Monday, 29 December 2014

ਗ਼ਜ਼ਲ - ਸੁਰਜੀਤ ਮੰਡ

ਮਿਲਣ-ਗਿਲਣ ਵੀ ਸਾਡੇ ਵਿਹੜੇ ਆਇਆ ਕਰ।
ਵੋਟਾਂ ਖਾਤਰ ਹੀ ਨਾ ਗੇੜਾ ਲਾਇਆ ਕਰ।

ਹਰ ਵੇਲੇ ਹੀ ਮੱਥਾ ਘੁੱਟੀ ਰੱਖੇਂ ਤੂੰ,
ਕੋਲ ਕਿਸੇ ਦੇ ਅਪਣਾ ਦਰਦ ਸੁਣਾਇਆ ਕਰ।

ਹਾਸੇ, ਖੁਸ਼ੀਆਂ ਤਾਹੀਂ ਘਰ ਵਿੱਚ ਰਹਿਣਗੀਆਂ,
ਨਿੱਤ ਦਿਹਾੜੇ ਨਾ ਤੂੰ ਝੱਜੂ ਪਾਇਆ ਕਰ।

ਤੇਰੀ ਪੀੜਾ ਫਿਰ ਤੈਨੂੰ ਭੁੱਲ ਜਾਵੇਗੀ,
ਥੋੜ੍ਹੀ-ਥੋੜ੍ਹੀ ਸਭ ਦੀ ਪੀੜ ਵੰਡਾਇਆ ਕਰ।

ਬੈਠ ਲਵੀਂ ਕੁਝ ਵਕਤ ਬਜ਼ੁਰਗਾਂ ਕੋਲੇ ਤੂੰ,
ਨਿੱਕੇ ਬੱਚੇ ਨੂੰ ਵੀ ਕੋਲ ਬਿਠਾਇਆ ਕਰ।

ਸਬਰ ਪਿਆਲਾ ਲੋਕਾਂ ਦਾ ਭਰ ਜਾਵੇ ਨਾ,
ਹਰ ਵਾਰੀ ਨਾ ਨੇਤਾ, ਲਾਰਾ ਲਾਇਆ ਕਰ।

ਦਰਦ-ਵਿਹੂਣੇ ਲੋਕਾਂ ਕੋਲੇ ਭੋਰਾ ਵੀ,
ਭੁੱਲ ਕੇ ਤੂੰ ਨਾ ਆਪਣਾ ਜ਼ਖਮ ਦਿਖਾਇਆ ਕਰ।

Saturday, 27 December 2014

ਮਾਂ ਬੋਲੀ ਪੰਜਾਬੀ ਦੀ ਪੁਕਾਰ - ਪਰਮਜੀਤ ਸਿੰਘ ਨਿੱਕੇ ਘੁੰਮਣ

ਮੈਂ ਹਾਂ ਬੋਲੀ ਪੰਜ ਦਰਿਆਵਾਂ ਦੀ
ਨਾਂ ਮੇਰਾ ਪੰਜਾਬੀ।
ਕਰਮਾਂ ਵਾਲੇ ਵੇਲੇ ਵਿੱਚ ਸੀ
ਮੇਰੀ ਸਾਨ ਨਵਾਬੀ।

ਆਇਆ ਸੀ ਇੱਕ ਬਾਬਾ ਨਾਨਕ
ਨਾਲ ਸੀ ਇੱਕ ਰਬਾਬੀ।
ਭੱਟਾਂ, ਭਗਤਾਂ ਰਚ ਲਈ ਬਾਣੀ
‘ਗੁਰਦਾਸ’ ਬਣਾਈ ‘ਚਾਬੀ’।
ਪੂਰਨ, ਮੋਹਨ, ਸ਼ਿਵ ਤੇ ਪ੍ਰੀਤਮ
ਬੀਜੇ ਫੁੱਲ ਗੁਲਾਬੀ।

ਪਾਸ਼, ਭਗਤ ਤੇ ਪਾਤਰ ਨੇ ਵੀ
ਬਲੀ ਚਿਣਗ ਮਤਾਬੀ।
ਮੈਂ ਹੀ ਹਾਂ ਮਲਵਈ ਤੇ ਮਾਝੀ
(ਹੈ) ਮੇਰਾ ਨਾਂ ਦੁਆਬੀ।

ਕੁਝ ਅੰਗ ਸੀ ‘ਸੰਤਾਲੀ’ ਵੱਢੇ
ਕੀਤੀ ਪੱਤ ਖਰਾਬੀ।
ਭੁੱਲ ਗਏ ਹੁਣ ਮੈਨੂੰ, ਢਿੱਡੋਂ ਜਾਏ,
‘ਗਿਟਪਿਟ’ ਕਰਨ ਇਹ ‘ਸਾਹਬੀ’
ਮੇਰੇ ਬੱਚਿਓ! ਜਾਗੋ, ਹੁਣ ਤਾਂ
ਮੋੜੇ ‘ਪਰ-ਸੁਰਖਾਬੀ’
ਹੁਣ ਵੀ ਜੇ ਕਦਰ ਨਾ ਪਾਈ
ਦਿਓਗੇ ਕੀ ਜਵਾਬੀ?

