Thursday, 12 June 2014

ਓ ਜੂਨਾਂ ‘ਚੋਂ ਉਤਮ ਨੂਰ ਬੰਦੇ  - ਸਿਰਦਾਰ ਦਰਸ਼ਨ ਸਿੰਘ ‘ਅਵਾਰਾ’ 


ਓ ਜੂਨਾਂ ‘ਚੋਂ ਉਤਮ ਨੂਰ ਬੰਦੇ !
ਮੇਰੀ ਅੰਸ਼ ਤੇ ਨਾਂ ਤੇ ਮਸ਼ਹੂਰ ਬੰਦੇ !
ਓ ਮਜ਼ਹਬ ਦੀ ਮਸਤੀ ‘ਚ ਮਸਰੂਰ ਬੰਦੇ !
ਓ ਹੋਣੀ ਤੇ ‘ਕਿਸਮਤ’ ਤੋਂ ਮਜ਼ਬੂਰ ਬੰਦੇ !
ਤੂੰ ਅਜ ਹੋਰ ਦਾ ਹੋਰ ਹੀ ਬਣ ਗਿਆ ਏਂ,
ਤੈਨੂੰ ਕੀ ਬਣਾਇਆ ਸੀ ? ਕੀ ਬਣ ਗਿਆ ਏਂ ?

ਤੇਰੇ ਜ਼ਿੰਮੇ ਲਾਈ ਸੀ ‘ਸੱਚ’ ਦੀ ਹਿਮਾਇਤ।
ਮੁਥਾਜੀ ਤੋਂ ਘਿਰਣਾ, ਗੁਲਾਮੀ ਤੋਂ ਨਫਰਤ।
ਦੁਖੀ ਵਾਸਤੇ ਦਰਦ, ਹੰਝੂ ਤੇ ਖਿਦਮਤ।
ਤੇਰੇ ਕੋਲ ਸੀ ਅਮਨ, ਜਗ ਦੀ ਅਮਾਨਤ।
ਸੈਂ ਹੋਣੀ ਦਾ ਕਾਦਰ, ਤੇ ਕਿਸਮਤ ਦਾ ਸੁਆਮੀ’
ਲਿਖੀ ਨਹੀਂ ਸੀ ਤੇਨੂੰ ਕਿਸੇ ਦੀ ਗੁਲਾਮੀ।

ਤੂੰ ਬਣ ਬੈਠੋਂ ਚਿੰਨ੍ਹਾਂ ਤੇ ਰੀਤਾ ਦਾ ਕੈਦੀ।
ਕਿਤਾਬਾਂ ਤੇ ਮੰਦਰਾਂ ਮਸੀਤਾਂ ਦਾ ਕੈਦੀ।
ਕਰਾਮਾਤ, ਟੂਣੇ, ਤਵੀਤਾਂ ਦਾ ਕੈਦੀ।
ਨਾ ਬਣਿਉਂ ਮੁਹੱਬਤਾਂ ਪ੍ਰੀਤਾਂ ਦਾ ਕੈਦੀ।
ਦਿਮਾਗੀ ਜ਼ੰਜ਼ੀਰਾਂ ਕਿਆਸੀ ਇਹ ਕੜੀਆਂ,
ਤੂੰ ਆਪੇ ਬਣਾਈਆਂ ਨੇ ਮੈਂ ਤੇ ਨਹੀਂ ਘੜੀਆਂ।

ਤੇਰੇ ਹੱਥ ‘ਚ’ ਮਾਲਾ ਤੇ ਸੀਨੇ ‘ਚ’ ਸਾੜੇ।
ਤਿਲਕ ਤੇਰੇ ਮੱਥੇ ਤੇ ਹੱਥੀਂ ਕੁਹਾੜੇ।
ਮਾਰਾ ਨਾਮ ਲੈ ਲੈ ਤੂੰ ਪਾਏ ਪੁਆੜੇ।
ਕਈ ਦਿਲ ਤਰੋੜੇ, ਤੇ ਕਈ ਘਰ ਉਜਾੜੇ।
ਤੇਰੀ ਪਿੱਠ ਤੇ ਮੁਫਤੀ, ਹਮਾਇਤੀ ਤੇ ਕਾਜ਼ੀ।
ਜੋ ‘ਕਾਤਿਲ’ ਤੋਂ ਤੈਨੂੰ ਬਣਾ ਦੇਣ ਗਾਜ਼ੀ।

ਤੂੰ ਛੁਰੀਆਂ ਚਲਾਨਾਂ, ਮੇਰਾ ਨਾਮ ਲੈ ਕੇ।
ਤੂੰ ਵੰਡੀਆਂ ਪਵਾਨਾ, ਮੇਰਾ ਨਾਮ ਲੈ ਕੇ।
ਤੂੰ ਲੜਨਾ ਲੜਾਨਾ, ਮੇਰਾ ਨਾਮ ਲੈ ਕੇ।
ਦਿਲਾਂ ਨੂੰ ਦੁਖਾਨਾ ਮੇਰਾ ਨਾਮ ਲੈ ਕੇ।
ਮੇਰੇ ਪੁੱਤਰਾਂ ਨਾਲ ਠੱਗੀਆਂ, ਬਹਾਨੇ।
ਮੇਰੇ ਨਾਲ ਗੰਢਨਾ ਏਂ, ਆ ਕੇ ਯਰਾਨੇ।

