰਗਤ ਦੀ,
ਮੁਖੀਆਂ ਦੇ ਨਾਂ ਤੇ ਚੜ੍ਹਾਈ ਚੱਲੋ ਪਿਆਰੇ।

ਜੇ ਸੁੱਖ ਸਾਂਦ ਰੱਖਣੀ ‘ਘਣਗਸ’ ਨੂੰ ਭੁੱਲਕੇ,
ਕਾਨਾ-ਫੂਸੀ ਥੋੜ੍ਹੀ ਚਲਾਈ ਚੱਲੋ ਪਿਆਰੇ।

Tuesday, 16 April 2013


ਜ਼ੰਜੀਰੀਦਾਰ ਗ਼ਜ਼ਲ : ਹਰਜਿੰਦਰ ਬੱਲ

ਕਿੱਦਾਂ ਕਰਾਂ ਬਿਆਨ ਵੇ ਢੋਲਾ।

ਤੂੰ ਏਂ ਮੇਰੀ ਜਾਨ ਵੇ ਢੋਲਾ।

ਤੂੰ ਏਂ ਮੇਰੀ ਜਾਨ ਵੇ ਢੋਲਾ।

ਮੈਂ ਤੈਥੋਂ ਕੁਰਬਾਨ ਵੇ ਢੋਲਾ।

ਮੈਂ ਤੌਥੋਂ ਕੁਰਬਾਨ ਵੇ ਢੋਲਾ।

ਤੂੰ ਏਂ ਦੀਨ, ਈਮਾਨ ਵੇ ਢੋਲਾ।

ਤੂੰ ਏਂ ਦੀਨ, ਈਮਾਨ ਵੇ ਢੋਲਾ।

ਤੇਰੇ ਨਾਲ ਜਹਾਨ ਵੇ ਢੋਲਾ।

ਤੇਰੇ ਨਾਲ ਜਹਾਨ ਵੇ ਢੋਲਾ।

ਕੱਢ ਲੈਨਾ ਏ ਜਾਨ ਵੇ ਢੋਲਾ

ਕੱਢ ਲੈਨਾ ਏ ਜਾਨ ਵੇ ਢੋਲਾ ।

ਜਦ ਕਹਿਨਾ ਏਂ ਜਾਨ ਵੇ ਢੋਲਾ।

ਜਦ ਕਹਿਨਾ ਏਂ ਜਾਨ ਵੇ ਢੋਲਾ।

ਉੱਡਾਂ ਵਿਚ ਅਸਮਾਨ ਵੇ ਢੋਲਾ।

ਉੱਡਾਂ ਵਿਚ ਅਸਮਾਨ ਵੇ ਢੋਲਾ।

ਲੈ ਕੇ ਇਹ ਅਰਮਾਨ ਵੇ ਢੋਲਾ।

ਲੈ ਕੇ ਇਹ ਅਰਮਾਨ ਵੇ ਢੋਲਾ।

ਐਸੀ ਭਰਾਂ ਉਡਾਨ ਵੇ ਢੋਲਾ।

ਐਸੀ ਭਰਾਂ ਉਡਾਨ ਵੇ ਢੋਲਾ।

ਹੋ ਜਾਵਾਂ ਕੁਰਬਾਨ ਵੇ ਢੋਲਾ।

ਬਾਬੇ ਮੋਟੀਆਂ ਗੋਗੜਾਂ ਵਾਲੇ - ਜਰਨੈਲ ਘੁਮਾਣ 


ਅੰਧ ਵਿਸ਼ਵਾਸਾਂ ਵਿੱਚ ਡੁੱਬੀ ਹੋਈ ਲੋਕਾਈ ਨੂੰ ,
ਭੇਡ ਚਾਲਾਂ ਵਿੱਚ ਫਸੇ , ਸਭ ਮਾਈ ਭਾਈ ਨੂੰ ,
ਜੋੜ ਚੇਲਿਆਂ ਦੀ ਜਮਾਤ ,
ਵਿਖਾਕੇ ਝੂਠੀ ਕਰਾਮਾਤ ,
ਲਾਹਕੇ ਚਿੱਟੇ ਲੀੜੇ , ਚੋਗੇ ਪਾ ਲਏ ਕਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ , ਬਾਬੇ ਮੋਟੀਆਂ ਗੋਗੜਾਂ ਵਾਲੇ ।

