ਨਾ ਬਲਦਾਂ ਗਲ ਟੱਲੀਆਂ ਛਣਕਣ, ਨਾ ਹੀ ਦੁੱਧ ਮਧਾਣੀ।
ਨਾ ਹੀ ਭੱਤਾ ਲੈ ਕੇ ਜਾਂਦੀ, ਸਿਰ ‘ਤੇ ਚੁੱਕ ਸੁਆਣੀ।
ਨਾ ਹੀ ਰਿਹਾ ਏ ਪਹਿਲਾਂ ਵਰਗਾ, ਭਾਈਆਂ ਵਿਚ ਪਿਆਰ।
ਦੇਖਦੇ-ਦੇਖਦੇ ਬਦਲ ਗਿਆ, ਸਾਡਾ ਪੇਂਡੂ ਸਭਿਆਚਾਰ।
ਨੌਜਵਾਨ ਵੀ ਤੁਰਨ ਦੇ ਕੋਲੋਂ, ਕੰਨੀ ਨੇ ਕਤਰਾਉਂਦੇ,
ਸਕੂਟਰ, ਮੋਟਰਸਾਈਕਲ ਬਾਝੋਂ, ਕਿਤੇ ਪੈਰ ਨਹੀਂ ਲਾਉਂਦੇ।
ਸਾਈਕਲ ਦੀ ਗੱਲ ਰਹੀ ਨਾ ਕੋਈ, ਕਾਰਾਂ ਦੀ ਛਣਕਾਰ,
ਦੇਖਦੇ ਦੇਖਦੇ ਬਦਲ ਗਿਆ, ਸਾਡਾ ਪੰਜਾਬੀ ਸਭਿਆਚਾਰ।
ਚਰਖੇ ਉੱਤੇ ਬੈਠ ਸੁਆਣੀ, ਨਾ ਹੁਣ ਕੱਤੇ ਗੋਹੜਾ,
ਨਾ ਤੱਕਲਾ ਨਾ ਮਾਲ੍ਹ ਹੀ ਟੁੱਟਦੀ, ਪੈ ਗਿਆ ਸਭ ਦਾ ਮੋੜਾ,
ਕਿਨੇ ਲਾਹੁਣੇ ਕਿਨੇ ਰਹਿ ਗਏ, ਰਿਹਾ ਨਾ ਕੋਈ ਪਿਆਰ।
ਦੇਖਦੇ-ਦੇਖਦੇ ਬਦਲ ਗਿਆ, ਸਾਡਾ ਪੇਂਡੂ ਸਭਿਆਚਾਰ।
ਕੁੜੀ ਨਾ ਹੱਥ ਵਿਚ ਸੂਈ ਫੜਦੀ, ਕਿੱਥੋਂ ਕੱਢੂ ਫੁਲਕਾਰੀ,
ਕਹਿੰਦੀ ਕਾਹਤੋਂ ਟੱਕਰਾਂ ਮਾਰੀਏ, ਮੁੱਲ ਦੀ ਚੀਜ਼ ਹੈ ਮਿਲਦੀ ਸਾਰੀ।
ਬਣੀ ਬਣਾਈ ਚੀਜ਼ ਦੇ ਉੱਤੇ, ਰਹਿੰਦੀ ਸਦਾ ਸੁਆਰ,
ਦੇਖਦੇ-ਦੇਖਦੇ ਬਦਲ ਗਿਆ, ਸਾਡਾ ਪੇਂਡੂ ਸਭਿਆਚਾਰ।
ਢੋਲਾਂ ਵਾਲੇ ਦੁੱਧ ਦੇ ਜਾਂਦੇ, ਖੜਕੇ ਕਿੱਥੋਂ ਮਧਾਣੀ,
ਲੱਸੀ ਦੀ ਥਾਂ ਪੀ ਲੈਂਦੇ ਹੁਣ, ਨਲਕਿਆਂ ਵਿਚੋਂ ਪਾਣੀ।
ਕਿਧਰੇ ਟੁਕੜੇ ਖੋਹ ਨਹੀਂ ਲੈਂਦੀ, ਕਾਵਾਂ ਦੀ ਉਹ ਡਾਰ।
ਦੇਖਦੇ-ਦੇਖਦੇ ਬਦਲ ਗਿਆ, ਸਾਡਾ ਪੇਂਡੂ ਸਭਿਆਚਾਰ।
No comments:
Post a Comment