ਤੂੰ ਕਰਨਾ ਏਂ ਠੱਗੀਆਂ, ਪਵਾਨਾ ਏਂ ਡਾਕੇ।
ਕਮਾਨਾ ਏਂ ਵੱਢੀਆਂ, ਖਵਾ ਕੇ ਤੇ ਖਾ ਕੇ।
ਗਰੀਬਾਂ ਦੀ ਰੱਤ ਚੋ ਕੇ, ਉਸ ਵਿਚ ਨਹਾ ਕੇ।
ਮੇਰੇ ਅੱਗੇ ਧਰਨੈਂ, ਚੜਾਵੇ ਲਿਆ ਕੇ।
ਕੜਾਹ ਤੇ ਮੈਂ ਡੁਲ ਜਾਂਵਾਂ ਲੋਲਾ ਨਹੀਂ ਹਾਂ।
ਤੂੰ ਭੁਲਨਾਂ ਏ, ਮੈਂ ਏਨਾ ਭੋਲਾ ਨਹੀਂ ਹਾਂ।

ਕਦੇ ਕੋਈ ਰੋਂਦਾ ਹਸਾਇਆ ਈ! ਦਸ ਖਾਂ?
ਕਦੇ ਕੋਈ ਡਹਿੰਦਾ ਉਠਾਇਆ ਈ! ਦਸ ਖਾਂ?
ਕਦੋ ਕੋਈ ਰੁੜ੍ਹਦਾ ਬਚਾਇਆ ਈ! ਦਸ ਖਾਂ?
ਕਦੇ ਕੋਈ ਰੁਠਾ ਮਨਾਇਆਂ ਈ! ਦਸ ਖਾਂ?
ਜੇ ਹੱਥੀਂ ਨਹੀਂ ਫੱਟ, ਕਿਸੇ ਦਾ ਤੂੰ ਸੀਤਾ,
ਨਿਰੀ ਮਾਲਾ ਫੇਰੀ ਤੂੰ ਕੱਖ ਵੀ ਨਹੀਂ ਕੀਤਾ।

ਸਿਰਦਾਰ ਦਰਸ਼ਨ ਸਿੰਘ ‘ਅਵਾਰਾ’ (1906) ਦੀ ਕਵਿਤਾ ‘ ਰੱਬ ਬੰਦੇ ਨੂੰ ’ ਵਿਚੋਂ ਕੁੱਝ ਵੰਨਗੀਆਂ

Tuesday, 10 June 2014

ਦਸ ਕਰੇਂਗਾ  - ਦਇਆ ਬਾਬੂ ਨਮਨ 

ਮੇਰਾ ਅੰਦਰ 
ਪਿਹੂ ਪਿਹੂ ਗਾਵੇ 
ਝੱਲੀ ਕੋਇਲ 
ਅੱਖ ਟਪਕਾਵੇ 
ਜਿੰਦ ਨਿਮਾਣੀ 
ਔਂਸੀਆਂ ਪਾਵੇ 
ਨਾ ਢਾਹ ਵੇ 
ਨਾ ਜ਼ੁਲਮ ਢਾਹ ਵੇ 
ਦੱਸ ਵੇ ਜ਼ਾਲਮਾਂ 
ਦੱਸ ਕੀ ਕਰਾਂ !

ਆ ਵੇ ਖਸਮਾ 
ਤੈਨੂੰ ਕਰਾਂ ਟਕੋਰਾਂ 
ਬਾਝੋਂ ਤੇਰੇ ਸਾਨੂੰ 
ਥੋੜ੍ਹਾਂ ਹੀ ਥੋੜ੍ਹਾਂ 
ਕੱਲਰ ਮਿੱਟੀ ਵੇ 
ਥੋਰ੍ਹਾਂ ਹੀ ਥੋਰ੍ਹਾਂ 
ਆ ਵੇ ਖਸਮਾਂ 
ਤੇਰੀਆਂ ਲੌੜਾਂ 
ਦੱਸ ਵੇ ਜ਼ਾਲਮਾਂ 
ਦੱਸ ਕੀ ਕਰਾਂ !

ਕੱਲੀ ਮੈਂ ਪਾਣੀ 
ਭਰਦੀ ਹਾਂ ਵੇ 
ਨਾਲ ਆਪੇ ਦੇ 
ਲੜਦੀ ਹਾਂ ਵੇ 
ਅੰਦਰੋ ਅੰਦਰ 
ਸੜਦੀ ਹਾਂ ਵੇ 
ਅੱਜ ਵੀ ਤੇਰੇ ਤੇ 
ਮਰਦੀ ਹਾਂ ਵੇ 
ਦੱਸ ਵੇ ਜ਼ਾਲਮਾਂ 
ਦੱਸ ਕੀ ਕਰਾਂ !

ਆ ਸੱਜਣਾ ਫੁੱਲ 
ਮਹਿਕੇ ਹੋਏ ਨੇ 
ਤੇਰੇ ਲਈ ਸਾਹ 
ਬਹਕੇ ਹੋਏ ਨੇ 
ਕਿੰਨਾ ਵੇ ਰਹਿ -
ਰਹਿ ਕੇ ਰੋਏ ਨੇ 
ਅੱਖਾਂ ਵਿਚ ਬਾਬੂ 
ਮੇਰੇ ਵੀ ਕੋਏ ਨੇ 
ਦੱਸ ਵੇ ਜ਼ਾਲਮਾ 
ਦੱਸ ਕੀ ਕਰਾਂ !!