ਕੋਈ ਕਹੇ ਬਾਬਾ ਤੋੜ ਦਿੰਦਾਂ ਹੈ ਬਿਮਾਰੀਆਂ ,
ਕੋਈ ਕਹੇ ਬਾਬੇ ਦੀਆਂ ਖੇਡਾਂ ਨੇ ਨਿਆਰੀਆਂ ,
ਕੁੱਖੋਂ ਸੱਖਣੀ ਸੀ ਭਾਨੀ ,
ਲੰਘੀਂ ਜਾਂਦੀ ਸੀ ਜਵਾਨੀ ,
ਇੱਕ ਮੰਗਦੀ ਸੀ , ਦੋ ਦੋ ਪੁੱਤ ਪਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਕਹਿੰਦੇ ਆਉਂਦੀ ਬਾਬੇ ਕੋਲ , ਕਾਲੀ ਦੇਵੀ ਰਾਤ ਨੂੰ ,
ਚੌਂਕੀ  ਭਰਵਾਕੇ , ਤੁਰ ਜਾਂਦੀ ਪ੍ਰਭਾਤ ਨੂੰ ,
ਬਾਬਾ ਤੀਵੀਆਂ ਖਿਡਾਉਂਦਾ ,
ਸੁੱਖਾਂ ਪੂਰੀਆਂ ਕਰਾਉਂਦਾ ,
ਉਹੀਓ ਮਿਲਦਾ , ਜਿਹੜਾ ਜੋ ਵੀ ਭਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਬਾਬਾ ਜੀ ਦੇ ਚਿਮਟੇ ’ਚ , ਸ਼ਿਵਜੀ ਦਾ ਵਾਸ ਹੈ ।
ਚਿਮਟੇ ਦੀ ਮਾਰ  ਕਰੇ  ,ਕਸ਼ਟਾਂ ਦਾ ਨਾਸ ਹੈ ।
ਕੱਢੇ ਭੂਤ ’ਤੇ ਪ੍ਰੇਤ ,
ਹੋਵੇ ਘਰ ਭਾਂਵੇਂ ਖੇਤ ,
ਖੋਹਲ ਦਿੰਦਾਂ ਹੈ ਮੁਕੱਦਰਾਂ ਦੇ ਤਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਸੱਸ ਨੂੰਹ ਦੀ ਬਣਦੀ ਨਾ , ਰਹਿੰਦੀ ਐ ਲੜਾਈ ਜੇ ।
ਵੀਰਵਾਰ ਵਾਲੇ ਦਿਨ  , ਚਾੜ੍ਹ ਦਿਓ ਕੜਾਹੀ ਜੇ ।
ਕਾਲਾ ਕੁੱਕੜ , ਸ਼ਰਾਬ ,
ਕਰੂ ਦਿਨਾਂ ਵਿੱਚ ਲਾਭ ,
ਭੈਣਾਂ ਸਕੀਆਂ ਜਿਉਂ , ਘੁੰਮਣ ਦੁਆਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਲੱਭਦਾ ਨਾ ਵਰ ਜੇ , ਕੁੜੀ ਨੂੰ ਕੋਈ ਚੱਜਦਾ ।
ਵੇਖਿਓ ਕਨੇਡਿਓ ਸਿੱਧਾ  , ਦਰ ਵਿੱਚ ਵੱਜਦਾ ।
ਇਕੱਤੀ ਸੌ ਦਾ ਇੱਕ ਪੁੰਨ ,
ਕਰੋ ਕਾਲੀ ਭੇਢ ਮੁੰਨ ,
ਦਿਨਾਂ ਵਿੱਚ ਵੇਖਿਓ , ਫੇਰੇ ਵੀ ਕਰਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਚੱਜਿਆਂ , ਕੁਚੱਜਿਆਂ , ਜਿਹਨਾਂ ਨੂੰ ਕੋਈ ਕੰਮ ਨਾ ।
ਕੜਕਦੀ ਧੁੱਪ ’ਚ , ਮਚਾਇਆ ਜਿਹਨਾ ਚੰਮ ਨਾ ।
ਉਹ ਧਾਰ ਢੱਕਮੰਜ ,
ਕੱਢਵਾਕੇ ਸਿਰ ਗੰਜ ,
ਬਣੀ ਫਿਰਦੇ , ਭੈਰੋਂ ਦੇ ਸਕੇ ਸਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