ਦਰ ਸਾਈਂ ਦੇ ਫਿਟਕਾਂ ਪੈ ਸਨ
(ਜੇ) ਰੁਲ੍ਹ ਗਈ ਮਾਂ ਪੰਜਾਬੀ।
ਉਠੋ ਪੁੱਤਰੋ! ਕਸ ਲਓ ਕਮਰਾਂ
ਧਰ ਦਿਓ ਪੈਰ ਰਕਾਬੀਂ।
ਦੱਸੋ ਸਾਰੇ ਜੱਗ ਦੇ ਤਾਈਂ
ਮੇਰੀ ਸ਼ਾਨ ਨਵਾਬੀ।
ਸਾਂਝਾ ਪੰਜਾਬ - ਡਾ. ਰਮੇਸ਼ ਰੰਗੀਲਾ

ਮੈਂ ਸਾਂਝਾ ਪੰਜਾਬ ਬੋਲਦਾਂ, ਮੈਂ ਸਾਂਝਾ ਪੰਜਾਬ
ਯਮਨਾ ਤੋਂ ਸਿੰਧ ਤੱਕ ਮੈਂ ਪਿਆ ਸੁਗੰਧੀਆਂ ਘੋਲਦਾ…।

ਰਿਸ਼ੀਆਂ, ਮੁਨੀਆਂ, ਗੁਰੂਆਂ ਮੈਨੂੰ ਲਿਪੀਆਂ ਨਾਲ ਸਿੰਗਾਰਿਆ
ਨਾਥਾਂ ਜੋਗੀਆਂ ਮੱਥਾ ਮੇਰਾ ਸਾਹਿਤ ਨਾਲ ਸ਼ਿੰਗਾਰਿਆ

ਵਾਰਿਸ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਨੂੰ ਫਿਰਦਾ ਮੈਂ ਟੋਲਦਾ…।
ਮੇਰਾ ਤਾਂ ਉਹ ਖੂਨ ਨਹੀਂ ਸੀ, ਜਿਸ ਨੇ ਮੈਨੂੰ ਵੰਡਿਆ

ਆਪੋ ਵਿੱਚ ਥੋਨੂੰ ਕਤਲ ਕਰਾ ਕੇ ਕੁਝ ਨੂੰ ਸੂਲੀ ਟੰਗਿਆ
ਸੰਨ ਸੰਤਾਲੀ ਤੋਂ ਅੱਜ ਤੱਕ ਮੈਂ ਪਿਆ ਹੰਝੂ ਡੋਲ੍ਹਦਾ…।

ਆਸ ਕਰਦਾਂ ਮੈਂ ਪੰਜਾਬੀ ਫੇਰ ‘ਕੱਠੇ ਬਹਿਣਗੇ
ਰਾਮ ਰਹੀਮ ਇੱਕ ਤੇ ਨਾਨਕ ਨੂੰ ਸਾਂਝਾ ਕਹਿਣਗੇ

ਮੈਂ ਮੁਹੱਬਤਾਂ ਦੀ ਵਾਰਸੋ ਪਿਆ ਕਿਤਾਬ ਖੋਲ੍ਹਦਾ…।
ਨੇਤਾਵਾਂ ਨਕਸ਼ਾ ਜੋ ਬਣਾਇਆ ਇਹ ਮੈਨੂੰ ਪ੍ਰਵਾਨ ਨਹੀਂ

ਮਾਂ ਬੋਲੀ ਨੂੰ ਬੋਲੋ ਜੋ ਨਾ ਬਣਦਾ ਉਹ ਮਹਾਨ ਨਹੀਂ
ਮੈਂ ‘ਰੰਗੀਲੇ’ ਤੋੋਂ ਏਕਤਾ ਦੀ ਆਸ ਪਿਆ ਟੋਲਦਾ…।