-ਬਲਵਿੰਦਰ ਸਿੰਘ ਅਜ਼ਾਦ


ਦਾੜ੍ਹੀ ਕਦੇ ਜੱਚਦੀ ਨੀਂ ਪੱਗ ਤੋਂ ਬਿਨਾਂ
ਪੈਂਦਾ ਨੀਂ ਕਲੇਸ਼ ਲਾਈਲੱਗ ਤੋਂ ਬਿਨਾਂ
ਰਾਖ ਕਦੇ ਬਣਦੀ ਨੀਂ ਅੱਗ ਤੋਂ ਬਿਨਾਂ
ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾਂ

ਹੁੰਦੀ ਨਹੀਂ ਭਗਤੀ ਧਿਆਨ ਤੋਂ ਬਿਨਾਂ
ਚੁੱਕ ਨਹੀਂ ਹੁੰਦਾ ਭਾਰ ਜਾਨ ਤੋਂ ਬਿਨਾਂ
ਹੀਰਾ ਕਦੇ ਨਿਕਲੇ ਨਾ ਖਾਣ ਤੋਂ ਬਿਨਾਂ
ਜੋੜੀ ਬੁਰੀ ਲੱਗਦੀ ਏ ਹਾਣ ਤੋਂ ਬਿਨਾਂ

ਸਾਧ ਬੁਰਾ ਕਹਿੰਦੇ ਨੇ ਲਗੋਟ ਤੋਂ ਬਿਨਾਂ
ਟਾਈ ਕਦੇ ਜਚਦੀ ਨਾ ਕੋਟ ਤੋਂ ਬਿਨਾਂ
ਬਣੇ ਨਾ ਸਿਪਾਹੀ ਰੰਗਰੂਟ ਤੋਂ ਬਿਨਾਂ
ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾਂ

ਪਿਆਸ ਕਦੇ ਬੁੱਝਦੀ ਨੀਂ ਪਾਣੀ ਤੋਂ ਬਿਨਾਂ
ਘਰ ਕਦੇ ਬੱਝੇ ਨਾ ਘਰਾਣੀ ਤੋਂ ਬਿਨਾਂ
ਘੋੜਾ ਕਦੇ ਭੱਜੇ ਨਾ ਪਰਾਣੀ ਤੋਂ ਬਿਨਾਂ
ਮੱਖਣੀ ਨਾ ਬਣਦੀ ਮਧਾਣੀ ਤੋਂ ਬਿਨਾਂ

ਬੁਰੀ ਤਲਵਾਰ ਹੁੰਦੀ ਮਿਆਨ ਤੋਂ ਬਿਨਾਂ
ਤੀਰ ਕਦੇ ਚੱਲੇ ਕਮਾਨ ਤੋਂ ਬਿਨਾਂ
ਕਰੀਏ ਨਾ ਕੋਈ ਕੰਮ ਗਿਆਨ ਤੋਂ ਬਿਨਾਂ
ਮੁੱਕਦਾ ਨਾ ਕੰਮ ਸ਼ਮਸ਼ਾਨ ਤੋਂ ਬਿਨਾਂ

ਲੱਗੇ ਨਾ ਨਿਸ਼ਾਨਾ ਸਾਹ ਰੋਕੇ ਤੋਂ ਬਿਨਾਂ
ਔਰਤ ਨਾ ਸੋਹਣੀ ਲੱਗੇ ਕੋਕੇ ਤੋਂ ਬਿਨਾਂ
ਵਿਕੇ ਨਾ ਸਮਾਨ ਕਦੇ ਹੋਕੇ ਤੋਂ ਬਿਨਾਂ
ਚੋਰੀ ਚੋਰ ਕਰਦਾ ਨੀਂ ਮੌਕੇ ਤੋਂ ਬਿਨਾਂ

ਔਰਤ ਅਧੂਰੀ ਕੁੱਖ ਹਰੀ ਤੋਂ ਬਿਨਾਂ
ਹੁੰਦਾ ਨੀਂ ਵਪਾਰ ਗੱਲ ਖਰੀ ਤੋਂ ਬਿਨਾਂ
ਜੁੱਤੀ ਸੋਹਣੀ ਲੱਗਦੀ ਨੀਂ ਜ਼ਰੀ ਤੋਂ ਬਿਨਾਂ
ਸੱਸ ਖ਼ੁਸ਼ ਹੁੰਦੀ ਨਹੀਂ ਵਰੀ ਤੋਂ ਬਿਨਾਂ

ਔਰਤ ਨਾ ਜਚਦੀ ਗੁੱਤ ਤੋਂ ਬਿਨਾਂ
ਵਧਦੀ ਨਾ ਕੁਲ ਕਦੇ ਪੁੱਤ ਤੋਂ ਬਿਨਾਂ
ਮੇਵਾ ਚੰਗਾ ਲੱਗਦਾ ਨੀਂ ਰੁੱਤ ਤੋਂ ਬਿਨਾਂ
ਭੱਖੜਾ ਨਾ ਖਾਵੇ ਕੋਈ ਉੱਠ ਤੋਂ ਬਿਨਾਂ।

ਕਿੱਕਰ

ਬੂਟਾ ਹਾਂ ਮੈ ਕਿੱਕਰ ਦਾ 
ਤੇ ਕੰਡੇ ਮੇਰਾ ਵਜੂਦ 
ਕਰਨਾ ਵੀ ਚਾਹੇ ਪਿਆਰ...
ਤਾਂ ਕੋਈ ਕਿਸ ਤਰਾਂ ਕਰੇ...

ਬੇਸ਼ੱਕ ਨੇ ਮੈਨੂੰ ਬਖ਼ਸ਼ੀਆਂ 
ਰੱਬ ਲੱਖ ਨਿਆਂਮਤਾਂ 
ਪਰ ਇੱਕ ਦਾਤਣ ਦੇ ਲਈ ਖਾਰ 
ਕੋਈ ਕਿਸ ਤਰਾਂ ਜਰੇ... 

