Wednesday, 3 April 2013

ਦੇਂਈ ਸੁਨੇਹਾ - ਇੰਦਰਜੀਤ ਪੁਰੇਵਾਲ, ਨਿਊਯਾਰਕ

ਦੇਂਈ ਸੁਨੇਹਾ ਮੇਰੇ ਪਿੰਡ ਬੋਹੜਾਂ ਦੀਆਂ ਛਾਂਵਾਂ ਨੂੰ।
ਬੂਹੇ ਬੈਠ ਉਡੀਕ ਰਹੀਆਂ ਪੁੱਤਾਂ ਦੀਆਂ ਮਾਂਵਾਂ ਨੂੰ।
ਯਾਦ ਤੁਹਾਨੂੰ ਕਰ-ਕਰ ਨੈਣੋਂ ਹੰਝੂੰ ਵਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਮੇਰੇ ਪਿੰਡ ਵੱਲ ਜਾਂਦਿਆਂ ਰਾਹਵਾਂ ਨੂੰ।
ਮੇਰੇ ਪਿੰਡ ਦੀ ਜੂਹ ਵਿੱਚ ਉੱਡਦੇ ਚਿੜੀਆਂ ਕਾਂਵਾਂ ਨੂੰ।
ਸ਼ਾਮ ਢਲੀ ਜੋ ਆਹਲਣਿਆਂ ਦੇ ਵਿੱਚ ਜਾ ਬਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਮੇਰੇ ਸਕਿਆਂ ਭੈਣ ਭਰਾਵਾਂ ਨੂੰ।
ਸਾਡਾ ਵੀ ਦਿਲ ਕਰਦੈ ਆ ਗਲ ਮਿਲੀਏ ਮਾਂਵਾਂ ਨੂੰ।
ਰੋਜ਼ੀ ਰੋਟੀ ਖਾਤਿਰ ਪਏ ਵਿਛੋੜੇ ਸਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਮੇਰਾ ਚੂੜੇ ਵਾਲੀਆਂ ਬਾਂਹਵਾਂ ਨੂੰ।
ਕਦ ਮਾਹੀਏ ਨੇ ਆਉਣਾ ਪੁੱਛਦੀਆਂ ਰਹਿੰਦੀਆਂ ਕਾਂਵਾਂ ਨੂੰ।
ਹੌਸਲਿਆਂ ਦੇ ਮਹਿਲ ਉਹਨਾਂ ਦੇ ਕਦੇ ਨਾ ਢਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਦੇਸ ਮੇਰੇ ਦੇ ਪੰਜ ਦਰਿਆਵਾਂ ਨੂੰ,
ਰੋਕ ਕੇ ਰੱਖਣ ਵਗਣ ਨਾ ਦੇਵਣ ਤੱਤੀਆਂ 'ਵਾਵਾਂ ਨੂੰ।
ਵੈਰੀ ਤਾਂ ਹਰ ਵੇਲੇ ਏਸੇ ਤਾਕ 'ਚ ਰਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

No comments:

Post a Comment