Friday, 26 December 2014

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ :
*** ਲਾਲਾਂ ਦੀ ਕੁਰਬਾਨੀ *** -  ਰਾਕੇਸ਼ ਵਰਮਾ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ,ਧੰਨ ਪਰਿਵਾਰ ਜੀ ਤੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਮੈਂ ਪੜ੍ਹਿਐ ਵਿੱਚ ਇਤਹਾਸ, 1704 ਦਾ ਸਾਕਾ ,
6-7 ਪੋਹ ਦੀ ਕਾਲੀ ਰਾਤ ਦਾ ਓਹ ਖੂਨੀ ਵਾਅਕਾ !
ਕਿਲਾ ਆਨੰਦਗੜ੍ਹ ਵੱਲ ਨੂੰ ਲੱਖਾਂ ਮੁਗਲ ਚੜ੍ਹ ਆਏ ,
ਤੁਸੀਂ ਹੁਕਮ ਸਿੰਘਾਂ ਦਾ ਮੰਨ ਕੇ ਉਥੋਂ ਚਾਲੇ ਪਾਏ !
ਰਾਹ ਵਿਚ ਆਈ ਮੁਗਲਾਂ ਦੀ ਹਰ ਧੌਣ ਉਡਾਉਂਦੇ ,
ਚਾਰੇ ਸਾਹਿਬਜਾਦੇ ਤੁਰ ਪਏ , ਜੈਕਾਰੇ ਲਾਉਂਦੇ ...!!
ਤੇਰੀਆਂ ਪੈੜਾਂ ਉੱਤੇ ਤੁਰਦਿਆਂ ਓਹਨਾ ਤੋੜਿਆ ਘੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਜਦੋਂ ਕੀਰਤਪੁਰ ਨੂੰ ਲੰਘ ਕੇ ਸਰਸਾ ਵੱਲ ਆਏ ,
ਉਦੋਂ ਸੱਚੇ ਪਾਤਸ਼ਾਹ ਹੋਣੀ ਨੇ ਨਵੇਂ ਰੰਗ ਵਿਖਾਏ !
ਕਾਲੀ- ਬੋਲੀ- ਰਾਤ ਨਦੀ ਦਾ ਜਲ ਬਰਫੀਲਾ ,
ਪਾਰ ਕਰਨ ਦਾ ਐਪਰ ਨਾ ਕੋਈ ਬਣੇ ਵਸੀਲਾ !
ਛੋਟੇ ਸਾਹਿਬਜ਼ਾਦਿਆਂ ਫੇਰ ਵੀ ਦਮ ਦਿਖਾਇਆ ,
ਫੜ੍ਹ ਦਾਦੀ ਦਾ ਪੱਲਾ ਇੱਕ ਜੈਕਾਰਾ ਲਾਇਆ ...!!
ਵਿੱਛੜ ਗਿਆ ਪਰਿਵਾਰ ਤੇ ਹੋਇਆ ਦੁੱਖ ਘਨੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਵਿਚ ਗੜ੍ਹੀ ਚਮਕੌਰ ਦੇ ਤੁਸੀਂ ਕੀਤਾ ਵਾਸਾ ,
ਚਾਲੀ ਸਿੰਘਾਂ ਦੀ ਫੌਜ਼ ਨੂੰ ਦਿੱਤਾ ਧਰਵਾਸਾ !
ਮੁਗਲਾਂ ਨੇ ਜਦੋਂ ਰਾਤ ਨੂੰ ਆਣ ਤਰਥੱਲ ਮਚਾਇਆ ,
ਤੁਸੀਂ ਸਿੰਘਾਂ ਨੂੰ ਵੰਡ ਢਾਣੀਆਂ ਵਿੱਚ ਪਹਿਰਾ ਲਾਇਆ !
ਸਾਹਿਬਜ਼ਾਦੇ ਅਜੀਤ ਸਿਓਂ ਨੇ ਇਓਂ ਤੇਗ ਚਲਾਈ ,
ਮੁਗਲਾਂ ਦੇ ਕਰ ਡੱਕਰੇ ਮੌਤ ਨੂੰ ਫਤਿਹ ਬੁਲਾਈ ...!!!
ਜਿੰਦ ਕੌਮ ਦੇ ਲੇਖੇ ਲਾ ਗਿਆ ਫ਼ਰਜੰਦ ਵਡੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਵੱਡੇ ਵੀਰ ਤੇ ਵਰਤਿਆ ਵੇਖ ਕੁਦਰਤ ਦਾ ਭਾਣਾ ,
ਜੁਝਾਰ ਸਿੰਘ ਵੀ ਤੁਰ ਪਿਆ ਕੱਸ ਜੰਗੀ ਬਾਣਾ !
ਓਹਦੀ ਘੋੜੀ ਰੋਹ ਵਿਚ ਆਣ ਕੇ, ਜਿੱਧਰ ਨੂੰ ਜਾਵੇ ,
ਜੁਝਾਰ ਸਿੰਘ ਦਾ ਨੇਜਾ ਇੱਕ ਸਿਰ ਟੰਗ ਲਿਆਵੇ !
ਤੇਰੇ ਥਾਪੇ ਸਿੰਘਾਂ ਪਿਆਰਿਆਂ, ਵੀ ਜ਼ੌਹਰ ਵਿਖਾਇਆ ,
ਓਹਨਾ ਪਾਰ ਬੁਲਾ ਕੇ ਮੁਗਲਾਂ ਨੂੰ ਜੈਕਾਰਾ ਲਾਇਆ ..!!
ਅਜੀਤ ਵਾਂਗ ਹੀ ਜੂਝਿਆ, ਪੁੱਤ ਜੁਝਾਰ ਵੀ ਤੇਰਾ ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ , ਸਿਰ ਝੁਕਦਾ ਮੇਰਾ ..!!

