ਗਜ਼ਲਾਂ - ਮੋਹਣ ਸਿੰਘ ਔਜਲਾ
ਮਚ ਰਹੇ ਸੀਨੇ ਚ ਭਾਂਬੜ ਨੈਣਾ ਵਿਚ ਬਰਸਾਤ ਹੈ।
ਪਿਆਰ ਦੀ ਬਾਜ਼ੀ ਚ ਖਾਧੀ ਜਦ ਤੋਂ ਦਿਲ ਨੇ ਮਾਤ ਹੈ।
ਚੀਸਾਂ, ਪੀੜਾਂ, ਆਂਹਾਂ, ਹਉਕੇ, ਹੰਝੂ, ਝੋਰੇ, ਦਰਦ, ਗਮ,
ਉਮਰ ਦੀ ਝੋਲ਼ੀ ਚ ਕੋਈ ਪਾ ਗਿਆ ਸੌਗਾਤ ਹੈ।
ਚਾਹੇ ਦੁਨੀਆਂ ਭਰ ਦੀ ਜ਼ਿੱਲਤ ਤੇ ਇਹ ਰੁਸਵਾਈ ਸਹੀ,
ਸ਼ੁਕਰ ਹੈ ਖੁਸ਼ ਹੋ ਕੇ ਬਖਸ਼ੀ ਯਾਰ ਨੇ ਸੌਗਾਤ ਹੈ।
ਦਿਲ ਅਜੇ ਵੀ ਓਸਨੂੰ ਕਰਦਾ ਹੈ ਚੇਤੇ ਰਾਤ ਦਿਨ,
ਜਿੰਦਗੀ ਦੀ ਹਰ ਖੁਸ਼ੀ ਦਾ ਕਰ ਗਿਆ ਜੋ ਘਾਤ ਹੈ।
ਕੱਲ੍ਹ ਖੁਦਾ ਦਾ ਨੂਰ ਕਹਿ ਕੇ ਪੂਜਦਾ ਜਿਸ ਨੂੰ ਰਿਹਾ
ਅਜ ਕਰਾਂ ਉਸ ਦੀ ਬੁਰਾਈ ਮੇਰੀ ਕੀ ਔਕਾਤ ਹੈ।
ਇਸ਼ਕ ਮੇਰਾ ਦੀਨ ਹੈ ਈਮਾਨ ਹੈ ਤੇ ਲਕਸ਼ ਹੈ
ਮੈ ਕਰਾਂ ਇਸਦੀ ਇਬਾਦਤ ਸਮਝ ਰੱਬ ਦੀ ਜ਼ਾਤ ਹੈ।
ਚਾਰ ਸੂ ਮਾਯੂਸੀਆਂ ਦਾ ਘੁਪ ਹਨੇਰਾ ਜਦ ਦਿਸੇ,
ਯਾਦ ਦਿਲ ਨੂੰ ਆਏ ਮੁੜ ਮੁੜ ਰੰਗਲੀ ਪਰਭਾਤ ਹੈ।
ਆਏ ਜਦ ਪੌਣਾ ਚੋਂ ਕਿਧਰੇ ਮਹਿਕ ਉਸਦੇ ਜਿਸਮ ਦੀ,
ਕਲਪਣਾ ਵਿਚ ਫੇਰ ਉਭਰੇ ਵਸਲ ਦੀ ਇਕ ਰਾਤ ਹੈ।
ਜ਼ਿਕਰ ਉਸ ਦਾ ਛੇੜ ਕੇ ਦੋਖੀ ਸਤਾਵਣ ਜਦ ਕਦੇ,
ਬੇ-ਬਸੀ ਦਾ ਰੂਪ ਧਾਰੇ ਮੇਰਾ ਹਰ ਜਜ਼ਬਾਤ ਹੈ।
-2-
ਹੈ ਸਾਹ-ਘੋਟੂ ਮੌਸਮ ਧੁਆਂਖੀ ਫਿਜ਼ਾ ਹੈ।
ਤੇ ਵਹਿਸ਼ਤ ਤੇ ਦਹਿਸ਼ਤ ਦੀ ਛਾਈ ਘਟਾ ਹੈ।
ਨੱਚੇ ਮੌਤ ਤਾਂਡਵ ਤੇ ਖਲਕਤ ਹੈ ਸਹਿਮੀ,
ਕੋਈ ਨੀਰੋ ਧਰਤੀ ਤੇ ਫਿਰ ਜਨਮਿਆ ਹੈ।
ਕਹੋ ਜੰਗਬਾਜਾਂ ਨੂੰ ਸਾਰੀ ਲੁਕਾਈ,
ਬੁਰੇ ਦਾ ਸਦਾ ਅੰਤ ਹੁੰਦਾ ਬੁਰਾ ਹੈ।
ਇਹ ਤਾਕਤ ਦੇ ਸਿਰ ਤੇ ਜੋ ਸ਼ੋਸ਼ਣ ਨੇ ਕਰਦੇ,
