Monday, 5 January 2015

ਗ਼ਜ਼ਲ - ਜਤਿੰਦਰ ਲਸਾੜਾ


ਏਦਾਂ ਦਾ ਕੋਈ ਕਾਸ਼ ਕਰਿਸ਼ਮਾ ਕਰ ਜਾਵੇ
ਸਾਲ ਨਵਾਂ ਇਹ, ਨਾਲ ਮੁਹੱਬਤ ਭਰ ਜਾਵੇ


ਸੁਖ਼ਨ-ਸਵੇਰਾ ਬਹੁੜੇ, ਕੋਈ ਸਚਮੁਚ ਦਾ,
ਸ਼ੈਤਾਨਾਂ ਦਾ ਪਾਪ ਸਦਾ ਲਈ ਮਰ ਜਾਵੇ


ਏਦਾਂ ਦਾ ਵਰਤਾਰਾ ਕਰੀਏ ਰਲ਼ਮਿਲ਼ ਕੇ,
ਇਨਸਾਨਾਂ ਤੋਂ ਖ਼ੁਦ ਇਨਸਾਨ ਨਾ ਡਰ ਜਾਵੇ


ਅੰਧਵਿਸ਼ਵਾਸਾਂ ਵਾਲਾ ਹੋਵੇ ਪਰਦਾਫ਼ਾਸ਼,
ਵੈਦ ਸਿਆਣਾ ਠੀਕ ਸਮੇਂ ਨੂੰ ਕਰ ਜਾਵੇ


ਦੁਨੀਆ ਭਰ ਵਿਚ ਭੁੱਖ ਰਹੇ ਨਾ ਲਾਚਾਰੀ,
ਮਿਹਨਤ ਦਾ ਨਾ ਪਾਕਿ ਮੁਕੱਦਮਾ ਹਰ ਜਾਵੇ


ਏਦਾਂ ਦਾ ਕੋਈ ਮੌਸਮ ਆਵੇ, ਰਬ ਕਰਕੇ,
ਪਿਆਰ ਕਰੁੰਬਲਾਂ ਮੌਲ਼ਣ, ਨਫ਼ਰਤ ਮਰ ਜਾਵੇ


ਸ਼ਾਲਾ! ਮੁਕ ਜਾਵੇ ਇਹ ਦੌਰ ਦਲਿੱਦਰ ਦਾ,
ਅਪਣੀ ਛਾਂ ਨੂੰ ਦੇਖ, ਕੋਈ ਨਾ ਡਰ ਜਾਵੇ

No comments:

Post a Comment