Friday, 9 October 2015


ਦਰਸ਼ਨ ਬਰਸਾਓਂ 

ਗੋਰੀ ਪਲਟਣ ਤੁਰ ਗਈ ਸੀ ਫਿਰ ਭੂਰੇ ਆ ਗਏ,
ਜੜਾਂ ਕੁਤਰ ਕੇ ਦੇਸ ਦੀਆਂ ਘੁਣ ਵਾਂਗਰ ਖਾ ਗਏ। 

ਆਪਣੀਆਂ ਜੇਬਾਂ ਭਰ ਲਈਆਂ ਸਾਡੇ ਖਾਲੀ ਗੀਝੇ,
ਜਵਾਨੀ ਰੁਲ਼ਣ ਤੋਂ ਡਰਦੀ ਲਗਵਾ ਗਈ ਵੀਜ਼ੇ। 

ਜਿਹੜੇ ਗੱਭਰੂ ਪੰਜਾਬ ਚ' ਉਹ ਵੀ ਖਾ ਲਏ ਚਿੱਟੇ,
ਮਰ ਜਾਣ ਥੋਡੇ ਵੀ ਪੁੱਤ ਵੇ, ਥੋਨੂੰ ਹਰ ਮਾਂ ਪਿੱਟੇ। 

ਕਈ ਇਨਸਾਫ ਉਡੀਕਦੇ ਝੁਰਦੇ ਹੋਏ ਖੁਰ ਗਏ,
ਥੋਡੇ ਕਰਕੇ ਤਖਤ ਢਹਾ ਲਿਆ ਕਿੰਨੇ ਸੂਰੇ ਤੁਰ ਗਏ। 

ਐਨਾ ਪੈਸਾ ਖਾਕੇ ਵੀ ਥੋਡੀ ਸ਼ਾਂਤ ਨਾ ਗੋਗੜ,
ਝੰਭੇ ਪਿੰਡੇ ਸੇਕਦਿਆਂ ਸਾਡਾ ਮੁੱਕ ਗਿਆ ਲੋਗੜ। 

ਹੁਣ ਇਜ਼ੱਤ ਨੂੰ ਹੱਥ ਪਾਉਂਦੇ ਨੇ ਥੋਡੇ ਪਾਲ਼ੇ ਕੁੱਤੇ,
ਕਰਦੇ ਰਾਖੀ ਟੁਰ ਗਏ ਪਿਓ ਡੋਲੀ ਤੋਰਨ ਰੁੱਤੇ। 

ਚੇਤੇ ਰੱਖਦਿਆਂ ਮੌਤ ਵੀ ਬਾਹਲਾ ਦੁੱਖ ਨਾ ਦੇਂਦੀ,
ਭੁੱਲ ਜਾਣ ਤੇ ਅਚਨਚੇਤ ਹੈ ਪੈਂਦ ਆ ਬਹਿੰਦੀ। 

ਸ਼ਾਇਦ ਵੇਲ਼ਾ ਆ ਗਿਆ ਥੋਡੀ ਭਰ ਗਈ ਗਾਗਰ,
ਨੀਲੀ ਲਾਹ ਕੇ ਕੇਸਰੀ ਬੰਨ ਲਈ ਹੁਣ ਸਿੰਘ ਨਾਜਰ। 

Sunday, 13 September 2015

ਮਰ ਰਹੀ ਹੈ ਮੇਰੀ ਭਾਸ਼ਾ – ਸੁਰਜੀਤ ਪਾਤਰ


1
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
ਅੰਮ੍ਰਿਤ ਵੇਲਾ
ਨੂਰ ਪਹਿਰ ਦਾ ਤੜਕਾ
ਧੰਮੀ ਵੇਲਾ
ਪਹੁ-ਫੁਟਾਲਾ
ਛਾਹ ਵੇਲਾ
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ
ਲਉਢਾ ਵੇਲਾ
ਡੀਗਰ ਵੇਲਾ
ਲੋਏ ਲੋਏ
ਸੂਰਜ ਖੜੇ ਖੜੇ
ਤਰਕਾਲਾਂ
ਡੂੰਘੀਆਂ ਸ਼ਾਮਾਂ
ਦੀਵਾ ਵੱਟੀ
ਖਉਪੀਆ
ਕੌੜਾ ਸੋਤਾ
ਢੱਲਦੀਆਂ ਖਿੱਤੀਆਂ
ਤਾਰੇ ਦਾ ਚੜ੍ਹਾਅ
ਚਿੜੀ ਚੂਕਦੀ ਨਾਲ ਸਾਝਰਾ ,
ਸੁਵਖ਼ਤਾ ,
ਸਰਘੀ ਵੇਲਾ
ਘੜੀਆਂ ,ਪਹਿਰ,ਬਿੰਦ ,ਪਲ,ਛਿਣ ,ਨਿਮਖ
ਵਿਚਾਰੇ ਮਾਰੇ ਗਏ
ਇਕੱਲੇ ਟਾਈਮ ਹੱਥੋਂ
ਇਹ ਸ਼ਬਦ ਸਾਰੇ
ਸ਼ਾਇਦ ਇਸ ਲਈ
ਕਿ ਟਾਈਮ ਕੋਲ ਟਾਈਮ-ਪੀਸ ਸੀ
ਹਰਹਟ ਕੀ ਮਾਲਾ ,
ਚੰਨੇ ਦਾ ਉਹਲਾ ,
ਗਾਟੀ ਦੇ ਹੂਟੇ
ਕਾਂਜਣ ,ਨਿਸਾਰ ,ਔਲੂ
ਚੱਕਲੀਆਂ ,ਬੂੜੇ ,ਭਰ ਭਰ ਡੁੱਲ੍ਹ ਦੀਆਂ ਟਿੰਡਾਂ
ਇਹਨਾਂ ਸਭਨਾਂ ਨੇ ਤਾਂ ਰੁੜ੍ਹ ਹੀ ਜਾਣਾ ਸੀ
ਟਿਊਬ-ਵੈੱਲ ਦੀ ਧਾਰ ਵਿਚ
ਮੈਨੂੰ ਕੋਈ ਹੈਰਾਨੀ ਨਹੀਂ
ਹੈਰਾਨੀ ਤਾਂ ਇਹ ਹੈ ਕਿ
ਅੰਮੀ ਤੇ ਅੱਬਾ ਵੀ ਨਹੀਂ ਰਹੇ
ਬੀਜੀ ਤੇ ਭਾਪਾ ਜੀ ਵੀ ਤੁਰ ਗਏ
ਦਦੇਸਾਂ ਫਫੇਸਾਂ ਮਮੇਸਾਂ ਦੀ ਗੱਲ ਹੀ ਛੱਡੋ
ਕਿੰਨੇ ਰਿਸ਼ਤੇ
ਸਿਰਫ਼ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ
ਤੇ ਕੱਲ੍ਹ ਕਹਿ ਰਿਹਾ ਸੀ
ਪੰਜਾਬ ਦੇ ਵਿਹੜੇ ਵਿਚ ਇਕ ਛੋਟਾ ਜਿਹਾ ਬਾਲ
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਹਾਂ ਬੇਟਾ ,ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਮਰ ਰਹੀ ਹੈ ਅਪਣੀ ਭਾਸ਼ਾ
ਪੱਤਾ ਪੱਤਾ ਸ਼ਬਦ ਸ਼ਬਦ
ਹੁਣ ਤਾਂ ਰੱਬ ਹੀ ਰਾਖਾ ਹੈ
ਮੇਰੀ ਭਾਸ਼ਾ ਦਾ
ਰੱਬ ?
ਰੱਬ ਤਾਂ ਆਪ ਪਿਆ ਹੈ ਮਰਨਹਾਰ
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ
ਉਸ ਦੀ ਭੁੱਖੀ ਸੰਤਾਨ
ਗੌਡ ਦੀ ਪਨਾਹ ਵਿਚ
ਮਰ ਰਹੀ ਹੈ ਮੇਰੀ ਭਾਸ਼ਾ
ਮਰ ਰਹੀ ਹੈ ਬਾਈ ਗੌਡ
2
ਮਰ ਰਹੀ ਹੈ ਮੇਰੀ ਭਾਸ਼ਾ
ਕਿਉਂਕਿ ਜੀਉਂਦੇ ਰਹਿਣੇ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਜੀਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਇਸ ਸ਼ਰਤ ਤੇ ਵੀ
ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ
ਕੀ ਬੰਦੇ ਦਾ ਜਿਉਂਦੇ ਰਹਿਣਾ
ਜ਼ਿਆਦਾ ਜ਼ਰੂਰੀ ਹੈ
ਕਿ ਭਾਸ਼ਾ ਦਾ ?
ਹਾਂ ਜਾਣਦਾ ਹਾਂ
ਤੁਸੀਂ ਕਹੋਗੇ
ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ
ਉਹ ਜਿਉਂਦਾ ਤਾਂ ਰਹੇਗਾ
ਪਰ ਕੀ ਉਹ ਬੰਦਾ ਰਹੇਗਾ ?
ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ
ਤੁਸੀਂ ਆਪ ਹੀ ਦੱਸੋ
ਹੁਣ ਜਦੋਂ
ਦਾਣੇ ਦਾਣੇ ਉੱਪਰ
ਖਾਣ ਵਾਲੇ ਦਾ ਨਾਮ ਵੀ
ਤੁਹਾਡਾ ਰੱਬ ਅੰਗਰੇਜ਼ੀ ਵਿਚ ਹੀ ਲਿਖਦਾ ਹੈ
ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ
ਕਿ ਉਸ ਦੇ ਬੱਚੇ
ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿਚ ਬੈਠੇ ਰਹਿਣ ?
ਜੀਉਂਦਾ ਰਹੇ ਮੇਰਾ ਬੱਚਾ
ਮਰਦੀ ਏ ਤਾਂ ਮਰ ਜਾਏ
ਤੁਹਾਡੀ ਬੁੱਢੜੀ ਭਾਸ਼ਾ
3
ਨਹੀਂ ਇਸਤਰਾਂ ਨਹੀਂ ਮਰੇਗੀ ਮੇਰੀ ਭਾਸ਼ਾ
ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ
ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ
ਤੇ ਸ਼ਬਦ ਕਦੀ ਮਰਦੇ ਵੀ ਨਹੀਂ
ਮਰ ਵੀ ਜਾਣ ਤਾਂ
ਆਉਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿਚ
ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ
ਸ਼ਬਦਾਂ ਦਾ ਪਰਲੋਕ
ਅਸੀ ਵੀ ਜਾ ਸਕਦੇ ਹਾਂ
ਜਿਊਦੇ ਜਾਗਦੇ
ਸ਼ਬਦਾਂ ਦੇ ਪਰਲੋਕ ਵਿਚ
ਓਥੇ ਉਨ੍ਹਾਂ ਦੇ ਪਰਵਾਰ ਵਸੇ ਹੁੰਦੇ ਹਨ
ਮੇਲੇ ਲੱਗੇ ਹੁੰਦੇ ਹਨ ਓਥੇ ਸ਼ਬਦਾਂ ਦੇ
ਮਰ ਚੁੱਕੇ ਲੇਖਕਾਂ ਦੀਆਂ ਜੀਊਦੀਆਂ ਕਿਤਾਬਾਂ ਵਿਚ
ਰੱਬ ਨਹੀਂ ਤਾਂ ਨਾ ਸਹੀ
ਸਤਿਗੁਰ ਇਸ ਦੇ ਸਹਾਈ ਹੋਣਗੇ
ਇਸ ਨੂੰ ਬਚਾਉਣਗੇ
ਸੂਫ਼ੀ ,ਸੰਤ ,ਫ਼ਕੀਰ
ਸ਼ਾਇਰ
ਨਾਬਰ
ਆਸ਼ਕ
ਯੋਧੇ
ਮੇਰੇ ਲੋਕ
ਅਸੀਂ
ਆਪਾਂ
ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ
ਸਾਡੀ ਭਾਸ਼ਾ
ਇਹ ਵੀ ਹੋ ਸਕਦਾ
ਕਿ ਇਸ ਮਾਰਨਹਾਰ ਮਾਹੌਲ ਵਿਚ ਘਿਰ ਕੇ
ਮਾਰਨਹਾਰਾਂ ਦਾ ਟਾਕਰਾ ਕਰਨ ਲਈ
ਹੋਰ ਵੀ ਜਿਉਣਜੋਗੀ
ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ ।