ਓਧਰ ਬੈਠੀ ਠੰਡੇ ਬੁਰਜ਼ ਵਿਚ ਪਈ ਬਾਤਾਂ ਪਾਵੇ ,
ਮਾਤਾ ਗੁਜਰੀ ਪੋਤਰਿਆਂ ਦਾ ਦਿਲ ਬਹਿਲਾਵੇ !
ਦਾਦੀ ਦੀ ਬੁੱਕਲ ਵਿਚ ਬੈਠੇ ਭੁੱਖਣ – ਭਾਣੇ,
ਦੋ ਜ਼ਹਾਨ ਦੇ ਵਾਲੀ ਦੇ , ਦੋ ਬਾਲ ਅੰਞਾਣੇ !
ਜੋਰਾਵਰ ਤੇ ਫਤਿਹ ਸਿੰਘ ਨਾ ਭੋਰਾ ਘਬਰਾਵਣ,
ਜਿਓਂ ਜਿਓਂ ਵਧ ਦੀ ਠੰਡ ਪਏ ਜੈਕਾਰੇ ਲਾਵਣ.. !
ਸਬਰ-ਸਿਦਕ ਦੇ ਨਾਲ ,ਦੋਹਾਂ ਦਾ ਦਗਦਾ ਚਿਹਰਾ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਵੱਖ ਵੱਖ ਦਿੱਤੇ ਲਾਲਚ ਤੇ ਬਹੁਤੇਰਾ ਧਮਕਾਇਆ ,
ਪਰ ਨਾ ਜੋਰਾਵਰ ਨਾ ਫਤਿਹ ਸਿੰਘ ਨੇ ਸੀਸ ਝੁਕਾਇਆ !
ਸੂਬਾ ਸਰਹੰਦ ਨੇ ਤਿੰਨ ਦਿਨ ਕੂੜ- ਕਚਿਹਰੀ ਲਾਈ ,
ਅਤੇ ਸਾਹਿਬਜ਼ਾਦਿਆਂ ਲਈ ਮੌਤ ਦੀ ਸਜਾ ਸੁਣਾਈ !
ਮਲੇਰਕੋਟੀਏ ਨਵਾਬ ਮਾਰਿਆ ਹਾਅ ਦਾ ਨਾਅਰਾ,
ਤੇਰੇ ਪੁੱਤਰਾਂ ਨੇ ਦੀਵਾਰ ‘ਚੋ ਛੱਡਿਆ ਜੈਕਾਰਾ ..!!
ਸਿਰ ਦਿੱਤਾ ਈਨ ਨਾ ਮੰਨੀ, ਧੰਨ ਬਾਲਾਂ ਦਾ ਜੇਰਾ,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

ਤੇਰੇ ਚਾਰੋਂ ਸਾਹਿਬਜਾਦੇ ਇੰਝ ਸ਼ਹੀਦੀ ਪਾ ਗਏ ,
ਦਸਮ ਪਿਤਾ ਓਹ ਜੱਗ ‘ਚ ਤੇਰਾ ਨਾ ਰੁਸ਼ਨਾ ਗਏ !
ਆਓ ਓਹਨਾ ਦੇ ਜੀਵਨ ਤੋਂ ਕੁਝ ਸਿਖਿਆ ਖੱਟੀਏ ,
ਜੇ ਦੇਣੀ ਪਏ ਕੁਰਬਾਨੀ ਕਦੇ ਨਾ ਪਾਸਾ ਵੱਟੀਏ !
ਦਸਮ ਪਿਤਾ ਦੇ ਪੁੱਤਰਾਂ ਨੂੰ ਆਦਰਸ਼ ਬਣਾਈਏ ,
ਆਓ ਇੱਕ ਵਾਰ ਗੱਜ ਕੇ ਫਿਰ ਫਤਿਹ ਬੁਲਾਈਏ ..!!
ਪੁੱਤ ਵਾਰ ਪਿਤਾ ਨੇ ਉਚਰਿਆ ‘ਭਾਣਾ ਮੀਠਾ ਲਾਗੇ ਤੇਰਾ’,
ਤੇਰੇ ਲਾਲਾਂ ਦੀ ਕੁਰਬਾਨੀ ਵੇਖ ਸਿਰ ਝੁਕਦਾ ਮੇਰਾ ..!!