ਨਾ ਬਖਸ਼ਣ ਦੇ ਕਾਬਿਲ ਇਹਨਾ ਦੀ ਖਤਾ ਹੈ।
ਇਹ ਬੰਬਾਂ ਦੇ ਤਾਜਰ ਕਦੇ ਬਣ ਨਾ ਸਕਦੇ,
ਅਮਨ ਦੇ ਮਸੀਹਾ ਸਮਾਂ ਕਹਿ ਰਿਹਾ ਹੈ।
ਇਹ ਖੂਨੀ ਦਰਿੰਦੇ ਇਹ ਹਿਟਲਰ ਦੇ ਵਾਰਿਸ
ਇਨ੍ਹਾ ਸਨਕੀਆਂ ਦੇਣੀ ਦੁਨੀਆਂ ਜਲਾ ਹੈ।
ਅਮਨ ਲਹਿਰ ਸਿਰਜੋ ਬਚਾਵੋ ਲੁਕਾਈ
ਕਿ ਖਤਰਾ ਤਬਾਹੀ ਦਾ ਸਿਰ ਤੇ ਖੜਾ ਹੈ।
ਜੋ ਕੁੰਭਕਰਨ ਦੀ ਨੀਂਦ ਸੁੱਤੇ ਜਗਾਵੋ
ਕਰੋ ਏਕਤਾ ਇਸ ਚ ਸਭ ਦਾ ਭਲਾ ਹੈ।
ਸਦਾ ਬੀਜ ਬੀਜੇ ਜੋ ਹਰ ਥਾਂਹ ਕਲ਼ਾ ਦੇ,
ਰਹੋ ਇਸ ਤੋਂ ਬਚਕੇ ਬਚਾ ਵਿਚ ਬਚਾ ਹੈ ।
-3-
ਇੱਕ ਨਿਰ - ਮੋਹੇ ਤੋਂ ਆਪਾ ਵਾਰ ਕੇ ।
ਬਹਿ ਗਏ ਜੀਵਨ ਦੀ ਬਾਜ਼ੀ ਹਾਰ ਕੇ।
ਦਿਲ ਤਾਂ ਸੀ ਬਚਪਨ ਤੋਂ ਭੁੱਖਾ ਪਿਆਰ ਦਾ,
ਮੋਹ ਲਿਆ ਮਹਿਰਮ ਨੇ ਪਲ ਭਰ ਪਿਆਰ ਕੇ।
ਕੋਲ ਸੀ ਜੋ ਵੀ ਚੁਰਾ ਕੇ ਲੈ ਗਿਆ,
ਕੋਲ ਬਹਿ ਗੱਲਾਂ ਚ ਪਾ, ਪੁਚਕਾਰ ਕੇ।
ਕਰ ਗਿਆ ਉਹ ਕਤਲ ਹਰ ਇਕ ਖਾਬ ਦਾ,
ਬਹੁਤ ਕੁੱਝ ਬੈਠੇ ਸਾਂ ਦਿਲ ਵਿਚ ਧਾਰ ਕੇ।
ਰਹਿ ਗਈ ਖੰਡਰਾਤ ਬਣ ਕੇ ਜਿੰਦਗੀ,
ਟੁਰ ਗਿਆ ਜਿਉਂਦੇ ਜੀ ਮਹਿਰਮ ਮਾਰ ਕੇ।
ਸੋਗ ਅਪਣਾ ਹੁਣ ਮਨਾਵਾਂ ਰਾਤ ਦਿਨ,
ਸ਼ੇਸ਼ ਹੰਝੂਆਂ ਦੀ ਨਦੀ ਵਿਚ ਤਾਰ ਕੇ ।
ਪਿਆਰ ਬਦਲੇ ਪਿਆਰ ਮਿਲਦਾ ਸੋਚ ਲੈ,
ਕੀ ਮਿਲੇਗਾ ਪਿਆਰ ਨੂੰ ਦੁਰਕਾਰ ਕੇ ।
-4-
ਜਦੋਂ ਅਰਸ਼ ਤੇ ਕਰਨ ਟਿੰਮ ਟਿੰਮ ਸਿਤਾਰੇ।
ਤਿਰੇ ਵਾਂਗ ਜਾਪਣ ਇਹ ਕਰਦੇ ਇਸ਼ਾਰੇ।
ਕਦੋਂ ਫੁੱਲ ਖੁਸ਼ੀਆਂ ਦੇ ਟਹਿਕਣਗੇ ਹਰ ਸੂ,
ਕਦੋਂ ਬਾਗ ਮਹਿਕਣਗੇ ਸਾਰੇ ਦੇ ਸਾਰੇ।
ਗਰੀਬੀ ਦਾ ਕਾਰਨ ਹੈ ਮਿਹਨਤ ਦਾ ਸ਼ੋਸ਼ਣ,
ਕਦੋਂ ਗਲ ਇਹ ਸਮਝਣਗੇ ਗੁਰਬਤ ਦੇ ਮਾਰੇ