Monday, 1 June 2015


ਪੰਜਾਬ - ਲਾਲਾ ਧਨੀ ਰਾਮ ਚਾਤ੍ਰਿਕ 
(1)
ਬਣਤਰ
ਪੰਜਾਬ ! ਕਰਾਂ ਕੀ ਸਿਫ਼ਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤੇਰੇ,
ਜਲ-ਪੌਣ ਤੇਰਾ, ਹਰਿਔਲ ਤੇਰੀ, ਦਰਯਾ, ਪਰਬਤ, ਮੈਦਾਨ ਤੇਰੇ ।
ਭਾਰਤ ਦੇ ਸਿਰ ਤੇ ਛਤ੍ਰ ਤੇਰਾ, ਤੇਰੇ ਸਿਰ ਛੱਤਰ ਹਿਮਾਲਾ ਦਾ,
ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜਵਾਲਾ ਦਾ ।
ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ,
ਪਿਛਵਾੜੇ ਬੰਦ ਚਿਟਾਨਾਂ ਦਾ ਕੋਈ ਵੈਰੀ ਤੋੜ ਨਾ ਸਕਦਾ ਹੈ ।
ਅਰਸ਼ੀ ਬਰਕਤ ਰੂੰ ਵਾਂਗ ਉੱਤਰ, ਚਾਂਦੀ ਢੇਰ ਲਗਾਂਦੀ ਹੈ,
ਚਾਂਦੀ ਢਲ ਢਲ ਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ ਹੈ ।
(2)
ਬਰਕਤਾਂ
ਸਿਰ ਸਾਇਬਾਨ ਹੈ ਅੰਬਾਂ ਦਾ, ਮਸਲੰਦ ਮਖਮਲੀ ਘਾਵਾਂ ਦੀ,
ਚੱਪੇ ਚੱਪੇ ਤੇ ਫੈਲ ਰਹੀ, ਦੌਲਤ ਤੇਰਿਆਂ ਦਰਯਾਵਾਂ ਦੀ ।
ਘਰ ਤੇਰੇ ਗਊਆਂ ਮਹੀਆਂ ਨੇ, ਦੁਧ ਘਿਉ ਦੀ ਲਹਿਰ ਲਗਾਈ ਹੈ,
ਬਾਹਰ ਬਲਦਾਂ ਦੀਆਂ ਜੋਗਾਂ ਨੇ, ਖਲਕਤ ਦੀ ਅੱਗ ਬੁਝਾਈ ਹੈ ।
ਰੌਣਕ ਤੇਰੀ ਦੀਆਂ ਰਿਸ਼ਮਾਂ ਨੇ, ਜ਼ੱਰਾ ਜ਼ੱਰਾ ਚਮਕਾਇਆ ਹੈ,
ਯੂਰਪ ਅਮਰੀਕਾ ਭੁੱਲ ਗਿਆ, ਜਿਨ ਤੇਰਾ ਦਰਸ਼ਨ ਪਾਇਆ ਹੈ ।
ਸ਼ਿਮਲਾ, ਡਲਹੌਜੀ, ਮਰੀ ਤਿਰੇ, ਕਸ਼ਮੀਰ ਤਿਰਾ, ਗੁਲਮਰਗ ਤਿਰਾ,
ਦਿਲੀ ਤੇਰੀ, ਲਾਹੌਰ ਤਿਰਾ, ਅੰਮ੍ਰਿਤਸਰ ਸੋਹੇ ਸਵਰਗ ਤਿਰਾ ।
(3)
ਸਖਾਵਤ
ਕਿਸ ਦਿਲ ਵਿਚ ਤੂੰ ਆਬਾਦ ਨਹੀਂ, ਕਿਸ ਰਣ ਵਿਚ ਨਹੀਂ ਨਿਸ਼ਾਨ ਤਿਰਾ ?
ਕਿਸ ਮੂੰਹ ਵਿਚ ਤਿਰਾ ਅੰਨ ਨਹੀਂ, ਕਿਸ ਸਿਰ ਤੇ ਨਹੀਂ ਅਹਿਸਾਨ ਤਿਰਾ ?
ਕਿਸ ਕਿਸ ਦੀ ਰਾਲ ਨਾ ਟਪਕੀ ਹੈ, ਸ਼ੌਕਤ ਤੇ ਰਹਿਮਤ ਤੇਰੀ ਤੇ ?
ਲੱਖਾਂ ਮਖੀਰ ਪਏ ਪਲਦੇ ਨੇ, ਤੇਰਿਆਂ ਫੁੱਲਾਂ ਦੀ ਢੇਰੀ ਤੇ ।
ਤੂੰ ਤਖਤ ਤਾਊਸ ਕਰੋੜਾਂ ਦਾ, ਸਿਰ ਦਾ ਸਦਕਾ ਮਣਸਾ ਦਿੱਤਾ ।
'ਕੋਹ-ਨੂਰ' ਤਲੀ ਤੇ ਧਰਕੇ ਤੂੰ, ਦਿਲ ਆਪਣਾ ਚੀਰ ਵਿਖਾ ਦਿੱਤਾ ।
ਹਰ ਮੁਸ਼ਕਲ ਵੇਲੇ ਤੇਰੇ ਤੇ ਉਠਦੀ ਹੈ ਨਿਗਾਹ ਜ਼ਮਾਨੇ ਦੀ,
ਸਿਰ ਝੂਮ ਰਿਹਾ ਹੈ ਮਸਤੀ ਦਾ, ਪੀ ਪੀ ਤੇਰੇ ਮੈਖਾਨੇ ਦੀ ।
(4)
ਇਤਿਹਾਸਕ ਸ਼ਾਨ
ਤੇਰੀ ਤਹਿਜ਼ੀਬ ਕਦੀਮੀ ਹੈ, ਇਕਬਾਲ ਤਿਰਾ ਲਾਸਾਨੀ ਹੈ ।
'ਤਕਸਿਲਾ' ਤਿਰੇ ਇਤਿਹਾਸਾਂ ਦੀ ਇਕ ਧੁੰਦਲੀ ਜਿਹੀ ਨਿਸ਼ਾਨੀ ਹੈ ।
ਕੁਦਰਤ ਪੰਘੂੜਾ ਘੜਿਆ ਸੀ ਤੈਨੂੰ, ਰਿਸ਼ੀਆਂ ਅਵਤਾਰਾਂ ਦਾ ।
ਸੂਫ਼ੀਆਂ, ਸ਼ਹੀਦਾਂ, ਭਗਤਾਂ ਦਾ, ਬਲਬੀਰਾਂ, ਸਤੀਆਂ ਨਾਰਾਂ ਦਾ ।
ਸਚਿਆਈਓਂ ਸਦਕਾ ਲੈਣ ਲਈ, ਜਦ ਬੋਲਿਆ ਮਾਰੂ ਨਾਦ ਕੋਈ,
ਤਦ ਨਕਲ ਪਿਆ ਤਬਰੇਜ਼ ਕੋਈ, ਪੂਰਨ ਕੋਈ, ਪ੍ਰਹਿਲਾਦ ਕੋਈ ।
ਲਵ-ਕੁਸ਼ ਦੇ ਤੀਰ ਰਹੇ ਵਰ੍ਹਦੇ, ਮਹਾਭਾਰਤ ਦੇ ਘਮਸਾਨ ਰਹੇ,
ਗੁਰੂ ਅਰਜਨ ਤੇਗ ਬਹਾਦੁਰ ਜਹੇ ਤੇਰੇ ਤੋਂ ਦੇਂਦੇ ਜਾਨ ਰਹੇ ।
ਬਾਬਾ ਨਾਨਕ, ਬਾਬਾ ਫ਼ਰੀਦ, ਅਪਣੀ ਛਾਤੀ ਤੇ ਪਾਲੇ ਤੂੰ ,
ਦੁਨੀਆਂ ਨੂੰ ਚਾਨਣ ਦੇਣ ਲਈ, ਕਈ ਰੋਸ਼ਨ ਦੀਵੇ ਬਾਲੇ ਤੂੰ ।
(5)
ਸਾਹਸ (ਜਿਗਰਾ)
ਸਿਦਕਾਂ ਵਿਚ ਤੇਰੀ ਇਸ਼ਕ-ਲਹਿਰ ਕੀ ਕੀ ਤਾਰੀ ਤਰਦੀ ਨ ਰਹੀ ?
ਰਾਂਝਾ ਕੰਨ ਪੜਵਾਂਦਾ ਨ ਰਿਹਾ, ਸੋਹਣੀ ਡੁਬ ਡੁਬ ਮਰਦੀ ਨਾ ਰਹੀ ?
ਝੱਖੜ ਬੇਅੰਤ ਤੇਰੇ ਸਿਰ ਤੇ ਆ ਆ ਕੇ ਮਿਟ ਮਿਟ ਜਾਂਦੇ ਰਹੇ,
ਫ਼ਰਜ਼ੰਦ ਤਿਰੇ ਚੜ੍ਹ ਚੜ੍ਹ ਚਰਖੀਂ ਆਕਾਸ਼ ਤੇਰਾ ਚਮਕਾਂਦੇ ਰਹੇ ।
ਜਾਗੇ ਕਈ ਦੇਸ਼ ਜਗਾਣ ਲਈ, ਸੁੱਤੇ ਸੌਂ ਗਏ ਸੁਲਤਾਨ ਕਈ,
ਸਿਰ ਤਲੀ ਧਰੀ ਖੰਡਾ ਵਾਂਹਦੇ, ਹੀਰੇ ਹੋ ਗਏ ਕੁਰਬਾਨ ਕਈ ।
ਤੂੰ ਸੈਦ ਭੀ ਹੈਂ, ਸੱਯਾਦ ਭੀ ਹੈਂ, ਸ਼ੀਰੀਂ ਭੀ ਹੈਂ, ਫ਼ਰਿਹਾਦ ਭੀ ਹੈਂ,
ਢਲ ਜਾਣ ਲਈ ਤੂੰ ਮੋਮ ਭੀ ਹੈਂ ਪਰ ਲੋੜ ਪਿਆਂ ਫੌਲਾਦ ਭੀ ਹੈਂ ।
ਤੂੰ ਆਜ਼ਾਦੀ ਦਾ ਆਗੂ ਹੈਂ, ਤੂੰ ਕੁਰਬਾਨੀ ਦਾ ਬਾਨੀ ਹੈਂ ।
ਹਰ ਔਕੜ ਪਿਆਂ, ਭਰਾਵਾਂ ਦੀ, ਤੂੰਹੇਂ ਕਰਦਾ ਅਗ਼ਵਾਨੀ ਹੈਂ ।
(6)
ਸੁਭਾਉ
ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ ਨਾ ਗਰਮੀ ਹੈ ਨਾ ਪਾਲਾ ਹੈ,
ਨਾ ਬਾਹਰ ਕੋਈ ਦਿਖਲਾਵਾ ਹੈ, ਨਾ ਅੰਦਰ ਕਾਲਾ ਕਾਲਾ ਹੈ ।
ਜੋਬਨ ਵਿਚ ਝਲਕ ਜਲਾਲੀ ਹੈ, ਨੈਣਾਂ ਵਿਚ ਮਟਕ ਨਿਰਾਲੀ ਹੈ,
ਹਿੱਕਾਂ ਵਿਚ ਹਿੰਮਤ ਆਲੀ ਹੈ, ਚਿਹਰੇ ਤੇ ਗਿੱਠ ਗਿੱਠ ਲਾਲੀ ਹੈ ।
ਕਿਆ ਚੂੜੇ ਬੀੜੇ ਫ਼ਬਦੇ ਨੇ, ਜੋਬਨ-ਮੱਤੀਆਂ ਮੁਟਿਆਰਾਂ ਦੇ,
ਜਦ ਪਾਣ ਮਧਾਣੀ ਚਾਟੀ ਵਿਚ, ਤਦ ਸ਼ੋਰ ਉੱਠਣ ਘੁਮਕਾਰਾਂ ਦੇ ।
ਕੋਈ ਤੁੰਬਦੀ ਹੈ ਕੋਈ ਕਤਦੀ ਹੈ, ਕੋਈ ਪੀਂਹਦੀ ਹੈ ਕੋਈ ਛੜਦੀ ਹੈ,
ਕੋਈ ਸੀਉਂਦੀ ਕੋਈ ਪਰੋਂਦੀ ਹੈ, ਕੋਈ ਵੇਲਾਂ ਬੂਟੇ ਕਢਦੀ ਹੈ ।
ਪਿਪਲਾਂ ਦੀ ਛਾਵੇਂ ਪੀਂਘਾਂ ਨੂੰ ਕੁਦ ਕੁਦ ਮਸਤੀ ਚੜ੍ਹਦੀ ਹੈ,
ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇਕ ਛਡਦੀ ਹੈ ਇਕ ਫੜਦੀ ਹੈ ।
ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ,
ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ ।
ਵੰਝਲੀ ਵਹਿਣਾ ਵਿਚ ਰੁੜ੍ਹਦੀ ਹੈ, ਜਦ ਤੂੰਬਾ ਸਿਰ ਧੁਣਿਆਂਦਾ ਹੈ,
ਮਿਰਜ਼ਾ ਪਿਆ ਕੂਕਾਂ ਛਡਦਾ ਹੈ, ਤੇ ਵਾਰਸ ਹੀਰ ਸੁਣਾਂਦਾ ਹੈ ।
ਖੂਹਾਂ ਤੇ ਟਿਚ ਟਿਚ ਹੁੰਦੀ ਹੈ, ਖੇਤਾਂ ਵਿਚ ਹਲ ਪਏ ਧਸਦੇ ਨੇ,
ਭੱਤੇ ਛਾਹ ਵੇਲੇ ਢੁਕਦੇ ਨੇ, ਹਾਲੀ ਤੱਕ ਤੱਕ ਕੇ ਹਸਦੇ ਨੇ ।
ਤੇਰੀ ਮਾਖਿਓਂ ਮਿੱਠੀ ਬੋਲੀ ਦੀ, ਜੀ ਕਰਦਿਆਂ ਸਿਫ਼ਤ ਨ ਰਜਦਾ ਹੈ,
ਉਰਦੂ ਹਿੰਦੀ ਦਿਆਂ ਸਾਜ਼ਾਂ ਵਿਚ, ਸੁਰ-ਤਾਲ ਤੇਰਾ ਹੀ ਵਜਦਾ ਹੈ ।
(7)
ਸੱਧਰ
ਵੱਸੇ ਰੱਸੇ, ਘਰ ਬਾਰ ਤਿਰਾ, ਜੀਵੇ ਜਾਗੇ ਪਰਵਾਰ ਤਿਰਾ,
ਮਸਜਿਦ, ਮੰਦਰ, ਦਰਬਾਰ ਤਿਰਾ, ਮੀਆਂ, ਲਾਲਾ, ਸਰਦਾਰ ਤਿਰਾ ।
ਦੁਨੀਆਂ ਸਾਰੀ ਭੀ ਸੋਹਣੀ ਹੈ, ਪਰ ਤੇਰਾ ਰੰਗ ਨਿਆਰਾ ਹੈ,
ਤੇਰੀ ਮਿੱਟੀ ਦਾ ਕੁੱਲਾ ਭੀ, ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ।
ਤੇਰੇ ਜ਼ੱਰੇ ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵਸਦੀ ਹੈ,
ਤੇਰੀ ਗੋਦੀ ਵਿਚ ਬਹਿੰਦਿਆਂ ਹੀ, ਦੁਨੀਆਂ ਦੀ ਚਿੰਤਾ ਨਸਦੀ ਹੈ ।
ਦਰਗ਼ਾਹੀ ਸੱਦੇ ਆ ਗਏ ਨੇ, ਸਾਮਾਨ ਤਿਆਰ ਸਫ਼ਰ ਦਾ ਹੈ,
ਪਰ ਤੇਰੇ ਬੂਹਿਓਂ ਹਿੱਲਣ ਨੂੰ, 'ਚਾਤ੍ਰਿਕ' ਦਾ ਜੀ ਨਹੀਂ ਕਰਦਾ ਹੈ ।

ਪੰਜਾਬ ਇੱਕ ਇਹੋ ਜਿਹਾ ਖਿੱਤਾ ਹੈ ਜਿਸ ਨੇ ਆਪਣੇ ਪਿੰਡੇ ਉੱਪਰ ਬਹੁਤ ਕੁਝ ਝੱਲਿਆ ਹੈ. ਅਜੇ ਤੱਕ ਦੀਆਂ ਖੋਜਾਂ ਮੁਤਾਬਿਕ ਪੰਜਾਬ ਦੀ ਸੱਭਿਅਤਾ ਵੀ ਸਭ ਤੋ ਪੁਰਾਣੀ ਹੈ. ਸਿੰਧ ਘਾਟੀ ਦੀ ਸਭਿਅਤਾ ਦੇ ਜਨਮ ਤੇ ਪਤਨ ਤੋਂ ਲੈ ਕੇ ਅੱਜ ਤੱਕ ਦੇ ਚੰਗੇ ਮਾੜੇ ਨੂੰ ਪੰਜਾਬ ਨੇ ਆਪਣੇ ਪਿੰਡੇ ਝੱਲਿਆ ਹੈ.
ਜਿੱਥੇ ਪੰਜਾਬ ਨੇ ਇੰਨਾ ਕੁਝ ਦੇਖਿਆ ਹੈ ਉਥੇ ਪੰਜਾਬ ਨੇ ਸਭ ਨੂੰ ਗਲ ਵੀ ਲਾਇਆ ਹੈ ਤੇ ਸਾਨੂੰ ਸਰਬਸਾਂਝੀ ਵਾਲਤਾ ਦਾ ਉਪਦੇਸ਼ ਦੇ ਕੇ ਮਨੁਖ ਨੂੰ ਮਨੁਖ ਸਮਝਣ ਲਈ ਵੀ ਸਿਖਾਇਆ ਹੈ
ਪੰਜਾਬ, ਮਾਖਿਉਂ ਮਿੱਠੀ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਨੂੰ ਲਾਲਾ ਧਨੀ ਰਾਮ ਚਾਤ੍ਰਿਕ ਜੀ ਦੀ ਇਹ ਕਵਿਤਾ ਸਮਰਪਿਤ ਹੈ 

Monday, 11 May 2015

ਮਿੱਟੀ, ਅੱਗ ਤੇ ਪੌਣ - ਮਨਮੋਹਨ ਸਿੰਘ ਦਾਊਂ

ਮਿੱਟੀ-
ਮਿੱਟੀ ਵਿੱਚ ਖ਼ੁਸ਼ਬੋ ਹੁੰਦੀ ਹੈ,
ਸਿਰਜਣਾ ਲਈ ਛੁਪੀ ਛੋਹ ਹੁੰਦੀ ਹੈ,
ਤ੍ਰੇਹ ਬੁਝਾਵਣ ਲਈ ਖੋਹ ਹੁੰਦੀ ਹੈ,
ਰਿਸ਼ਤੇ ਗੰਢਦੀ ਕਨਸੋਅ ਹੁੰਦੀ ਹੈ,
ਮਿੱਟੀ ਵਿੱਚ ਖ਼ੁਸ਼ਬੋ ਹੁੰਦੀ ਹੈ।
ਅੱਗ-
ਅੱਗ ਦੇ ਵਿੱਚ ਗੀਤ ਹੁੰਦਾ ਹੈ,
ਲਪਟਾਂ ਵਿੱਚ ਸੰਗੀਤ ਹੁੰਦਾ ਹੈ,
ਦਿਲ ਤੋਂ ਵਿੱਛੜਿਆ ਕੋਈ ਮੀਤ ਹੁੰਦਾ ਹੈ,
ਜੋ ਰਾਖ ’ਚ ਸੁੱਤਾ ਸਿੱਲ ਵਾਂਗੂ ਸੀਤ ਹੁੰਦਾ ਹੈ,
ਅੱਗ ’ਚ ਗੀਤ ਹੁੰਦਾ ਹੈ।
ਪੌਣ-
ਪੌਣ ’ਚ ਜੀਂਦੇ ਬੋਲ ਹੁੰਦੇ ਨੇ,
ਜੋ ਹਾਜ਼ਰ-ਨਾਜ਼ਰ ਰੂਹ ਦੇ ਕੋਲ ਹੁੰਦੇ ਨੇ,
ਸਮਾਂ ਲੰਘਣ ’ਤੇ ਤੋਲ ਹੁੰਦੇ ਨੇ
ਸੁਣਨ ਵਾਲੇ ਅਬੋਲ ਹੁੰਦੇ ਨੇ
ਪੌਣ ’ਚ ਜੀਂਦੇ ਬੋਲ ਹੁੰਦੇ ਨੇ।