ਮੇਰੀ ਜੜਾਂ ਚ ਵਸ ਰਹੇ ਨੇ 
ਕੀੜੇਆਂ ਦੇ ਭੌਣ 
ਗਲ਼ ਲਾਉਣ ਦੇ ਲਈ 
ਯਾਰ ਪੈਰ ਕਿਸ ਤਰਾ ਧਰੇ... 

ਮੇਰੇ ਫੁਲ ਚ ਵੀ ਓਹ ਖੁਸ਼ਬੋ ਨਹੀ 
ਕਿ ਮੰਨ ਜਾਏ ਮਹਿਬੂਬ 
ਕਿਸੇ ਜ਼ੁਲਫ਼ ਦਾ ਸ਼ਿੰਗਾਰ 
ਫ਼ਿਰ ਕੋਈ ਕਿਸ ਤਰਾ ਕਰੇ.. 

ਬਹਾਦਰ ਵੇ ਤੇਰੀ ਜ਼ਿੰਦਗੀ ਵੀ 
ਮੇਰੇ ਤੋਂ ਨਾਂ ਜੁਦਾ 
ਹੁਣ ਤੂੰ ਦੱਸ ਤੜਪਦੇ ਦਿਲ ਤੇ 
ਪੱਥਰ ਕਿਸ ਤਰਾ ਧਰੇ...
ਬੂਟਾ ਹਾਂ ਮੈ...

Monday, 9 June 2014

 ਰਿਸ਼ਵਤ


ਲੋਗ ਸਾਨੂੰ ਰੋਜ਼ ਕਹਿੰਦੇ ਨੇ, ਇਹ ਆਦਤ ਛੱਡ ਦਿਓ |
ਉਲਟ ਹੈ ਇਨਸਾਨੀਅਤ ਦੇ , ਇਹ ਤਿਜਾਰਤ ਛੱਡ ਦਿਓ | 
ਇਸ ਤੋਂ ਭੈੜੀ ਲਤ ਨਹੀਂ ਹੈ ਕੋਈ , ਇਹ ਲਤ ਛੱਡ ਦਿਓ |
ਰੋਜ਼ ਅਖਬਾਰਾਂ 'ਚ ਛਪਦਾ ਹੈ , ਕਿ ਰਿਸ਼ਵਤ ਛੱਡ ਦਿਓ |

ਭੁੱਲ ਕੇ ਵੀ ਜੇ ਕੋਈ ਲੈਂਦਾ ਹੈ ਰਿਸ਼ਵਤ , ਚੋਰ ਹੈ | 
ਅੱਜ ਕੌਮੀ ਪਾਗਲਾਂ ਵਿਚ, ਰਾਤ ਦਿਨ, ਇਹ ਸ਼ੋਰ ਹੈ | 

ਕਿਸਨੂੰ ਸਮਝਾਈਏ ਕਿ ਇਸਨੂੰ ਛੱਡ ਕੇ ਪਾਵਾਂਗੇ ਕੀ ?
ਨਾਂ ਲਵਾਂਗੇ ਜੇ ਅਸੀਂ ਰਿਸ਼ਵਤ , ਤਾਂ ਫਿਰ ਖਾਵਾਂਗੇ ਕੀ ?
ਕੈਦ ਹੋ ਕੇ ਵੀ ਤਾਂ ਆਪਾਂ , ਰਾਹ ਤੇ ਆਵਾਂਗੇ ਕੀ ?
ਇਸ ਜਨੂਨ-ਏ-ਇਸ਼ਕ਼ ਦੇ, ਅੰਦਾਜ਼ ਛੱਡ ਜਾਵਾਂਗੇ ਕੀ ? 

ਮੁਲਕ ਭਰ ਨੂੰ ਕ਼ੈਦ ਕਰਨਾਂ , ਕਿਸ ਦੇ ਵੱਸ ਦੀ ਗੱਲ ਹੈ ?
ਚੋਰ ਹਨ ਸਾਰੇ , ਕੋਈ ਦੋ , ਚਾਰ, ਦਸ ਦੀ ਗੱਲ ਹੈ ?

ਇਹ ਹਵਸ , ਇਹ ਚੋਰ ਬਾਜ਼ਾਰੀ , ਇਹ ਮਹਿੰਗਾਈ , ਇਹ ਭਾਅ ,
ਰਾਈ ਦੀ ਕੀਮਤ ਪਹਾੜੀ , ਸੁਣ ਕੇ ਕਿਓਂ ਆਵੇ ਨਾ ਤਾਅ, 
ਲੱਖਾਂ ਟਨ ਭਾਰੀ ਹੈ, ਕਿਸ਼ਤੀ ਜਿੰਦਗੀ ਦੀ , ਐ ਭਰਾ
ਹਾਇ ! ਤਨਖਾਹਾਂ ਦੇ ਭਾਂਡੇ ਵਿਚ ਪਾਣੀ ਅੱਧ ਪਾਅ, 

ਜਿੰਦਗੀ ਦੀ ਕਿਸ਼ਤੀ ! ਤਨਖਾਹਾਂ ਤੇ ਚਲ ਸਕਦੀ ਨਹੀਂ |
ਜੇ ਅਸੀਂ ਰਿਸ਼ਵਤ ਨਾ ਲਈਏ, ਦਾਲ ਗਲ ਸਕਦੀ ਨਹੀਂ | 