Wednesday, 24 December 2014


ਗ਼ਜ਼ਲ - ਧਨਵੰਤ ਸਿੰਘ ਗੁਰਾਇਆ

ਕਰ ਕਰਕੇ ਕੌਲ ਕਰਾਰ, ਮੁਕਰਨਾ ਠੀਕ ਨਹੀਂ।
ਲਾਕੇ ਤੋੜ ਨਿਭਾਈਏ, ਵਰਨਾ ਠੀਕ ਨਹੀਂ।

ਜਿ ਭਰੋਸਾ ਹੈਨੀ ਕਚਿਆਂ ਘੜਿਆਂ ਦੇ ਉੱਤੇ
ਤੂੰ ਰਹਿ ਕੰਢੇ ਤੇ ਬੈਠਾ, ਤਰਨਾ ਠੀਕ ਨਹੀਂ।

ਰੱਖੇਗਾਂ ਵਿਸ਼ਵਾਸ ਮਲਾਹ ਦੇ ਉੱਪਰ ਜੇਕਰ 
ਬੇੜੀ ਹੋਵੇਗੀ ਪਾਰ ਕਿ ਡਰਨਾ ਠੀਕ ਨਹੀਂ।

ਹਕ ਅਪਣੇ ਦੀ ਖ਼ਾਤਿਰ ਤਾਂ ਲੜਨਾ ਬਣਦਾ ਹੈ
ਜੇ ਹੋਵੇ ਧੱਕੇ-ਸ਼ਾਹੀ , ਜਰਨਾ ਠੀਕ ਨਹੀਂ।

ਖਾਲੀ ਨੇ ਜਾਮ ਜਿਨਾਂ ਦੇ ਤਕ ਲੈ ਓਧਰ ਵੀ 
ਉੱਤੋਂ ਤਕ ਭਰਿਆਂ ਨੂੰ ਹੀ ਭਰਨਾ ਠੀਕ ਨਹੀਂ।

ਆਕੇ ਆਖੋ ਜੋ ਵੀ ਕਹਿਣਾ ਇ ਪਰ੍ਹੇ ਦੇ ਵਿਚ 
ਓਹਲੇ ਓਹਲੇ ਤਾਂ ਗੱਲਾਂ ਕਰਨਾ ਠੀਕ ਨਹੀਂ।

ਰੁੱਖ -  ਨਿਸ਼ਾਨ ਸਿੰਘ ਰਾਠੌਰ

ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ
ਅੱਜ ਬੋਲਣ ਨੂੰ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਕਦੇ ਧਰਤੀ ਤੇ ਹਰਿਆਲੀ ਸੀ
ਸੂਰਜ ਦੀ ਮੱਠੀ ਲਾਲੀ ਸੀ
ਜਦ ਜੰਗਲਾਂ ਵਿੱਚ ਤੂੰ ਆ ਵੜਿਆ
ਤੇ’ਹੱਥ ਕੁਹਾੜਾ ਤੂੰ ਫੜਿਆ
ਅੱਖੀਆਂ ਤੋਂ ਅੱਥਰੂ ਵਹਿੰਦੇ ਨੇ
ਜਦ ਕੋਈ ਵੀ ਸਾਥੀ ਮਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਕਦੇ ਪੰਛੀ ਪਾਉਂਦੇ ਬਾਤਾਂ ਸੀ
ਕਦੇ ਲੰਮੀਆਂ ਹੁੰਦੀਆਂ ਰਾਤਾਂ ਸੀ
ਕੀ ਗੱਲ ਕਰਾਂ ਮੈਂ ਰਾਤਾਂ ਦੀ
ਮੁੱਕ ਗਈ ਕਹਾਣੀ ਬਾਤਾਂ ਦੀ
ਚੰਨ ਵੀ ਦੁਹਾਈ ਪਾਉਂਦਾ ਏ
ਤੂੰ ਕੀ ਕਰਦੈਂ ਤੂੰ ਕੀ ਕਰਦੈਂ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਕੱਟ ਕੱਟ ਵਿਛਾਈਆਂ ਲਾਸ਼ਾਂ ਨੇ
ਪਰ ਦਿਲ ਵਿੱਚ ਸਾਡੇ ਆਸਾਂ ਨੇ
ਆਸਾਂ ਨਾ ਕਿੱਧਰੇ ਟੁੱਟ ਜਾਵਣ
ਇਹੋ ਰੱਬ ਅੱਗੇ ਅਰਦਾਸਾਂ ਨੇ
ਕਿਤੇ ਤੈਨੂੰ ਵੀ ਸੋਝੀ ਆ ਜਾਵੇ
ਅਰਦਾਸ ਕਰਾਂ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ
ਅੱਜ ਬੋਲਣ ਨੂੰ ਮੇਰਾ ਜੀਅ ਕਰਦੈ
ਐ ਕਲਜੁੱਗ ਦੇ ਇਨਸਾਨਾਂ ਵੇ
ਤੇਰੇ ਭੇਦ ਖੋਲਣ ਨੂੰ ਜੀਅ ਕਰਦੈ