Tuesday, 21 April 2015

ਮਾਂ ਬੋਲੀ ਪੰਜਾਬੀ - ਰਾਸ਼ੀਦ ਮੁਰਾਦ


ਸਾਰੀ ਦੁਨੀਆ ਫਿਰ ਛੱਡੀ ਏ
ਕਿਧਰੇ ਇਹ ਨਹੀਂ ਤੱਕਿਆ

ਸਾਡੇ ਵਾਂਗੂੰ ਮਾਂ ਬੋਲੀ  ਨੂੰ
ਕਿਸੇ ਨੇ ਹੋਵੇ ਛੱਡਿਆ

ਆਪਣੀ ਬੋਲੀ ਬੋਲਣ ਵੇਲੇ
ਕੋਈ ਨਹੀਂ ਸ਼ਰਮਾਂਦਾ

ਹਰ ਕੋਈ ਆਪਣੇ ਭੰਗੜੇ ਪਾਉਂਦਾ
ਆਪਣੇ ਮਾਹੀਏ ਗਾਉਂਦਾ

ਕੋਈ ਵੀ ਮਾਂ ਬੋਲੀ ਦੇ ਸਿਰ ਵਿਚ
ਘਟਾ ਪਾਉਣ ਨਹੀਂ ਦਿੰਦਾ

ਕੋਈ ਵੀ ਆਪਣੀ ਮਾਂ ਨੂੰ ਇਸ ਤਰਾਂ
ਜੁਗਤਾਂ ਲਾਉਣ ਨਹੀਂ ਦਿੰਦਾ।

ਅਪਣੀ ਬੋਲੀ, ਅਪਣੀ ਧਰਤੀ - ਆਸ਼ਿਕ ਲਾਹੌਰ


ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ, ਇਸ ਵਿੱਚ ਕਰ ਤਕਰੀਰਾਂ ।
'ਮਾਂ-ਬੋਲੀ' ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ ।

ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, ਹੋਣੀ ਕਾਬਜ਼ ਹੋਈ,
'ਸੋਹਣੀਆਂ' ਵਿੱਚ ਝਨ੍ਹਾਂ ਦੇ ਡੁੱਬੀਆਂ, ਮਹੁਰਾ ਖਾਧਾ ਹੀਰਾਂ ।

ਸਾਥੋਂ ਚੜ੍ਹਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ ।

ਸਾਨੂੰ ਡੁਸਕਣ ਵੀ ਨਾ ਦਿੰਦੇ, ਮੂੰਹ 'ਤੇ ਜਿੰਦਰੇ ਲੱਗੇ,
ਸਾਨੂੰ ਹਿੱਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ ।

ਰੰਗ-ਬਰੰਗੇ ਸੋਹਣੇ ਪੰਛੀ, ਏਥੋਂ ਤੁਰਦੇ ਹੋਏ,
ਥੋੜ੍ਹੇ ਉੱਲੂ-ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ ।

ਅਪਣੀ ਬੋਲੀ, ਅਪਣੀ ਧਰਤੀ, ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, 'ਆਸ਼ਿਕ' ਇਹ ਤਕਸੀਰਾਂ ।

Monday, 13 April 2015

Bhai Nand Lal Ji

ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ ॥105॥

ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ ॥
ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ ॥106॥

ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥107॥

ਬਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ ॥
ਖ਼ਸਮ ਰਾ ਜਾਂ ਕਾਹ ਗੁਰੁ ਗੋਬਿੰਦ ਸਿੰਘ ॥108॥

ਫਾਇਜ਼ੁਲ ੳਨਵਾਰ ਗੁਰੁ ਗੋਬਿੰਦ ਸਿੰਘ ॥
ਕਾਸ਼ਫੁਲ ਅਸਰਾਰ ਗੁਰੁ ਗੋਬਿੰਦ ਸਿੰਘ ॥109॥

ਅਲਮੁਲ ਅਸਤਾਰ ਗੁਰੁ ਗੋਬਿੰਦ ਸਿੰਘ ॥
ਅਬਰਿ ਹਹਿਮਤ ਬਾਰ ਗੁਰੁ ਗੋਬਿੰਦ ਸਿੰਘ ॥110॥

ਮੁਕਬਲੋ ਮਕਬੂਲ ਗੁਰੁ ਗੋਬਿੰਦ ਸਿੰਘ ॥
ਵਾਸਲੋ ਮੌਸੂਲ ਗੁਰੁ ਗੋਬਿੰਦ ਸਿੰਘ ॥111॥

ਜਾਂ ਫਰੋਜ਼ਿ ਨਹਿਰ ਗੁਰੁ ਗੋਬਿੰਦ ਸਿੰਘ ॥
ਫ਼ੈਜ਼ਿ ਹਕ ਰਾ ਬਹਿਰ ਗੁਰੁ ਗੋਬਿੰਦ ਸਿੰਘ ॥112॥

ਹੱਕ ਰਾ ਮਾਹਬੂਬ ਗੁਰੁ ਗੋਬਿੰਦ ਸਿੰਘ ॥
ਤਾਲਬੋ ਮਤਲੂਬ ਗੁਰੁ ਗੋਬਿੰਦ ਸਿੰਘ ॥113॥

ਤੇਗ਼ ਰਾਹ ਫ਼ਤਾਹ ਗੁਰੁ ਗੋਬਿੰਦ ਸਿੰਘ ॥
ਜਾਨੋ ਦਿਲ ਰਾ ਰਾਹ ਗੁਰੁ ਗੋਬਿੰਦ ਸਿੰਘ ॥114॥

ਸਾਹਿਬੇ ਅਕਲੀਲ ਗੁਰੁ ਗੋਬਿੰਦ ਸਿੰਘ ॥
ਜ਼ਿੱਲੇ ਹੱਕ ਤਜ਼ਲੀਲ ਗੁਰੁ ਗੋਬਿੰਦ ਸਿੰਘ ॥115॥

ਖ਼ਾਜ਼ਨੇ ਹਰ ਗੰਜ ਗੁਰੁ ਗੋਬਿੰਦ ਸਿੰਘ ॥
ਬਰਹਮੇ ਹਰ ਰੰਜ ਗੁਰੁ ਗੋਬਿੰਦ ਸਿੰਘ ॥116॥

ਦਾਵਰਿ ਆਫ਼ਾਕ ਗੁਰੁ ਗੋਬਿੰਦ ਸਿੰਘ ॥
ਹਰ ਦੋ ਆਲਮ ਤਾਕ ਗੁਰੁ ਗੋਬਿੰਦ ਸਿੰਘ ॥117॥

ਹਕ ਖ਼ੁਦ ਵਸਾਫ਼ਿ ਗੁਰੁ ਗੋਬਿੰਦ ਸਿੰਘ ॥
ਬਰਤਰੀਂ ਔਸਾਫ਼ਿ ਗੁਰੁ ਗੋਬਿੰਦ ਸਿੰਘ ॥118॥

ਖ਼ਾਸਗਾਂ ਦਰ ਪਾਇ ਗੁਰੁ ਗੋਬਿੰਦ ਸਿੰਘ ॥
ਕੁਦਸੀਆਂ ਬਾਰਾਇ ਗੁਰੁ ਗੋਬਿੰਦ ਸਿੰਘ ॥119॥

ਮੁਕਬਲਾਂ ਮੱਦਾਹਿ ਗੁਰੁ ਗੋਬਿੰਦ ਸਿੰਘ ॥
ਜਾਨੋ ਦਿਲ ਰਾ ਰਾਹ ਗੁਰੁ ਗੋਬਿੰਦ ਸਿੰਘ ॥120॥

ਲਾ ਮਕਾਂ ਪਾਬੋਸਿ ਗੁਰੁ ਗੋਬਿੰਦ ਸਿੰਘ ॥
ਬਰ ਦੋ ਆਲਮ ਕੋਸਿ ਗੁਰੁ ਗੋਬਿੰਦ ਸਿੰਘ ॥121॥

ਸੁਲਸ ਹਮ ਮਾਹਕੁਮਿ ਗੁਰੁ ਗੋਬਿੰਦ ਸਿੰਘ ॥
ਰੁਬਾਅ ਹਮ ਮਖ਼ਤੂਮਿ ਗੁਰੁ ਗੋਬਿੰਦ ਸਿੰਘ ॥122॥

ਸੁਦਸ ਹਲਕਾ ਬਗੋਸ਼ਿ ਗੁਰੁ ਗੋਬਿੰਦ ਸਿੰਘ ॥
ਦੁਸ਼ਮਨ ਅਫ਼ਗਨ ਜੋਸ਼ਿ ਗੁਰੁ ਗੋਬਿੰਦ ਸਿੰਘ ॥123॥

ਖ਼ਾਲਸੋ ਬੇਕੀਨਾ ਗੁਰੁ ਗੋਬਿੰਦ ਸਿੰਘ ॥
ਹੱਕ ਹੱਕ ਆਈਨਾ ਗੁਰੁ ਗੋਬਿੰਦ ਸਿੰਘ ॥124॥

ਹੱਕ ਹੱਖ ਅੰਦੇਸ਼ ਗੁਰੁ ਗੋਬਿੰਦ ਸਿੰਘ ॥
ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ ॥125॥

ਮੁਕੱਰਮੁਲ ਫਜ਼ਾਲ ਗੁਰੁ ਗੋਬਿੰਦ ਸਿੰਘ ॥
ਮੁਨਿਅਮੁਲ ਮੁਤਆਲ ਗੁਰੁ ਗੋਬਿੰਦ ਸਿੰਘ ॥126॥

ਕਾਰਮੁਲ ਕੱਰਾਮ ਗੁਰੁ ਗੋਬਿੰਦ ਸਿੰਘ ॥
ਰਾਹਿਮੁਲ ਰਹਾਮ ਗੁਰੁ ਗੋਬਿੰਦ ਸਿੰਘ ॥127॥

ਨਾਇਮੁਲ ਮੁਨੀਆਮ ਗੁਰੁ ਗੋਬਿੰਦ ਸਿੰਘ ॥
ਫ਼ਾਹਿਮੁਲ ਫ਼ੱਹਾਮ ਗੁਰੁ ਗੋਬਿੰਦ ਸਿੰਘ ॥128॥

ਦਾਇਮੋ ਪਾਇੰਦਹ ਗੁਰੁ ਗੋਬਿੰਦ ਸਿੰਘ ॥
ਫ਼ੱਰਖ਼ੋ ਫ਼ਰਖੰਦਹ ਗੁਰੁ ਗੋਬਿੰਦ ਸਿੰਘ ॥129॥

ਫ਼ੈਜ਼ਿ ਸੁਬਹਾਂ ਜ਼ਾਤਿ ਗੁਰੁ ਗੋਬਿੰਦ ਸਿੰਘ ॥
ਨੂਰਿ ਹੱਕ ਲਮਆਤਿ ਗੁਰੁ ਗੋਬਿੰਦ ਸਿੰਘ ॥130॥

ਵਾਸਫ਼ਾਨਿ ਜ਼ਾਤਿ ਗੁਰੁ ਗੋਬਿੰਦ ਸਿੰਘ ॥
ਵਾਸਲ ਅਜ਼ ਬਰਕਾਤਿ ਗੁਰੁ ਗੋਬਿੰਦ ਸਿੰਘ ॥131॥

ਰਾਕਮਾਨਿ ਵਸਫ਼ਿ ਗੁਰੁ ਗੋਬਿੰਦ ਸਿੰਘ ॥
ਨਾਮਵਰ ਅਜ਼ ਲੁਤਫ਼ਿ ਗੁਰੁ ਗੋਬਿੰਦ ਸਿੰਘ ॥132॥

ਨਾਜ਼ਰਾਨਿ ਰੂਇ ਗੁਰੁ ਗੋਬਿੰਦ ਸਿੰਘ ॥
ਮਸਤਿ ਹੱਕ ਦਰਕੂਇ ਗੁਰੁ ਗੋਬਿੰਦ ਸਿੰਘ ॥133॥

ਖ਼ਾਕ ਬੋਸਿ ਪਾਏ ਗੁਰੁ ਗੋਬਿੰਦ ਸਿੰਘ ॥
ਮੁਕਬਲ ਅਜ਼ ਆਲਾਏ ਗੁਰੁ ਗੋਬਿੰਦ ਸਿੰਘ ॥134॥

ਕਾਦਿਰੇ ਹਰ ਕਾਰ ਗੁਰੁ ਗੋਬਿੰਦ ਸਿੰਘ ॥
ਬੇਕਸਾਂ ਕਾ ਯਾਰ ਗੁਰੁ ਗੋਬਿੰਦ ਸਿੰਘ ॥135॥

ਸਾਜਦੋ ਮਕਸੂਦ ਗੁਰੁ ਗੋਬਿੰਦ ਸਿੰਘ ॥
ਜੁਮਲਾ ਫ਼ੈਜ਼ੋ ਜੂਦ ਗੁਰੁ ਗੋਬਿੰਦ ਸਿੰਘ ॥136॥

ਸਰਵਰਾਂ ਰਾ ਤਾਜ ਗੁਰੁ ਗੋਬਿੰਦ ਸਿੰਘ ॥
ਬਰਤਰੀਂ ਮਿਅਰਾਜ ਗੁਰੁ ਗੋਬਿੰਦ ਸਿੰਘ ॥137॥

ਅਸ਼ਰ ਕੁਦਸੀ ਰਾਮਿ ਗੁਰੁ ਗੋਬਿੰਦ ਸਿੰਘ ॥ 
ਵਾਸਫ਼ਿ ਅਕਰਾਮਿ ਗੁਰੁ ਗੋਬਿੰਦ ਸਿੰਘ ॥138॥

ਉੱਮਿਕੁਦਸ ਬੱਕਾਰਿ ਗੁਰੁ ਗੋਬਿੰਦ ਸਿੰਘ ॥
ਗ਼ਾਸ਼ੀਆ ਬਰਦਾਰਿ ਗੁਰੁ ਗੋਬਿੰਦ ਸਿੰਘ ॥139॥

ਕਦਰਿ ਕੁਦਰਤ ਪੇਸ਼ਿ ਗੁਰੁ ਗੋਬਿੰਦ ਸਿੰਘ ॥
ਇਨਕੀਆਦ ਅੰਦੇਸ਼ਿ ਗੁਰੁ ਗੋਬਿੰਦ ਸਿੰਘ ॥140॥

ਤਿਆਅ ੳਲਵੀਖ਼ਾਕ ਗੁਰੁ ਗੋਬਿੰਦ ਸਿੰਘ ॥
ਚਾਕਰਿ ਚਾਲਾਕ ਗੁਰੁ ਗੋਬਿੰਦ ਸਿੰਘ ॥141॥

ਤਖ਼ਤਿ ਬਾਲਾ ਜ਼ੇਰਿ ਗੁਰੁ ਗੋਬਿੰਦ ਸਿੰਘ ॥ 
ਲਾ ਮਕਾਨੇ ਸੈਰ ਗੁਰੁ ਗੋਬਿੰਦ ਸਿੰਘ ॥142॥

ਬਰਤਰ ਅਜ਼ ਹਰ ਕਦਰ ਗੁਰੁ ਗੋਬਿੰਦ ਸਿੰਘ ॥
ਜਾਵਿਦਾਨੀ ਸਦਰ ਗੁਰੁ ਗੋਬਿੰਦ ਸਿੰਘ ॥143॥

ਆਲਮੇ ਰੋਸ਼ਨ ਜ਼ਿ ਗੁਰੁ ਗੋਬਿੰਦ ਸਿੰਘ ॥
ਜਾਨਿ ਦਿਲ ਗੁਲਸ਼ਨ ਜ਼ਿ ਗੁਰੁ ਗੋਬਿੰਦ ਸਿੰਘ ॥144॥

ਰੋਜ਼ ਅਫ਼ਜ਼ੂੰ ਜਾਹਿ ਗੁਰੁ ਗੋਬਿੰਦ ਸਿੰਘ ॥
ਜ਼ੇਬ ਤਖ਼ਤੋ ਗਾਹ ਗੁਰੁ ਗੋਬਿੰਦ ਸਿੰਘ ॥145॥

ਮੁਰਸ਼ਦੁਲ ਦਾਰੈਨ ਗੁਰੁ ਗੋਬਿੰਦ ਸਿੰਘ ॥
ਬੀਨਸ਼ੇ ਹਰ ਐਨ ਗੁਰੁ ਗੋਬਿੰਦ ਸਿੰਘ ॥146॥

ਜੁਮਲਾ ਦਰ ਫ਼ੁਰਮਾਨਿ ਗੁਰੁ ਗੋਬਿੰਦ ਸਿੰਘ ॥
ਬਰਤਰ ਆਮਦ ਸ਼ਾਨਿ ਗੁਰੁ ਗੋਬਿੰਦ ਸਿੰਘ ॥147॥

ਹਰ ਦੁ ਆਲਮ ਖੈਲਿ ਗੁਰੁ ਗੋਬਿੰਦ ਸਿੰਘ ॥
ਜੁਮਲਾ ਅੰਦਰ ਜ਼ੈਲਿ ਗੁਰੁ ਗੋਬਿੰਦ ਸਿੰਘ ॥148॥

ਵਾਗਿਬੋ ਵੱਹਾਬ ਗੁਰੁ ਗੋਬਿੰਦ ਸਿੰਘ ॥
ਫ਼ਾਤਿਹੇ ਹਰ ਬਾਬ ਗੁਰੁ ਗੋਬਿੰਦ ਸਿੰਘ ॥149॥

ਸ਼ਾਮਲੁਲ ਅਸ਼ਫਾਕ ਗੁਰੁ ਗੋਬਿੰਦ ਸਿੰਘ ॥
ਕਾਮਲੁਲ ਅਖ਼ਲਾਕ ਗੁਰੁ ਗੋਬਿੰਦ ਸਿੰਘ ॥150॥

ਰੂਹ ਦਰ ਹਰ ਜਿਸਮ ਗੁਰੁ ਗੋਬਿੰਦ ਸਿੰਘ ॥
ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ ॥151॥