ਕਿਰਤਾਂ ਬਗੈਰ ਲੋਕੋ ਜ਼ਿੰਦਗੀ ’ਚ ਸੁੱਖ ਨਾ ।
ਦਵਾ ਦਾਰੂ ਬਿਨਾਂ ਜਾਣ ਲੱਗੇ ਹੋਏ ਦੁੱਖ ਨਾ ।
ਜਾਗੋ ! ਜਾਗ ਜਾਓ ‘ਘੁਮਾਣ’
ਇਹ ਪਾਖੰਡੀ ਥੋਨੂੰ ਖਾਣ ,
ਇਹਨਾਂ ਉੱਤੇ ਨਾ , ਭਰੋਸੇ ਕਰੋ ਵਾਹਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।

Sunday, 14 April 2013

ਸੋਹਣਾ ਦੇਸ਼ ਪੰਜਾਬ - ਬਾਬੂ ਫ਼ਿਰੋਜਦੀਨ ਸ਼ਰਫ


ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

ਜੀਕਰ ਫੁੱਲਾਂ ਅੰਦਰ,
ਫੁੱਲ ਗੁਲਾਬ ਨੀ ਸਈਓ!
ਰਲਮਿਲ ਬਾਗ਼ੀਂ ਪੀਂਘਾਂ ਝੂਟਣ,
ਕੁਡ਼ੀਆਂ ਨਾਗਰ ਵੇਲਾਂ!
ਜੋਸ਼ ਜਵਾਨੀ ਠਾਠਾਂ ਮਾਰੇ,
ਲਿਸ਼ਕਣ ਹਾਰ ਹਮੇਲਾਂ!
ਪਹਿਨਣ ਹੀਰੇ ਮੋਤੀ,
ਮੁਖ ਮਹਿਤਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

ਜੁਡ਼ ਮੁਟਿਆਰਾਂ ਤ੍ਰਿੰਞਣ ਦੇ ਵਿਚ,
ਚਰਖੇ ਬੈਠ ਘੁਕਾਵਣ!
ਨਾਜ਼ੁਕ ਬਾਂਹ ਉਲਾਰ ਪਿਆਰੀ,
ਤੰਦ ਤਰਕਲੇ ਪਾਵਣ!
ਸੀਨੇ ਅੱਗਾਂ ਲਾਵਣ,
ਸੀਨੇ ਅੱਗਾਂ ਲਾਵਣ!
ਹੋਠ ਉਨਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

ਹੀਰ ਸ਼ਹਿਜ਼ਾਦੀ ਬੇਡ਼ੇ ਬੈਠੀ,
ਸਈਆਂ ਖੇਡਣ ਪਈਆਂ!
ਚੰਦ ਦੁਆਲੇ ਤਾਰੇ ਚਮਕਣ,
ਹੀਰ ਦੁਆਲੇ ਸਈਆਂ!
ਝੱਲੀ ਜਾਏ ਨਾਹੀਂ,
ਉਹਦੀ ਤਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

ਮੌਜ ਲਾਈ ਦਰਿਆਵਾਂ ਸੋਹਣੀ,
ਬਾਗ਼ ਜ਼ਮੀਨਾਂ ਫਲਦੇ!
‘ਸ਼ਰਫ’ ਪੰਜਾਬੀ ਧਰਤੀ ਉੱਤੇ
ਠੁਮਕ ਠੁਮਕ ਪਏ ਚਲਦੇ!
ਸਤਲੁਜ, ਰਾਵੀ, ਜਿਹਲਮ,
ਅਟਕ, ਚਨਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

Thursday, 11 April 2013

ਮੇਰੀ ਯਾਦ ਆਏਗੀ - ਉਲਫ਼ਤ ਬਾਜਵਾ


ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ |
ਕੋਈ ਜਦ ਰਾਸ ਨਾ ਆਇਆ ਤਾਂ ਮੇਰੀ ਯਾਦ ਆਏਗੀ |