ਪੰਜਾਬੀਏ – ਓਮਕਾਰ ਸੂਦ ਬਹੋਨਾ

ਸਾਡੇ ਦਿਲਾਂ ਵਿਚ ਤੂੰ ਹੀ ਤੂੰ ਨੀ ਪੰਜਾਬੀਏ!
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!

ਜਿਹੜੇ ਤੈਥੋਂ ਬੇਮੁਖ ਹੋਏ ਦੁੱਖ ਪਾਉਣਗੇ।
ਅੱਖਾਂ ’ਚ ਘਸੁੰਨ ਦੇ ਕੇ ਇਕ ਦਿਨ ਰੋਣਗੇ।
ਉਨ੍ਹਾਂ ਦੀ ਨਾ ਮਿਲੂ ਕਦੇ ਸੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!

ਡਰ ਤੈਨੂੰ ਕਾਹਦਾ ਤੂੰ ਤਾਂ ਸਾਡੇ ਨੈਣੀ ਵੱਸਦੀ।
ਸਾਡੀ ਪਛਾਣ ਸਾਰੀ ਦੁਨੀਆਂ ਨੂੰ ਦੱਸਦੀ।
ਸਾਰੀ ਦੁਨੀਆਂ ਏ ਤੇਰੀ ਜੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!

ਤੇਰਿਆਂ ਸਾਹਾਂ ਦੇ ਵਿਚ ਸਾਹ ਸਾਡੇ ਵੱਸਦੇ।
ਤੇਰੀ ਖੁਸ਼ਹਾਲੀ ਵੇਖ ਅਸੀਂ ਸਾਰੇ ਨੱਚਦੇ।
ਤੇਰੇ ਵੈਰੀਆਂ ਨੂੰ ਨੈਣਾਂ ਧੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ  ਰੂਹ ਨੀ ਪੰਜਾਬੀਏ!!…

ਦੇਸ ਪੰਜਾਬ, ਹਰਿਆਣਾ, ਸਾਰਾ ਦੇਸ ਨੀ।
ਵੱਸਦੀ ਰਵ੍ਹੇਂਗੀ ਵਿਚ ਦੇਸ-ਪ੍ਰਦੇਸ ਨੀ।
ਗ਼ੈਰ ਕਿੰਨੇ ਪੁੱਟ ਲੈਣ ਖੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!…

ਲਾਡਲੇ ਪੰਜਾਬੀ ਸਦਾ ਸੱਚੇ ਦਿਲੋਂ ਨਾਲ ਨੀ।
ਤੈਨੂੰ ਜਿਨ੍ਹਾਂ ਰੱਖਣਾ ਏ ਦਿਲਾਂ ’ਚ ਸੰਭਾਲ ਨੀ।
ਵੈਰੀਆਂ ਦੇ ਦਿਲ ਦੇਣੇ ਲੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!…