ਜੁਮਲਾ ਰੋਜ਼ੀ ਖ਼ਾਰਿ ਗੁਰੁ ਗੋਬਿੰਦ ਸਿੰਘ ॥
ਫ਼ੈਜ਼ਿ ਹੱਕ ਅਮਤਾਰਿ ਗੁਰੁ ਗੋਬਿੰਦ ਸਿੰਘ ॥152॥

ਬਿਸਤੋ ਹਫ਼ਤ ਗਦਾਇ ਗੁਰੁ ਗੋਬਿੰਦ ਸਿੰਘ ॥
ਹਫ਼ਤ ਹਮ ਸ਼ੈਦਾਇ ਗੁਰੁ ਗੋਬਿੰਦ ਸਿੰਘ ॥153॥

ਖ਼ਾਕਰੋਬ ਸਰਾਇ ਗੁਰੁ ਗੋਬਿੰਦ ਸਿੰਘ ॥
ਖੁਮਸ ਵਸਫ਼ ਪੈਰਾਇ ਗੁਰੁ ਗੋਬਿੰਦ ਸਿੰਘ ॥154॥

ਬਰ ਦੋ ਅਲਮ ਦਸਤ ਗੁਰੁ ਗੋਬਿੰਦ ਸਿੰਘ ॥
ਜੁਮਲਾ ਉਲਵੀ ਪਸਤ ਗੁਰੁ ਗੋਬਿੰਦ ਸਿੰਘ ॥155॥

ਲਾਲ ਸਗਿ ਗ਼ੁਲਾਮਿ ਗੁਰੁ ਗੋਬਿੰਦ ਸਿੰਘ ॥
ਦਾਗ਼ਦਾਰਿ ਨਾਮ ਗੁਰੁ ਗੋਬਿੰਦ ਸਿੰਘ ॥156॥

ਕਮਤਰੀ ਜ਼ਿ ਸਗਾਨਿ ਗੁਰੁ ਗੋਬਿੰਦ ਸਿੰਘ ॥
ਰੇਜ਼ਾ ਚੀਨਿ ਖਾਨਿ ਗੁਰੁ ਗੋਬਿੰਦ ਸਿੰਘ ॥157॥

ਬਾਦ ਜਾਨਸ਼ ਫ਼ਿਦਾਏ ਗੁਰੁ ਗੋਬਿੰਦ ਸਿੰਘ ॥
ਫ਼ਰਕਿ ਓ ਬਰ ਪਾਏ ਗੁਰੁ ਗੋਬਿੰਦ ਸਿੰਘ ॥158॥


Sunday, 12 April 2015

ਕਣਕਾਂ ਪੱਕੀਆਂ ਨੇ - ਅਮਰਦੀਪ ਸਿੰਘ ਗਿੱਲ ਘੋਲੀਆ 

ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !

ਤੂੰ ਕੀ ਜਾਣੇ ਮੁੱਲ ਵੇ ਸੋਨੇ ਰੰਗੇ ਸਿੱਟਿਆਂ ਦਾ
ਇੱਕ ਇੱਕ ਦਾਣੇ ਉੱਤੇ ਕਿੰਨੀਆਂ ਆਸਾਂ ਰੱਖੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਏਸ ਵਾਰੀ ਤਾਂ ਧੀਅ ਦੇ ਹੱਥ ਵੀ ਪੀਲੇ ਕਰਨੇ ਨੇ ,
ਕਿਸ਼ਤ ਬੈਂਕ ਦੀ ਆਈ ਏ ਉਹ ਪੈਸੇ ਭਰਨੇ ਨੇ ,
ਹੁਣ ਤਾਂ ਏਸੇ ਹਾੜੀ ਉੱਤੇ ਸਾਡੀਆਂ ਅੱਖੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਪੁੱਤ ਕਹੇ ਪ੍ਰਦੇਸੀਂ ਜਾਣਾ ਰੋਕਿਆਂ ਰੁੱਕਦਾ ਨਈਂ ,
ਬਾਪੂ ਡਰਦਾ ਮਾਰਾ ਹੋਰ ਕਰਜ਼ਾ ਚੁੱਕਦਾ ਨਈਂ ,
ਸੁਪਨੇ ਹੰਭੇ ਹਾਰੇ ਨਾਲੇ ਰੀਝਾਂ ਥੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਸਿਰ ਢੱਕਣ ਲਈ ਐਤਕੀਂ ਪੱਕਾ ਕੋਠਾ ਛੱਤ ਲਈਏ ,
ਕੋਈ ਸ਼ੌਂਕ ਦੀ ਪੂਣੀ ਵੈਰੀਆ ਅਸੀਂ ਵੀ ਕੱਤ ਲਈਏ ,
ਸਾਡੇ ਕੋਲ ਬੱਸ ਝੋਨੇ , ਕਣਕਾਂ , ਨਰਮੇ , ਮੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਅੰਨ-ਦਾਤੇ ਭਾਵੇਂ ਕਹਾਂਉਦੇ ਹਾਂ ਪਰ ਹਾਲਤ ਮਾੜੀ ਏ ,
ਸੱਪਾਂ , ਸੇਠਾਂ , ਜ਼ਹਿਰਾਂ ਦੇ ਨਾਲ ਸਾਡੀ ਆੜੀ ਏ ,
ਅਸੀਂ ਤਾਂ ਹੁਣ ਤੱਕ ਆਪਣੀਆਂ ਹੀ ਸੰਘੀਆਂ ਨੱਪੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

ਸਾਡੇ ਸਿਰ ਤੇ ਜੋ ਵੋਟਾਂ ਦੀ ਫਸਲ ਉਗਾਉਂਦੇ ਨੇ ,
ਉਡੀਕ ਸਾਡੀ ਦੇ ਬੂਟੇ ਨੂੰ ਜੋ ਲਾਰੇ ਲਾਉਂਦੇ ਨੇ ,
ਉਨਾਂ ਲਈ "ਗਿੱਲ" ਹੱਥਾਂ ਦੇ ਵਿੱਚ ਦਾਤੀਆਂ ਚੱਕੀਆਂ ਨੇ !
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ !
ਦੂਰ ਜਾ ਕੇ ਵਰ ਵੇ ਕਿਧਰੇ ਬੱਦਲਾ ਸਾਂਵਲਿਆ

Tuesday, 31 March 2015

ਗੱਲਾਂ - ਸੁਰਜੀਤ ਸਿੰਘ ਕਾਉਂਕੇ 

ਤੇਰੇ ਨਾਲ ਜੋ ਕਰੀਆਂ ਗੱਲਾਂ 
ਹਾਸਿਆਂ ਦੇ ਸੰਗ ਭਰੀਆਂ ਗੱਲਾਂ 
ਰੋਸਿਆਂ ਨਾਲ ਜੋ ਜਰੀਆਂ ਗੱਲਾਂ 
ਕਿਤੇ ਕਿਤੇ ਪਰ ਖਰੀਆਂ ਗੱਲਾਂ
ਚੇਤੇ ਆ ਰੂਹ ਖਿੜ ਜਾਂਦੀ ਏ
ਤਾਰ ਅਗੰਮੀ ਛਿੜ ਜਾਂਦੀ ਏ । 

ਹੌਲੀ ਹੌਲੀ ਚੁਪਕੇ ਚੁਪਕੇ 
ਉਹਲੇ ਉਹਲੇ ਛੁਪਕੇ ਛੁਪਕੇ 
ਕਾਹਲੀ ਕਾਹਲੀ ਰੁਕਕੇ ਰੁਕਕੇ 
ਪਰਦੇ ਰੱਖ ਕਦੀ ਖੁਲ੍ਹਕੇ ਖੁਲ੍ਹਕੇ
ਸਾਥੋਂ ਹੀ ਕਿਉਂ ਡਰੀਆਂ ਗੱਲਾਂ
ਤੇਰੇ ਨਾਲ ਜੋ ਕਰੀਆਂ ਗੱਲਾਂ। 

ਗੱਲਾਂ ਵਿਚੋਂ ਨਿਕਲੀਆਂ ਗੱਲਾਂ 
ਖਿੜੀਆਂ ਵਾਂਗਰ ਕਲੀਆਂ ਗੱਲਾਂ 
ਕਿੱਥੇ ਗਈਆਂ ਚਲੀਆਂ ਗੱਲਾਂ 
ਦਿਲਾਂ ਦੇ ਵਿਹੜੇ ਪਲੀਆਂ ਗੱਲਾਂ       
ਹੰਝੂਆਂ ਵਿਚ ਕਿਉਂ ਤਰੀਆਂ ਗੱਲਾ     
 ਤੇਰੇ ਨਾਲ ਜੋ ਕਰੀਆਂ ਗੱਲਾਂ। 

ਹੁਣ ਜਦ ਕੋਈ ਗੱਲ ਕਰਦਾ ਏ 
ਲਗਦਾ ਏ ਉਹ ਛਲ ਕਰਦਾ ਏ 
ਅੱਜ ਕਰਦਾ ਜਾਂ ਕੱਲ੍ਹ ਕਰਦਾ ਏ
ਕਰਾਂ ਯਾਦ ਤਾਂ ਸੱਲ ਭਰਦਾ ਏ
ਦਿੰਦੀਆਂ ਸੀ ਦਿਲਬਰੀਆਂ ਗੱਲਾਂ 
ਤੇਰੇ ਨਾਲ ਜੋ ਕਰੀਆਂ ਗੱਲਾਂ। 

ਆ ਮੁੜ ਫਿਰ ਕੋਈ ਗੱਲ ਕਰ ਲਈਏ 
ਹਾੜਾ ਦਿਲ ਦੇ ਸੱਲ ਭਰ ਲਈਏ 
ਜਿਉਣ ਦਾ ਕੋਈ ਹੱਲ ਕਰ ਲਈਏ 
ਲੰਘਦੇ ਟਪਦੇ ਪਲ ਭਰ ਬਹੀਏ
ਜਿਉਂਦੀਆਂ ਹਨ ਨਹੀਂ ਮਰੀਆਂ ਗੱਲਾਂ
ਤੇਰੇ ਨਾਲ ਜੋ ਕਰੀਆਂ ਗੱਲਾਂ।

Wednesday, 25 March 2015

ਬਾਪੂ ਨਾਲ ਹਿਸਾਬ 

ਇਕ ਹਿਸਾਬ ਤੈਥੋ ਮੰਗਾਂ ਬਾਪੂ
ਕਿਓ ਬਣਾਈਆਂ ਵੰਗਾਂ ਬਾਪੂ
ਨੱਕ ਵਿੱਚ ਪਾਈ ਮੁਹਾਰ ਵੇ ਬਾਪੂ
ਕਿਵੇ ਬਣੀ ਸ਼ਿੰਗਾਰ ਵੇ ਬਾਪੂ

ਕਿੰਨੀ ਵਾਰੀ ਘਰ ਤੇਰੇ ਆਈ
ਤੂੰ ਦੱਸ ਮੇਰੀ ਕਦਰ ਕੀ ਪਾਈ
ਦੋ ਗਜ ਕਪੜੇ ਵਿੱਚ ਲਕੋ ਕੇ
ਤੁਰ ਗਿਆ ਤੂੰ ਮਸਾਣਾਂ ਤਾਈ

ਕਿਸ ਸਿਆਣੇ ਦਿੱਤੀ ਮੱਤੀ
ਵੀਰੇ ਵਾਰੀ ਸੌ ਸੁੱਖ ਸੁੱਖੀ
ਗੁੜ ਖਾਧਾ ਮੈ ਪੂਣੀ ਕੱਤੀ
ਤਾਂ ਜਾ ਕਿਤੇ ਵੀਰ ਨੂੰ ਘੱਤੀ

ਮਗਜ ਬਦਾਮ ਪੰਜੀਰੀ ਕੁੱਟੀ
ਮੇਰੀ ਰੋਟੀ ਫੇਰ ਵੀ ਸੁੱਕੀ
ਵੀਰ ਨੂੰ ਹਰ ਕੋਈ ਆਖੇ ਜਿਉਣਾ
ਮੈਨੂ ਸਾਰੇ ਕਹਿੰਦੇ ਮੁੱਕੀ

ਵੀਰ ਆਇਆ ਤੂੰ ਮੈਨੂੰ ਭੁਲ ਗਿਆ
ਸਾਰਾ ਪਿਆਰ ਇਕੇ ਤੇ ਡੁੱਲ ਗਿਆ
ਕੱਪੜੇ ਲੀੜੇ ਚੁੱਲਾ ਚੌੰਕਾ
ਮੇਰਾ ਬਚਪਨ ਗੋਹੇ 'ਚ ਰੁਲ ਗਿਆ

ਨੂੰਹ ਰਾਣੀ ਘਰ ਤੇਰੇ ਆਈ
ਨਿੱਕ ਸੁੱਕ ਐਨਾ ਨਾਲ ਲਿਆਈ
ਤੇਰਾ ਢਿੱਡ ਅਜੇ ਨਾ ਭਰਿਆ
ਪਿਉ ਉਹਦਾ ਕੀਤਾ ਕਰਜਾਈ

ਤੇਰਾ ਹਿਸਾਬ ਤਾ ਕਰਤਾ ਨੱਕੀ
ਕਿੰਨੀ ਵੇਚੀ ਕਿੰਨੀ ਰੱਖੀ
ਹੋਇਆ ਫਿਰਦਾ ਤਰਲੋ ਮੱਛੀ
ਤੇਰੇ ਪੈਰਾਂ ਵਿੱਚ ਪੱਗ ਰੱਖੀ

ਬੇਬੇ ਕਹਿੰਦੀ ਸ਼ਕਲ ਨੀ ਢੰਗ ਦੀ
ਇਹਨੂੰ ਕੋਈ ਅਕਲ ਨੀ ਡੰਗ ਦੀ
ਕੁੜੀਆਂ ਸੁੱਟੇ ਮੁੰਡਾ ਨੀ ਜੰਮਦੀ
ਲੈਜਾ ਮੋੜ ਕੇ ਮੇਰੇ ਨੀ ਕੰਮ ਦੀ

ਮੈਂ ਗਲ ਵਿੱਚ ਚੁੰਨੀ ਪਾਈ ਬਾਪੂ
ਮਾਂ ਫਿਰੇ ਘਬਰਾਈ ਬਾਪੂ
ਮੈਂ ਘਰ ਡੱਕੀ ਵੀਰ ਸਕੂਲੇ
ਮੈਨੂੰ ਸਮਝ ਨਾ ਆਈ ਬਾਪੂ