ਤੇਰੇ ਜੋਬਨ ਦਾ ਫੁਲ ਕੁਮਕਾਉਣ ‘ਤੇ ਉਡ ਜਾਣਗੇ ਭੌਰੇ,
ਖਿਜਾਂ ਦਾ ਦੌਰ ਜਦ ਆਇਆ ਤਾਂ ਮੇਰੀ ਯਾਦ ਆਏਗੀ |

ਹਨ੍ਹੇਰੀ ਰਾਤ ਵਿਚ ਬਹਿ ਕੇ ਭਰੋਗੇ ਸਿਸਕੀਆਂ ਤਨਹਾ,
ਦਗਾ ਜਦ ਦੇ ਗਿਆ ਸਾਇਆ ਤਾਂ ਮੇਰੀ ਯਾਦ ਆਏਗੀ |

ਜਲੇਗਾ ਦਿਲ ਤੇਰਾ ਬਿਰਹੋਂ ਦੀ ਅੱਗ ਵਿਚ ਚਾਨਣੀ ਰਾਤੇ,
ਗਮਾਂ ਦਾ ਸੇਕ ਜਦ ਆਇਆ ਤਾਂ ਮੇਰੀ ਯਾਦ ਆਏਗੀ |

ਘਰੋਂ ਕਢਦੇ ਹੋ ਰੋਂਦੇ ਨੂੰ ਕਿਸੇ ਦਿਨ ਖੁਦ ਵੀ ਰੋਵੋਗੇ,
ਜਦੋਂ ਮੁੜ ਕੇ ਨਾ ਮੈਂ ਆਇਆਂ ਤਾਂ ਮੇਰੀ ਯਾਦ ਆਏਗੀ|

ਦਿਲਾਸਾ ਕੌਣ ਦੇਵੇਗਾ ਕਰੇਗਾ ਦਿਲਬਰੀ ਕਿਹੜਾ,
ਕਿਸੇ ਨੇ ਗਲ਼ ਨਾ ਜਦ ਲਾਇਆ ਤਾਂ ਮੇਰੀ ਯਾਦ ਆਏਗੀ |

ਮੁਸੀਬਤ ਪੈਣ ਤੇ ਛਡ ਜਾਣਗੇ ਇਹ ਮਤਲਬੀ ਤੈਨੂੰ,
ਜਦੋਂ ਗ਼ੈਰਾਂ ਨੂੰ ਅਜ਼ਮਾਇਆ ਤਾਂ ਮੇਰੀ ਯਾਦ ਆਏਗੀ |

ਗਮਾਂ ਦੀ ਰਾਤ ਵਿਚ ਰੋ ਰੋ ਕੇ ਕਰੋਗੇ ਯਾਦ ‘ਉਲਫਤ’ ਨੂੰ,
ਜਦੋਂ ਬਿਰਹੋਂ ਨੇ ਤੜਪਾਇਆ ਤਾਂ ਮੇਰੀ ਯਾਦ ਆਏਗੀ |

ਇਹ ਛੱਲਾ ਪਿਆਰ ਦਾ ਲੈ ਜਾ ਇਹ ‘ਉਲਫਤ’ ਦੀ ਨਿਸ਼ਾਨੀ ਹੈ,
ਜਦੋਂ ਉਂਗਲੀ ‘ਚ ਤੂੰ ਪਾਇਆ ਤਾਂ ਮੇਰੀ ਯਾਦ ਆਏਗੀ |
ਸਾਡਾ ਪੇਂਡੂ ਸਭਿਆਚਾਰ - ਅਮਰਜੀਤ ਕੌਰ ਝੁਨੀਰ

ਨਾ ਬਲਦਾਂ ਗਲ ਟੱਲੀਆਂ ਛਣਕਣ, ਨਾ ਹੀ ਦੁੱਧ ਮਧਾਣੀ।
ਨਾ ਹੀ ਭੱਤਾ ਲੈ ਕੇ ਜਾਂਦੀ, ਸਿਰ ‘ਤੇ ਚੁੱਕ ਸੁਆਣੀ।
ਨਾ ਹੀ ਰਿਹਾ ਏ ਪਹਿਲਾਂ ਵਰਗਾ, ਭਾਈਆਂ ਵਿਚ ਪਿਆਰ।
ਦੇਖਦੇ-ਦੇਖਦੇ ਬਦਲ ਗਿਆ, ਸਾਡਾ ਪੇਂਡੂ ਸਭਿਆਚਾਰ।