Tuesday, 23 December 2014

ਦੋਹੇ ਫੇਸ-ਬੁੱਕ • ਅਮਰ ਸੂਫ਼ੀ

ਗਲ ਸੁਣ ਭੈਣੇ ਮੇਰੀਏ, ਸੁਣੀਂ, ਸੁਣਾਵਾਂ ਗੱਲ |
ਹਾਂ ਡਾਢੀ ਤਕਲੀਫ਼ ਵਿਚ, ਲੱਭੇ ਨਾ ਕੋਈ ਹੱਲ |

ਸੌਾਕਣ ਮੇਰੀ ਜੰਮ ਪਈ, ਚੰਦਰੀ ਫੇਸ-ਬੁੱਕ |
ਸਾਰਾ ਦਿਨ ਰਹੇ ਲੱਗਿਆ, ਬੂਥੀ ਗਈ ਹੈ ਸੁੱਕ |

ਬੈਠਾ ਰਹਿੰਦਾ ਏਦਾਂ ਜਿਉਾ ਭਾਈ ਲਾਵੇ ਰੌਲ |
'ਵਾਜ਼ਾਂ ਮਾਰ ਕੇ ਹੰਭ ਗਈ, ਗੱਲ ਰਿਹਾ ਨਾ ਗ਼ੌਲ |

ਜਿਸ ਬਣਾਈ ਚੰਦਰੀ, ਪਿੱਟਾਂ ਉਸ ਦੇ ਪੁੱਤ |
ਕਹਿੰਦਾ ਹੈ ਵਿਗਿਆਨ ਦੀ, ਖੋਜ ਬੜੀ ਅਦਭੁੱਤ |

ਸਾਰਾ ਦਿਨ ਰਹੇ ਵਿਹਲਾ, ਕਰਦਾ ਨਾ ਕੋਈ ਕੰਮ |
ਲੈਪਟੌਪ ਜਿਹਾ ਲੈ ਕੇ, ਇਕ ਥਾਂ ਬਹਿਜੇ ਜੰਮ |

ਕਿਸੇ ਕੁੜੀ ਦੇ ਨਾਲ ਉਹ, ਕਰਦਾ ਰਹਿੰਦਾ ਚੈਟ |
ਲਿਖਦੈ ਅੰਗਰੇਜ਼ੀ ਵਿਚ ਉਹ, ਇਜ਼, ਦਿਸ ਜਾਂ ਦੈਟ |

ਸਾਰਾ ਦਿਨ ਹੀ 'ਚੂਹੇ' 'ਤੇ, ਰੱਖੀਂ ਰੱਖੇ ਹੱਥ |
ਅੰਦਰ ਵੜ ਕੇ ਬਹਿ ਰਹੇ, ਸੁੰਨੀ ਦਿਸਦੀ ਸੱਥ |

ਆਪੇ ਹੱਸੀ ਜਾਂਵਦਾ, ਕਈ ਤਸਵੀਰਾਂ ਤੱਕ |
ਮੈਂ ਤਾਂ ਭੈਣੇ ਮੇਰੀਏ, ਗਈ ਹਾਂ ਇਸ ਤੋਂ ਅੱਕ |

ਲੈਪਟੌਪ ਨੂੰ ਦਿਲ ਕਰੇ, ਲਾ ਦੇਵਾਂ ਮੈਂ ਅੱਗ |
ਸੋਚ ਲਵਾਂ ਫਿਰ ਆਪ ਹੀ, ਕੀ ਆਖੂਗਾ ਜੱਗ |

ਸੌਣ ਪੈਣ ਦੇ ਵੇਲੇ ਵੀ, ਖੋਲ੍ਹੀ ਰੱਖੇ ਨੈੱਟ |
ਜਾਦੂ-ਮੰਤਰ ਦਸ ਕੋਈ, ਕਰਾਂ ਏਸ ਨੂੰ ਸੈੱਟ |

ਤੂੰ ਦਸ ਭੈਣੇ ਮੇਰੀਏ! ਇਸ ਦਾ ਕੋਈ ਹੱਲ |
ਢਿੱਡ 'ਚ ਰੱਖੀਂ, ਕਰੀਂ ਨਾ 'ਸੂਫ਼ੀ' ਕੋਲੇ ਗੱਲ |

Thursday, 11 December 2014

ਕੋਈ ਪਤਾ ਨਹੀਂ -  ਜਗਜੀਤ ਸਿੰਘ ਪਿਆਸਾ 
Koyi Pata Nahi - Jagjit Singh Piasa

ਕੋਈ ਪਤਾ ਨਹੀਂ ਕਿਸ ਬੰਦੇ ਨੇ , ਕਿੱਥੇ ਰਹਿਣਾ ਬਹਿਣਾ ਹੈ |
ਕਿਸ ਨੂੰ ਖੁਸ਼ੀਆਂ ਦੇਣੀਆਂ ਨੇ , ਤੇ ਕਿਸ ਦੇ ਗਮ ਨੂੰ ਸਹਿਣਾ ਹੈ |

ਚਿੱਤ ਹਲੀਮੀ ਰੱਖ ਸੱਜਣਾ , ਜੇ ਤੂੰ ਰੱਬ ਨੂੰ ਪਾਉਣਾ ਹੈ ,
ਉਹੀਉ "ਅੰਗਦ" ਬਣ ਸਕਦਾ ਹੈ ,ਜਿਸ ਦੇ ਅੰਦਰ "ਲਹਿਣਾ" ਹੈ |