ਮੇਰਾ ਵੀ ਦਿਲ ਜਿਉਣ ਨੂੰ ਕਰਦੈ
ਆਪਣਾ ਘਰ ਵਸਾਉਣ ਨੂੰ ਕਰਦੈ
ਡਰਦੀ ਡਰਦੀ ਪੁੱਛ ਬੈਠੀ ਹਾਂ
ਪੁੱਤ ਬਿਗਾਨਾ ਮਰਨ ਤੋ ਡਰਦੈ

ਜੇ ਗੱਲ ਤੇਰੇ ਕੰਨੀ ਪੈਗੀ
ਰਾਤੋ ਰਾਤ ਝਟਕਾ ਦੇਂਗਾ
ਹੱਥ ਪੈਰ ਤੂੰ ਬੰਨ੍ਹ ਕੇ ਮੇਰੇ
ਖੂਹ ਦੇ ਵਿੱਚ ਲਮਕਾ ਦੇਂਗਾ

ਜੇ ਮਨ ਭੋਰਾ ਰਹਮ ਆ ਗਿਆ
ਝੱਟ ਗਲੋ ਤੂੰ ਲਾਹ ਦੇ ਗਾ
ਰਾਤੋ ਰਾਤੀ ਲੱਭ ਕੋਈ ਬੂਝੜ
ਸੰਗਲ ਹੱਥ ਫੜਾ ਦੇ ਗਾ

ਹੁਣ ਤਾ ਮੈ ਵੀ ਅੱਕ ਗਈ ਆਂ ਵੇ
ਜੰਮ ਜੰਮ ਕੇ ਥੱਕ ਗਈ ਆਂ ਵੇ
ਐਂਵੇ ਨਾ ਸਾਨੂੰ ਰੋਲ ਵੇ ਬਾਪੂ
ਕੁੱਝ ਤਾ ਅੱਖਾਂ ਖੋਲ ਵੇ ਬਾਪੂ

ਅਕਲ ਤੇ ਕੀ ਇਹ ਪੈ ਗਿਆ ਪਰਦਾ
ਮੇਰੇ ਵਿੱਚ ਕੀ ਮਾਂ ਨੀ ਦਿਖਦੀ
ਜਿਸ ਤੇ ਬੈਠਾ ਓਹਨੂੰ ਵੱਢੇ
ਸਿਰ ਤੇ ਠੰਡੀ ਛਾਂ ਨੀ ਦਿਖਦੀ

ਕੀ ਹੋਇਆ ਮੈ ਧੀ ਵੇ ਬਾਪੂ
ਮੈ ਵੀ ਰੱਬ ਦਾ ਜੀ ਵੇ ਬਾਪੂ
ਆਪਣਾ ਹਿਸਾਬ ਪੁਰਾਣਾ ਬਾਪੂ
ਕੱਠਿਆਂ ਹੀ ਮੁੱਕ ਜਾਣਾ ਬਾਪੂ

ਐਨਾ ਜੁਲਮ ਨੀ ਚੰਗਾ ਬਾਪੂ
ਸੁੱਖ ਮੈ ਤੇਰੀ ਮੰਗਾ ਬਾਪੂ
ਕਿਓ ਬਣਾਈਆਂ ਵੰਗਾਂ ਬਾਪੂ
ਇਕ ਹਿਸਾਬ ਤੈਥੋ ਮੰਗਾਂ ਬਾਪੂ

Monday, 2 March 2015

ਸ਼ੀਸ਼ੋ - ਸ਼ਿਵ ਕੁਮਾਰ ਬਟਾਲਵੀ ਏਕਮ ਦਾ ਚੰਨ ਵੇਖ ਰਿਹਾ ਸੀ, ਬਹਿ ਝੰਗੀਆਂ ਦੇ ਉਹਲੇ! ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ, ਪੈਰ ਧਰੇਂਦੀ ਪੋਲੇ! ਤੋਰ ਉਹਦੀ ਜਿਉਂ ਪੈਲਾਂ ਪਾਉਂਦੇ, ਟੁਕਣ ਕਬੂਤਰ ਗੋਲੇ! ਜ਼ਖਮੀ ਹੋਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ! ਲੱਖ ਹੰਸ ਮਰੀਵਣ ਗਸ਼ ਖਾ ਜੇ ਹੰਝੂ ਇੱਕ ਡੋਹਲੇ! ਉੱਡਣ ਮਾਰ ਉਡਾਰੀ ਬਗ਼ਲੇ, ਜੇ ਵਾਲਾਂ ਥੀਂ ਖੋਹਲੇ! ਪੈ ਜਾਏ ਡੋਲ ਹਵਾਵਾਂ ਤਾਈਂ ਜੇ ਪੱਖੀ ਫੜ ਝੋਲੇ! ਡੁੱਬ ਮਰੀਵਣ ਸ਼ੌਂਹ ਥੀਂ ਤਾਰੇ ਮੁੱਖ ਦੇ ਵੇਖ ਤਤੋਲੇ। ਚੰਨ ਦੂਜ ਦਾ ਵੇਖ ਰਿਹਾ ਸੀ ਵਿਹੜੇ ਵਿੱਚ ਫਲਾਹੀ! ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ - ਥੱਲੇ ਚਰਖੀ ਡਾਹੀ! ਕੋਹ ਕੋਹ ਲੰਮੀਆਂ ਤੰਦਾਂ ਕੱਢਦੀ, ਚਾ ਚੰਦਨ ਦੀ ਬਾਹੀ! ਪੂਣੀਆਂ ਈਕਣ ਕੱਢੇ ਬੁੰਬਲ, ਜਿਉਂ ਸਾਵਣ ਵਿੱਚ ਕਾਹੀ! ਹੇਕ ਸਮੁੰਦਰੀ ਪੌਣਾਂ ਵਰਗੀ, ਕੋਇਲਾਂ ਦੇਣ ਨਾ ਡਾਹੀ! ਰਗ ਜਿਵੇਂ ਕੇਸੂ ਦੀ ਮੰਜਰੀ, ਨੂਰੀ ਮੁੱਖ ਅਲਾਹੀ! ਵਾਲ ਜਿਵੇਂ ਚਾਨਣ ਦੀਆਂ ਨਦੀਆਂ, ਰੇਸ਼ਮ ਦੇਣ ਗਵਾਹੀ! ਨੈਣ ਕੁੜੀ ਦੇ ਨੀਲੇ ਜੀਕਣ, ਫੁੱਲ ਅਲਸੀ ਦੇ ਆਹੀ !

Friday, 27 February 2015

ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ - Debi Makhsoospuri

ਵਿਦੇਸ਼ਾਂ 'ਚ ਰਹਿੰਦੇ ਹੋਏ ਵਤਨੀ ਭਰਾਉ,
ਮਿੱਟਦੀ ਹੈ ਜਾਂਦੀ ਪਹਿਚਾਣ ਬਚਾਉਂ,

ਹਰ ਗੱਲੋਂ ਕਰ ਕਰ ਕੇ ਨਕਲਾਂ ਪਰਾਈਆਂ,
ਖੁੱਦ ਚੰਗੀਆਂ ਭੱਲੀਆਂ ਨੇ ਸ਼ੱਕਲਾਂ ਗਵਾਈਆ
ਪੂਰਬ ਨੂੰ ਪੱਛਮ 'ਚ ਕਿਆ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਨਹੀਂ ਸਕਦਾ ਹੋ ਕਹਿਦੇ ਜੋ ਦੇਸ਼ ਹੁੰਦਾ,
ਜਿਸ ਦੇਸ਼ ਰਹੀਏ ਓਹੀ ਭੇਸ ਹੁੰਦਾ,
ਪਰ ਆਪਣੀ ਤਾਂ ਹਰ ਚੀਜ਼ ਹੈ ਦੰਦੀਆਂ ਵੱਡਦੀ,
ਹੋਰਾਂ ਦੀ ਕੈਸੀ ਵੀ ਹੈ ਚੰਗੀ ਲੱਗਦੀ,
ਢੱਕੇ ਨਾ ਬੱਦਨ ਉਹ ਕਾਹਦਾ ਪਹਿਰਾਵਾ,
ਨੰਗੀਆਂ ਪੁੱਛਾਕਾਂ ਨੇ ਦਿੱਤਾ ਛੱਲਾਵਾ,
ਖੁਦ ਨਾਲ ਖੁਦ ਤੋਂ ਦਗਾ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਰੁਜ਼ਗਾਰਾਂ ਖਾਤਿਰ ਹੀ ਪਰਦੇਸੀ ਆਈਏ,
ਪਰ ਸਾਨੂੰ ਇਹ ਹੱਕ ਨਹੀਂ ਪਛੋਕੜ ਭੁਲਾਈਏ,
ਪੈਸੇ ਵੱਲੋਂ ਕਿੰਨੇ ਸੌਖੇ ਹੋ ਜਾਈਏ,
ਪਰ ਵਿਗੜਨ ਤੋਂ ਨਸਲਾਂ ਤੇ ਹੋਦ ਬਚਾਈਏ,
ਸਭਿਅਤਾ ਤੇ ਅਦਬੋਂ ਅਦਾਬ ਨਾ ਭੁੱਲੋ,
ਮਿਸਟਰ ਤਾਂ ਸਿੱਖੋ ਜਨਾਬ ਨਾ ਭੁੱਲੋ,
ਰੀਸਾਂ ਤੇ ਨਕਲਾਂ ਨਾਲ ਕੁੱਝ ਨਹੀਂਓ ਹੋਣਾ,
ਭੁੱਲ ਆਪਣੀ ਔਕਾਤ ਕੀ ਖੋਣ ਖੋਣਾਂ,
ਆਪਣੇ ਮਹਾਨ ਇਤਹਾਸ ਨੂੰ ਵਾਚੋਂ,
ਚਾਹੀਦਾ ਖੁਦ ਆਪਣੇ ਤੇ ਮਾਣ ਹੋਣਾ,
ਪਰ ਆਪਣਾ ਆਪਾਂ ਭੁੱਲਾ ਹੋ ਰਿਹਾ ਏ,

ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,
ਪਿਆਰੀ ਮਾਂ ਬੋਲੀ ਜੁਬਾਨ ਦਾ ਮਸਲਾ,
ਸਮਝੋਂ ਤਾਂ ਇਜ਼ਤ ਤੇ ਆਨ ਦਾ ਮਸਲਾ,
ਸੌਹ ਖਾਂ ਕੇ, ਆਪਣੀ ਕਹੋ ਗੱਲ ਦਿਲ ਦੀ,
ਕਿਤੇ ਮਾਂ ਬੋਲੀ ਜਹੀ ਮਿਠਾਸ ਹੈ ਮਿਲਦੀ ?
ਕੁੱਝ ਸੋਚੋ ਇੰਨੀ ਕੜ੍ਹੀ ਤੇ ਨਾ ਘੋਲੋ,
ਆਪਸ ਦੇ ਵਿੱਚ ਤਾਂ ਅਗਰੇਜ਼ੀ ਨਾ ਬੋਲੋ,

ਬੈਠੇ ਹੋ ਕਾਹਤੋਂ ਪੰਜਾਬੀ ਨੂੰ ਛੱਡੀ,
ਆਪਣੀ ਜੇ ਮਾਂ ਨੂੰ ਅਸੀਂ ਮਾਂ ਨਹੀਂ ਕਹਿੰਦੇ,
ਦੱਸੋ ਫਿਰ ਯਾਰੋ ਕਿਸੇ ਦੀ ਕੀ ਲੱਗੀ,
ਮਾਂ ਪੁੱਤ 'ਚ ਕਿਉਂ ਫਾਸਲਾ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਜਾਣੇ ਨਾ ਕੁੱਝ ਦੂਜੀ ਪੀੜ੍ਹੀ ਕੋਈ ਵੱਸ ਨਾ,
ਮਾਂ ਪਿਉ ਦਾ ਫਰਜ਼ ਹੈ ਉਹਨਾਂ ਨੂੰ ਦੱਸਣਾ,
ਕੀ ਦੱਸਣਾ ??????????????????
ਦੱਸੋਂ, ਅਸੀਂ ਕੌਣ ਕਿੱਥੋਂ ਹਾਂ ਆਏ, 
ਵਤਨ ਗਰ੍ਹਾਂ ਕਿਹੜੇ,ਕੀਨ੍ਹਾਂ ਦੇ ਜਾਏ,
ਬਣੀ ਫਿਰਦੇ ਜੋ ਮਾਇਕਲ ਜੈਕਸਨ, 
ਉਨ੍ਹਾਂ ਨੂੰ ਦੱਸੋ ਸਰਾਭੇ ਭਗਤ ਕਾਹਤੋਂ ਫਾਸੀ ਸੀ ਲੱਗੇ,
ਕਿਉਂ ਦਿੱਲੀ ਜਾ ਕੇ ਸੀ ਸਿਰ ਕਿਸੇ ਦਿੱਤਾ,
ਕਿਉਂ ਕਿਸੇ ਬਾਲਕ ਸੀ ਕੰਧੀ ਚਿਣਾਏ,
ਕੀ ਸਾਡਾ ਆਦਰਸ਼ ਕੀ ਇਸ਼ਕ ਪੱਕਾ,
ਕਿਥੇ ਹੈ ਕਾਂਸ਼ੀ ਅੰਮ੍ਰਿਤਸਰ ਤੇ ਮੱਕਾ,
ਹੈ ਮਤਲਬ ਉਨ੍ਹਾਂ ਥਾਂਵਾ ਤੇ ਜਾਣ ਕੀ,
ਤਸਬ੍ਹੀ, ਜਨੇਉਂ ਤੇ ਕਿਰਪਾਨ ਦਾ ਕੀ,
ਨਾ ਦੱਸਣੇ ਦਾ ਅਸਰ ਬੁਰਾ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਜੇ ਪਹਿਲੀ ਪੀੜ੍ਹੀ ਹੈ ਦੂਜੀ ਨੂੰ ਦੱਸਦੀ,
ਤਾਂ ਆਪਣੀ ਹੋਦ ਹੈ ਕਾਇਮ ਰਹਿ ਸਕਦੀ,
ਜੇ ਅਸੀਂ ਆਪਣੀਆਂ ਐਸ਼ਾਂ ਵਿੱਚ ਮਸਤ ਰਹਿਣਾ,
ਤਾਂ ਬੱਚਿਆਂ ਤੇ ਬੁਰਾ ਅਸਰ ਪੈਣਾ ਹੀ ਪੈਣਾ,
ਜੇ ਮਾਂ ਪਿਉਂ ਨੇ ਡੇਰੇ ਕਲੱਬਾਂ 'ਚ ਲਾਉਂਣੇ,
ਤਾਂ ਜੈਸੀ ਕੋਕੋ ਬੱਚੇ ਵੀ ਵੈਸੇ ਹੀ ਹੋਣੇ,
ਡਿੱਠਾ ਏ ਕੁੱਝ ਕਈ ਜਗ੍ਹਾਂ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

ਜੇ ਰਹੇ ਬੱਚੇ ਵਿਰਸੇ ਜੁਬਾਨ ਤੋਂ ਵਾਂਝੇ,
ਤਾਂ ਹੋ ਜਾਉਂਗੇ ਆਪਣੀ ਪਛਾਣ ਤੋਂ ਵਾਂਝੇ,
ਕੌਮ ਦੁਨੀਆਂ ਦੇ ਨਕਸ਼ੇ ਤੋਂ ਲਹਿ ਜਾਏਗੀ,
ਜੋ ਗੁਰੂਆਂ, ਪੀਰਾਂ , ਪਗਬਰਾਂ ਨਵਾਜ਼ੀ,
ਕਿਤਾਬਾਂ ਕਲੰਡਰਾਂ ਤੇ ਹੀ ਰਹਿ ਜਾਏਗੀ,
ਕਾਲੇ ਨਹੀਂ ਰਹਿਣਾ ਹੋ ਸਕਣਾ ਨਹੀਂ ਬੱਗੇ,
ਪਿੱਛਾ ਗਵਾਉਂਣਾ ਤੇ ਪਹੁਚਣਾਂ ਨਹੀਂ ਅੱਗੇ,
ਸਿੰਘ, ਰਾਮ, ਅਲੀ ਬਣ ਬੀਤੀ ਗੱਲ ਜਾਣੇ,
ਸਾਰੇ ਹੈਰੀ, ਟੈਰੀ, ਗਹਿਰੀ, ਵਿੱਚ ਬਦਲ ਜਾਣੇ,