ਮਿੱਲ ਵਾਲਾ ਹੈ ਓਹ , ਔਹ ਬਣੀਆ, ਔਹ ਸ਼ਾਹੂਕਾਰ ਹੈ ,
ਹੱਟੀ ਵਾਲਾ ਹੈ ਔਹ, ਔਹ ਹੈ ਵੈਦ , ਔਹ ਅੱਤਾਰ ਹੈ, 
ਠੱਗ ਹੈ ਜੇ ਔਹ , ਤਾਂ ਇਹ ਡਾਕੂ , ਤੇ ਔਹ ਰਾਹਮਾਰ ਹੈ, 
ਅੱਜ ਹਰ ਗਰਦਨ ਤੇ ਕਾਲੀ ਜਿੱਤ ਦਾ ਇੱਕ ਹਾਰ ਹੈ |

ਹਾਇ | ਮੁਲਕ - ਓ - ਕੌਮ ਦੀ ਖਿਦਮਤ ਗੁਜ਼ਾਰੀ ਵਾਸਤੇ 
ਇੱਕ ਅਸੀਂ ਹੀ ਰਹਿ ਗਏ, ਈਮਾਨਦਾਰੀ ਵਾਸਤੇ ? 

ਭੁੱਖ ਦੇ ਕਾਨੂਨ ਵਿਚ ਈਮਾਨਦਾਰੀ ਜੁਰਮ ਹੈ ,
ਬੇਇਮਾਨੀ ਕਰਕੇ ਮੰਨਣੀ ਸ਼ਰਮਸਾਰੀ ਜੁਰਮ ਹੈ , 
ਡਾਕੂਆਂ ਦੇ ਦੌਰ ਵਿਚ, ਪਰਹੇਜ਼ਗਾਰੀ ਜੁਰਮ ਹੈ , 
ਜਦ ਹ੍ਕ਼ੂਮਤ ਖਸਤਾ ਹੈ ਤਾਂ ਪੁਖਤਾਕਾਰੀ ਜੁਰਮ ਹੈ | 

ਲੋਕ ਅਟਕਾਓਂਦੇ ਨੇ ਰੋੜੇ , ਕਿਓਂ ਅਸਾਡੇ ਕੰਮ ਵਿਚ , 
ਜਿਸ ਨੂੰ ਵੇਖੋ, ਖੈਰ ਨਾਲ ਨੰਗਾ ਹੈ, ਇਸ ਹਮਾਮ ਵਿਚ |

ਜਿਸ ਨੂੰ ਵੀ ਵੇਖੋ, ਦਬਾ ਕੇ ਬਗਲ ਵਿਚ ਫਿਰਦੈ ਛੁਰਾ 
ਫਰਕ਼ ਨਹੀਂ ਪੈਂਦਾ, ਕਿ ਮੁਜਰਿਮ ਸਖਤ ਹੈ ਜਾਂ ਭੁਰਭੁਰਾ 
ਗਮ ਤਾਂ ਹੈ ਕਿ ਆ ਗਿਆ ਹੈ ਵਕ਼ਤ ਐਸਾ ਖੁਰਦਰਾ ,
ਇੱਕ ਮੁਜਰਿਮ ਦੂਸਰੇ ਮੁਜਰਿਮ ਨੂੰ ਕਹਿੰਦਾ ਹੈ ਬੁਰਾ |

ਜੋ ਵੀ ਚਾਹੋ ਕਹਿ ਲਓ ! ਬੰਦਾ ਤਾਂ ਰਿਸ਼ਵਤ ਖੋਰ ਹੈ ,
ਰਾਹਨੁਮਾ ਹਰ ਧਰਮ ਦਾ ਹੀ , ਰੱਬ ਬਖਸ਼ੇ ਚੋਰ ਹੈ |

ਗੋਗੜਾਂ ਦੀ ਹੋ ਰਹੀ, ਖਾਤਿਰ ਹੈ ਭਾਰੀ ਵਾਹ ! ਵਾਹ !
ਭੂਖਿਆਂ ਦੇ ਸਿਰ ਤੇ ਹੋਵੇ ਚਾਂਦਮਾਰੀ ਵਾਹ ! ਵਾਹ !
ਉਹਨਾਂ ਲਈ ਤੜਕੇ ਹੀ ਆ ਜਾਵੇ ਨਿਹਾਰੀ (ਨਾਸ਼੍ਤਾ ) ਵਾਹ ! ਵਾਹ !
ਤੇ ਅਸੀਂ ਬੱਸ ਚੱਟੀਏ ਈਮਾਨਦਾਰੀ ? ਵਾਹ ! ਵਾਹ ! 

ਸੇਠ ਜੀ ਤਾਂ ਮੋਟਰਾਂ ਉੱਤੇ ਹਵਾ ਖਾਂਦੇ ਰਹੇ 
ਤੇ ਅਸੀਂ ਗਲੀਆਂ 'ਚ ਬਸ ਜੁੱਤੀਆਂ ਹੀ ਤੁੜਵਾਂਦੇ ਰਹੇ 

ਏਸ ਮਹਿੰਗਾਈ 'ਚ ਕੀ ਈਮਾਨ ਦਾ ਗੁੰਚਾ ਖਿਲੇ ,
ਜੌਂ ਦੇ ਦਾਣੇ ਸਖਤ ਨੇ, ਚਾਂਦੀ ਦੇ ਸਿੱਕੇ ਪਿਲਪਿਲੇ , 
ਜਾਂਦੇ ਹਾਂ ਬਾਜ਼ਾਰ ਨੂੰ ਤਾਂ ਰੇਟ ਸੁਣ ਕੇ ਦਿਲ ਹਿਲੇ, 
ਸਾਰੇ ਤਨ ਤੇ ਹੋਣ ਜਦ ਲੀਰਾਂ ਤਾਂ ਫਿਰ ਕਪੜਾ ਮਿਲੇ |