ਨਸੀਬਾਂ ਦੀਆਂ ਮੇਟ ਕੇ ਸਭ ਲਕੀਰਾਂ,
ਲਿੱਖੋ ਲੇਖ ਅਪਣੇ ਸਮਾਂ ਇਹ ਪੁਕਾਰੇ ।
ਕਿਤੇ ਜਿੰਦਗੀ ਦਾ ਨਾ ਹੇਵੇਗਾ ਸ਼ੋਸ਼ਣ,
ਜੇ ਲੁੱਟ- ਰਹਿਤ ਹਰ ਕੌਮ ਢਾਂਚਾ ਉਸਾਰੇ।
ਹਰਿੱਕ ਸ਼ਖਸ ਧਰਤੀ ਦਾ ਜਾਪੇ ਮਸੀਹਾ,
ਭਲਾ ਸਾਰਿਆਂ ਦਾ ਜੇ ਸੋਚੇ ਵਿਚਾਰੇ।
ਜਗਾਵੋ ਜੋ ਸੁੱਤੇ ਨੇ ਧਰਤੀ ਦੇ ਵਾਰਿਸ,
ਨਵੀਂ ਚੇਤਨਾ ਦੇ ਵਜਾ ਕੇ ਨਗਾਰੇ।
ਕਹੋ ਜੰਗਬਾਜ਼ਾਂ ਨੂੰ ਸਭ ਸੂਝਵਾਨੋ,
ਕਰੋ ਖੂਨ ਦੇ ਬੰਦ ਇਹ ਚਲਦੇ ਫੁਹਾਰੇ।
-5-
ਸੱਤ-ਸਮੁੰਦਰ ਪਾਰ ਸੱਜਣ ਦਾ ਡੇਰਾ ਹੈ।
ਜੀਵਨ ਤੋਰ ਹੈ ਨਿੱਕੀ ਪੰਧ ਲਮੇਰਾ ਹੈ।
ਪੰਜ ਵਿਕਾਰਾਂ ਤੰਦੂਏ ਜਾਲ ਖਿਲਾਰੇ ਨੇ,
ਮੋਹ-ਮਾਇਆ ਨੇ ਪਾਇਆ ਘੁੱਪ ਹਨੇਰਾ ਹੈ।
ਹੋਣੀ ਪੱਤਣ ਮੱਲੇ ਮਾਂਝੀ ਬੇੜੀ ਖਸਤਾ ਹੈ,
ਲਹਿਰਾਂ ਘੁੰਮਣ-ਘੇਰਾਂ ਘੱਤਿਆ ਘੇਰਾ ਹੈ।
ਕੌਣ ਸੁਣੇ ਫਰਿਆਦ ਨਸੀਬਾਂ ਮਾਰੀ ਦੀ,
ਜਿੰਦ ਨਿਮਾਣੀ ਦੁਸ਼ਮਣ ਚਾਰ ਚੁਫੇਰਾ ਹੈ।
ਸ਼ੌਕ ਜਿਨ੍ਹਾ ਨੂੰ ਮਿਲਨੇ ਦਾ ਕਦ ਰੁਕਦੇ ਨੇ,
ਮੰਨਿਆਂ ਅੱਗ ਦਾ ਦਰਿਆ ਤਰਨ ਔਖੇਰਾ ਹੈ।
ਸਿਦਕ ਜਿਨ੍ਹਾਂਦਾ ਕਾਮਿਲ ਡਗਮਗ ਡੋਲਣ ਨਾ,
ਰੱਖਦੇ ਹਿੰਮਤ, ਸਾਹਸ ਲੰਮਾ ਜੇਰਾ ਹੈ।
ਜੱਗ ਮੁਕਾਮ ਫਨਾਹ ਦਾ ਹੋਂਦ ਅਨਿਸਚਿਤ ਹੈ,
ਗੋਇਲ - ਵਾਸਾ ਜੋਗੀ ਵਾਲ਼ਾ ਫੇਰਾ ਹੈ।
ਸੂਈ ਤੱਕ ਨਾ ਨਾਲ ਕਿਸੇ ਦੇ ਜਾਂਦੀ ਏ,
ਫਿਰ ਵੀ ਮੂਰਖ ਕਰਦੇ ਮੇਰਾ ਮੇਰਾ ਹੈ।
ਮਹਿਲਾਂ ਨਾਲੋਂ ਕੁੱਲੀ ਚੰਗੀ ਮਹਿਰਮ ਦੀ,
ਜੋ ਸਮਝੇ ਉਹ ਕੂਕੇ ਤੇਰਾ ਤੇਰਾ ਹੈ।
ਕੂੜ ਕਮਾਈਆਂ ਛੱਡਦੇ ਚੰਗੇ ਕਰਮ ਕਮਾ,
ਅਮਲਾਂ ਉੱਤੇ ਹੇਣਾ ਅੰਤ ਨਬੇਰਾ ਹੈ।