ਨੌਜਵਾਨ ਵੀ ਤੁਰਨ ਦੇ ਕੋਲੋਂ, ਕੰਨੀ ਨੇ ਕਤਰਾਉਂਦੇ,
ਸਕੂਟਰ, ਮੋਟਰਸਾਈਕਲ ਬਾਝੋਂ, ਕਿਤੇ ਪੈਰ ਨਹੀਂ ਲਾਉਂਦੇ।
ਸਾਈਕਲ ਦੀ ਗੱਲ ਰਹੀ ਨਾ ਕੋਈ, ਕਾਰਾਂ ਦੀ ਛਣਕਾਰ,
ਦੇਖਦੇ ਦੇਖਦੇ ਬਦਲ ਗਿਆ, ਸਾਡਾ ਪੰਜਾਬੀ ਸਭਿਆਚਾਰ।

ਚਰਖੇ ਉੱਤੇ ਬੈਠ ਸੁਆਣੀ, ਨਾ ਹੁਣ ਕੱਤੇ ਗੋਹੜਾ,
ਨਾ ਤੱਕਲਾ ਨਾ ਮਾਲ੍ਹ ਹੀ ਟੁੱਟਦੀ, ਪੈ ਗਿਆ ਸਭ ਦਾ ਮੋੜਾ,
ਕਿਨੇ ਲਾਹੁਣੇ ਕਿਨੇ ਰਹਿ ਗਏ, ਰਿਹਾ ਨਾ ਕੋਈ ਪਿਆਰ।
ਦੇਖਦੇ-ਦੇਖਦੇ ਬਦਲ ਗਿਆ, ਸਾਡਾ ਪੇਂਡੂ ਸਭਿਆਚਾਰ।

ਕੁੜੀ ਨਾ ਹੱਥ ਵਿਚ ਸੂਈ ਫੜਦੀ, ਕਿੱਥੋਂ ਕੱਢੂ ਫੁਲਕਾਰੀ,
ਕਹਿੰਦੀ ਕਾਹਤੋਂ ਟੱਕਰਾਂ ਮਾਰੀਏ, ਮੁੱਲ ਦੀ ਚੀਜ਼ ਹੈ ਮਿਲਦੀ ਸਾਰੀ।
ਬਣੀ ਬਣਾਈ ਚੀਜ਼ ਦੇ ਉੱਤੇ, ਰਹਿੰਦੀ ਸਦਾ ਸੁਆਰ,
ਦੇਖਦੇ-ਦੇਖਦੇ ਬਦਲ ਗਿਆ, ਸਾਡਾ ਪੇਂਡੂ ਸਭਿਆਚਾਰ।

ਢੋਲਾਂ ਵਾਲੇ ਦੁੱਧ ਦੇ ਜਾਂਦੇ, ਖੜਕੇ ਕਿੱਥੋਂ ਮਧਾਣੀ,
ਲੱਸੀ ਦੀ ਥਾਂ ਪੀ ਲੈਂਦੇ ਹੁਣ, ਨਲਕਿਆਂ ਵਿਚੋਂ ਪਾਣੀ।
ਕਿਧਰੇ ਟੁਕੜੇ ਖੋਹ ਨਹੀਂ ਲੈਂਦੀ, ਕਾਵਾਂ ਦੀ ਉਹ ਡਾਰ।
ਦੇਖਦੇ-ਦੇਖਦੇ ਬਦਲ ਗਿਆ, ਸਾਡਾ ਪੇਂਡੂ ਸਭਿਆਚਾਰ।


Thursday, 4 April 2013

ਪੰਜਾਬੀ ਮਾਂ ਬੋਲੀ - ਸੁਬਾਸ਼ ਕਲਾਕਾਰ 


Wednesday, 3 April 2013

ਬਾਬੇ ਮੋਟੀਆਂ ਗੋਗੜਾਂ ਵਾਲੇ ਜਰਨੈਲ ਘੁਮਾਣ


ਅੰਧ ਵਿਸ਼ਵਾਸਾਂ ਵਿੱਚ ਡੁੱਬੀ ਹੋਈ ਲੋਕਾਈ ਨੂੰ ,
ਭੇਡ ਚਾਲਾਂ ਵਿੱਚ ਫਸੇ ਸਭ ਮਾਈ ਭਾਈ ਨੂੰ ,
ਜੋੜ ਚੇਲਿਆਂ ਦੀ ਜਮਾਤ ,ਵਿਖਾਕੇ ਝੂਠੀ ਕਰਾਮਾਤ ,
ਲਾਹਕੇ ਚਿੱਟੇ ਲੀੜੇ ਚੋਗੇ ਪਾ ਲਏ ਕਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ਬਾਬੇ ਮੋਟੀਆਂ ਗੋਗੜਾਂ ਵਾਲੇ ।