ਵਾਸਤਾ ਈ **ਦੇਬੀ** ਦਾ ਕੁੱਝ ਰਹਿਮ ਖਾਵੋਂ,
ਨਾ ਆਉਂਦੀਆਂ ਨਸਲਾਂ ਦੇ ਮੁਜ਼ਰਮ ਕਹਾਵੋ,
ਨਹੀਂ ਤਾਂ ਤੀਜੀ ਪੀੜ੍ਹੀ ਹੋਉ ਖ਼ਤਮ ਕਹਾਣੀ,
ਕੌਮ ਸੂਰਜ ਵਰਗੀ ਡੁੱਬ ਪੱਛਮ 'ਚ ਜਾਣੀ,
**ਮਖ਼ਸੂਸਪੁਰੀ** ਇਹ ਬੁਰਾ ਹੋ ਰਿਹਾ ਏ,
ਹਰ ਦਿਲ ਨੂੰ ਖ਼ਤਰਾ ਜਿਹਾ ਹੋ ਰਿਹਾ ਏ,
ਕਿਉਂ ਆਪਣਾ ਵਿਰਸਾ ਤਬ੍ਹਾਂ ਹੋ ਰਿਹਾ ਏ,

Monday, 23 February 2015

ਹਾਲ ਬਜੁਰਗਾਂ ਦਾ - ਜਗਜੀਤ ਸਿੰਘ "ਪਿਆਸਾ"

ਪੁਛਕੇ ਨਹੀਂ ਕੋਈ ਰਾਜ਼ੀ , ਅੱਜ ਕੱਲ੍ਹ ਹਾਲ ਬਜੁਰਗਾਂ ਦਾ |
ਸਾਂਭਣ ਨੂੰ ਉਂਝ ਫਿਰਦੇ , ਸਾਰੇ ਮਾਲ ਬਜੁਰਗਾਂ ਦਾ। 

ਚੰਗੀ ਗੱਲ ਜੇ ਆਖਣ , ਕਹਿੰਦੇ ਰੌਲਾ ਪਾਉਂਦੇ ਐ |
ਅਨਪੜ੍ਹ ਹੋਕੇ ,ਪੜ੍ਹਿਆਂ ਲਿਖਿਆਂ , ਨੂੰ ਸਮਝਾਉਂਦੇ ਐ |
ਔਖਾ ਹੋਇਆ ਰੱਖਣਾ , ਜਰਾ ਖਿਆਲ ਬਜੁਰਗਾਂ ਦਾ 
ਪੁਛਕੇ ਨਹੀਂ ਕੋਈ ਰਾਜ਼ੀ , ਅੱਜ ਕੱਲ੍ਹ ਹਾਲ ਬਜੁਰਗਾਂ ਦਾ |

ਕਿਹੜੇ ਹਾਲ ਚ ਰਹਿੰਦੇ ,ਕਿੱਦਾਂ ਵਕਤ ਲੰਘਾਉਂਦੇ ਨੇ |
ਰੂਹ ਉਹਨਾਂ ਦੀ ਸੌਖੀ ਐ , ਜਾਂ ਦਰਦ ਹੰਢਾਉਂਦੇ ਨੇ |
ਹਰਦਮ ਪਿਆ ਕੂਕੇ , ਸਿਰ ਤੇ ਕਾਲ ਬਜੁਰਗਾਂ ਦਾ 
ਪੁਛਕੇ ਨਹੀਂ ਕੋਈ ਰਾਜ਼ੀ , ਅੱਜ ਕੱਲ੍ਹ ਹਾਲ ਬਜੁਰਗਾਂ ਦਾ |

ਮਨਾਂ ਚ ਲੋਭ ਵਸਾਕੇ , ਮੂਹਰੇ ਲਾਇਆ ਗਰਜਾਂ ਨੂੰ |
ਜੁੰਮੇਵਾਰੀਆਂ ਭੁੱਲ ਗਏ , ਨਾਲੇ ਭੁੱਲ ਗਏ ਫਰਜਾਂ ਨੂੰ |
ਸਮਝਣ ਲੱਗ ਪਏ ਬੋਝ ਤੇ ਮੰਦੜਾ ਹਾਲ ਬਜੁਰਗਾਂ ਦਾ 
ਪੁਛਕੇ ਨਹੀਂ ਕੋਈ ਰਾਜ਼ੀ , ਅੱਜ ਕੱਲ੍ਹ ਹਾਲ ਬਜੁਰਗਾਂ ਦਾ |

ਵੱਡੇਆਂ ਦਾ ਜੇ ਮਾਣ ਤੁਸੀਂ , ਕਰਨਾ ਛੱਡ ਜਾਵੋਗੇ |
ਆਉਣ ਵਾਲੀਆਂ ਪੀੜ੍ਹੀਆਂ ਤੋਂ, ਕਿਵੇਂ ਮਾਣ ਕਰਾਵੋਗੇ | 
"ਪਿਆਸੇ" ਦਿੱਤਾ ਵਿਰਸਾ , ਲਵੋ ਸੰਭਾਲ ਬਜੁਰਗਾਂ ਦਾ। 
ਸਾਂਭਣ ਨੂੰ ਉਂਝ ਫਿਰਦੇ , ਸਾਰੇ ਮਾਲ ਬਜੁਰਗਾਂ ਦਾ।
ਨਜ਼ਮ "ਕਚਹਿਰੀ"
ਮੂਲ ਲੇਖਕ : ਕੈਲਾਸ਼ ਗੌਤਮ ਇਲਾਹਾਬਾਦੀ 

ਪੰਜਾਬੀ ਰੂਪ : ਤਰਲੋਕ "ਜੱਜ" 


ਘਰੇ ਬੈਠ ਕੇ ਡਾਂਟ ਬੀਵੀ ਦੀ ਖਾਵੀਂ
ਜਿਵੇਂ ਮਰਜ਼ੀ ਆਪਣੀ ਗ੍ਰਹਿਸਤੀ ਚਲਾਵੀਂ |

ਕਿਤੇ ਜਾ ਕੇ ਜੰਗਲ 'ਚ ਧੂਣੀ ਰਮਾਵੀਂ
ਮਗਰ ਮੇਰੇ ਬੇਟੇ ਕਚਹਿਰੀ ਨਾ ਜਾਵੀਂ | 

ਕਦੇ ਭੁੱਲ ਕੇ ਵੀ ਨਾ ਅਖੀਆਂ ਉਠਾਵੀਂ
ਨਾਂ ਅਖੀਆਂ ਉਠਾਵੀਂ ਨਾ ਗਰਦਨ ਫਸਾਵੀਂ 

ਕਚਹਿਰੀ ਇਹ ਮੇਰੀ ਜਾਂ ਤੇਰੀ ਨਹੀਂ ਹੈ 
ਕਿਤੇ ਵੀ ਕੋਈ ਰਿਸ਼ਤੇਦਾਰੀ ਨਹੀਂ ਹੈ 

ਅਹ੍ਲ੍ਮ੍ਦ ਦੇ ਨਾਲ ਮੇਰੀ ਯਾਰੀ ਨਹੀਂ ਹੈ 
ਕਚਹਿਰੀ ਕਿਸੇ ਨੂੰ ਪਿਆਰੀ ਨਹੀਂ ਹੈ 

ਕਚਹਿਰੀ ਦੀ ਮਹਿਮਾ ਨਿਰਾਲੀ ਹੈ ਬੇਟੇ 
ਕਚਹਿਰੀ ਵਕੀਲਾਂ ਦੀ ਥਾਲੀ ਹੈ ਬੇਟੇ 

ਪੁਲਿਸ ਵਾਲਿਆਂ ਦੀ ਇਹ ਸਾਲੀ ਹੈ ਬੇਟੇ
ਖ਼ਰੀ ਪੈਰਵੀ ਹੁਣ ਦਲਾਲੀ ਹੈ ਬੇਟੇ 

ਕਚਹਿਰੀ ਤੇ ਗੁੰਡਿਆਂ ਦੀ ਖੇਤੀ ਹੈ ਬੇਟਾ 
ਉਹਨਾਂ ਨੂੰ ਇਥੋਂ ਜਿੰਦਗੀ ਦਿੰਦੀ ਹੈ ਬੇਟਾ 

ਸ਼ਰੇਆਮ ਕਾਤਿਲ ਪਏ ਘੁੰਮਦੇ ਨੇ
ਸਿਪਾਹੀ ਦਰੋਗੇ ਕਦਮ ਚੁੰਮਦੇ ਨੇ 

ਕਚਹਿਰੀ 'ਚ ਸਚ ਦੀ ਬੜੀ ਦੁਰਦਸ਼ਾ ਹੈ 
ਭਲਾ ਆਦਮੀ ਕਿਸ ਤਰਾਂ ਫਸ ਗਿਆ ਹੈ 

ਨਿਰੇ ਝੂਠ ਦੀ ਹੀ ਕਮਾਈ ਹੈ ਬੇਟਾ
ਨਿਰੇ ਝੂਠ ਦਾ ਰੇਟ ਹਾਈ ਹੈ ਬੇਟਾ

ਕਚਹਿਰੀ ਚ ਮਰਿਆ ਕਚਹਿਰੀ ਤੋਂ ਭੱਜੇ
ਕਚਹਿਰੀ 'ਚ ਸੌਂਵੇ ਕਚਹਿਰੀ 'ਚ ਜਾਗੇ 

ਮਰੀ ਜਾ ਰਿਹਾ ਹੈ ਗਵਾਹੀ 'ਚ ਇੱਦਾਂ 
ਕਿ ਤਾਂਬੇ ਦਾ ਹਾਂਡਾ ਸੁਰਾਹੀ 'ਚ ਜਿੱਦਾਂ 

ਲਗਾਓਂਦੇ ਬੁਝਾਓਂਦੇ ਸਿਖਾਓਂਦੇ ਮਿਲਣਗੇ 
ਤਲੀ ਤੇ ਸਰ੍ਹੋਂ ’ ਵੀ ਜਮਾਓਂਦੇ ਮਿਲਣਗੇ


ਕਚਹਿਰੀ ਤੇ ਬੇਵਾ ਦਾ ਤਨ ਵੇਖਦੀ ਹੈ
ਕਿ ਕਿਥੋਂ ਖੁਲ੍ਹਣਗੇ ਬਟਨ ਵੇਖਦੀ ਹੈ 

ਕਚਹਿਰੀ ਸ਼ਰੀਫਾਂ ਦੀ ਖਾਤਿਰ ਨਹੀਂ ਹੈ 
ਉਸੇ ਦੀ ਕਸਮ ਲੈ ਜੋ ਹਾਜ਼ਿਰ ਨਹੀਂ ਹੈ 

ਸਵਖਤੇ ਘਰਾਂ ਤੋਂ ਬੁਲਾਓਂਦੀ ਕਚਹਿਰੀ
ਬੁਲਾ ਕੇ ਹੈ ਦਿਨ ਭਰ ਰੁਲਾਓਂਦੀ ਕਚਹਿਰੀ

ਮੁਕਦਮੇ ਦੀ ਫਾਇਲ ਦਬਾਓਂਦੀ ਕਚਹਿਰੀ
ਹਮੇਸ਼ਾ ਨਵਾਂ ਗੁਲ ਖਿਲਾਓਂਦੀ ਕਚਹਿਰੀ

ਕਚਹਿਰੀ ਦਾ ਪਾਣੀ ਜਹਿਰ ਨਾਲ ਭਰਿਆ 
ਕਚਹਿਰੀ ਦੇ ਨਲ ਤੇ ਮੁਵੱਕਿਲ ਹੈ ਮਰਿਆ 

ਕਚਹਿਰੀ ਦਾ ਪਾਣੀ ਕਚਹਿਰੀ ਦਾ ਦਾਣਾ
ਨਾ ਲੱਗ ਜਾਵੇ ਤੈਨੂੰ ਤੂ ਬਚਣਾ ਬਚਾਣਾ 

ਚਾਹੇ ਹੋਰ ਕੋਈ ਮੁਸੀਬਤ ਬੁਲਾਓਣਾ 
ਕਚਹਿਰੀ ਦੀ ਨੌਬਤ ਨਾ ਘਰ ਵਿਚ ਲਿਆਓਣਾ 

ਘਰੇ ਬੈਠ ਕੇ ਡਾਂਟ ਬੀਵੀ ਦੀ ਖਾਵੀਂ |
ਜਿਵੇਂ ਮਰਜ਼ੀ ਆਪਣੀ ਗ੍ਰਹਿਸਤੀ ਚਲਾਵੀਂ |

ਕਿਤੇ ਜਾ ਕੇ ਜੰਗਲ 'ਚ ਧੂਣੀ ਰਮਾਵੀਂ
ਮਗਰ ਮੇਰੇ ਬੇਟੇ ਕਚਹਿਰੀ ਨਾ ਜਾਵੀਂ | 

ਜਨਾਬ ਦਵਿੰਦਰ ਜੋਹਲ ਦਾ ਜ਼ਰੂਰੀ ਦਰੁਸਤੀਆਂ ਲਈ ਧੰਨਵਾਦ

Saturday, 21 February 2015

|| ਮਾਂ ਬੋਲੀ ||ਹਬੀਬ ਜਾਲਿਬ ||

ਪੁੱਤਰਾਂ ਤੇਰੀ ਚਾਦਰ ਲਾਹੀ ।
ਹੋਰ ਕਿਸੇ ਦਾ ਦੋਸ਼ ਨਾ ਮਾਈ ।

ਗ਼ੈਰਾਂ ਕਰੋਧ ਦੀ ਉਹ ਅੱਗ ਬਾਲੀ ।
ਸੀਨੇ ਹੋ ਗਏ ਪਿਆਰ ਤੋਂ ਖ਼ਾਲੀ ।

ਪੁੱਤਰਾਂ ਨੂੰ ਤੂੰ ਲੱਗੇਂ ਗਾਲੀ ।
ਤੈਨੂੰ ਬੋਲਣ ਤੋਂ ਸ਼ਰਮਾਵਣ ।
ਗ਼ੈਰਾਂ ਐਸੀ 'ਵਾ ਵਗਾਈ,
ਪੁੱਤਰਾਂ ਤੇਰੀ ਚਾਦਰ ਲਾਹੀ ।


ਇਨ੍ਹਾਂ ਕੋਲ ਜ਼ਮੀਨਾਂ ਵੀ ਨੇ,
ਇਨ੍ਹਾਂ ਹੱਥ ਸੰਗੀਨਾਂ ਵੀ ਨੇ ।
ਦੌਲਤ ਬੈਂਕ ਮਸ਼ੀਨਾਂ ਵੀ ਨੇ ।
ਨਾ ਇਹ ਤੇਰੇ ਨਾ ਇਹ ਮੇਰੇ,
ਇਹ ਲੋਕੀਂ ਯੂਸੁਫ਼ ਦੇ ਭਾਈ ।