ਜਾਨ ਦੇ ਕੇ ਵੀ ਇਹ ਸਸਤੇ ਰੇਟ ਮਿਲ ਸਕਦਾ ਨਹੀਂ ,
ਆਦਮੀਅਤ ਦਾ ਕਫਨ ਹੈ , ਦੋਸਤੋ ! ਕਪੜਾ ਨਹੀਂ | 

ਸਿਰਫ ਇੱਕ ਪਤਲੂਨ ਸਿਲਵਾਓਣਾ ਕਿਆਮਤ ਹੋ ਗਿਆ 
ਮੰਗ ਕੇ ਯਾਰੋ ਸਿਲਾਈ ! ਦਰਜੀ ਨੰਗਾ ਕਰ ਗਿਆ | 
ਜਾਣਦੇ ਹੋ ਦੋਸਤੋ , ਕਿ ਚਲ ਰਹੀ ਹੈ ਕੀ ਹਵਾ ?
ਸਿਰਫ ਇੱਕ ਟਾਈ ਦੀ ਕੀਮਤ, ਘੁੱਟ ਦਿੰਦੀ ਹੈ ਗਲਾ | 

ਪਗੜੀ , ਟੋਪੀ , ਸਿਰ ਤੇ ਰਖਦੇ ਹਾਂ , ਤਾਂ ਚਕਰਾਓਂਦਾ ਹੈ ਸਿਰ ,
ਜੁੱਤੀਆਂ ਦਾ ਰੇਟ ਪੁਛਦੇ ਹਾਂ , ਤਾਂ ਝੁਕ ਜਾਂਦਾ ਹੈ ਸਿਰ | 

ਸੀ ਬਜੁਰਗਾਂ ਦੀ ਬਨਾਇਨ ਜੋ , ਓਹ ਬਣੀਆਂ ਲੈ ਗਿਆ , 
ਘਰ 'ਚ ਜੋ ਗੂੜ੍ਹੀ ਕਮਾਈ ਸੀ ਓਹ ਗਾੜ੍ਹਾ ਲੈ ਗਿਆ 
ਜਿਸਮ ਦੀ ਇੱਕ ਇੱਕ ਬੋਟੀ , ਮੀਟ ਵਾਲਾ ਲੈ ਗਿਆ ,
ਤਨ ਦੀ ਚਰਬੀ ਤੋੜ ਕੇ , ਇੱਕ ਘਿਓ ਦਾ ਡੱਬਾ ਲੈ ਗਿਆ |

ਜੇ ਨਾ ਰਿਸ਼ਵਤ ਦੀ ਚਿੜੀ ਆਓਂਦੀ, ਪਰਾਂ ਨੂੰ ਤੋਲ ਕੇ , 
ਭੂਖੇ ਮਰ ਜਾਂਦੇ ਅਸੀਂ , ਕੁੱਤੇ ਦੀ ਬੋਲੀ ਬੋਲ ਕੇ |

ਪੱਥਰਾਂ ਨਾਲ ਲੜਦੀਆਂ ਇਨਸਾਨ ਦੀਆਂ ਹੱਡੀਆਂ 
ਸੰਗ ਸਾਰੀ ਹੋਵੇ ਤਾਂ ਬਣ ਜਾਵੇ ਹਿੰਮਤ ਸਾਹਿਬਾਂ 
ਢਿੱਡ ਵਿਚ ਪਰ ਭੁਖ ਲੈਂਦੀ ਹੈ ਜਦੋਂ ਅੰਗੜਾਈਆਂ 
ਕੀ ਕਹਾਂ ! ਆਪਣੇ ਹੀ ਬੱਚੇ ਨੂੰ ਚਬਾ ਜਾਂਦੀ ਹੈ ਮਾਂ | 

ਦੱਸੀਏ ਕੀ ਕਿਸ ਕਦਰ ਤਕ ਹਾਰੀਆਂ ਨੇ ਬਾਜੀਆਂ 
ਮਾਰਿਆ ਹੈ ਭੁਖ ਨੇ , ਕਾਹਤੋਂ ਨਾ ਲਈਏ ਰਿਸ਼ਵਤਾਂ | 

ਰੱਬ ਦੀ ਹੈ ਮਿਹਰ ਹੋਈ ਆਪ ਤੇ , ਕੁਰਸੀ ਮਿਲੀ ,
ਸਾਰੀ ਖਲਕਤ ਹੈ ਇਸ਼ਾਰੇ ਆਪਦੇ ਤੇ ਨੱਚਦੀ , 
ਰੱਬ ਹੈ ਖ਼ਾਦਿਮ ਤੁਹਾਡਾ ਜੀ , ਤੇ ਬਾਂਦੀ ਹੈ ਜਮੀਨ 
ਹਾਂ ! ਤੁਸੀਂ ਕਾਰਨ ਤਾਂ ਹੋ ਰਿਸ਼ਵਤ ਦੇ , ਪਰ ਸੇਵਕ ਨਹੀਂ | 

ਬ੍ਖਸ਼ਦੇ ਦਰਿਆ ਤੁਸੀਂ , ਤੇ ਕਿਸ਼ਤੀਆਂ ਧੱਕੀਏ ਅਸੀਂ , 
ਰਿਸ਼ਵਤਾਂ ਦਾ ਰੋਗ ਲਾਇਆ ਹੈ ਤੁਸੀਂ , ਮੰਗੀਏ ਅਸੀਂ |