ਮਿਸ਼ਰੀ ਵਰਗੇ ਬੋਲ ਸਦਾ , ਪਿਆਰ ਦੀ ਤੱਕੜੀ ਤੋਲ ਸਦਾ , 
ਚੁੰਨੀ ਸਿਰ ਤੇ ਅੱਖ ਹਯਾ , ਇਹ ਔਰਤ ਦਾ ਗਹਿਣਾ ਹੈ |

ਉਮਰਾਂ ਦੀਆਂ ਰੱਖ ਮੁਨਿਆਦਾਂ ,ਜਿਹੜੇ ਮਹਿਲ ਉਸਾਰੇੰ ਤੂੰ ,
ਅਗਲੇ ਪਲ ਦੀ ਖਬਰ ਨਾ ਤੈਨੂੰ , ਤੂੰ ਵੀ ਆਖਿਰ ਢਹਿਣਾ ਹੈ |

Tuesday, 2 December 2014

Satnam Singh Boparai

ਹੁਣ ਸਮਝ ਆਇਆ 'ਫ਼ਸਾਨਾ ਪਿਆਰ ਦਾ,
ਦਿਲ ਮੇਰਾ ਬਸ ਸੀ ਨਿਸ਼ਾਨਾ ਯਾਰ ਦਾ !!


ਇਸ ਅਦਾ ਨਾਲ, ਉਹ ਮੈਨੂੰ ਆਪਣਾ ਕਹੇ,
ਕਿ ਭੇਦ ਨਾ ਪਾਵਾਂ ਉਸਦੇ ਇਜਹਾਰ ਦਾ !!


ਹਉਕਾ ਬਣ ਕੇ ਰਹਿ ਗਈ ਹਰ ਆਰਜੂ,
ਇਹ ਕਰਿਸ਼ਮਾ ਹੈ ਉਹਦੇ ਇਕਰਾਰ ਦਾ!!


ਮੈਂ ਫ਼ਕ਼ਤ ਤਸਵੀਰ ਬਣ ਕੇ ਰਹਿ ਗਿਆਂ,
ਸ਼ਹਿਰ ਵਿੱਚ ਚਰਚਾ ਹੈ ਬਸ ਫ਼ਨਕਾਰ ਦਾ!!


ਉਮਰ ਭਰ ਦੇ ਗਮ ਉਹ ਝੋਲੀ ਪਾ ਗਿਆ,
ਇਹ ਕਰਮ ਹੋਇਆ, ਮੇਰੇ ਦਿਲਦਾਰ ਦਾ !!


ਹਾਸਿਲ ਮੇਰੇ ਸਫ਼ਰ ਦਾ........ ਰਸਤੇ ਰਹੇ,
ਸ਼ੌਕ ਆਪਣੇ ਤੋਂ .........ਰਿਹਾਂ ਖੁਦ ਹਾਰਦਾ !!

Monday, 1 December 2014

ਗ਼ਜ਼ਲ - ਕਮਰ ਉਜ਼ ਜਮਾਂ
Ghazal - Qamar Uz Zaman

ਸੱਚੇ ਝੂਠ ਮੁਕਾ ਜਾਂਦੇ ਨੇਂ
ਸ਼ੀਸ਼ੇ ਪੱਥਰ ਖਾ ਜਾਂਦੇ ਨੇਂ

ਜਿਹੜੇ ਪਹਿਲੋਂ ਕਾਅਬਾ ਕਹਿੰਦੇ 
ਓਹੋ ਮੁੱਖ ਪਰਤਾ ਜਾਂਦੇ ਨੇਂ

ਦਿਲ ਦੇ ਟੋਟੇ ਚੁਗਦਾ ਰਹਿਣਾਂ
ਗੁਜੀਆਂ ਸੱਟਾਂ ਲਾ ਜਾਂਦੇ ਨੇਂ

ਜਿੱਥੇ ਹੱਥ ਵਿਖਾ ਬਹਿਨਾਂ ਵਾਂ
ਓਹੋ ਹੱਥ ਵਿਖਾ ਜਾਂਦੇ ਨੇਂ

ਜੀਂਦੇ ਦੀ ਕੋਈ ਸਾਰ ਨਹੀਂ ਪੁੱਛਦਾ
ਮੋਏ ਚੇਤੇ ਆ ਜਾਂਦੇ ਨੇਂ

ਹੰਝੂ ਮੈਨੂੰ ਕੁੱਝ ਨਹੀਂ ਕਹਿੰਦੇ
ਅੱਖਾਂ ਨੂੰ ਤੜਪਾ ਜਾਂਦੇ ਨੇਂ

ਯਾਰ ਕਮਰ ਜੀ ਜਾਂਦੀ ਵਾਰੀ
ਮੂੰਹ ਨੂੰ ਜੰਦਰੇ ਲਾ ਜਾਂਦੇ ਨੇਂ