ਪੁੱਤਰਾਂ ਤੇਰੀ ਚਾਦਰ ਲਾਹੀ ।
ਹੋਰ ਕਿਸੇ ਦਾ ਦੋਸ਼ ਨਾ ਮਾਈ || 


|| ਯੂਸੁਫ਼ ਦੇ ਦਸ ਮਤਰੇਏ ਭਾਈਆਂ
ਨੇ ਉਸਨੂੰ ਈਰਖਾ ਵਸ ਹੋ ਕੇ ਬਹੁਤ
ਤਸੀਹੇ ਦਿੱਤੇ ਸਨ ||

Friday, 20 February 2015

ਮਾਂ- ਬੋਲੀ ਪੰਜਾਬੀ - ਬਲਵਿੰਦਰ ਸਿੰਘ ਮੋਹੀ

21 ਫਰਵਰੀ ਦਾ ਦਿਨ ਸਮੁੱਚੇ ਸੰਸਾਰ ਵਿੱਚ 'ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ' ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਦੁਨੀਆ ਦੇ ਹਰ ਖਿੱਤੇ ਦੇ ਲੋਕਾਂ ਵੱਲੋਂ ਆਪੋ ਆਪਣੀ ਮਾਤ-ਭਾਸ਼ਾ ਦੀ ਭਾਸ਼ਾਈ ਵਿਲੱਖਣਤਾ ਨੂੰ ਬਰਕਰਾਰ ਰੱਖਣਾ ਹੈ। 
ਸੋ ਸਾਨੂੰ ਵੀ ਆਪਣੀ ਮਾਂ-ਬੋਲੀ ਪੰਜਾਬੀ ਤੇ ਫਖ਼ਰ ਹੋਣਾ ਚਾਹੀਦਾ ਹੈ। 
ਆਉ ਕੁਲ ਦੁਨੀਆ ਵਿੱਚ ਵਸਦੇ ਪੰਜਾਬੀ ਆਪਣੀ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਇਸ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਯੋਗ ਉਪਰਾਲੇ ਕਰੀਏ। 
ਆਪਣੇ ਬੱਚਿਆਂ ਨੂੰ ਦੁਨੀਆਂ ਦੀ ਹਰ ਭਾਸ਼ਾ ਸਿੱਖਣ ਦਾ ਮੌਕਾ ਦਿੰਦੇ ਹੋਏ ਆਪਣੀ ਮਾਂ-ਬੋਲੀ ਪੰਜਾਬੀ ਨਾਲ ਹਮੇਸ਼ਾਂ ਲਈ ਜੋੜਕੇ ਰੱਖਣ ਦਾ ਪ੍ਰਣ ਲਈਏ, ਤਾਂ ਜੋ ਉਹ ਸਾਡੇ ਅਮੀਰ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਕਿਉਂਕਿ ਆਪਣੀ ਬੋਲੀ ਤੋਂ ਟੁੱਟਿਆ ਮਨੁੱਖ ਆਪਣੇ ਸੱਭਿਆਚਾਰ ਤੋਂ ਵੀ ਕੋਹਾਂ ਦੂਰ ਹੋ ਜਾਂਦਾ ਹੈ। ਜਿਸ ਨੂੰ ਵਾਪਸ ਲਿਆਉਣਾ ਸੰਭਵ ਨਹੀਂ ਹੁੰਦਾ।

ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਆਪਣਾ ਦੇਸ਼ ਤੇ ਬੋਲੀ ਹੁੰਦੇ ਜਾਨੋ ਵੱਧ ਪਿਆਰੇ,
ਲ਼ੋਕ-ਗੀਤ ਖੁਸ਼ਬੋਆਂ ਵੰਡਣ ਮਹਿਕਾਂ ਦੇ ਵਣਜਾਰੇ,
ਮਹਿਕ ਏਸਦੀ ਬੋਲਾਂ ਵਿੱਚੋਂ ਕਦੇ ਗਵਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਘੁੱਗੂ ਘੋੜੇ ਪਾਉਣੇ ਜੀਹਨੇ ਆਪ ਸਿਖਾਏ ਸੀ,
ਫੱਟੀ ਤੇ ਜਦ ਗਾਚੀ ਦੇ ਨਾਲ ਪੋਚੇ ਲਾਏ ਸੀ,
ਪਏ ਪੂਰਨੇ ਦਿਲ ਤੇ ਜਿਹੜੇ ਤੁਸੀਂ ਮਿਟਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਗੁਰੂਆਂ ਪੀਰਾਂ ਤੇ ਭਗਤਾਂ ਨੇ ਇਸਦੀ ਕਦਰ ਪਛਾਣੀ,
ਏਸੇ ਵਿੱਚ ਹੀ ਲਿਖੀ ਹੋਈ ਹੈ ਚਾਨਣ ਵੰਡਦੀ ਬਾਣੀ,
ਛੱਡ ਕੇ ਇਸਨੂੰ ਆਪਣੇ ਮੱਥੇ ਕਾਲਖ ਲਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਵਿੱਚ ਵਿਦੇਸ਼ਾਂ ਦੇ ਵੀ ਹੋਇਆ ਉੱਚਾ ਰੁਤਬਾ ਇਸਦਾ,
ਖੈਰ ਪੰਜਾਬੀ ਦੀ ਹੈ ਮੰਗਦਾ ਔਹ ਸ਼ਰਫ ਵੀ ਦਿਸਦਾ,
ਮਨ-ਮੰਦਰ ਵਿੱਚ ਬਲਦਾ ਇਹ ਚਿਰਾਗ਼ ਬੁਝਾਇਉ ਨਾ
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਸ਼ਾਇਰਾਂ ਅਤੇ ਅਦੀਬਾਂ ਨੇ ਹੈ ਇਸਦੀ ਸ਼ਾਨ ਵਧਾਈ,
ਏਹਦੇ ਸਦਕੇ ਕੁਲ ਦੁਨੀਆਂ ਦੇ ਵਿੱਚ ਪਛਾਣ ਬਣਾਈ,
ਛੱਡ ਕੇ ਇਹਨੂੰ ‘ਮੋਹੀ’ ਆਪਣਾ ਮੂਲ ਗਵਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਉ ਨਾ,
ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
ਮਾਂ-ਬੋਲੀ ਪੰਜਾਬੀ - ਗੁਰਮਿੰਦਰ ਸਿਧੂ

ਅੰਤਰ-ਰਾਸ਼ਟਰੀ ਮਾਂ-ਬੋਲੀ ਦਿਹਾੜੇ 'ਤੇ 
ਮਾਂ-ਬੋਲੀ ਪੰਜਾਬੀ ਦੇ ਪੁੱਤਾਂ-ਧੀਆਂ ਦੇ ਨਾਂ:

ਇਕ ਖਬਰ ਮੇਰੇ ਦਿਲ ਦੇ ਅੰਦਰ, ਛੁਰੀਆਂ ਵਾਂਗੂੰ ਲਹਿ ਗਈ, 
' ਮਿਟ ਜਾਣੀ ਪੰਜਾਬੀ ਬੋਲੀ ', ਰਾਜ਼ ' ਯੂਨੈਸਕੋ ' ਕਹਿ ਗਈ

ਜਾਗੋ ਵੇ ਪੰਜਾਬੀਓ ! ਫਿਰ ਇਹ ਵੇਲਾ ਹੱਥ ਨੀ ਆਉਣਾ
ਮੁੱਕ ਜਾਂਦੀ ਉਹ ਕੌਮ, ਕਿ ਜਿਸਦੀ 'ਬੋਲੀ' ਕਬਰੀਂ ਪੈ ਗਈ।

ਮਿਸ਼ਰੀ ਵਰਗੀ ਬੋਲੀ ਸਾਡੀ, ਦੁੱਧ-ਮੱਖਣਾਂ ਦੀ ਪਾਲ਼ੀ
ਢੋਲੇ-ਟੱਪੇ ਗਹਿਣੇ ਇਸਦੇ , ਲੋਰੀਆਂ-ਘੋੜੀਆਂ ਵਾਲ਼ੀ 
ਕਿਉਂ ਪੰਜਾਬੀ ਪੁੱਤੋ ! ਇਹਨੂੰ ਵਰਤ ਕੇ ਹੀਣੇ ਹੁੰਦੇ ?
ਗੁਰੂਆਂ ਅਤੇ ਫਕੀਰਾਂ ਜਿਹੜੀ ਰੂਹ ਦੇ ਤਖਤ ਬਿਠਾਲੀ।

ਜਿਸ ਬੋਲੀ ਵਿੱਚ ਦਰਦ ਸੁਣਾਏ, ਜਿਸ ਵਿੱਚ ਹੱਸੇ ਹਾਸੇ
ਜਿਸ ਵਿੱਚ ਮਾਂ ਤੋਂ ਰੋਟੀ ਮੰਗੀ ਜਿਸ ਵਿੱਚ ਖਾਬ ਤਰਾਸ਼ੇ
ਸਾਂਭ ਪੰਜਾਬੀ-ਬੋਲੀ ਦੇ ਉਹ ਮੋਤੀਆਂ ਵਰਗੇ ਅੱਖਰ
ਇਕ ਵਾਰੀ ਜੇ ਮਿਟ ਗਏ, ਫਿਰ ਨਹੀਂ ਲੱਭਣੇ ਲਾਲ ਗਵਾਚੇ।

ਅੱਧੀ ਰਾਤ ਪਹਿਰ ਦੇ ਤੜਕੇ, ਕੀ ਕਨਸੋਆਂ ਆਈਆਂ
ਮਾਂ-ਬੋਲੀ ਅੱਜ ਗਲੀਆਂ ਅੰਦਰ ਦਿੰਦੀ ਫਿਰੇ ਦੁਹਾਈਆਂ
ਜਿਸ ਬੱਚੜੇ ਨੂੰ ਲਾਡ-ਲਡਾ ਮੈਂ ਜੱਗ ਬਰੋਬਰ ਕੀਤਾ
ਘਰ ’ਚੋਂ ਕੱਢਣ ਵੇਲੇ ਉਸਨੂੰ ਰਤਾ ਨਾ ਲਾਜਾਂ ਆਈਆਂ।

ਜੋ ਨਾ ਥੱਕਦੇ ਨਾ ਰੁਕਦੇ ਨੇ, ਉਹ ਸ਼ਾਹ-ਅਸਵਾਰ ਹੁੰਦੇ ਨੇ
ਜੋ ਮਾਂ ਦੇ ਪੈਰੀਂ ਝੁਕਦੇ ਨੇ, ਉੱਚੇ ਕਿਰਦਾਰ ਹੁੰਦੇ ਨੇ
ਜੋ ਮਾਂ-ਬੋਲੀ 'ਤੇ ਕਰਦੇ ਮਾਣ, ਉਹ ਇਤਿਹਾਸ ਲਿਖ ਜਾਂਦੇ
ਜੋ ਮਾਂ-ਬੋਲੀ ਨੂੰ ਭੁੱਲ ਜਾਂਦੇ, ਨਿਰੇ ਗੱਦਾਰ ਹੁੰਦੇ ਨੇ।
ਕੋਟਾਨ ਕੋਟ ਸ਼ੁਕਰਾਨਾ - ਬਿਕਰਮਜੀਤ ਸਿੰਘ "ਜੀਤ"

ਕੋਟਾਨ ਕੋਟ ਸ਼ੁਕਰਾਨਾ ਤੇਰਾ, ਹੇ ਪਰਮ ਪਿਤਾ ਮੇਰੇ ਸਾਈਂ
ਕਿਰਪਾ ਦਰਿਸ਼ਟੀ ਸਦਾ ਤੂੰ ਰੱਖੀ, ਪਲ ਪਲ ਰਿਹਾ ਸਹਾਈ

ਅੜਚਨ ਸੰਕਟ ਤੇ ਦੁੱਖਾਂ ਤੋਂ, ਸਾਨੂੰ ਹਰਦਮ ਲਿਆ ਬਚਾਏ
ਬੇਅੰਤ ਖੁਸ਼ੀਆਂ ਤੇ ਸੁੱਖ ਸਾਧਨ, ਸਾਡੀ ਝੋਲੀ ਦੇ ਵਿੱਚ ਪਾਏ

ਹੈ ਤੇਰੇ ਆਸਰੇ ਇਹ ਜੀਵਨ ਗੱਡੀ, ਜਿੰਵ ਭਾਵੇ ਤਿਵੇਂ ਚਲਾਈਂ
ਰਹੀਏ ਰਜ਼ਾ ਤੇਰੀ ਦੇ ਅੰਦਰ, ਸਦ ਕਰੀਂ ਤੂੰ ਮਿਹਰ ਗੁਸਾਈਂ

ਕਦੇ ਨ੍ਹਾਂ ਛੁੱਟੇ ਤੇਰਾ ਪੱਲਾ, ਤੇਰੇ ਦਾਸਨ ਦਾਸ ਹੋ ਰਹੀਏ
ਰੁਝੀਏ ਸੇਵਾ ਭਗਤੀ ਅੰਦਰ, ਨਾਮ ਸ੍ਵਾਸ ਸ੍ਵਾਸ ਤੇਰਾ ਕਹੀਏ

ਗੁਰਮੁਖਾਂ ਦਾ ਮੇਲ ਕਰਾਵੀਂ, ਸਦ ਗੁਰਮੱਤ ਮਾਰਗ ਚਲੀਏ
ਸਫ਼ਲਾ ਹੋਵੇ ਜਨਮ ਅਸਾਡਾ, ਵਿੱਚ ਸਾਧ ਸੰਗਤ ਦੇ ਰਲੀਏ

ਮੰਗਦੈ "ਜੀਤ" ਦਾਨ ਇਹ ਤੈਥੋਂ, ਕਰੀਂ ਕਿਰਪਾ ਮੇਰੇ ਦਾਤਾ
ਬਖਸ਼ ਕੇ ਭੁੱਲਾਂ ਮੇਰੇ ਪ੍ਰੀਤਮ, ਸਾਨੂੰ ਦੇਈਂ ਸੁਮੱਤ ਵਿਧਾਤਾ 

Thursday, 19 February 2015

 ਨੱਥਾ ਸਿੰਘ ਸਰਦਾਰ - ਸਵਿੰਦਰ ਸਿੰਘ ਚਾਹਲ

ਮਰਦਮਸ਼ੁਮਾਰੀ ਕਰਦਾ ਜਦੋਂ ਮੈਂ ਗਲੀ ’ਚੋਂ ਲੰਘਿਆ
ਨਿੱਕੇ ਜਿਹੇ ਛੱਤੜੇ ’ਚ ਕੋਈ ਖੰਘਿਆ
ਝਾਤ ਮਾਰ ਜਦੋਂ ਮੈਂ ਅੰਦਰ ਲੰਘਿਆ
ਉਹਨੇ ਮੇਰੇ ਕੋਲੋਂ ਸੀ ਪਾਣੀ ਮੰਗਿਆ

ਨਿੱਕੀ ਜਈ ਤੌੜੀ, ਗਲਾਸ, ਬਾਲਟੀ ਤੇ ਛਾਬਾ ਸੀ,
ਅਲ੍ਹਾਣੀ ਜਈ ਮੰਜ਼ੀ ਤੇ ਇੱਕ ਅੱਸੀ ਸਾਲਾ ਬਾਬਾ ਸੀ,

ਤੌੜੀ ਚੌਂ ਪਾਣੀ ਮੈਂ ਗਲਾਸ "ਚ ਪਾ ਲਿਆ
ਫੜ ਕੇ ਗਲਾਸ ਬਾਬੇ ਮੂੰਹ ਨੂੰ ਲਾ ਲਿਆ ।

ਪਛਾਣਿਆ ਨੀ ਸ਼ੇਰਾ ਕੇੜਾ ਤੁੰ ਭਾਈ ਉਏ
ਕਿੱਥੇ ਨੇ ਘਰ ਕੇੜੇ ਪਿੰਡ ਦਾ ਗਰਾਈਂ ਉਏ ।

ਮੈਂ ਕਿਆ ਬਜੁਰਗੋ ਤੁਹਾਡੇ ਪਿੰਡ "ਚ ਮਾਸਟਰ ਸਰਕਾਰੀ ਆਂ,
ਲਾਈ ਮੇਰੀ ਡਿਊਟੀ ਕਰਦਾ ਮਰਦਮ -ਸ਼ੁਮਾਰੀ ਆ ।

ਤੁਹਡਾ ਮੈਂ ਘਰ-ਬਾਰ ਵੇਖਣਾ. ਕਿੰਨੇ ਹੋ ਮੈਂਬਰ ਸਾਰਾ ਪਰਿਵਾਰ ਵੇਖਣਾ ।
ਸੁਣਕੇ ਮੱਧਮ ਅੱਖਾਂ ਚੋਂ ਪਾਣੀ ਆ ਗਿਆ ਜਾਂਦਾ ਹੰਝੂ ਬਾਬੇ ਨੂੰ ਰੁਆ ਗਿਆ,

ਹੋਸਲਾ ਜਿਹਾ ਕਰ ਫਿਰ ਬਾਬਾ ਬੋਲਿਆ, 
ਜ਼ਿੰਦਗੀ ਫਿਰ ਉਹਨੇ ਰਾਜ਼ ਖੋਲਿਆ ।
ਚਾਰ ਪੁੱਤ - ਪੰਜ ਪੋਤੇ ਵੱਡਾ ਪਰਿਵਾਰ ਸ , 
ਕਿਸੇ ਵੇਲੇ ਸ਼ੇਰਾ ਮੈਂ ਨੱਥਾ ਸਿੰਘ ਸਰਦਾਰ ਸੀ ।

