ਪਿਆਰੇ - ਗੁਰਦੇਵ ਸਿੰਘ ਘਣਗਸ
ਜੰਗਲ ’ਚ ਮੰਗਲ ਲਗਾਈ ਚੱਲੋ ਪਿਆਰੇ,
ਮੰਦਰ ’ਤੇ ਮੰਦਰ ਬਣਾਈ ਚੱਲੋ ਪਿਆਰੇ।
ਪਾਲਣ ਦੀ ਫੁਰਸਤ ਨਾ ਪੋਸਣ ਦਾ ਖਰਚਾ,
ਬੱਚਿਆਂ ਦੀ ਫੌਜ ਸਜਾਈ ਚੱਲੋ ਪਿਆਰੇ।
ਇਹ ਹਵਾ ਪਾਣੀ ਧਰਤ ਸਾਂਝੀ ਹੈ ਸਭਦੀ,
ਪਰਦੂਸ਼ਣ ਭੰਡਾਰ ਖਿੰਡਾਈ ਚੱਲੋ ਪਿਆਰੇ।
ਸੁਆਲਾਂ ਜੁਆਬਾਂ ’ਤੇ ਰੋਕੋ ਟੀਕਾ ਟਿੱਪਣੀ,
ਕਥਾ ਦੀ ਚੱਕੀ ਚਲਾਈ ਚੱਲੋ ਪਿਆਰੇ।
ਨਾ ਜਿੱਤ ਹੋਵੇ ਮਨ ਨਾ ਜਿੱਤ ਹੋਵੇ ਜੱਗ,
ਮੰਦਰ ਮਸੀਤਾਂ ਹੀ ਢਾਈ ਚੱਲੋ ਪਿਆਰੇ।
ਨਵਾਂ ਕੋਈ ਪੰਗਾ ਪੁਆੜਾ ਜੇ ਪੈ ਨਾ ਸਕੇ,
ਤਾਂ ਪੁਰਾਣੇ ਕਿੱਸੇ ਉਠਾਈ ਚੱਲੋ ਪਿਆਰੇ।
ਮਾਇਆ ਨਾਗਣੀ ਬਦੇਸ਼ੀ ਬੈਂਕਾਂ ’ਚ ਭੇਜੋ,
ਜਾਂ ਡੇਰਿਆਂ ਦੇ ਲੇਖੇ ਲਾਈ ਚੱਲੋ ਪਿਆਰੇ।
ਮਾਂ ਤੋਂ ਨਾ ਪੁੱਛੋ ਕਿੱਥੋਂ ਬਿਗੜੇ ਹੋ ਤੁਸੀਂ,
ਦੋਸ਼ ਬਾਪੂ ਦੇ ਜੁੰਮੇ ਲਾਈ ਚੱਲੋ ਪਿਆਰੇ।
ਪਿਛਾਂਹ ਖਿੱਚੂ ਲੋਕਾਂ ਨੂੰ ਪਰਧਾਨ ਚੁਣਕੇ,
ਸਾਹਿਤ ਦਾ ਭੱਠਾ ਬਿਠਾਈ ਚੱਲੋ ਪਿਆਰੇ।
ਸੰਗਤ ਦੇ ਕਮਰੇ ਜ਼ਮੀਨ ਵੀ ਸੰਗਤ ਦੀ,
ਮੁਖੀਆਂ ਦੇ ਨਾਂ ਤੇ ਚੜ੍ਹਾਈ ਚੱਲੋ ਪਿਆਰੇ।
ਜੇ ਸੁੱਖ ਸਾਂਦ ਰੱਖਣੀ ‘ਘਣਗਸ’ ਨੂੰ ਭੁੱਲਕੇ,
ਕਾਨਾ-ਫੂਸੀ ਥੋੜ੍ਹੀ ਚਲਾਈ ਚੱਲੋ ਪਿਆਰੇ।
No comments:
Post a Comment