Sunday, 1 June 2014

ਮੋਮਬੱਤੀਆਂ - ਤਾਰਾ ਸਿੰਘ (1929-1993)


ਕਾਹਨੂੰ ਬਾਲਦੈਂ ਬਨੇਰੇ ’ਤੇ ਮੋਮਬੱਤੀਆਂ
ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ

ਬੂਹੇ ਤੇ ਸ਼ਰਮਿੰਦਗੀ ਦੇ ਦਾਗ਼ ਰਹਿਣ ਦੇ
ਬਦਨਾਮ ਰਾਜਨੀਤੀ ਦੇ ਸੁਰਾਗ਼ ਰਹਿਣ ਦੇ

ਆਉਣ ਵਾਲਿਆਂ ਨੇ ਅੱਜ ਦਾ ਕਸੂਰ ਲੱਭਣਾ
ਇਨ੍ਹਾਂ ਘਰਾਂ ਵਿੱਚ ਬੁਝੇ ਹੋਏ ਚਿਰਾਗ਼ ਰਹਿਣ ਦੇ

ਕਿੱਥੇ ਜਾਏਂਗਾ? ਦਿਸ਼ਾਵਾਂ ਸਭ ਲਹੂ-ਤੱਤੀਆਂ
ਕਾਹਨੂੰ ਬਾਲਦੈਂ ਬਨੇਰਿਆਂ ਤੇ ਮੋਮਬੱਤੀਆਂ

ਸੁੱਚੀ ਰੱਤ ਨਾਲ ਪੋਚੀ ਹੋਈ ਥਾਂ ਰਹਿਣ ਦੇ
ਇਨ੍ਹਾਂ ਕੰਧਾਂ ਉਤੇ ਉਕਰੇ ਹੋਏ ਨਾਂ ਰਹਿਣ ਦੇ

ਕੁਝ ਬੇਕਸੂਰ ਚੀਕਾਂ ਵਾਲੇ ਖੇਤ ਰਹਿਣ ਦੇ
ਕੁਝ ਸਾਜਿਸ਼ਾਂ ਦੇ ਮਾਰੇ ਹੋਏ ਗਿਰਾਂ ਰਹਿਣ ਦੇ

ਐਵੇਂ ਭਾਲ ਨਾ ਖ਼ਿਜ਼ਾਵਾਂ ਵਿੱਚ ਫੁੱਲ-ਪੱਤੀਆਂ
ਅਜੇ ਬਾਲ ਨਾ ਬਨੇਰਿਆਂ ’ਤੇ ਮੋਮਬੱਤੀਆਂ

ਸੂਹਾ ਬੂਰ ਤਲਵਾਰਾਂ ਉਤੋਂ ਝੜ ਜਾਣ ਦੇ
ਗੁੱਸਾ ਥੋਥਿਆਂ ਵਿਚਾਰਾਂ ਉਤੋਂ ਝੜ ਜਾਣ ਦੇ

ਜਿਹੜੇ ਘਰਾਂ ਉਤੇ ਲਹੂ ਦੇ ਨਿਸ਼ਾਨ ਲਿਖੇ ਨੇ
ਉਹ ਨਿਸ਼ਾਨ ਵੀ ਦੀਵਾਰਾਂ ਉਤੋਂ ਝੜ ਜਾਣ ਦੇ

ਕਾਲੀ ਰੁੱਤ ਨੇ ਸੁਗੰਧਾਂ ਕੁੱਲ ਸਾੜ ਘਤੀਆਂ
ਅਜੇ ਬਾਲ ਨਾ ਬਨੇਰਿਆਂ ਤੇ ਤੇ ਮੋਮਬੱਤੀਆਂ

ਜਦੋਂ ਗੱਲ ਤੇ ਦਲੀਲ ਬਲਵਾਨ ਨਾ ਰਹੇ
ਉਦੋਂ ਤੇਗ਼ ਤਲਵਾਰ ਵੀ ਮਿਆਨ ਨਾ ਰਹੇ

ਐਸੀ ਵਗੀ ਏ ਹਵਾ ਅਸੀਂ ਅੱਖੀਂ ਦੇਖਿਆ
ਜਿੰਦ ਜਾਨ ਕਹਿਣ ਵਾਲੇ ਜਿੰਦ ਜਾਨ ਨਾ ਰਹੇ

ਨਹੀਂ ਰੁਕੀਆਂ ਹਵਾਵਾਂ ਅਜੇ ਮਾਣ-ਮਤੀਆਂ
ਅਜੇ ਬਾਲ ਨਾ ਬਨੇਰਿਆਂ ਤੇ ’ਮੋਮਬੱਤੀਆਂ
ਲੰਘ ਜਾਣ ਦੇ ਬਾਜ਼ਾਰਾਂ ’ਚੋਂ ਹਵਾਵਾਂ ਤੱਤੀਆਂ

No comments:

Post a Comment