ਠੀਕ ਤਾਂ ਕਰਦੇ ਨਹੀਂ ਬੁਨਿਆਦਿ ਨਾਹਮਵਾਰ ਨੂੰ 
ਗਾਹਲਾਂ ਦਿੰਦੇ ਹੋ ਕਿਓਂ ਡਿਗਦੀ ਹੋਈ ਦੀਵਾਰ ਨੂੰ 
ਸਚ ਦੱਸਾਂ ! ਸ਼ੋਭਾ ਇਹ ਦਿੰਦਾ ਨਹੀਂ ਸਰਕਾਰ ਨੂੰ 
ਪਾਲਣਾ ਬੀਮਾਰੀਆਂ ਨੂੰ ਮਾਰਨਾ ਬੀਮਾਰ ਨੂੰ 

ਜਾਂ ਤਾਂ ਰਿਸ਼ਵਤ ਦੀ ਇੱਲਤ ਨੂੰ , ਦੂਰ ਦੁਨੀਆਂ ਕਰੋ 
ਤੇ ਜਾਂ ਰਿਸ਼ਵਤ ਦੀ ਧੜੱਲੇ ਨਾਲ , ਇਜਾਜ਼ਤ ਦੇ ਦਿਓ |

ਕਵੀ : ਜਨਾਬ ਜੋਸ਼ ਮਲੀਹਾਬਾਦੀ 
ਪੰਜਾਬੀ ਰੂਪ : ਤਰਲੋਕ ਜੱਜ 

Wednesday, 4 June 2014

ਮਰ ਰਹੀ ਹੈ ਮੇਰੀ ਭਾਸ਼ਾ - ਸੁਰਜੀਤ ਪਾਤਰ


ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ,
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ,
ਅੰਮ੍ਰਿਤ ਵੇਲਾ,
ਨੂਰ ਪਹਿਰ ਦਾ  ਤੜਕਾ,
ਧੰਮੀ ਵੇਲਾ,
ਪਹੁ-ਫੁਟਾਲਾ,
ਛਾਹ ਵੇਲਾ,
ਸੂਰਜ ਸਵਾ ਨੇਜ਼ੇ,
ਟਿਕੀ ਦੁਪਹਿਰ,

ਲਉਢਾ ਵੇਲਾ,
ਡੀਗਰ ਵੇਲਾ,
ਲੋਏ ਲੋਏ,
ਸੂਰਜ ਖੜੇ ਖੜੇ,
ਤਰਕਾਲਾਂ,
ਡੂੰਘੀਆਂ ਸ਼ਾਮਾਂ,
ਦੀਵਾ ਵੱਟੀ,
ਖਉਪੀਆ,
ਕੌੜਾ ਸੋਤਾ,
ਢੱਲਦੀਆਂ ਖਿੱਤੀਆਂ,
ਤਾਰੇ ਦਾ ਚੜ੍ਹਾਅ,
ਚਿੜੀ ਚੂਕਦੀ ਨਾਲ,
ਸਾਝਰਾ, ਸੁਵੱਖ਼ਤਾ, ਸਰਘੀ ਵੇਲਾ,
ਘੜੀਆਂ ,ਪਹਿਰ,ਬਿੰਦ ,ਪਲ,ਛਿਣ ,ਨਿਮਖ ਵਿਚਾਰੇ,
ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ,
ਸ਼ਾਇਦ ਇਸ ਲਈ,
ਕਿ ਟਾਈਮ ਕੋਲ ਟਾਈਮ-ਪੀਸ ਸੀ,

ਹਰਹਟ ਕੀ ਮਾਲਾ, ਚੰਨੇ ਦਾ ਉਹਲਾ, ਗਾਟੀ ਦੇ ਹੂਟੇ,
ਕਾਂਜਣ, ਨਿਸਾਰ, ਔਲੂ,
ਚੱਕਲੀਆਂ, ਬੂੜੇ ,ਭਰ ਭਰ ਡੁੱਲ੍ਹ ਦੀਆਂ ਟਿੰਡਾਂ,
ਇਹਨਾਂ ਸਭਨਾਂ ਨੇ ਤਾਂ ਰੁੜ੍ਹ ਹੀ ਜਾਣਾ ਸੀ,
ਟਿਊਬ-ਵੈੱਲ ਦੀ ਧਾਰ ਵਿੱਚ,
ਮੈਨੂੰ ਕੋਈ ਹੈਰਾਨੀ ਨਹੀਂ,

ਹੈਰਾਨੀ ਤਾਂ ਇਹ ਹੈ ਕਿ,
ਅੰਮੀ ਤੇ ਅੱਬਾ ਵੀ ਨਹੀਂ ਰਹੇ,
ਬੀਜੀ ਤੇ ਭਾਪਾ ਜੀ ਵੀ ਤੁਰ ਗਏ,
ਦਦੇਸਾਂ ਫਫੇਸਾਂ ਮਮੇਸਾਂ ਦੀ ਗੱਲ ਹੀ ਛੱਡੋ,
ਕਿੰਨੇ ਰਿਸ਼ਤੇ,
ਸਿਰਫ਼ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ,
ਤੇ ਕੱਲ੍ਹ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਵਿਚ ਇਕ ਛੋਟਾ ਜਿਹਾ ਬਾਲ,
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ,
ਹਾਂ ਬੇਟਾ, ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ,
ਮਰ ਰਹੀ ਹੈ ਅਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ,
ਹੁਣ ਤਾਂ ਰੱਬ ਹੀ ਰਾਖਾ ਹੈ,
ਮੇਰੀ ਭਾਸ਼ਾ ਦਾ,
ਰੱਬ ?

