Sunday, 14 April 2013

ਸੋਹਣਾ ਦੇਸ਼ ਪੰਜਾਬ - ਬਾਬੂ ਫ਼ਿਰੋਜਦੀਨ ਸ਼ਰਫ


ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

ਜੀਕਰ ਫੁੱਲਾਂ ਅੰਦਰ,
ਫੁੱਲ ਗੁਲਾਬ ਨੀ ਸਈਓ!
ਰਲਮਿਲ ਬਾਗ਼ੀਂ ਪੀਂਘਾਂ ਝੂਟਣ,
ਕੁਡ਼ੀਆਂ ਨਾਗਰ ਵੇਲਾਂ!
ਜੋਸ਼ ਜਵਾਨੀ ਠਾਠਾਂ ਮਾਰੇ,
ਲਿਸ਼ਕਣ ਹਾਰ ਹਮੇਲਾਂ!
ਪਹਿਨਣ ਹੀਰੇ ਮੋਤੀ,
ਮੁਖ ਮਹਿਤਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

ਜੁਡ਼ ਮੁਟਿਆਰਾਂ ਤ੍ਰਿੰਞਣ ਦੇ ਵਿਚ,
ਚਰਖੇ ਬੈਠ ਘੁਕਾਵਣ!
ਨਾਜ਼ੁਕ ਬਾਂਹ ਉਲਾਰ ਪਿਆਰੀ,
ਤੰਦ ਤਰਕਲੇ ਪਾਵਣ!
ਸੀਨੇ ਅੱਗਾਂ ਲਾਵਣ,
ਸੀਨੇ ਅੱਗਾਂ ਲਾਵਣ!
ਹੋਠ ਉਨਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

ਹੀਰ ਸ਼ਹਿਜ਼ਾਦੀ ਬੇਡ਼ੇ ਬੈਠੀ,
ਸਈਆਂ ਖੇਡਣ ਪਈਆਂ!
ਚੰਦ ਦੁਆਲੇ ਤਾਰੇ ਚਮਕਣ,
ਹੀਰ ਦੁਆਲੇ ਸਈਆਂ!
ਝੱਲੀ ਜਾਏ ਨਾਹੀਂ,
ਉਹਦੀ ਤਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

ਮੌਜ ਲਾਈ ਦਰਿਆਵਾਂ ਸੋਹਣੀ,
ਬਾਗ਼ ਜ਼ਮੀਨਾਂ ਫਲਦੇ!
‘ਸ਼ਰਫ’ ਪੰਜਾਬੀ ਧਰਤੀ ਉੱਤੇ
ਠੁਮਕ ਠੁਮਕ ਪਏ ਚਲਦੇ!
ਸਤਲੁਜ, ਰਾਵੀ, ਜਿਹਲਮ,
ਅਟਕ, ਚਨਾਬ ਨੀ ਸਈਓ!
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ!

No comments:

Post a Comment