ਮਿੱਟੀ ਨਾਲ ਮਿੱਟੀ ਹੋ ਕਰੀਆਂ ਕਮਾਈਆਂ ਉਏ, 
ਪੈਰਾਂ ਵਿੱਚ ਵੇਖ ਸ਼ੇਰਾ ਪਈਆਂ ਬਿਆਈਆਂ ਉਏ ।

ਕੰਮ ਕਰ - ਕਰ ਹੱਥਾਂ ਦੀਆਂ ਮਿਟੀਆਂ ਲਕੀਰਾਂ ਉਏ , 
ਪੁੱਤ-ਪੋਤੇ ਲਈ ਬਣਾ ਦਿੱਤੀਆਂ ਜ਼ਗੀਰਾਂ ਉਏ ।

ਗੋਡੇ-ਮੋਡੇ ਫਿਰ ਮੇਰੇ ਦੇ ਗਏ ਜਵਾਬ ਸੀ, 
ਪੁੱਤ ਮੇਰੇ ਕਰਨ ਲੱਗੇ ੳਦੋਂ ਫਿਰ ਹਿਸਾਬ ਸੀ ।

ਖੇਤ ਘਰ-ਵਾਰ ਸਾਰਿਆਂ ਦਾ ਹਿੱਸਾ ਪੈ ਗਿਆ 
ਤੇਰਾ ਇਹ ਬਾਬਾ ਸ਼ੇਰਾ ਅਣ-ਵੰਡਿਆ ਹੀ ਰਹਿ ਗਿਆ ।

ਜੀਵਣ - ਸਾਥਣ ਵੀ ਮੇਰੀ ਛੱਡ ਅੱਧ ਵਿਚਕਾਰ ਗਈ,
ਥੋੜਾ ਚਿਰ ਹੋਇਆ ਕਾਕਾ ਸਵਰਗ ਸੁਧਾਰ ਗਈ,

ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ ਚ ਬੈਂਦੇ ਨੇ 
ਸਾਡੇ ਬੁੜੇ ਨੇ ਕੇ ਕੀਤਾ ਅੱਜ ਲੋਕਾਂ ਕੋਲ ਕਹਿੰਦੇ ਨੇ ।

ਕੋਠੀਆਂ ਚੋਂ ਨਿੱਕਲ ਮੰਜਾ ਵਾਗਲ "ਚ ਡਹਿ ਗਿਆ,
ਨੱਥਾ ਸਿੰਘ ਸਰਦਾਰ ਉਏ ਹੁਣ ਨੱਥਾ ਬੁੜ੍ਹਾ ਰਹਿ ਗਿਆ ।

ਲੋਕਾਂ ਲੱਜੋਂ ਡਰਦਿਆਂ ਇੱਕ ਦੂਜੇ ਦੀ ਗੱਲ ਮੰਨ ਲਈ,
ਮਹੀਨਾ - ਮਹੀਨਾ ਸਾਂਭਣ ਦੀ ਚਾਂਰਾ ਨੇ ਵਾਰੀ ਵੰਡ ਲਈ ।

ਤੀਹ ਤੇ ਇਕੱਤੀ ਦਿਨਾਂ ਸ਼ੇਰਾ ਫਿਰ ਪੰਗਾ ਪੈ ਗਿਆ,
ਮਾਰਚ- ਮਈ ਵਾਲੇ ਕਹਿੰਦੇ ਬੁੜ੍ਹਾ ਇੱਕ ਦਿਨ ਵੱਧ ਰਹਿ ਗਿਆ ।

ਜਾ ਇੱਕ ਗੱਲ ਕੰਨੀ ਪਾ ਦੇ ਤੂੰ ਅਪਣੀ ਸਰਕਾਰ ਦੇ
ਹਰ ਬਾਜ਼ੀ ਦੇ ਜੇਤੂ ਹੁੰਦੇ ਜੇਹੜੇ ਔਲਾਦ ਦੇ ਹੱਥੋ ਹਾਰਦੇ ।

ਤੁਸੀ ਕਹਿੰਦੇ ਹੋ ਤਰੱਕੀ ਅੱਜ ਕਰਲੀ ਪਰ ਕਿਉਂ ਇੱਕ ਗੱਲ ਭੁੱਲਦੇ ਹੋ,
ਉਹ ਤੱਰਕੀਆਂ ਨੇ ਕਾਅਦੀਆ ਲੋਕੋ , ਜਿੱਥੇ ਬਾਗਵਾਨ ਰੁਲਦੇ ਆ ।

ਮੈਨੂੰ ਮਾਫ਼ ਕਰੀਂ ਮੇਰੇ ਪੁੱਤਰਾ ਉਏ ਮੈਂ ਤਾਂ ਜਜਬਾਤੀ ਹੋ ਗਿਆ,
ਤੂੰ ਭਰਨੇ ਸੀ ਫ਼ਾਰਮ ਦੇ ਖਾਨੇ ਮੈਂ ਦੁੱਖ ਅਪਣੇ ਹੀ ਰੋ ਗਿਆ ।
ਇੱਕ ਮਾਦਾ ਭਰੂਣ ਦੀ:  ਬਗਾਵਤ - ਰਘਬੀਰ ਸਿੰਘ ਤੀਰ

ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।
ਦਿਲ ਚਾਹਿਆ ਦੁਰਕਾਰ ਲੈ ਅੰਮੀਏ
ਧੀ ਰਾਣੀ ਮੁੜ ਬਣ ਕੇ ਤੇਰੀ, ਤੇਰੀ ਕੁੱਖ ‘ਚ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.........  

ਕਿਉਂ ਪੁੱਤਰ ਤੈਨੂੰ ਪਿਆਰੇ ਲੱਗਦੇ? ਧੀਆਂ ਪੱਥਰ ਭਾਰੇ ਲੱਗਦੇ?
ਪੁੱਤਰ-ਧੀ ਦਾ ਫ਼ਰਕ ਨਾ ਕੋਈ,ਧੀ ਜੰਮਣ ਦਾ ਹਿਰਖ਼ ਨਾ ਕੋਈ।
ਦੇ ਕੇ ਹੋਕਾ ਜੱਗ ਵਿੱਚ ਸਾਰੇ, ਜੱਗ ਨੂੰ ਇਹ ਸਮਝਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........  
ਦਿਲ ਚਾਹਿਆ ਦੁਰਕਾਰ ਲੈ ਅੰਮੀਏ

ਜੱਗ ਵੇਖਣ ਦੀ ਰੀਝ ਸੀ ਮੇਰੀ।ਆਸਮਾਨ ‘ਤੇ ਨੀਝ ਸੀ ਮੇਰੀ।
ਕਲਪਨਾ-ਚਾਵਲਾ ਬਣ ਮੈਂ ਅੰਮੀਏਂ, ਧਰਤ ਦਾ ਗੇੜਾ ਲਾਵਾਂਗੀ।
ਪੂਰੀ ਗਈ ਰੀਝ ਜਦ ਮੇਰੀ, ਤੇਰਾ ਨਾਂ ਚਮਕਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........  
ਦਿਲ ਚਾਹਿਆ ਦੁਰਕਾਰ ਲੈ ਅੰਮੀਏ

ਤੂੰ ਵੀ ਔਰਤ ਮੈਂ ਵੀ ਔਰਤ, ਫਿਰ ਕਿਉਂ ਨਫ਼ਰਤ ਮੈਨੂੰ ਕਰਦੀ?
ਮੇਰੇ ਜਨਮ ‘ਤੇ ਫਿਰ ਕਿਉਂ ਮਾਏਂ ਲੰਮੇ ਲੰਮੇ ਹੌਕੇ ਭਰਦੀ?
ਤੇਰੇ ਏਦਾਂ ਕਰਨ ‘ਤੇ ਅੰਮੀਏ ਮੈਂ ਤਾਂ ਬਾਜ ਨਾ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........
ਦਿਲ ਚਾਹਿਆ ਦੁਰਕਾਰ ਲੈ ਅੰਮੀਏ


ਕਿਉਂ ਐਵੇਂ ਤੂੰ ਜ਼ਿੱਦ ਪਈ ਕਰਦੀ, ਮੇਰੇ ਵਾਂਗੂੰ ਤਿਲ ਤਿਲ ਮਰਦੀ?
ਧਰਤੀ ਔਰਤ ਜਣਨ ਹਾਰੀਆਂ, ਏਸੇ ਲਈ ਗੁਰਾਂ ਸਤਿਕਾਰੀਆਂ।
ਲੈ ਕੇ ਚਾਨਣ ਵਿਦਿਆ ਵਾਲਾ ਕੁਲ਼੍ਹ ਦਾ ਨਾਂ ਚਮਕਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.......... 
ਦਿਲ ਚਾਹਿਆ ਦੁਰਕਾਰ ਲੈ ਅੰਮੀਏ

ਐ! ਦੁਨੀਆਂ ਦੇ ਗਾਫ਼ਿਲ ਲੋਕੋ ਕੱਲ੍ਹ ਬਾਰੇ ਵੀ ਕੁਝ ਤਾਂ ਸੋਚੋ।
ਧਰਤ ‘ਚੋਂ ਜੇਕਰ ਮੁੱਕ ਗਿਆ ਪਾਣੀ, ਕੁੱਖਾਂ ਵਿੱਚੋਂ ਜੇ ਧੀ-ਧਿਆਣੀ।
ਕਿੱਦਾਂ ਪੁਤ ਵਿਆਹਵੋਗੇ, ਕਿਹਨੂੰ ਨਹੁੰ ਬਣਾਵੋਗੇ?
ਕਿਉਂ ਸਮਝ ਨਹੀਂ ਤੈਨੂੰ ਪੈਂਦੀ, ਦੱਸ ਤੂੰ ਸਿੱਖਿਆਂ ਕਿਉਂ ਨਹੀਂ ਲੈਂਦੀ?
ਜੱਗ ਤੇ ਰੌਲਾ ਪਾ ਕੇ ਮੈ ਵੀ ਵਾਰ ਵਾਰ ਸਮਝਾਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........
ਦਿਲ ਚਾਹਿਆ ਦੁਰਕਾਰ ਲੈ ਅੰਮੀਏ

ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।
ਦਿਲ ਚਾਹਿਆ ਦੁਰਕਾਰ ਲੈ ਅੰਮੀਏ 
ਧੀ ਰਾਣੀ ਮੁੜ ਬਣ ਕੇ ਤੇਰੀ, ਤੇਰੀ ਕੁੱਖ ‘ਚ ਆਵਾਂਗੀ।
ਤੇਰੇ ਵਰਗੀ ਜਿੱਦੀ ਹਾਂ ਮੈਂ ਵੀ, ਧੀ ਤੇਰੀ ਅਖਵਾਵਾਂਗੀ।
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.........
ਦਿਲ ਚਾਹਿਆ ਦੁਰਕਾਰ ਲੈ ਅੰਮੀਏ

Tuesday, 17 February 2015

ਨਿਤ ਸੁਫ਼ਨੇ ਵਿਚ - ਰਾਕੇਸ਼ ਤੇਜਪਾਲ 'ਜਾਨੀ' 

ਨਿਤ ਸੁਫ਼ਨੇ ਵਿਚ ਆ ਜਾਂਦਾ ਏਂ
ਸੁੱਤੀ ਰਮਜ਼ ਜਗਾ ਜਾਂਦਾ ੲੇ

ਸੁੱਤੀ ਰਮਜ਼ ਜਗਾ ਜਾਂਦਾ ੲੇ
ਨੈਣਾਂ ਨੂੰ ਕੰਮ ਲਾ ਜਾਂਦਾ ੲੇਂ

ਨੈਣਾਂ ਨੂੰ ਕੰਮ ਲਾ ਜਾਂਦਾ ੲੇਂ
ਅੱਲ੍ਹੇ ਜਖ਼ਮ ਦੁਖਾ ਜਾਂਦਾ ੲੇ

ਅੱਲ੍ਹੇ ਜਖ਼ਮ ਦੁਖਾ ਜਾਂਦਾ ੲੇਂ
ਲੂਣ ਗ਼ਮਾਂ ਦੇ ਲਾ ਜਾਂਦਾ ੲੇਂ

ਲੂਣ ਗ਼ਮਾਂ ਦੇ ਲਾ ਜਾਂਦਾ ੲੇਂ
ਦਿਲ ਦੇ ਦਰਦ ਵਧਾ ਜਾਂਦਾ ੲੇਂ

ਦਿਲ ਦੇ ਦਰਦ ਵਧਾ ਜਾਂਦਾ ੲੇਂ
ਯਾਦਾਂ ਪੱਲੇ ਪਾ ਜਾਂਦਾ ੲੇਂ

ਯਾਦਾਂ ਪੱਲੇ ਪਾ ਜਾਂਦਾ ੲੇਂ
ਹਿਜਰ ਜਣੇਪੇ ਲਾ ਜਾਂਦਾ ੲੇਂ

ਹਿਜਰ ਜਣੇਪੇ ਲਾ ਜਾਂਦਾ ੲੇਂ
ਪੀੜ ਪਰਾਗੇ ਪਾ ਜਾਂਦਾ ੲੇਂ

ਪੀੜ ਪਰਾਗੇ ਪਾ ਜਾਂਦਾ ੲੇਂ
ਨੱਪੇ ਨੀਰ ਵਗਾ ਜਾਂਦਾ ੲੇਂ

ਨੱਪੇ ਨੀਰ ਵਗਾ ਜਾਂਦਾ ੲੇਂ
ਮੂੰਹੋਂ ਚੀਸ ਕਢਾ ਜਾਂਦਾ ੲੇੇਂ

ਮੂੰਹੋਂ ਚੀਸ ਕਢਾ ਜਾਂਦਾ ੲੇੇਂ
ਜੰਡ ਹੇਠ ਵਢਵਾ ਜਾਂਦਾ ਏ

ਜੰਡ ਹੇਠ ਵਢਵਾ ਜਾਂਦਾ ੲੇਂ
'ਜਾਨੀ' ਜਾਨ ਮੁਕਾ ਜਾਂਦਾ ੲੇਂ

'ਜਾਨੀ' ਜਾਨ ਮੁਕਾ ਜਾਂਦਾ ੲੇਂ
ਨਿਤ ਸੁਫ਼ਨੇ ਵਿਚ ਆ ਜਾਂਦਾ ਏਂ

ਗ਼ਜ਼ਲ - ਧਨਵੰਤ ਸਿੰਘ ਗੁਰਾਇਆ

ਜਿਸਦਾ ਮਾਲਕ ਉਸਦੇ ਵੱਲੇ।
ਕਿਉ ਨਾ ਉਹ ਆਕੜ ਕੇ ਚੱਲੇ।

ਜੇ ਕੋਈ ਪੁੱਛੇ ਹਾਲ ਮੇਰਾ
ਮੈਂ ਆਖਾਂਗਾ ਬੱਲੇ ਬੱਲੇ।

ਲੱਖ-ਕਰੋੜਾਂ ਮੈਥੋਂ ਉੱਤੇ
ਲੱਖ-ਕਰੋੜਾਂ ਮੈਥੋਂ ਥੱਲੇ।

ਮਨ ਦਾ ਮਾਲਕ ਸਭ ਤੋਂ ਉੱਤੇ
ਬਾਕੀ ਸਾਰੇ ਥੱਲੇ ਥੱਲੇ।

ਜਗਦਾ ਹੈ ਜੋ ਹੋਰਾਂ ਦੇ ਲਈ
ਲੋ ਨਾ ਹੁੰਦੀ ਉਸਦੇ ਥੱਲੇ।

ਮੇਰੀ ਦੁਨੀਆਂ ਵਿਚ ਆ ਜਾਵੋ
ਕਿਉ ਰਹਿੰਦੇ ਓ ਕੱਲੇ ਕੱਲੇ।

ਜਿੰਨੀਆਂ ਚਾਹੇਂ , ਭਰ ਪੰਡਾਂ
ਕੁਝ ਨੀਂ ਪੈਣਾ ਆਖ਼ਿਰ ਪੱਲੇ।

ਨਾਲ ਕਜੂੰਸੀ ਬੰਦਾ ਜੋੜੇ
ਰਾਮ ਡੁਲਾਵੇ ਇੱਕੋ ਹੱਲੇ।