ਕੋਈ ਕਹੇ ਬਾਬਾ ਤੋੜ ਦਿੰਦਾਂ ਹੈ ਬਿਮਾਰੀਆਂ ,
ਕੋਈ ਕਹੇ ਬਾਬੇ ਦੀਆਂ ਖੇਡਾਂ ਨੇ ਨਿਆਰੀਆਂ ,
ਕੁੱਖੋਂ ਸੱਖਣੀ ਸੀ ਭਾਨੀ ,ਲੰਘੀਂ ਜਾਂਦੀ ਸੀ ਜਵਾਨੀ ,
ਇੱਕ ਮੰਗਦੀ ਸੀ ਦੋ ਦੋ ਪੁੱਤ ਪਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।



ਕਹਿੰਦੇ ਆਉਂਦੀ ਬਾਬੇ ਕੋਲ ਕਾਲੀ ਦੇਵੀ ਰਾਤ ਨੂੰ ,
ਚੌਂਕੀ  ਭਰਵਾਕੇ ਤੁਰ ਜਾਂਦੀ ਪ੍ਰਭਾਤ ਨੂੰ ,
ਬਾਬਾ ਤੀਵੀਆਂ ਖਿਡਾਉਂਦਾ ,ਸੁੱਖਾਂ ਪੂਰੀਆਂ ਕਰਾਉਂਦਾ ,
ਉਹੀਓ ਮਿਲਦਾ ਜਿਹੜਾ ਜੋ ਵੀ ਭਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।



ਬਾਬਾ ਜੀ ਦੇ ਚਿਮਟੇ ਚ ਸ਼ਿਵਜੀ ਦਾ ਵਾਸ ਹੈ ।
ਚਿਮਟੇ ਦੀ ਮਾਰ  ਕਰੇ  ,ਕਸ਼ਟਾਂ ਦਾ ਨਾਸ ਹੈ ।
ਕੱਢੇ ਭੂਤ ਤੇ ਪ੍ਰੇਤ ,ਹੋਵੇ ਘਰ ਭਾਂਵੇਂ ਖੇਤ ,
ਖੋਹਲ ਦਿੰਦਾਂ ਹੈ ਮੁਕੱਦਰਾਂ ਦੇ ਤਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।



ਸੱਸ ਨੂੰਹ ਦੀ ਬਣਦੀ ਨਾ ਰਹਿੰਦੀ ਐ ਲੜਾਈ ਜੇ ।
ਵੀਰਵਾਰ ਵਾਲੇ ਦਿਨ  ਚਾੜ੍ਹ ਦਿਓ ਕੜਾਹੀ ਜੇ ।
ਕਾਲਾ ਕੁੱਕੜ ਸ਼ਰਾਬ ,ਕਰੂ ਦਿਨਾਂ ਵਿੱਚ ਲਾਭ ,
ਭੈਣਾਂ ਸਕੀਆਂ ਜਿਉਂ ਘੁੰਮਣ ਦੁਆਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।



ਲੱਭਦਾ ਨਾ ਵਰ ਜੇ ਕੁੜੀ ਨੂੰ ਕੋਈ ਚੱਜਦਾ ।
ਵੇਖਿਓ ਕਨੇਡਿਓ ਸਿੱਧਾ  ਦਰ ਵਿੱਚ ਵੱਜਦਾ ।
ਇਕੱਤੀ ਸੌ ਦਾ ਇੱਕ ਪੁੰਨ ,ਕਰੋ ਕਾਲੀ ਭੇਢ ਮੁੰਨ ,
ਦਿਨਾਂ ਵਿੱਚ ਵੇਖਿਓ ਫੇਰੇ ਵੀ ਕਰਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।



