Wednesday, 4 June 2014

ਮਰ ਰਹੀ ਹੈ ਮੇਰੀ ਭਾਸ਼ਾ - ਸੁਰਜੀਤ ਪਾਤਰ


ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ,
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ,
ਅੰਮ੍ਰਿਤ ਵੇਲਾ,
ਨੂਰ ਪਹਿਰ ਦਾ  ਤੜਕਾ,
ਧੰਮੀ ਵੇਲਾ,
ਪਹੁ-ਫੁਟਾਲਾ,
ਛਾਹ ਵੇਲਾ,
ਸੂਰਜ ਸਵਾ ਨੇਜ਼ੇ,
ਟਿਕੀ ਦੁਪਹਿਰ,

ਲਉਢਾ ਵੇਲਾ,
ਡੀਗਰ ਵੇਲਾ,
ਲੋਏ ਲੋਏ,
ਸੂਰਜ ਖੜੇ ਖੜੇ,
ਤਰਕਾਲਾਂ,
ਡੂੰਘੀਆਂ ਸ਼ਾਮਾਂ,
ਦੀਵਾ ਵੱਟੀ,
ਖਉਪੀਆ,
ਕੌੜਾ ਸੋਤਾ,
ਢੱਲਦੀਆਂ ਖਿੱਤੀਆਂ,
ਤਾਰੇ ਦਾ ਚੜ੍ਹਾਅ,
ਚਿੜੀ ਚੂਕਦੀ ਨਾਲ,
ਸਾਝਰਾ, ਸੁਵੱਖ਼ਤਾ, ਸਰਘੀ ਵੇਲਾ,
ਘੜੀਆਂ ,ਪਹਿਰ,ਬਿੰਦ ,ਪਲ,ਛਿਣ ,ਨਿਮਖ ਵਿਚਾਰੇ,
ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ,
ਸ਼ਾਇਦ ਇਸ ਲਈ,
ਕਿ ਟਾਈਮ ਕੋਲ ਟਾਈਮ-ਪੀਸ ਸੀ,

ਹਰਹਟ ਕੀ ਮਾਲਾ, ਚੰਨੇ ਦਾ ਉਹਲਾ, ਗਾਟੀ ਦੇ ਹੂਟੇ,
ਕਾਂਜਣ, ਨਿਸਾਰ, ਔਲੂ,
ਚੱਕਲੀਆਂ, ਬੂੜੇ ,ਭਰ ਭਰ ਡੁੱਲ੍ਹ ਦੀਆਂ ਟਿੰਡਾਂ,
ਇਹਨਾਂ ਸਭਨਾਂ ਨੇ ਤਾਂ ਰੁੜ੍ਹ ਹੀ ਜਾਣਾ ਸੀ,
ਟਿਊਬ-ਵੈੱਲ ਦੀ ਧਾਰ ਵਿੱਚ,
ਮੈਨੂੰ ਕੋਈ ਹੈਰਾਨੀ ਨਹੀਂ,

ਹੈਰਾਨੀ ਤਾਂ ਇਹ ਹੈ ਕਿ,
ਅੰਮੀ ਤੇ ਅੱਬਾ ਵੀ ਨਹੀਂ ਰਹੇ,
ਬੀਜੀ ਤੇ ਭਾਪਾ ਜੀ ਵੀ ਤੁਰ ਗਏ,
ਦਦੇਸਾਂ ਫਫੇਸਾਂ ਮਮੇਸਾਂ ਦੀ ਗੱਲ ਹੀ ਛੱਡੋ,
ਕਿੰਨੇ ਰਿਸ਼ਤੇ,
ਸਿਰਫ਼ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ,
ਤੇ ਕੱਲ੍ਹ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਵਿਚ ਇਕ ਛੋਟਾ ਜਿਹਾ ਬਾਲ,
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ,
ਹਾਂ ਬੇਟਾ, ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ,
ਮਰ ਰਹੀ ਹੈ ਅਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ,
ਹੁਣ ਤਾਂ ਰੱਬ ਹੀ ਰਾਖਾ ਹੈ,
ਮੇਰੀ ਭਾਸ਼ਾ ਦਾ,
ਰੱਬ ?

ਰੱਬ ਤਾਂ ਆਪ ਪਿਆ ਹੈ ਮਰਨਹਾਰ,
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ,
ਉਸ ਦੀ ਭੁੱਖੀ ਸੰਤਾਨ,
ਗੌਡ ਦੀ ਪਨਾਹ ਵਿੱਚ,
ਮਰ ਰਹੀ ਹੈ ਮੇਰੀ ਭਾਸ਼ਾ,
ਮਰ ਰਹੀ ਹੈ ਬਾਈ ਗੌਡ...!

No comments:

Post a Comment