ਰੱਬ ਤਾਂ ਆਪ ਪਿਆ ਹੈ ਮਰਨਹਾਰ,
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ,
ਉਸ ਦੀ ਭੁੱਖੀ ਸੰਤਾਨ,
ਗੌਡ ਦੀ ਪਨਾਹ ਵਿੱਚ,
ਮਰ ਰਹੀ ਹੈ ਮੇਰੀ ਭਾਸ਼ਾ,
ਮਰ ਰਹੀ ਹੈ ਬਾਈ ਗੌਡ...!

Sunday, 1 June 2014

ਮੋਮਬੱਤੀਆਂ - ਤਾਰਾ ਸਿੰਘ (1929-1993)


ਕਾਹਨੂੰ ਬਾਲਦੈਂ ਬਨੇਰੇ ’ਤੇ ਮੋਮਬੱਤੀਆਂ
ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ

ਬੂਹੇ ਤੇ ਸ਼ਰਮਿੰਦਗੀ ਦੇ ਦਾਗ਼ ਰਹਿਣ ਦੇ
ਬਦਨਾਮ ਰਾਜਨੀਤੀ ਦੇ ਸੁਰਾਗ਼ ਰਹਿਣ ਦੇ

ਆਉਣ ਵਾਲਿਆਂ ਨੇ ਅੱਜ ਦਾ ਕਸੂਰ ਲੱਭਣਾ
ਇਨ੍ਹਾਂ ਘਰਾਂ ਵਿੱਚ ਬੁਝੇ ਹੋਏ ਚਿਰਾਗ਼ ਰਹਿਣ ਦੇ

ਕਿੱਥੇ ਜਾਏਂਗਾ? ਦਿਸ਼ਾਵਾਂ ਸਭ ਲਹੂ-ਤੱਤੀਆਂ
ਕਾਹਨੂੰ ਬਾਲਦੈਂ ਬਨੇਰਿਆਂ ਤੇ ਮੋਮਬੱਤੀਆਂ

ਸੁੱਚੀ ਰੱਤ ਨਾਲ ਪੋਚੀ ਹੋਈ ਥਾਂ ਰਹਿਣ ਦੇ
ਇਨ੍ਹਾਂ ਕੰਧਾਂ ਉਤੇ ਉਕਰੇ ਹੋਏ ਨਾਂ ਰਹਿਣ ਦੇ

ਕੁਝ ਬੇਕਸੂਰ ਚੀਕਾਂ ਵਾਲੇ ਖੇਤ ਰਹਿਣ ਦੇ
ਕੁਝ ਸਾਜਿਸ਼ਾਂ ਦੇ ਮਾਰੇ ਹੋਏ ਗਿਰਾਂ ਰਹਿਣ ਦੇ

ਐਵੇਂ ਭਾਲ ਨਾ ਖ਼ਿਜ਼ਾਵਾਂ ਵਿੱਚ ਫੁੱਲ-ਪੱਤੀਆਂ
ਅਜੇ ਬਾਲ ਨਾ ਬਨੇਰਿਆਂ ’ਤੇ ਮੋਮਬੱਤੀਆਂ

ਸੂਹਾ ਬੂਰ ਤਲਵਾਰਾਂ ਉਤੋਂ ਝੜ ਜਾਣ ਦੇ
ਗੁੱਸਾ ਥੋਥਿਆਂ ਵਿਚਾਰਾਂ ਉਤੋਂ ਝੜ ਜਾਣ ਦੇ

ਜਿਹੜੇ ਘਰਾਂ ਉਤੇ ਲਹੂ ਦੇ ਨਿਸ਼ਾਨ ਲਿਖੇ ਨੇ
ਉਹ ਨਿਸ਼ਾਨ ਵੀ ਦੀਵਾਰਾਂ ਉਤੋਂ ਝੜ ਜਾਣ ਦੇ

ਕਾਲੀ ਰੁੱਤ ਨੇ ਸੁਗੰਧਾਂ ਕੁੱਲ ਸਾੜ ਘਤੀਆਂ
ਅਜੇ ਬਾਲ ਨਾ ਬਨੇਰਿਆਂ ਤੇ ਤੇ ਮੋਮਬੱਤੀਆਂ

ਜਦੋਂ ਗੱਲ ਤੇ ਦਲੀਲ ਬਲਵਾਨ ਨਾ ਰਹੇ
ਉਦੋਂ ਤੇਗ਼ ਤਲਵਾਰ ਵੀ ਮਿਆਨ ਨਾ ਰਹੇ

ਐਸੀ ਵਗੀ ਏ ਹਵਾ ਅਸੀਂ ਅੱਖੀਂ ਦੇਖਿਆ
ਜਿੰਦ ਜਾਨ ਕਹਿਣ ਵਾਲੇ ਜਿੰਦ ਜਾਨ ਨਾ ਰਹੇ

ਨਹੀਂ ਰੁਕੀਆਂ ਹਵਾਵਾਂ ਅਜੇ ਮਾਣ-ਮਤੀਆਂ
ਅਜੇ ਬਾਲ ਨਾ ਬਨੇਰਿਆਂ ਤੇ ’ਮੋਮਬੱਤੀਆਂ
ਲੰਘ ਜਾਣ ਦੇ ਬਾਜ਼ਾਰਾਂ ’ਚੋਂ ਹਵਾਵਾਂ ਤੱਤੀਆਂ