ਚੱਜਿਆਂ ਕੁਚੱਜਿਆਂ ਜਿਹਨਾਂ ਨੂੰ ਕੋਈ ਕੰਮ ਨਾ ।
ਕੜਕਦੀ ਧੁੱਪ ਚ ਮਚਾਇਆ ਜਿਹਨਾ ਚੰਮ ਨਾ ।
ਉਹ ਧਾਰ ਢੱਕਮੰਜ ,ਕੱਢਵਾਕੇ ਸਿਰ ਗੰਜ ,
ਬਣੀ ਫਿਰਦੇ ਭੈਰੋਂ ਦੇ ਸਕੇ ਸਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।



ਕਿਰਤਾਂ ਬਗੈਰ ਲੋਕੋ ਜ਼ਿੰਦਗੀ ਚ ਸੁੱਖ ਨਾ ।
ਦਵਾ ਦਾਰੂ ਬਿਨਾਂ ਜਾਣ ਲੱਗੇ ਹੋਏ ਦੁੱਖ ਨਾ ।
ਜਾਗੋ ! ਜਾਗ ਜਾਓ ਘੁਮਾਣਇਹ ਪਾਖੰਡੀ ਥੋਨੂੰ ਖਾਣ ,
ਇਹਨਾਂ ਉੱਤੇ ਨਾ ਭਰੋਸੇ ਕਰੋ ਵਾਹਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।


ਦੇਂਈ ਸੁਨੇਹਾ - ਇੰਦਰਜੀਤ ਪੁਰੇਵਾਲ, ਨਿਊਯਾਰਕ

ਦੇਂਈ ਸੁਨੇਹਾ ਮੇਰੇ ਪਿੰਡ ਬੋਹੜਾਂ ਦੀਆਂ ਛਾਂਵਾਂ ਨੂੰ।
ਬੂਹੇ ਬੈਠ ਉਡੀਕ ਰਹੀਆਂ ਪੁੱਤਾਂ ਦੀਆਂ ਮਾਂਵਾਂ ਨੂੰ।
ਯਾਦ ਤੁਹਾਨੂੰ ਕਰ-ਕਰ ਨੈਣੋਂ ਹੰਝੂੰ ਵਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਮੇਰੇ ਪਿੰਡ ਵੱਲ ਜਾਂਦਿਆਂ ਰਾਹਵਾਂ ਨੂੰ।
ਮੇਰੇ ਪਿੰਡ ਦੀ ਜੂਹ ਵਿੱਚ ਉੱਡਦੇ ਚਿੜੀਆਂ ਕਾਂਵਾਂ ਨੂੰ।
ਸ਼ਾਮ ਢਲੀ ਜੋ ਆਹਲਣਿਆਂ ਦੇ ਵਿੱਚ ਜਾ ਬਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਮੇਰੇ ਸਕਿਆਂ ਭੈਣ ਭਰਾਵਾਂ ਨੂੰ।
ਸਾਡਾ ਵੀ ਦਿਲ ਕਰਦੈ ਆ ਗਲ ਮਿਲੀਏ ਮਾਂਵਾਂ ਨੂੰ।
ਰੋਜ਼ੀ ਰੋਟੀ ਖਾਤਿਰ ਪਏ ਵਿਛੋੜੇ ਸਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਮੇਰਾ ਚੂੜੇ ਵਾਲੀਆਂ ਬਾਂਹਵਾਂ ਨੂੰ।
ਕਦ ਮਾਹੀਏ ਨੇ ਆਉਣਾ ਪੁੱਛਦੀਆਂ ਰਹਿੰਦੀਆਂ ਕਾਂਵਾਂ ਨੂੰ।
ਹੌਸਲਿਆਂ ਦੇ ਮਹਿਲ ਉਹਨਾਂ ਦੇ ਕਦੇ ਨਾ ਢਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਦੇਸ ਮੇਰੇ ਦੇ ਪੰਜ ਦਰਿਆਵਾਂ ਨੂੰ,
ਰੋਕ ਕੇ ਰੱਖਣ ਵਗਣ ਨਾ ਦੇਵਣ ਤੱਤੀਆਂ 'ਵਾਵਾਂ ਨੂੰ।
ਵੈਰੀ ਤਾਂ ਹਰ ਵੇਲੇ ਏਸੇ ਤਾਕ 'ਚ ਰਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।